Share on Facebook

Main News Page

ਅਮਰੀਕੀ ਪੰਜਾਬੀ ਦੇ ਸਿਰਕੱਢ ਲੇਖਕਾਂ ਨੇ ਗੁਰੂ ਗ੍ਰੰਥ ਪ੍ਰਚਾਰ ਵੱਲ ਕਲਮਾਂ ਮੋੜੀਆਂ

(ਪਰਮਿੰਦਰ ਸਿੰਘ ਪ੍ਰਵਾਨਾਂ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵੱਲੋਂ ਜਿੱਥੇ ਕਥਾ, ਕੀਰਤਨ, ਲਿਟ੍ਰੇਚਰ ਅਤੇ ਖੋਜ ਭਰਪੂਰ ਲੇਖਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਕੀਤਾ ਜਾਂਦਾ ਹੈ ਓਥੇ ਹੁਣ ਗੁਰਮਤਿ ਵਿਚਾਰ ਗੋਸ਼ਟੀਆਂ ਵੀ ਅਰੰਭੀਆਂ ਗਈਆਂ ਹਨ। ਪਹਿਲੀ ਗੋਸ਼ਟੀ ਯੂਨੀਅਨ ਸਿਟੀ ਲਾਇਬ੍ਰੇਰੀ ਵਿਖੇ ਮਹੀਨਾ ਪਹਿਲਾਂ ਹੋ ਚੁੱਕੀ ਹੈ। ਇਸੇ ਕੜੀ ਵਿੱਚ ਹੀ 29 ਅਕਤੂਬਰ 2011 ਨੂੰ ਸ਼ਾਮੀੰਂ 4 ਤੋਂ 7 ਵਜੇ ਤੱਕ ਦੂਸਰੀ ਵਿਚਾਰ ਗੋਸਟੀ ਕੀਤੀ ਗਈ। ਇਸ ਗੋਸ਼ਟੀ ਦਾ ਵਿਸ਼ਾ ਸੀ ਨਾਮ ਸਿਮਰਨ ਕੀ ਹੈ? ਕਿਵੇਂ ਸਿਮਰਨਾ ਹੈ? ਅਤੇ ਨਾਮ ਸਿਮਰਨ ਬਾਰੇ ਪਾਏ ਗਏ ਭੁਲੇਖੇ ਕਿਹੜੇ ਹਨ? ਵਿਦਵਾਨ ਅਤੇ ਲੇਖਕ ਸਜਨ ਠੀਕ ਪੂਰੇ ਚਾਰ ਵਜੇ ਪਹੁੰਚਣੇ ਸ਼ੁਰੂ ਹੋ ਗਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਗੁਰਦੀਪ ਸਿੰਘ ਸੈਨਹੋਜੇ ਅਤੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਕੀਤੀ।

ਸਭ ਤੋਂ ਪਹਿਲਾਂ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਆਪਣਾ ਪਰਚਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਨੂੰ ਸਮਝ ਕੇ ਉਸ ਪਰ ਅਮਲ ਕਰਨ ਦਾ ਸੁਝਾਅ ਦਿੱਤਾ ਤੇ ਕਿਹਾ-ਪੜ੍ਹਿਐਂ ਨਾਹੀਂ ਭੇਦ ਬਝਿਐਂ ਪਾਵਣਾ॥ ਇਸ ਤੋਂ ਬਾਅਦ ਸ੍ਰ. ਹਿਮਤ ਸਿੰਘ ਨੇ ਆਪਣੀ ਪ੍ਰਵਾਰਕ ਵਿਥਿਆ ਦਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਬਚਪਨ ਵਿੱਚ ਹੀ ਪਾਠ ਕਰਨਾ ਸਿਖਾ ਦਿੱਤਾ ਸੀ। ਦਾਸ ਲੰਬਾ ਸਮਾਂ ਪਾਠ ਕਰਦਾ ਰਿਹਾ ਪਰ ਸਮਝ ਓਦੋਂ ਆਈ ਜਦ ਗੁਰਬਾਣੀ ਦੇ ਅਰਥਾਂ ਵਾਲੇ ਟੀਕੇ ਪੜ੍ਹੇ ਤਾਂ ਪਤਾ ਲੱਗਿਆ ਕਿ ਅਸਲੀ ਨਾਮ ਸਿਮਰਨ ਕੀ ਹੈ? ਫਿਰ ਨੌਜਵਾਨ ਸੁਖਵਿੰਦਰ ਸਿੰਘ ਨੇ ਅੱਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਾਨੂੰ ਗੁਰਬਾਣੀ ਨੂੰ ਸਮਝਣ ਲਈ ਚੰਗੇ ਵਿਦਵਾਨਾਂ ਦੀ ਸੰਗਤ ਕਰਨੀ ਅਤੇ ਉਨ੍ਹਾਂ ਦੀਆਂ ਖੋਜ ਭਰਪੂਰ ਲਿਖਤਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਸ੍ਰ. ਸੁਰਜੀਤ ਸਿੰਘ ਮੁਲਤਾਨੀ ਜੀ ਜੋ ਪਹਿਲੀ ਵਾਰ ਇਸ ਗੋਸ਼ਟੀ ਵਿੱਚ ਆਏ ਸਨ ਨੇ ਕਿਹਾ ਕਿ ਸਾਰੀ ਜਿੰਦਗੀ ਪਾਠ ਕਰੀ ਜਾਈਏ ਗੁਰਬਾਣੀ ਦੀ ਸਮਝ ਨਹੀਂ ਪੈਂਦੀ ਜਿਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਨੂੰ ਵਿਚਾਰਦੇ ਨਹੀਂ ਹਾਂ।

ਬੀਬੀ ਹਰਸਿਮਰ ਕੌਰ ਖਾਲਸਾ ਨੇ ਵੱਖਰੇ ਅੰਦਾਜ ਵਿੱਚ ਨਾਮ ਸਿਮਰਨ ਦੀ ਪ੍ਰੀਭਾਸ਼ਾ ਦੱਸੀ ਕਿ ਗੁਰਬਾਣੀ ਦਾ ਪਾਠ ਉਮਾਹ ਅਤੇ ਖੁਸ਼ੀ ਨਾਲ ਕਰਕੇ ਆਤਮ ਅਨੰਦ ਲੈਣਾ ਚਾਹੀਦਾ ਹੈ ਇਹ ਹੀ ਨਾਮ ਸਿਮਰਨ ਹੈ। ਰੱਬ ਤਾਂ ਹਰ ਵੇਲੇ ਸਾਨੂੰ ਸਿਮਰ ਰਿਹਾ ਹੈ ਫਿਰ ਸਾਨੂੰ ਵੀ-ਊਠਤ ਭੈਠਤ ਸੋਵਤ ਨਾਮ ਸਿਮਰਨਾ ਚਾਹੀਦਾ ਹੈ ਨਾਂ ਕਿ ਕੁਝ ਸਮਾਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਹੀ ਸਿਮਰਨ ਹੈ ਨਾਮ ਅਤੇ ਸਿਮਰਨ ਦੇ ਡੂੰਗੇ ਭਾਵੀ ਅਰਥ ਸਮਝਣੇ ਚਾਹੀਦੇ ਹਨ। ਸਿਮਰ ਭਾਵ ਸਿ (ਆਪਣੇ ਆਪ) ਮਰ ਭਾਵ ਆਪਣੇ ਆਪ ਨੂੰ ਮਾਰ ਕੇ ਹਉਮੇ ਦਾ ਤਿਆਗ ਕਰਨਾ ਹੀ ਸਿਮਰਨ ਹੈ। ਇਸ ਤੋਂ ਬਾਅਦ ਇਤਿਹਾਸ ਅਤੇ ਗੁਰਮਤਿ ਫਿਲਾਸਫੀ ਦੇ ਡੂੰਘੇ ਜਾਣਕਾਰ ਵਿਦਵਾਨ ਰੇਡੀਓ ਹੋਸਟ ਅਤੇ ਹੋਮਿਓਪੈਥੀ ਦੇ ਵੈਦ ਡਾ. ਗੁਰਦੀਪ ਸਿੰਘ ਜੀ ਜਿਨ੍ਹਾਂ ਦੇ ਖੋਜ ਭਰਪੂਰ ਲੇਖ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪਦੇ ਰਹਿੰਦੇ ਹਨ ਨੇ ਦਰਸਾਇਆ ਕਿ ਪਹਿਲਾਂ ਸਾਨੂੰ ਗੁਰਬਾਣੀ ਸਿਖਣੀ ਚਾਹੀਦੀ ਹੈ, ਗੁਰਬਾਣੀ ਦੇ ਅਰਥ ਸਮਝਣੇ ਚਾਹੀਦੇ ਹਨ, ਕਿਰਤ ਕਮਾਈ ਕਰਨੀ ਚਾਹੀਦੀ ਹੈ, ਸੰਸਾਰਕ ਕਿਰਿਆਵਾਂ ਕਰਦੇ ਹੋਏ ਸੁਰਤਿ ਅਕਾਲ ਪੁਰਖ ਪ੍ਰਮਾਤਮਾਂ ਨਾਲ ਜੋੜਨੀ ਚਾਹੀਦੀ ਹੈ। ਸ਼ੁਭ ਗੁਣ ਧਾਰਨ ਕਰਨੇ ਅਤੇ ਲੋਕ ਭਲਈ ਦੇ ਕਾਰਜ ਕਰਨੇ ਚਾਹੀਦੇ ਹਨ। ਅਸੀਂ ਕਿਸ ਵਾਸਤੇ ਸੰਸਾਰ ਵਿੱਚ ਆਏ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ? ਜੇ ਅਸੀਂ ਇਸ ਮਾਰਗ ਤੇ ਸੱਚੇ ਸੁੱਚੇ ਮਨ ਨਾਲ ਚਲਦੇ ਹਾਂ ਤਾਂ ਰੱਬੀ ਸਿਮਰਨ ਆਪਣੇ ਆਪ ਹੀ ਹੋਈ ਜਾਂਦਾ ਹੈ। ਜੇ ਅਸੀਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਰੱਬੀ ਯਾਦ ਵਿੱਚ ਗਿਆਨਮਈ ਪ੍ਰੈਕਟੀਕਲ ਜਿੰਦਗੀ ਜੀਵੀਏ, ਇਹ ਹੀ ਸਿਮਰਨ ਹੈ। ਫਿਰ ਸ੍ਰ. ਸਰਤਾਜ ਸਿੰਘ ਜੀ ਨੇ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਹਰ ਥਾਂ ਹੋਣੀਆਂ ਚਾਹੀਦੀਆਂ ਹਨ ਜਿੱਥੋਂ ਸਾਡੇ ਵਰਗਿਆਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਹੈ।

ਅਖੀਰ ਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਨਾਮ ਸਿਮਰਨ ਤੇ ਖੋਜ ਭਰਪੂਰ ਪਰਚਾ ਪੜ੍ਹਿਆ ਅਤੇ ਆਏ ਸੱਜਨਾਂ ਨੂੰ ਵੰਡਿਆ ਵੀ। ਭਾਈ ਸਾਹਿਬ ਨੇ ਅੱਪਣੀ ਲੰਬੀ ਤਕਰੀਰ ਵਿੱਚ ਦੁਨਿਆਵੀ ਉਦਾਹਰਣਾਂ ਅਤੇ ਗੁਰਬਾਣੀ ਦੇ ਹਵਾਲੇ ਦਿੰਦੇ ਹੋਏ ਨਾਮ ਸਿਮਰਣ ਵਿਧੀ ਸਮਝਾਈ ਕਿ ਜਿਵੇਂ ਬੱਚੇ ਪਤੰਗ ਉਡਾਂਦੇ ਹੋਏ ਆਪਣਾ ਧਿਆਨ ਡੋਰੀ ਵੱਲ ਰੱਖਦੇ ਹਨ ਕਿਤੇ ਕੱਟੀ ਨਾ ਜਾਵੇ, ਸੁਨਿਆਰਾ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰਦਾ ਹੈ ਪਰ ਧਿਆਨ ਘਾੜਤ ਵਿੱਚ ਰੱਖਦਾ ਹੈ, ਪੁਰਾਣੇ ਸਮੇ ਵਿੱਚ ਕੁੜੀਆਂ ਖੂਹ ਤੋਂ ਪਾਣੀ ਦੇ ਘੜੇ ਜਾਂ ਗਾਗਰਾਂ ਭਰ ਕੇ ਸਿਰ ਤੇ ਚੁੱਕੀ ਅਉਂਦੀਆਂ ਰਸਤੇ ਵਿੱਚ ਆਪਸ ਵਿੱਚ ਹਾਸੇ ਠੱਠੇ ਦੀਆਂ ਗੱਲਾਂ ਵੀ ਕਰਦੀਆਂ ਸਨ ਪਰ ਧਿਆਨ ਘੜੇ ਵੱਲ ਹੁੰਦਾ ਸੀ ਕਿਤੇ ਡਿੱਗ ਕੇ ਟੁੱਟ ਨਾਂ ਜਾਵੇ, ਗਊ ਪੰਜਾਂ ਕੋਹਾਂ ਤੇ ਚਰਦੀ ਹੋਈ ਵੀ ਧਿਆਂਨ ਵੱਛੇ ਵੱਲ ਰੱਖਦੀ ਹੈ, ਮਾਂ ਬੱਚੇ ਨੂੰ ਪਗੂੰੜੇ ਵਿੱਚ ਪਾ ਕੇ ਘਰ ਦਾ ਕਾਰੋਬਾਰ ਵੀ ਕਰਦੀ ਹੈ ਪਰ ਬਾਰ ਬਾਰ ਬੱਚੇ ਵੱਲ ਧਿਆਨ ਦਿੰਦੀ ਹੈ ਇਵੇਂ ਹੀ ਸਾਨੂੰ ਵੀ ਦੁਨਿਆਵੀ ਕਾਰ ਵਿਹਾਰ ਕਰਦਿਆਂ ਆਪਣਾਂ ਧਿਆਨ ਕਰਤਾਰ ਵੱਲ ਰੱਖਣਾ ਚਾਹੀਦਾ ਹੈ-ਨਾਮਾ ਕਹੈ ਤਿਲੋਚਨਾ ਮੁਖ ਤੇ ਨਾਮ ਸਮਾਲਿ॥ ਹਾਥ ਪਾਉਂ ਕਰ ਕਾਮ ਸਭਿ ਚੀਤੁ ਨਿਰੰਜਨੁ ਨਾਲਿ॥ (ਗੁਰੂ ਗ੍ਰੰਥ)

ਇਨ੍ਹਾਂ ਸਾਰੇ ਸੱਜਨਾਂ ਨੂੰ ਪ੍ਰੋ. ਸੁਰਜੀਤ ਸਿੰਘ ਨੰਨੂਆਂ ਜਿਨ੍ਹਾਂ ਨੇ ਪਿਛੇ ਜਿਹੇ “ਸਿੱਖ ਰਹਿਤ ਮਰਯਾਦਾ ਦਰਪਨ” ਪੁਸਤਕ ਲਿਖੀ ਹੈ ਮੌਕੇ ਤੇ ਸਵਾਲ ਵੀ ਕੀਤੇ ਅਤੇ ਉਨ੍ਹਾਂ ਦੇ ਜਵਾਬ ਵੀ ਲੈ। ਪ੍ਰੋਫੈਸਰ ਸਾਹਿਬ ਨੂੰ ਭੁਲੇਖਾ ਸੀ ਕਿ ਵਿਦਵਾਨਾਂ ਦਾ ਸਿਮਰਨ ਹੋਰ ਹੈ, ਕਿਰਤ ਕਮਾਈ ਕਰਨ ਵਾਲਿਆਂ ਦਾ ਹੋਰ ਅਤੇ ਵਿਹਲੜ ਸੱਜਨਾ ਦਾ ਹੋਰ ਹੈ। ਇਸ ਸਵਾਲ ਦਾ ਜਵਾਬ ਡਾ. ਗੁਰਦੀਪ ਸਿੰਘ ਜੀ ਸਨਹੋਜੇ ਨੇ ਬਾਖੂਬੀ ਦਿੱਤਾ ਕਿ ਗੁਰਮਤਿ ਵਿੱਚ ਸਭ ਵਾਸਤੇ ਸਾਂਝਾ ਉਪਦੇਸ਼ ਹੈ ਗੁਰਮਤਿ ਕਿਰਤੀਆਂ ਦਾ ਪੱਖ ਪੂਰਦੀ ਹੈ ਨਾਂ ਕਿ ਵਿਹਲੜਾਂ ਦਾ। ਕਿਰਤ ਕਮਾਈ ਤੋਂ ਭਗੌੜੇ ਅਖੌਤੀ ਸਾਧ ਸੰਤ ਜੋ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਹੜੱਪ ਕਰਕੇ ਐਸ਼ ਕਰਦੇ ਹਨ ਉਹ ਗੁਰਮਤਿ ਦੇ ਪਾਂਧੀ ਨਹੀਂ, ਸੱਚਾ ਸੁੱਚਾ ਸਿਮਰਨ ਕਰਨ ਵਾਲਾ ਕਿਰਤੀ ਸਿੱਖ ਕਦੇ ਵੀ ਅਜਿਹੇ ਵਿਹਲੜ ਅਤੇ ਭੇਖੀਆਂ ਦੇ ਡੇਰੇ ਤੇ ਭਟਕਦਾ ਨਹੀਂ। ਅਸਲੀ ਰੱਬੀ ਸਿਮਰਨ ਦੀ ਇਹ ਹੀ ਨਿਸ਼ਾਨੀ ਹੈ ਕਿ ਸਰਬਸ਼ਕਤੀਮਾਨ ਰੱਬ ਨੂੰ ਛੱਡ ਕੇ ਕਿਸੇ ਸਾਧ ਦੀ ਦੱਸੀ ਆਪਹੁਦਰੀ ਵਿਧੀ ਨਾਲ ਗਿਣਤੀ ਮਿਣਤੀ ਦੀਆਂ ਮਾਲਾ ਫੇਰਨੀਆਂ ਜਾਂ ਮੰਤ੍ਰ ਜਾਪ ਕਰਨੇ, ਪਾਠ ਕਰਾਉਣੇ ਅਤੇ ਵਿਹਲੜਾਂ ਨੂੰ ਭੇਟਾ ਚੜਾਉਣੀਆਂ ਛੱਡ ਕੇ ਡਰੈਕਟ ਹੀ ਆਪਣੇ ਧੁਰੇ ਪ੍ਰਭੂ ਪ੍ਰਮਾਤਮਾਂ ਨਾਲ ਜੁੜਨਾਂ ਚਾਹੀਦਾ ਹੈ। ਸਿੱਖ ਨੂੰ ਭੀੜਾਂ ਵੱਲ ਨਹੀਂ ਦੇਖਣਾਂ ਚਾਹੀਦਾ ਸਗੋ ਗੁਰਮੁਖ ਗਾਡੀ ਰਾਹ ਤੇ ਅਡੋਲ ਚਲਦੇ ਰਹਿਣਾ ਚਾਹੀਦਾ ਹੈ। ਇਸ ਗੋਸ਼ਟੀ ਲਈ ਗਿਆਨੀ ਜਗਜੀਤ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਫਰੀਮਾਂਟ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਡਾ. ਗੁਰਮੀਤ ਸਿੰਘ ਜੀ ਬਰਸਾਲ ਅਤੇ ਸ੍ਰ. ਸੁਦੇਸ਼ ਸਿੰਘ ਅਟਵਾਲ ਜੋ ਜਰੂਰੀ ਰੁਝੇਵਿਆਂ ਕਾਰਨ ਨਹੀਂ ਆ ਸੱਕੇ ਉਨ੍ਹਾਂ ਨੇ ਵੀ ਇਸ ਗੋਸ਼ਟੀ ਦੀ ਤਾਈਦ ਕੀਤੀ। ਅੰਤ ਵਿੱਚ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਸ੍ਰ. ਪ੍ਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਏ ਸੱਜਨਾਂ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਅਗਲੀ ਦੋਸ਼ਟੀ ਬਾਰੇ ਸੰਪਰਕ ਲਈ ਆਪ ਜੀ ਇਨ੍ਹਾਂ ਨੰਬਰਾਂ 510-432-5827 ਅਤੇ 510-781-0487 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top