Share on Facebook

Main News Page

ਦੋਵੇਂ ਬਾਦਲ ਬਗੈਰ ਸਕਿਊਰਟੀ ਤੋਂ ਪੰਜਾਬ ’ਚ ਇੱਕ ਦਿਨ ਨਿਕਲਣ ਤਾਂ ਲੋਕ ਗੱਦਾਫੀ ਵਾਲਾ ਹਾਲ ਕਰਨਗੇ: ਗਗਨਜੀਤ ਸਿੰਘ ਬਰਨਾਲਾ

ਜਲੰਧਰ, 24 ਅਕਤੂਬਰ: ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸੀਨੀਅਰ ਆਗੂ ਤੇ ਸਾਬਕਾ ਹਲਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ 1985 ਵਿੱਚ ਜਿਸ ਵੇਲੇ ਸਾਬਕਾ ਮੁੱਖ ਮੰਤਰੀ ਸ੍ਰ: ਸੁਰਜੀਤ ਸਿੰਘ ਬਰਨਾਲਾ ਤੱਕੜੀ ਚੋਣ ਨਿਸ਼ਾਨ ਪ੍ਰਕਾਸ਼ ਸਿੰਘ ਬਾਦਲ ਨੂੰ ਸੰਭਾਲ ਕੇ ਗਏ ਸਨ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ’ਤੇ ਬਹੁਮਤ ਪ੍ਰਾਪਤ ਕਰਦਾ ਸੀ ਅਤੇ ਪੰਜਾਬ ਸਿਰ ਇੱਕ ਵੀ ਰੁਪੈ ਦਾ ਕਰਜਾ ਨਹੀਂ ਸੀ, ਪਰ ਜਦੋਂ ਪੰਜਾਬ ਦੀ ਸੱਤਾਂ ’ਤੇ ਬਾਦਲ ਪਰਿਵਾਰ ਕਾਬਜ ਹੋਇਆ, ਉਦੋਂ ਤੋ ਹੀ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ।ਸ੍ਰ: ਬਰਨਾਲਾ ਅੱਜ ਸੀ.ਪੀ.ਆਈ.ਐਮ ਦੇ ਆਗੂ ਡਾ. ਅਨਵਰ ਭਸੌੜ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਗਗਨਜੀਤ ਨੇ ਅੱਗੇ ਕਿਹਾ ਪੰਜਾਬ ਦੇ ਲੋਕ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਅੱਕ ਚੁੱਕੇ ਹਨ, ਉਨਾਂ ਅਕਾਲੀ-ਭਾਜਪਾ ਵੱਲੋਂ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਕਹਾਉਣ ਵਾਲਾ ਬਾਦਲ ਪਰਿਵਾਰ ਨੇ ਜੇਕਰ ਵਾਕਿਆ ਹੀ ਪੰਜਾਬ ਲਈ ਕੁਝ ਕੀਤਾ ਹੈ ਤਾ ਇੱਕ ਦਿਨ ਬਗੈਰ ਸਕਿਊਰਟੀ ਤੋਂ ਪੰਜਾਬ ਵਿੱਚ ਨਿਕਲ ਕੇ ਦਿਖਾਉਣ, ਪੰਜਾਬ ਦੇ ਅੱਕ ਚੁੱਕੇ ਲੋਕ ਇਸ ਪਰਿਵਾਰ ਦਾ ਗੱਦਾਫੀ ਵਾਲਾ ਹਾਲ ਕਰਨਗੇ।

ਪੰਜਾਬ ਦੇ ਸਾਬਕਾ ਵਿੱਤ ਮਨਪ੍ਰੀਤ ਸਿੰਘ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਸਮੇਤ ਹੋਰ ਖੱਬੇਪੱਖੀਆਂ ਦੇ ਹੋਏ ਗੱਠਜੋੜ ਸਬੰਧੀ ਪੁੱਛੇ ਜਾਣ ’ਤੇ ਉਨਾ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਹੈ, ਜਿਸ ਕਾਰਨ ਸਾਨੂੰ ਮਨਪ੍ਰੀਤ ਸਿੰਘ ਬਾਦਲ ਇੱਕ ਆਸ ਦੀ ਕਿਰਨ ਦਿਖਾਈ ਦਿੱਤਾ, ਜਿਸ ਕਾਰਨ ਅਸੀਂ ਇਸ ਸਾਂਝੇ ਫਰੰਟ ’ਚ ਸ਼ਾਮਲ ਹੋ ਕੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਤੁਰੇ ਹਾਂ, ਜਿਸ ਲਈ ਸਾਨੂੰ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ।ਉਨਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਹਨ ਕਿ ਦਿਨ ਚੜਣਸਾਰ ਹੀ ਪੰਜਾਬ ਹਰ ਪੱਖ ਤੋਂ ਪਿੱਛੇ ਹੁੰਦਾ ਜਾ ਰਿਹਾ ਹੈ। ਆਪਾਂ ਵੱਡੇ ਸੂਬਿਆਂ ਦੀ ਤਾਂ ਪੰਜਾਬ ਨਾਲ ਕੀ ਤੁਲਣਾ ਕਰਨੀ ਹੈ, ਸਗੋਂ ਛੋਟੇ ਸੂਬੇ ਵੀ ਵਿਕਾਸ ਦੇ ਪੱਖੋਂ ਪੰਜਾਬ ਤੋਂ ਅੱਗੇ ਨਿਕਲ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਪੀੜੀ ਦੇ ਭਵਿੱਖ ਲਈ ਸੋਚਣ ਦੀ ਲੋੜ ਹੈ, ਕਿਉਂਕਿ ਅੱਜ ਦੀ ਪੀੜੀ ਕੋਲ ਡਿਗਰੀਆਂ ਸਿਰਫ ਕਾਗਜ ਹੀ ਬਣ ਕੇ ਰਹਿ ਗਏ ਹਨ, ਕਿਉਂਕਿ ਉਨਾਂ ਡਿਗਰੀਆਂ ਦੇ ਅਧਾਰ ’ਤੇ ਉਨਾਂ ਦੀ ਯੋਗਤਾ ਦਾ ਮੁੱਲ ਨਹੀਂ ਪੈ ਰਿਹਾ।

