Share on Facebook

Main News Page

ਜਿਹੜੀ ਸਿਖਿਆ ਅਸੀਂ ਦੂਸਰੇ ਨੂੰ ਦਿੰਦੇ ਹਾਂ ਉਹ ਸਾਡੇ ’ਤੇ ਵੀ ਲਾਗੂ ਹੁੰਦੀ ਹੈ: ਗਿਆਨੀ ਸ਼ਿਵਤੇਗ ਸਿੰਘ

* ਜੇ ਡੇਰੇਦਾਰਾਂ ਨੂੰ ਮੱਥੇ ਟੇਕਣੇ ਅਤੇ ਦਸਵੰਧ ਦੀ ਮਾਇਆ ਭੇਟ ਕਰਨੀ ਮਨਮਤਿ ਹੈ ਤਾਂ ਉਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਉਨ੍ਹਾਂ ਨੂੰ ਸਨਮਾਨਤ ਕਰਨਾ ਅਤੇ ਉਨ੍ਹਾਂ ਤੋਂ ਸਨਮਾਨ ਹਾਸਲ ਕਰਨਾ ਵੀ ਮਨਮਤਿ ਹੈ
* ਜਿਸ ਨੂੰ ਗਿਆਨ ਦੇ ਦੀਵੇ ਨਾਲ ਇਹ ਪਤਾ ਲੱਗ ਜਾਵੇ ਕਿ ਉਸ ਨੇ ਗਲਤੀ ਕੀਤੀ ਹੈ ਤਾਂ ਉਸ ਗਿਆਨ ਦੇ ਦੀਵੇ ਦਾ ਫਾਇਦਾ ਤਾਂ ਹੀ ਜੇ ਉਸ ਗਲਤੀ ਨੂੰ ਸੁਧਾਰਿਆ ਜਾਵੇ
* ਜਥੇਦਾਰ ਸਾਹਿਬ ਜੀ ਨੂੰ ਹੁਣ ਜਦੋਂ ਇਹ ਪਤਾ ਲੱਗ ਚੁੱਕਾ ਹੈ ਕਿ ਅਖੌਤੀ ਸਾਧਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਭਾਰੀ ਗਲਤੀ ਕੀਤੀ ਹੈ ਤਾਂ ਸਿਆਣਪ ਇਸੇ ਵਿੱਚ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਕੇ ਆਪਣੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ

ਬਠਿੰਡਾ, 1 ਅਕਤੂਬਰ (ਕਿਰਪਾਲ ਸਿੰਘ): ਜਿਹੜੀ ਸਿਖਿਆ ਅਸੀਂ ਦੂਸਰੇ ਨੂੰ ਦਿੰਦੇ ਹਾਂ ਉਹ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਬੰਦੀ ਛੋੜ ਦਿਵਸ ’ਤੇ ਸਿੱਖ ਕੌਮ ਨੂੰ ਦਿੱਤੇ ਸੰਦੇਸ਼ ਵਿੱਚ ਵਰਤੀ ਗਈ ਸ਼ਬਦਾਵਲੀ ਦੀ ਕਥਾ ਦੌਰਾਨ ਪ੍ਰਸੰਸਾ ਕਰਦਿਆਂ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਕੌਮ ਦੇ ਜਥੇਦਾਰ ਨੂੰ ਐਸਾ ਹੀ ਸੰਦੇਸ਼ ਦੇਣਾ ਚਾਹੀਦਾ ਹੈ ਤੇ ਸਮੁੱਚੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਜਥੇਦਾਰ ਵਲੋਂ ਉਸ ਸੰਦੇਸ਼ ਵਿੱਚ ਵਰਤੀ ਗਈ ਸ਼ਬਦਾਵਲੀ ਦੇ ਇੱਕ ਇੱਕ ਸ਼ਬਦ ’ਤੇ ਫੁੱਲ ਚੜ੍ਹਾਉਂਦੇ ਹੋਏ ਉਸ ’ਤੇ ਅਮਲ ਕਰਨ। ਇਹ ਦੱਸਣ ਯੋਗ ਹੈ ਕਿ ਦੀਵਾਲੀ/ ਬੰਦੀਛੋੜ ਦਿਵਸ ਮੌਕੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਕੌਮ ਦੇ ਨਾਮ ਜਾਰੀ ਕੀਤੇ ਸੰਦੇਸ਼ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਮਿੱਟੀ ਦੇ ਦੀਵੇ ਜਗਾ ਕੇ ਪ੍ਰਦੂਸ਼ਣ ਫੈਲਾਉਣ ਦੀ ਥਾਂ ਸ਼ਬਦ ਗੁਰੂ ਤੋਂ ਸੇਧ ਲੈ ਕੇ ਗਿਆਨ ਦੇ ਦੀਵੇ ਜਗਾਉਣ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦਸਵੰਧ ਦੀ ਮਾਇਆ ਅਖੌਤੀ ਸਾਧਾਂ ਦੇ ਡੇਰਿਆਂ ’ਤੇ ਭੇਟ ਕਰਕੇ ਵਿਅਰਥ ਗਵਾਉਣ ਦੀ ਬਜ਼ਾਏ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ।

ਗਿਆਨੀ ਸ਼ਿਵਤੇਗ ਸਿੰਘ ਨੇ ਇਸ ਸੰਦੇਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਦੇਸ਼ ਸਮੇਂ ਦੀ ਲੋੜ ਮੁਤਾਬਕ ਬਿਲਕੁਲ ਦਰੁਸਤ ਹੈ ਪਰ ਇਹ ਸੰਦੇਸ਼ ਜਾਰੀ ਕਰਨ ਵਾਲੇ ਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਸਿਖਿਆ ਸਿਰਫ ਦੂਸਰਿਆਂ ਨੂੰ ਦੇਣ ਲਈ ਹੀ ਨਹੀਂ ਹੁੰਦੀ, ਇਹ ਸਾਡੇ ’ਤੇ ਵੀ ਓਨੀ ਹੀ ਢੁਕਦੀ ਤੇ ਲਾਗੂ ਹੁੰਦੀ ਹੈ। ਜੇ ਸਿੰਘ ਸਾਹਿਬ ਜੀ ਨੂੰ ਇਹ ਪਤਾ ਲੱਗ ਗਿਆ ਹੈ ਕਿ ਡੇਰੇਦਾਰਾਂ ਨੂੰ ਮੱਥੇ ਟੇਕਣੇ ਅਤੇ ਦਸਵੰਧ ਦੀ ਮਾਇਆ ਭੇਟ ਕਰਨੀ ਮਨਮਤਿ ਹੈ ਤਾਂ ਉਨ੍ਹਾਂ ਨੂੰ ਇਹ ਵੀ ਜਰੂਰ ਪਤਾ ਲੱਗ ਜਾਣਾ ਚਾਹੀਦਾ ਹੈ  ਕਿ ਅਖੌਤੀ ਸਾਧਾਂ ਦੇ ਡੇਰਿਆਂ ’ਤੇ ਜਾ ਕੇ ਉਨ੍ਹਾਂ ਨੂੰ ਸਨਮਾਨਤ ਕਰਨਾ ਅਤੇ ਉਨ੍ਹਾਂ ਤੋਂ ਸਨਮਾਨ ਹਾਸਲ ਕਰਨਾ ਵੀ ਮਨਮਤਿ ਹੈ। ਜੇ ਸਾਡੇ ਤਖ਼ਤਾਂ ਦੇ ਜਥੇਦਾਰ ਅਖੌਤੀ ਸਾਧਾਂ ਦੇ ਡੇਰਿਆਂ ’ਤੇ ਜਾ ਕੇ ਉਨ੍ਹਾਂ ਦੇ ਗਲ਼ਾਂ ਵਿੱਚ ਸਿਰੋਪੇ ਤੇ ਸ਼ਾਲ ਪਾ ਕੇ ਸਨਮਾਨਤ ਕਰਦੇ ਹੋਏ ਉਨ੍ਹਾਂ ਨੂੰ ਮਹਾਂਪੁਰਸ਼ ਤੇ ਬ੍ਰਹਮਗਿਆਨੀ ਕਹਿ ਕੇ ਸੰਬੋਧਨ ਕਰਦੇ ਹਨ ਤੇ ਆਪ ਉਨ੍ਹਾਂ ਤੋਂ ਸਨਮਾਨ ਹਾਸਲ ਕਰਦੇ ਹਨ ਤਾਂ ਇਸੇ ਤੋਂ ਹੀ ਭੋਲੇ ਸਿੱਖਾਂ ਨੂੰ ਭੁਲੇਖਾ ਲਗ ਜਾਂਦਾ ਹੈ ਕਿ ਇਹ ਜਰੂਰ ਹੀ ਬ੍ਰਹਮਗਿਆਨੀ ਮਹਾਂਪੁਰਸ਼ ਹੋਣਗੇ, ਇਸੇ ਕਾਰਣ ਤਾਂ ਸਾਡੇ ਸਰਬਉਚ ਜਥੇਦਾਰ ਜੀ ਉਨ੍ਹਾਂ ਨੂੰ ਸਨਮਾਨਤ ਕਰਕੇ ਅਤੇ ਸਨਮਾਨ ਹਾਸਲ ਕਰਕੇ ਉਨ੍ਹਾਂ ਨੂੰ ਮਾਣਤਾ ਦੇ ਰਹੇ ਹਨ। ਇਸ ਭੁਲੇਖੇ ਕਾਰਣ ਹੀ ਭੋਲੇ ਸਿੱਖ ਆਪਣੀ ਦਸਾਂ ਨਹੁੰਆਂ ਦੀ ਕਿਰਤ ਇਨ੍ਹਾਂ ਅਖੌਤੀ ਸਾਧਾਂ ਨੂੰ ਲੁਟਾ ਰਹੇ ਹਨ। ਇਸ ਲਈ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਉਹ ਅੱਗੇ ਤੋਂ ਅਖੌਤੀ ਸਾਧਾਂ ਦੇ ਡੇਰੇ ਵਿਖੇ ਜਾ ਕੇ ਉਨ੍ਹਾਂ ਨੂੰ ਸਨਮਾਨਤ ਕਰਨ ਛੱਡ ਕੇ ਆਪਣੀ ਗਲਤੀ ਸੁਧਾਰ ਲੈਣ।

