Share on Facebook

Main News Page

ਹੋਰਾਂ ਨੂੰ ਗੱਦਾਰ ਕਹਿਣ ਤੋਂ ਪਹਿਲਾਂ ਬਾਦਲ ਆਪਣੇ ਅੰਦਰ ਝਾਕੇ: ਸੁਰਜੀਤ ਸਿੰਘ ਬਰਨਾਲਾ

ਲੰਬੀ, 23 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਨਵਗਠਿਤ ਸਾਂਝੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦਾ ਗੱਦਾਰ ਕਹਿਣ ਤੋਂ ਡਾਢੇ ਖਫ਼ਾ ਹਨ।

ਉਨ੍ਹਾਂ ਅੱਜ ਪਿੰਡ ਬਾਦਲ ਵਿਖੇ ਲਾਲੀ ਬਾਦਲ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਦੌਰਾਨ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਅਸਲ ਗੱਦਾਰੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ,ਜਿਨ੍ਹਾਂ ਨੇ ਦਲ ’ਤੇ ਆਪਣੇ ਪਰਿਵਾਰ ਦਾ ਕਬਜ਼ਾ ਕਰਨ ਲਈ ਕੋਝੀਆਂ ਚਾਲਾਂ ਚੱਲ ਕੇ ਨਾ ਸਿਰਫ਼ ਵੱਖ-ਵੱਖ ਸੀਨੀਅਰ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਬਲਕਿ ਸੁਮੱਚੀਆਂ ਪੰਥਕ ਰਹੁਰੀਤਾਂ ਨੂੰ ਛਿੱਕੇ ਟੰਗ ਕੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਰਿਹਾ ਹੈ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ‘ਪੰਥ’ ਵਜੋਂ ਜਾਣਦੇ ਸਨ।

ਸ੍ਰੀ ਬਰਨਾਲਾ ਨੇ ਕਥਿਤ ਤੌਰ ’ਤੇ ਕਿਹਾ ਕਿ ਸੰਗਰੂਰ ਲੋਕ ਸਭਾ ਚੋਣ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਹਾਰ ਦਾ ਠੀਕਰਾ ਗਗਨਜੀਤ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਦੇ ਸਿਰ ਭੰਨਦਿਆਂ, ਉਨ੍ਹਾਂ ਨੂੰ ਬਗ਼ੈਰ ਕੋਈ ਕਾਰਨ ਦੱਸੋ ਨੋਟਿਸ ਤੋਂ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸ੍ਰੀ ਬਰਨਾਲਾ ਨੇ ਕਿਹਾ ਕਿ ਦੂਜਿਆਂ ਨੂੰ ਗੱਦਾਰ ਕਹਿਣ ਤੋਂ ਪਹਿਲਾਂ ਸ੍ਰੀ ਬਾਦਲ ਆਪਣੇ ਅੰਦਰ ਝਾਕ ਲੈਣ ਤਾਂ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਆਪਣੇ ਘਰ ਭਰਨ ਵਾਲਿਆਂ ਬਾਰੇ ਸੂਬੇ ਦੀ ਜਨਤਾ ਬਾਖੂਬੀ ਜਾਣਦੀ ਹੈ। ਸ੍ਰੀ ਬਰਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਂਝਾ ਮੋਰਚੇ ਦੀ ਲੋਕਪ੍ਰਿਅਤਾ ਤੋਂ ਬੌਖਲਾਹਟ ਵਿਚ ਆ ਕੇ ਬੇਤੁੱਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਅੱਜ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਹੈ। ਇਸ ਮੌਕੇ ਮੌਜੂਦ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਿਚ ਸਾਂਝਾ ਮੋਰਚਾ ਬਹੁਮਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਸਾਂਝੇ ਮੋੋਰਚੇ ਦੀ ਸਰਕਾਰ ਬਣਨ ’ਤੇ ਬੇਰੁਜ਼ਗਾਰੀ ਅਤੇ ਜਨ ਸਮੱਸਿਆਵਾਂ ਦੇ ਪੁਖਤਾ ਹੱਲ ਕੱਢੇ ਜਾਣਗੇ। ਇਸ ਮੌਕੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਵੀ ਮੌਜੂਦ ਸਨ।

Source: Punjabi Tribune


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top