Share on Facebook

Main News Page

ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾ ਚਲਾਉਣ ਦੀ ਮੰਗ ਨੇ ਜ਼ੋਰ ਫੜਿਆ

ਅੰਮ੍ਰਿਤਸਰ, (24 ਅਕਤੂਬਰ,ਪੀ.ਐਸ.ਐਨ): ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਂਦੀ ਆਤਿਸ਼ਬਾਜ਼ੀ ਦਾ ਕੋਈ ਬਦਲ ਲੱਭਣ ਵਿਚ ਭਾਵੇਂ ਸ਼ੋ੍ਰਮਣੀ ਕਮੇਟੀ ਫਿਲਹਾਲ ਅਸਮਰੱਥ ਮਹਿਸੂਸ ਕਰ ਰਹੀ ਹੈ ਪਰ ਇਸ ਮਾਮਲੇ ਵਿਚ ਵੱਖ-ਵੱਖ ਵਿਦਵਾਨਾਂ ਦਾ ਵਿਚਾਰ ਹੈ ਕਿ ਪ੍ਰਦੂਸ਼ਣ ਦਾ ਕਾਰਨ ਬਣਦੀ ਇਸ ਆਤਿਸ਼ਬਾਜ਼ੀ ਦੇ ਰੁਝਾਨ ਨੂੰ ਰੋਕਣਾ ਚਾਹੀਦਾ ਹੈ। ਇਸ ਸਬੰਧੀ ਇਤਰਾਜ਼ ਦਾ ਇਕ ਮਾਮਲਾ ਇਕ ਵਾਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਵੀ ਆ ਚੁੱਕਾ ਹੈ।

ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਉਣ ਦੀ ਪ੍ਰੰਪਰਾ ਗੁਰੂ ਕਾਲ ਤੋਂ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੋਈ ਇਤਿਹਾਸਕ ਤੱਥ ਮੌਜੂਦ ਹਨ। ਇਹ ਰੁਝਾਨ ਸਮੇਂ ਦੇ ਨਾਲ ਆਪੇ ਹੀ ਸ਼ੁਰੂ ਹੋਇਆ ਅਤੇ ਅੱਜ ਇਸ ਕਾਰਨ ਇਥੇ ਇਨ੍ਹਾਂ ਦਿਨਾਂ ਵਿਚ ਪ੍ਰਦੂਸ਼ਣ ਦੀ ਮਾਤਰਾ ਆਮ ਦਿਨਾਂ ਨਾਲੋਂ ਚਾਰ ਤੋਂ ਪੰਜ ਗੁਣਾਂ ਵੱਧ ਜਾਂਦੀ ਹੈ, ਜੋ ਇਸ ਇਤਿਹਾਸਕ ਇਮਾਰਤ ਦੀ ਸੁੰਦਰਤਾ ਸਮੇਤ ਆਮ ਲੋਕਾਂ ‘ਤੇ ਵੀ ਅਸਰ ਪਾਉਂਦੀ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਲੀ ਮੌਕੇ ਆਤਿਸ਼ਬਾਜ਼ੀ ਨਹੀਂ ਚਲਾਈ ਜਾਂਦੀ, ਸਗੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿਰਫ ਰਾਤ ਸਮੇਂ ਦੀਪਮਾਲਾ ਹੁੰਦੀ ਹੈ ਅਤੇ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ।