ਗਿਆਨੀ ਸ਼ਿਵਤੇਗ ਸਿੰਘ ਨੇ ਅੱਗੇ ਕਿਹਾ ਕਿ ਜਥੇਦਾਰ ਜੀ ਨੂੰ ਹੁਣ ਇਹ ਅਹਿਸਾਸ ਵੀ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਅਖੌਤੀ ਸਾਧਾਂ ਦੇ ਕਹਿਣ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਦੇ ਨਾਮ ’ਤੇ ਵਿਗਾੜ ਕੇ ਉਨ੍ਹਾਂ ਵੱਡੀ ਗਲਤੀ ਕੀਤੀ ਹੈ। ਜਿਸ ਨੂੰ ਗਿਆਨ ਦੇ ਦੀਵੇ ਨਾਲ ਇਹ ਪਤਾ ਲੱਗ ਜਾਵੇ ਕਿ ਉਸ ਨੇ ਗਲਤੀ ਕੀਤੀ ਹੈ ਤਾਂ ਉਸ ਗਿਆਨ ਦੇ ਦੀਵੇ ਦਾ ਫਾਇਦਾ ਤਾਂ ਹੀ ਹੈ ਜੇ ਉਸ ਗਲਤੀ ਨੂੰ ਸੁਧਾਰਿਆ ਜਾਵੇ। ਇਸ ਲਈ ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਗਲਤੀ ਦਾ ਪਤਾ ਲੱਗਣ ਪਿੱਛੋਂ ਹੁਣ ਉਨ੍ਹਾਂ ਨੂੰ ਤੁਰੰਤ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਦਾ ਐਲਾਣ ਕਰ ਦੇਣਾ ਚਾਹੀਦਾ ਹੈ। ਸੋਧ ਦੇ ਨਾਮ ’ਤੇ ਵਿਗਾੜੇ ਗਏ ਕੈਲੰਡਰ ਦੀਆਂ ਗੰਭੀਰ ਗਲਤੀਆਂ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸਚਾਈ ਹੈ ਕਿ “ਬਾਦਸ਼ਾਹ ਵਲੋਂ ਸੱਦਾ ਪੁੱਜਣ ’ਤੇ ਗੁਰੂ ਜੀ ਜਾਣ ਗਏ ਸਨ ਕਿ ਉਨ੍ਹਾਂ ਦੀ ਸ਼ਹੀਦੀ ਨਿਸਚਤ ਹੈ ਇਸ ਲਈ ਲਾਹੌਰ ਵੱਲ ਤੁਰਨ ਲੱਗੇ ਆਪ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰ-ਗੱਦੀ ਦੀ ਜ਼ੰਮੇਵਾਰੀ ਸੌਂਪ ਗਏ ਸਨ। ਇਹ ਰਸਮ ਜੇਠ ਵਦੀ 14 (28 ਜੇਠ) ਸੰਮਤ 1663 ਮੁਤਾਬਕ 25 ਮਈ ਸੰਮਤ 1606 ਨੂੰ ਕੀਤੀ ਗਈ”।