ਉਨਾਂ 6 ਨਵੰਬਰ ਨੂੰ ਢੁੱਡੀਕੇ ਤੋਂ ਪੰਜਾਬ ਇੱਜਤ ਬਚਾਓ ਯਾਤਰਾ ਸ਼ੁਰੂ ਕਰਨ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਸਾਂਝੇ ਫਰੰਟ ਵੱਲੋਂ ਪਹਿਲੇ 100 ਦਿਨਾਂ ਅਤੇ 5 ਸਾਲਾਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ। ਉਸਤੋਂ ਬਾਅਦ ਇਹ ਯਾਤਰਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚ ਜਾਵੇਗੀ ਅਤੇ ਲੋਕਾਂ ਨੂੰ ਇਸ ਵਕਤ ਦਿੱਤੇ ਜਾ ਰਹੇ ਮੁਗਲੀ ਰਾਜ ਤੋਂ ਮੁਕਤ ਕਰਵਾਉਣ ਲਈ ਸਭ ਲੋਕਾਂ ਨੂੰ ਰਲ-ਮਿਲ ਹੰਭਲਾ ਮਾਰਨ ਲਈ ਪ੍ਰੇਰਿਤ ਕਰੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਾ. ਤਾਰਾ ਸਿੰਘ ਤੋਂ ਸ੍ਰ: ਸੁਰਜੀਤ ਸਿੰਘ ਬਰਨਾਲਾ ਤੱਕ ਪ੍ਰਧਾਨ ਰਹੇ ਕਿਸੇ ਵੀ ਆਗੂ ਨੇ ਆਪਣੇ ਪੁੱਤਰ ਦੇ ਹੱਥ ’ਚ ਵਾਂਗਡੋਰ ਨਹੀਂ ਸੌਪੀ, ਪਰ ਪ੍ਰਕਾਸ਼ ਸਿੰਘ ਬਾਦਲ ਪਹਿਲਾ ਅਜਿਹਾ ਪ੍ਰਧਾਨ ਹੈ, ਜੋ ਆਪਣੇ ਪੁੱਤਰ ਮੋਹ ’ਚ ਅੰਨਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਾਂਗਡੋਰ ਆਪਣੇ ਪੁੱਤਰ ਦੇ ਹੱਥਾਂ ’ਚ ਦੇ ਦਿੱਤੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ’ਚ ਅਜੇ ਵੀ ਕਈ ਅਜਿਹੇ ਉਚਕੋਟਿ ਦੇ ਆਗੂ ਹਨ, ਜਿੰਨਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਅਗਵਾਈ ਦੀ ਲੋੜ ਹੈ, ਪਰ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਤੋਂ ਅਣਜਾਣ ਸੁਖਬੀਰ ਦੇ ਹੱਥ ਵਾਂਗਡੋਰ ਸੰਭਾਲ ਕੇ ਪੰਜਾਬ ਨੂੰ ਹਨੇਰੇ ਨਾਲ ਧੱਕਣ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨਾਲ ਸ੍ਰ: ਸੁਰਜੀਤ ਸਿੰਘ ਬਰਨਾਲਾ ਦੀਆਂ ਮੀਟਿੰਗਾਂ ਬਾਰੇ ਪੁੱਛੇ ਜਾਣ ’ਤੇ ਗਗਨਜੀਤ ਨੇ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਆਪਸ ’ਚ ਘਰੇਲੂ ਸਬੰਧ ਹਨ, ਪਰ ਜਦੋਂ ਉਨਾਂ ਨੂੰ ਸ੍ਰ: ਤਲਵੰਡੀ ਦੇ ਬਾਦਲ ਦਲ ਨਾਲ ਚੱਲ ਰਹੀਆਂ ਨਰਾਜਗੀਆਂ ਬਾਰੇ ਪੁੱਛਿਆ ਤਾਂ ਉਨਾ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਬਾਦਲ ਨੂੰ ਭਵਿੱਖ ’ਚ ਕੀ ਕੁਝ ਦੇਖਣਾ ਪੈ ਸਕਦਾ ਹੈ। ਇਸ ਮੌਕੇ ਉਨਾਂ ਨਾਲ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਮਰੀਕ ਸਿੰਘ ਕਾਂਝਲਾ ਸਮੇਤ ਹੋਰ ਵਰਕਰ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top