Share on Facebook

Main News Page

ਭਨਿਆਰੇ ਵਾਲੇ ’ਤੇ ਕਾਤਲਾਨਾ ਹਮਲਾ

ਨੂਰਪੁਰ ਬੇਦੀ, 27 ਅਕਤੂਬਰ (ਪੰਜਾਬ ਮੇਲ): ਪਿੰਡ ਧਮਾਣਾ ਸਥਿਤ ਡੇਰਾ ਭਨਿਆਰਾਂਵਾਲੀ ਇਤਿਹਾਸਗੜ੍ਹ ਦੇ ਮੁਖੀ ਪਿਆਰਾ ਸਿੰਘ ਭਨਿਆਰਾ ਵਾਲੇ ’ਤੇ ਅੱਜ ਤਿੰਨ ਨੌਜਵਾਨਾਂ ਵੱਲੋਂ ਪਲਾਸਟਿਕਨੁਮਾ ਚਾਕੂਆਂ ਨਾਲ ਹਮਲਾ ਕੀਤਾ ਗਿਆ। ਹਮਲੇ ’ਚ ਉਹ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦੇ ਹਮਾਇਤੀਆਂ ਨੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਫੜ ਲਿਆ ਗਿਆ।

ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਜਦੋਂ ਉਹ ਆਪਣੀ ਕੋਠੀ ’ਚ ਵੈਂਜੋ ਵਜਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਉਨ੍ਹਾਂ ’ਤੇ ਪਲਾਸਟਿਕਨੁਮਾ ਛੁਰਿਆਂ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਉਥੇ ਤਾਇਨਾਤ ਸੀਆਰਪੀਐਫ਼ ਦੇ ਜਵਾਨਾਂ ਤੇ ਪੀਏਪੀ ਦੇ ਇਕ ਏਐਸਆਈ ਸੁਭਾਸ਼ ਚੰਦ ਨੇ ਤਿੰਨੇ ਨੌਜਵਾਨਾਂ ਨੂੰ ਕਾਬੂ ਕਰ ਲਿਆ। ਹਮਲਾਵਰਾਂ ਨੇ ਭਨਿਆਰਾ ਵਾਲੇ ਦੀ ਗਰਦਨ, ਕੰਨ ਤੇ ਸਿਰ ’ਤੇ ਵਾਰ ਕੀਤੇ। ਇਸ ਮੌਕੇ ਖ਼ੁਦ ਬਾਬੇ ਨੇ ਵੀ ਨੌਜਵਾਨਾਂ ਦਾ ਮੁਕਾਬਲਾ ਕੀਤਾ। ਘਟਨਾ ਦਾ ਪਤਾ ਲਗਦਿਆਂ ਹੀ ਡੇਰੇ ’ਚ ਮੌਜੂਦ ਸ਼ਰਧਾਲੂਆਂ ਨੇ ਨੌਜਵਾਨਾਂ ਦੀ ਕੁੱਟਮਾਰ ਕੀਤੀ। ਸੂਤਰਾਂ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਕੀਤੀ ਗਈ ਕੁਟਾਈ ’ਚ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਇਸ ਝੜਪ ’ਚ ਪੁਲਿਸ ਦੇ ਕਈ ਜਵਾਨ ਵੀ ਜ਼ਖ਼ਮੀ ਹੋ ਗਏ। ਬਾਬੇ ’ਤੇ ਹਮਲਾ ਕਰਨ ਵਾਲਿਆਂ ਦੀ ਪਹਿਚਾਣ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰੌਣੀ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ, ਧਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਗੁਰਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਕਰੀਬ 400 ਜਵਾਨਾਂ ਨੇ ਡੇਰੇ ਤੇ ਬਾਬੇ ਦੀ ਕੋਠੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ।

ਨੌਜਵਾਨਾਂ ਦਾ ਇਹ ਹਮਲਾ ਬਾਬੇ ਦੀ ਸੁਰੱਖਿਆ ’ਚ ਵੱਡੀ ਸੰਨ੍ਹ ਵੀ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬਾਬੇ ਨੂੰ ਮਿਲਣ ਤੋਂ ਪਹਿਲਾਂ ਪੀਏਪੀ ਪੁਲਿਸ ਦਾ ਨਾਕਾ ਤੇ ਫਿਰ ਪੰਜਾਬ ਪੁਲਿਸ ਤੇ ਤੀਜਾ ਸੀਆਰਪੀਐਫ਼ ਦਾ ਨਾਕਾ ਪਾਰ ਕਰਨਾ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨੌਜਵਾਨ ਇਨ੍ਹਾਂ ਤਿੰਨੇ ਨਾਕਿਆਂ ਵਿਚੋਂ ਕਿਵੇਂ ਹਥਿਆਰ ਲੈ ਕੇ ਲੰਘ ਗਏ। ਬਾਬੇ ਨੇ ਦੋਸ਼ ਲਗਾਇਆ ਹੈ ਕਿ ਇਸ ਹਮਲੇ ਲਈ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੀ ਇਕ ਕਾਰਨ ਹੈ। ਉਨ੍ਹਾਂ ਪੀਏਪੀ ਨੂੰ ਹਟਾ ਕੇ ਸੀਆਰਪੀਐਫ਼ ਦੀ ਇਕ ਹੋਰ ਬਟਾਲੀਅਨ ਲਗਾਉਣ ਦੀ ਮੰਗ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top