ਸਿਖ ਇਤਿਹਾਸ ਦੇ ਪੁਰਾਤਨ ਸੋਮਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁਕਰਵਾਰ ਨੂੰ ਹੋਈ ਸੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ 5 ਦਿਨ ਪਹਿਲਾਂ ਹੋਈ ਸੀ। ਪਰ ਅਖੌਤੀ ਸਾਧਾਂ ਦੇ ਕਹੇ ਤੋਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਜੀ ਨੇ ਜੋ ਕੈਲੰਡਰ ਸੋਧਿਆ ਹੈ ਉਸ ਮੁਤਾਬਿਕ ਗੁਰੂ ਹਰਗੋਬਿੰਦ ਜੀ ਦਾ ਗੁਰ ਗੱਦੀ ਦਿਵਸ 2011 ਵਿੱਚ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 6 ਦਿਨ ਪਿਛੋਂ ਆਇਆ ਹੈ ਅਤੇ 2012 ਵਿਚ 11 ਦਿਨ ਹੋਰ ਪਛੜ ਕੇ 17 ਦਿਨ ਪਿਛੋਂ ਆਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸ ਕੈਲੰਡਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ 6 ਦਿਨ ਜਾਂ 17 ਦਿਨ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ? ਕੀ ਇੰਨੇ ਦਿਨ ਸਿੱਖ ਕੌਮ ਬਿਨਾਂ ਗੁਰੂ ਦੇ ਰਹੀ? ਜੇ ਨਹੀਂ ਤਾਂ ਇੰਨੇ ਦਿਨ ਗੁਰੂ ਕੌਣ ਰਿਹਾ?

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਮਰਜੀ ਨਾਲ ਕਿਸੇ ਨੂੰ ਗੁਰੂ ਥਾਪ ਲੈਣ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਜੀ ਤੱਕ ਸਾਰੇ ਹੀ ਗੁਰੂ ਸਾਹਿਬਾਨ ਨੇ ਹੀ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਹੱਥੀਂ ਗੁਰਗੱਦੀ ਦੀ ਅਗਲੀ ਜਿੰਮੇਵਾਰੀ ਸੌਂਪੀ ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਸੋਧੇ ਕੈਲੰਡਰ ਨੂੰ ਸਹੀ ਬਿਲਕੁਲ ਨਹੀਂ  ਮੰਨਿਆ ਜਾ ਸਕਦਾ। ਹੁਣ ਜਦੋਂ ਗਿਆਨ ਦੇ ਦੀਵੇ ਨਾਲ ਜਿਸ ਵਿਅਕਤੀ ਨੂੰ ਇਹ ਪਤਾ ਲੱਗ ਜਾਵੇ ਕਿ ਉਸ ਨੇ ਗਲਤੀ ਕੀਤੀ ਹੈ ਤਾਂ ਉਸ ਗਿਆਨ ਦੇ ਦੀਵੇ ਦਾ ਫਾਇਦਾ ਤਾਂ ਹੀ ਜੇ ਉਸ ਗਲਤੀ ਨੂੰ ਸੁਧਾਰਿਆ ਜਾਵੇ। ਇਸ ਲਈ ਜਥੇਦਾਰ ਸਾਹਿਬ ਜੀ ਨੂੰ ਹੁਣ ਜਦੋਂ ਇਹ ਪਤਾ ਲੱਗ ਚੁੱਕਾ ਹੈ ਕਿ ਅਖੌਤੀ ਸਾਧਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਭਾਰੀ ਗਲਤੀ ਕੀਤੀ ਹੈ ਤਾਂ ਸਿਆਣਪ ਇਸੇ ਵਿੱਚ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਕੇ ਆਪਣੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top