Share on Facebook

Main News Page

ਜਦੋਂ ਨਿਊਜ਼ੀਲੈਂਡ ਵਿਖੇ ਡਾ: ਉਦੋਕੇ ਦੇ ਲੈਕਚਰ ਤੋਂ ਬ੍ਰਾਹਮਣਵਾਦੀ (ਸਿੱਖ) ਭੜਕ ਉਠੇ.....ਮੰਚ ਤੇ ਆ ਕੇ ਆਪਣੇ ਬਿਪਰਵਾਦੀ ਹੋਣ ਦਾ ਕੀਤਾ ਪ੍ਰਗਟਾਅ....

ਨਿਊਜ਼ੀਲੈਂਡ (ਹਰਦੀਪ ਸਿੰਘ ਖਾਲਸਾ): ਗੁਰਦਵਾਰਾ ਕਲਗੀਧਰ ਸਾਹਿਬ ਟਾਕਾਨਿਨੀ ਨਿਊਜ਼ੀਲੈਂਡ ਵਿਖੇ ਸਿੱਖ ਸੰਗਤਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਬੰਦੀਛੋੜ ਦਿਵਸ ਮਨਾਇਆ ਗਿਆ। ਇਸ ਮੌਕੇ ਉਪਰ ਕੀਰਤਨੀ ਜਥਿਆਂ ਵਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ। ਪੰਜਾਬ ਤੋਂ ਨਿਊਜ਼ੀਲੈਂਡ ਪਹੁੰਚੇ ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤਾਂ ਨਾਲ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਕੀਰਤਨੀਏ ਵੀਰ ਇਸ ਦਿਨ ਅਕਸਰ ਹੀ ਭਾਈ ਗੁਰਦਾਸ ਜੀ ਦੀ ਇਹ ਰਚਨਾ ਇਸ ਦਿਨ ਜ਼ਰੂਰ ਪੜਦੇ ਹਨ ਕਿ,

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥ ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥ ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥ ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥੬॥

ਜਦੋਂ ਕਿ ਇਸ ਵਾਰ ਦਾ ਭਾਵ ਅਰਥ ਹੋਰ ਹੈ ਅਤੇ ਇਸ ਵਾਰ ਵਿੱਚ ਕਿਤੇ ਵੀ ਦੀਵਾਲੀ ਮਨਾਉਣ ਜਾਂ ਦੀਵੇ ਜਗਾਉਣ ਦੀ ਵਜ਼ਾਹਤ ਨਹੀਂ ਕੀਤੀ ਗਈ ਸਗੋਂ ਇਹ ਸਮਝਾਇਆ ਗਿਆ ਕਿ ਤੇਲ ਦੇ ਦੀਵੇ ਤਾਂ ਛੇਤੀ ਹੀ ਬੁੱਝ ਜਾਂਦੇ ਹਨ ਪਰ ਜੇਕਰ ਹਿਰਦੇ ਅੰਦਰ ਸ਼ਬਦ ਸੰਭਾਲ ਕੇ ਗਿਆਨ ਦਾ ਦੀਪਕ ਜਗਾਇਆ ਜਾਵੇ ਤਾਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ।

ਡਾ: ਉਦੋਕੇ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਹੋਰ ਧਰਮਾਂ ਵਾਂਗ ਮਾਇਆ ਦਾ ਪੁਜਾਰੀ ਵੀ ਨਹੀਂ ਜੋ ਕਿ ਲੱਛਮੀ ਦੀ ਪੂਜਾ ਕਰਦਾ ਫਿਰੇ, ਗੁਰਬਾਣੀ ਵਿੱਚ ਤਾਂ ਕੇਵਲ ਦੋ ਵਾਰ ਲਛਮੀ ਸ਼ਬਦ ਆਇਆ ਹੈ ਅਤੇ ਦੋਵੇਂ ਵਾਰ ਹੀ ਇਸ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿਣ ਦੀ ਤਾਕੀਦ ਕੀਤੀ ਗਈ ਹੈ,

1. ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥
2. ਪੁਤ੍ਰ ਕਲਤ੍ਰ ਲਛਮੀ ਮਾਇਆ ॥ ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥

ਇਤਿਹਾਸਕ ਵਿਚਾਰ ਕਰਦਿਆਂ ਡਾ: ਉਦੋਕੇ ਨੇ ਦਸਿਆ ਕਿ ਗੁਰੁ ਹਰਗੋਬਿੰਦ ਸਾਹਿਬ ਜੀ ਸੰਮਤ 1674 ਕੱਤਕ ਮਾਸ ਦੀ ਚੌਦਸ ਕ੍ਰਿਸ਼ਨ ਪੱਖ ਨੂੰ ਗਵਾਲੀਅਰ ਕਿਲੇ ਵਿਚੋਂ ਰਿਹਾ ਹੋ ਕੇ ਹਰੀ ਰਾਮ ਦਰੋਗੇ ਦੇ ਘਰ ਗਏ ਸਨ ਅਤੇ ਉਸ ਮੁਤਾਬਿਕ ਉਹਨਾਂ ਦੀ ਰਿਹਾਈ ਦੀ ਈਸਵੀ ਤਾਰੀਖ 25-26 ਅਕਤੂਬਰ 1619 ਬਣਦੀ ਹੈ ਅਤੇ ਜ਼ਿਕਰਯੋਗ ਹੈ ਕਿ ਉਸ ਦਿਨ ਦੀਵਾਲੀ ਨਹੀਂ ਸੀ ਪਰ ਹਰੀ ਰਾਮ ਦਰੋਗੇ ਵਲੋਂ ਗੁਰੁ ਸਾਹਿਬ ਦੀ ਆਮਦ ਦੀ ਖੁਸ਼ੀ ਵਿੱਚ ਦੀਪਮਾਲਾ ਕਰਨ ਦਾ ਜ਼ਿਕਰ ਇਤਿਹਾਸਕ ਸਰੋਤਾਂ ਵਿੱਚ ਜਰੂਰ ਮਿਲਦਾ ਹੈ । ਇਸ ਤੋਂ ਬਾਅਦ ਗੁਰੁ ਸਾਹਿਬ 28 ਫਰਵਰੀ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਸੋ ਸਾਡੇ ਪ੍ਰਚਾਰਕ ਵੀਰਾਂ ਦਾ ਇਹ ਪ੍ਰਚਾਰ ਕਰਨਾ ਕਿ ਗੁਰੁ ਸਾਹਿਬ ਦੀਵਾਲੀ ਦੇ ਦਿਨ ਅੰਮ੍ਰਿਤਸਰ ਆਏ ਇਤਿਹਾਸਕ ਕਸਵੱਟੀ ਉਪਰ ਪੂਰਾ ਨਹੀਂ ਉਤਰਦਾ, ਕਿਉਂ ਨਾਂ ਤਾਂ 11 ਕੱਤਕ 1619 ਨੂੰ ਦੀਵਾਲੀ ਸੀ ਅਤੇ ਨਾਂ ਹੀ 28 ਫਰਵਰੀ 1921 ਨੂੰ ਦੀਵਾਲੀ ਸੀ।

ਡਾ: ਉਦੋਕੇ ਨੇ ਕਿਹਾ ਕਿ ਅਸੀਂ ਇਸ ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਕੇ ਨਾ ਵੇਖੀਏ, ਕਿਉਂ ਕਿ ਕਈ ਹਿੰਦੂਤਵੀ ਜਥੇਬੰਦੀਆਂ ਆਪਣੇ ਹਿੰਦੂਤਵੀ ਮਿਥਿਹਾਸ ਨੂੰ ਇਤਿਹਾਸ ਵਿੱਚ ਬਦਲਣ ਲਈ ਯਤਨਸ਼ੀਲ ਹਨ, ਅਤੇ ਜੇਕਰ ਉਹਨਾਂ ਨੇ ਆਪਣੇ ਸਰੋਤਾਂ ਦੇ ਅਧਾਰ ਉਪਰ ਖੋਜ ਕਰਕੇ ਰਾਮ ਦੇ ਆਯੁਧਿਆ ਆਗਮਨ ਦੀ ਕੋਈ ਤਾਰੀਖ ਨਿਰਧਾਰਤ ਕਰ ਲਈ ਤਾਂ ਕੀ ਅਸੀਂ ਵੀ ਬੰਦੀਛੋੜ ਦਿਵਸ ਨੂੰ ਉਸ ਤਾਰੀਖ ਨਾਲ ਜੋੜ ਲਵਾਂਗੇ?