ਇਸ ਸਬੰਧ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਂਦੀ ਆਤਿਸ਼ਬਾਜ਼ੀ ਦੇ ਕਾਰਨ ਇਥੇ ਇਤਿਹਾਸਕ ਇਮਾਰਤ ‘ਤੇ ਮਾੜਾ ਅਸਰ ਪੈ ਰਿਹਾ ਹੈ ਤਾਂ ਆਤਿਸ਼ਬਾਜ਼ੀ ਨਹੀਂ ਚਲਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਇਹ ਰੁਝਾਨ ਕੋਈ ਪੁਰਾਣੀ ਪ੍ਰੰਪਰਾ ਹੈ, ਤਾਂ ਉਹ ਇਸ ਨੂੰ ਰੋਕਣ ਦੇ ਹੱਕ ਵਿਚ ਨਹੀਂ ਹਨ, ਪਰ ਜੇ ਇਸ ਰੁਝਾਨ ਨਾਲ ਇਤਿਹਾਸਕ ਇਮਾਰਤ ਨੂੰ ਨੁਕਸਾਨ ਹੁੰਦਾ ਹੈ, ਤਾਂ ਫਿਰ ਜ਼ਾਤੀ ਖੁਸ਼ੀ ਅਤੇ ਪ੍ਰੰਪਰਾਵਾਂ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨ ਸਭ ਤੋਂ ਮੁਕੱਦਸ ਹੈ ਅਤੇ ਇਸਦੀ ਸੁਰੱਖਿਆ ਲਈ ਰੁਝਾਨ ਬਦਲਿਆ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਆਤਿਸ਼ਬਾਜ਼ੀ ਚਲਾਉਣ ਦੀ ਪ੍ਰੰਪਰਾ ਗੁਰੂ ਕਾਲ ਦੀ ਨਹੀਂ ਹੈ। ਇਹ ਰੁਝਾਨ ਵੱਧ ਤੋਂ ਵੱਧ ਅੱਧੀ ਸਦੀ ਪੁਰਾਣਾ ਹੈ ਅਤੇ ਦੇਖੋ-ਦੇਖੀ ਆਰੰਭ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਦੇ ਸਬੰਧ ਵਿਚ ਸਿਰਫ ਦੀਵੇ ਜਗਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਦੀ ਪੁਰਾਤਨ ਪ੍ਰੰਪਰਾ ਸੀ ਪਰ ਹੁਣ ਆਤਿਸ਼ਬਾਜ਼ੀ ਚਲਾਉਣ ਦਾ ਨਵਾਂ ਰੁਝਾਨ ਦਿਨੋ-ਦਿਨ ਵਧ ਰਿਹਾ ਹੈ, ਜੋ ਕਿ ਇਕ ਵੱਡੀ ਫਜ਼ੂਲ ਖਰਚੀ ਹੈ ਅਤੇ ਪ੍ਰਦੂਸ਼ਣ ਦਾ ਵੱਡਾ ਕਾਰਨ ਵੀ ਹੈ। ਉਨ੍ਹਾਂ ਕਿਹਾ ਕਿ ਲਗਪਗ ਇਕ ਦਹਾਕਾ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ਮੁੜ ਹੋਈ ਹੈ ਪਰ ਇਕ ਦਹਾਕੇ ਵਿਚ ਹੀ ਵਧ ਰਹੇ ਪ੍ਰਦੂਸ਼ਣ ਕਾਰਨ ਇਸ ਸੋਨੇ ਦਾ ਰੰਗ ਬਦਲ ਰਿਹਾ ਹੈ। ਜਦੋਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਇਆ ਗਿਆ ਸੋਨਾ ਪ੍ਰਦੂਸ਼ਣ ਨਾ ਹੋਣ ਕਾਰਨ ਲੰਮਾ ਸਮਾਂ ਠੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਚਿੰਤਾ ਦੇ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਵੇ ਅਤੇ ਇਸ ਰੁਝਾਨ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰੇ ਅਤੇ ਸ਼ਹਿਰ ਦੀ ਚਾਰਦੀਵਾਰੀ ਦੇ ਅੰਦਰ ਰਹਿੰਦੇ ਲੋਕਾਂ ਨੂੰ ਵੀ ਅਪੀਲ ਕਰੇ ਕਿ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਸਾਰੇ ਧਰਮਾਂ ਦਾ ਸਾਂਝਾ ਅਸਥਾਨ ਹੈ, ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਆਤਿਸ਼ਬਾਜ਼ੀ ਨਾ ਚਲਾਈ ਜਾਵੇ।