ਕਿਉਂ ਕਿ ਪਦਮ ਪੁਰਾਣ ਦੇ ਪਤਾਲ ਖੰਡ ਦੇ 36 ਅਧਿਆਇ ਦੇ ਮੁਤਾਬਿਕ ਰਾਵਨ ਦੇ ਅੰਤਿਮ ਸੰਸਕਾਰ ਦੀ ਮਿਤੀ ਚੇਤਰ ਦੀ ਮੱਸਿਆ ਮਿਥੀ ਜਾ ਰਹੀ ਹੈ ਅਤੇ ਰਾਮ ਦਾ ਆਯੁਧਿਆ ਆਗਮਨ ਚੇਤਰ ਦੀ ਪੰਚਮੀ ਨੂੰ ਮਿਥਿਆ ਜਾ ਰਿਹਾ ਹੈ ਅਤੇ ਇਸ ਦਾ ਆਧਾਰ ਬਾਲਮੀਕੀ ਰਮਾਇਣ ਦੇ ਇਕ ਤੱਥ ਨੂੰ ਬਣਾਇਆ ਜਾ ਰਿਹਾ ਹੈ।

ਡਾ: ਉਦੋਕੇ ਨੇ ਕਿਹਾ, ਕਿ ਚਿੰਤਨ ਦਾ ਵਿਸ਼ਾ ਇਹ ਹੈ ਕਿ ਜੇਕਰ ਹਿੰਦੂ ਧਰਮ ਦੇ ਵਿਦਵਾਨਾਂ ਨੇ ਦੀਵਾਲੀ ਦੀ ਕੋਈ ਹੋਰ ਤਾਰੀਖ ਨਿਰਧਾਰਤ ਕਰ ਲਈ, ਤਾਂ ਕੀ ਅਸੀਂ ਵੀ ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ ਹੀ ਜੋੜੀ ਰੱਖਾਂਗੇ? ਸੋ ਸਾਨੂੰ ਦੀਵਾਲੀ ਨਹੀਂ ਬਲਕਿ ਸ਼ਬਦ ਗੁਰੁ ਦੇ ਗਿਆਨ ਦਾ ਦੀਪਕ ਜਗਾ ਕੇ ਬੰਦੀਛੋੜ ਦਿਵਸ ਹੀ ਮਨਾਉਣਾ ਚਾਹੀਦਾ ਹੈ।

ਡਾ: ਉਦੋਕੇ ਦੇ ਵਿਖਿਆਨ ਤੋਂ ਬਾਅਦ ਆਪਣੇ ਆਪ ਨੂੰ ਅਖੌਤੀ ਸਾਧ ਠਾਕੁਰ ਸਿੰਘ ਪਟਿਆਲੇ ਵਾਲੇ ਦੇ ਇਕ ਚਾਟੜੇ ਨੇ ਇਕਦਮ ਆ ਕੇ ਸਟੇਜ ਸੰਭਾਲ ਲਈ ਅਤੇ ਬੋਲਣਾ ਸ਼ੁਰੂ ਕੀਤਾ ਕਿ ਇਹ ਪੰਥ ਵਿਰੋਧੀ ਪ੍ਰਚਾਰਕ ਸਿੱਖਾਂ ਨੂੰ ਦੀਵਾਲੀ ਤੋਂ ਤੋੜ ਰਹੇ ਹਨ ਅਤੇ ਹਿੰਦੂ ਸਿੱਖ ਏਕਤਾ ਲਈ ਖਤਰਾ ਹਨ। ਅਸੀਂ ਦੀਵਾਲੀ ਉਪਰ ਹੀ ਬੰਦੀਛੋੜ ਦਿਵਸ ਮਨਾਵਾਂਗੇ... ਇਹੋ ਜਿਹੇ ਪ੍ਰਚਾਰਕਾਂ ਦੀਆਂ ਦਲੀਲਾ ਦੀ ਸਾਨੂੰ ਮੰਨਣ ਦੀ ਲੋੜ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top