ਇਸ ਦੌਰਾਨ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਪੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਂਦੀ ਆਤਿਸ਼ਬਾਜ਼ੀ ਦੇ ਖ਼ਿਲਾਫ਼ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਉਸ ਵੇਲੇ ਇਹ ਕੇਸ ਭਾਵੇਂ ਖਾਰਜ ਕਰ ਦਿੱਤਾ ਗਿਆ ਸੀ ਪਰ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਨੂੰ ਜ਼ੁਬਾਨੀ ਹਦਾਇਤ ਕੀਤੀ ਗਈ ਸੀ ਕਿ ਪ੍ਰਦੂਸ਼ਣ ਫੈਲਾਉਣ ਵਾਲੀ ਆਤਿਸ਼ਬਾਜ਼ੀ ਦੇ ਰੁਝਾਨ ਨੂੰ ਖ਼ਤਮ ਕੀਤਾ ਜਾਵੇ। ਪੇਸ਼ ਹੋਏ ਅਧਿਕਾਰੀਆਂ ਨੇ ਜੁਡੀਸ਼ੀਅਲ ਕਮਿਸ਼ਨ ਨੂੰ ਭਰੋਸਾ ਵੀ ਦਿੱਤਾ ਸੀ ਕਿ ਭਵਿੱਖ ਵਿਚ ਪ੍ਰਦੂਸ਼ਣ ਫੈਲਾਉਣ ਵਾਲੀ ਆਤਿਸ਼ਬਾਜ਼ੀ ਦਾ ਰੁਝਾਨ ਰੋਕਿਆ ਜਾਵੇਗਾ। ਉਸ ਵੇਲੇ ਬੰਗਲੌਰ ਦੀ ਇਕ ਇਲੈਕਟਰੋਨਿਕ ਪਟਾਕੇ ਬਣਾਉਣ ਵਾਲੀ ਕੰਪਨੀ ਬਾਰੇ ਸੁਝਾਅ ਦਿੱਤਾ ਗਿਆ ਸੀ, ਜੋ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਲਈ ਪਟਾਕੇ ਤਿਆਰ ਕਰਦੀ ਹੈ। ਅਜਿਹੇ ਪਟਾਕੇ ਅਮਰੀਕਾ ਵਿਖੇ ਵੀ ਹਰ ਸਾਲ ਛੇ ਜਨਵਰੀ ਨੂੰ ਆਜ਼ਾਦੀ ਦਿਵਸ ਮੌਕੇ ਚਲਾਏ ਜਾਂਦੇ ਹਨ।

ਵਾਤਾਵਰਨ ਸੇਵਾ ਮਿਸ਼ਨ ਪੰਜਾਬ ਦੇ ਕਨਵੀਨਰ ਡਾ. ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਵਾਤਾਵਰਨ ਦੀ ਸੰਭਾਲ ਵੱਲ ਉਚੇਚਾ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਜੇ ਸ਼ੋ੍ਰਮਣੀ ਕਮੇਟੀ ਇਸ ਮਾਮਲੇ ਵਿਚ ਪਹਿਲਕਦਮੀ ਕਰਦੀ ਹੈ ਤਾਂ ਇਸ ਦਾ ਆਮ ਲੋਕਾਂ ‘ਤੇ ਵੀ ਅਸਰ ਪਵੇਗਾ ਅਤੇ ਹਰ ਵਰਗ ਵਿਚ ਇਕ ਚੰਗਾ ਸੁਨੇਹਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਧਾਰਮਿਕ ਅਸਥਾਨਾਂ ‘ਤੇ ਛਾਂਦਾਰ ਤੇ ਫਲਦਾਰ ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੀ ਇਸ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਨੂੰ ਆਤਿਸ਼ਬਾਜ਼ੀ ਦਾ ਰੁਝਾਨ ਖ਼ਤਮ ਕਰਨ ਦੀ ਅਪੀਲ ਕਰ ਚੁੱਕੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top