Share on Facebook

Main News Page

ਅਮਰੀਕਾ ਪਾਕਿਸਤਾਨ ਟਕਰਾਅ, ਪੰਜਾਬ ਅਤੇ ਸਿੱਖ ਕੌਮ ਲਈ ਘਾਤਕ ਸਿੱਧ ਹੋ ਸਕਦਾ ਹੈ: ਗਿਆਨੀ ਜਾਚਕ

ਨਿਊਯਾਰਕ, 20 ਅਕਤੂਬਰ (ਪਤਰ ਪ੍ਰੇਰਕ) ਅਮਰੀਕਾ ਵਲੋਂ ਪਾਕਿਸਤਾਨ ਵਿੱਚ ਹਵਾਈ ਹਮਲਾ ਕਰਕੇ ਤਾਲਬਾਨੀ ਆਗੂ ‘ਲਾਦੇਨ’ ਨੂੰ ਮਾਰ ਦੇਣ ਪਿਛੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁੜਤਣ ਇਥੋਂ ਤੱਕ ਵਧ ਗਈ ਹੈ ਕਿ ਉਹ ਹੁਣ ਇੱਕ ਦੂਜੇ ਨੂੰ ਜੰਗੀ ਧਮਕੀਆਂ ਦੇ ਰਹੇ ਹਨ। ਉਬਾਮਾ ਪ੍ਰਸ਼ਾਸ਼ਨ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਹੈ ਕਿ “ਜੇ ਪਾਕਿਸਤਾਨ ਹੱਕਾਨੀ ਨੈਟਵਰਕ ਦੇ ਖਿਲਾਫ ਕਾਰਵਾਈ ਨਹੀਂ ਕਰਦਾ, ਤਾਂ ਅਮਰੀਕਾ ਇੱਕਤਰਫੀ ਕਾਰਵਾਈ ਕਰਨ ਤੋਂ ਜਿਝਕੇਗਾ ਨਹੀਂ ”। ਪਾਕਿਸਤਾਨ ਦੇ ਗ੍ਰਹਿ ਮੰਤਰੀ ਅਤੇ ਫੌਜ ਦੇ ਮੁਖੀ ਨੇ ਜਵਾਬ ਦਿੱਤਾ ਹੈ ਕਿ “ਅਮਰੀਕਾ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਕਿਸਤਾਨ ਇੱਕ ਪ੍ਰਮਾਣੂ ਸ਼ਕਤੀ ਹੈ ਅਤੇ ਅਫ਼ਗਾਨੀ ਮੁਜਾਹਿਦੀਨਾਂ ਵਿਰੁਧ ਜੋ ਅਸੀਂ ਕਰ ਸਕਦੇ ਸਾਂ, ਉਹ ਕੀਤਾ ਹੈ ਤੇ ਇਸ ਤੋਂ ਹੋਰ ਅੱਗੇ ਨਹੀਂ ਜਾ ਸਕਦੇ”। ਪਾਕਿਸਤਾਨ ਦੇ ਕਈ ਟੀਵੀ ਚੈਨਲਾਂ ’ਤੇ ਜੰਗੀ ਤਰਾਨੇ ਵੱਜਣੇ ਸ਼ੁਰੂ ਹੋ ਗਏ ਹਨ । ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਜੰਗ ਹੋਣ ਦੀ ਸੂਰਤ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਸਿੱਖ ਕੌਮ ਨੂੰ ਝਲਣਾ ਪੈਣਾ ਹੈ; ਪਰ ਹੈਰਾਨੀ ਦੀ ਗੱਲ ਹੈ ਪੰਜਾਬ ਦੇ ਸਿੱਖ ਆਗੂ ਅਤੇ ਵਿਦੇਸ਼ੀ ਚੌਧਰੀ ਚੋਣਾਂ ਜਿੱਤ ਕੇ ਆਪਣੀ ਸਰਦਾਰੀ ਕਾਇਮ ਕਰਦਿਆਂ ਤਜੋਰੀਆਂ ਭਰਨ ਦੇ ਖ਼ਿਆਲ ਵਿੱਚ ਮਦਹੋਸ਼ ਹਨ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਇੱਕ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾਂ ਲਿਖਿਆ ਹੈ ਕਿ ਕਨੇਡਾ ਦੀ ਇੱਕ ਪ੍ਰਸਿੱਧ ਪੰਜਾਬੀ ਅਖ਼ਬਾਰ ਨੇ ਸੰਪਾਦਕੀ ਵਿੱਚ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ ਜੇ ਇਹ ਜੰਗ ਛਿੜ ਪਈ ਤਾਂ ਅਮਰੀਕਾ ’ਤੇ ਜ਼ੋਰ ਨਾ ਚੱਲਦਾ ਵੇਖ ਕੇ ਪਾਕਿਸਤਾਨੀ ਤੋਪਾਂ ਤੇ ਮਜ਼ਾਈਲਾਂ ਦੇ ਮੂੰਹ ਪੰਜਾਬ ਵੱਲ ਹੋ ਸਕਦੇ ਹਨ । ਕਿਉਂਕਿ, ਭਾਰਤ ਉਨ੍ਹਾਂ ਲਈ ਸਭ ਤੋਂ ਵੱਧ ਨਫ਼ਰਤ ਕਰਨ ਯੋਗ ਹੈ। ਅਜੇਹੀ ਸੂਰਤ ਵਿੱਚ ਪਾਕਿਸਤਾਨ ਵਿੱਚਲੇ ਸਿੱਖ ਗੁਰਧਾਮਾਂ ਦਾ ਸੁਰਿੱਖਅਤ ਰਹਿਣਾ ਵੀ ਅਸੰਭਵ ਹੈ । ਕਿਉਂਕਿ, ਚੀਨ ਤੇ ਕੁਝ ਅਰਬੀ ਦੇਸ਼, ਭਾਵੇਂ ਇਸ ਟਕਰਾਅ ਨੂੰ ਟਾਲਣ ਦੇ ਯਤਨਾਂ ਵਿੱਚ ਹਨ, ਪਰ ਭਾਰਤੀ ਆਗੂ ਆਪਣੀ ਚੜਾਊ ਨੀਤੀ ਤਹਿਤ ਇਸ ਬਲਦੀ ਅੱਗ ਨੂੰ ਹੋਰ ਹਵਾ ਦਿੰਦੇ ਹੋਏ ਬਾਰ ਬਾਰ ਇਹੀ ਕਹੀ ਜਾ ਰਹੇ ਹਨ ਕਿ “ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੀ ਰਾਜਧਾਨੀ ਹੈ, ਤਹਾਨੂੰ ਹੁਣ ਸਮਝ ਆਈ ਹੈ”।

ਸੰਪਾਦਕੀ ਨੇ ਵਿਦੇਸ਼ੀ ਸਿੱਖਾਂ ਨੂੰ ਹਲੂਣਦਿਆਂ ਇਥੋਂ ਤੱਕ ਲਿਖਿਆ ਹੈ ਕਿ “ ਭਾਰਤ ਦੀ ਵਿਕਾਊ ਅਕਾਲੀ ਲੀਡਰਸ਼ਿਪ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿੱਤ ਦੇ ਨਸ਼ੇ ਵਿੱਚ ਚੂਰ, ਹੁਣ ਵਿਧਾਨ ਸਭਾ ਚੋਣਾਂ ਜਿੱਤ ਕੇ ਅਗਲੇ 25 ਵਰ੍ਹੇ ਰਾਜ ਕਰਨ ਦੇ ਸੁਪਨਿਆਂ ਵਿੱਚ ਗਲਤਾਨ ਹੈ । ਪਰ, ਘੱਟੋ-ਘੱਟ 35 ਲੱਖ ਬਾਹਰਲੇ ਸਿੱਖਾਂ ਦੀਆ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਨੂੰ ਇਸ ਸਬੰਧੀ ਗੰਭੀਰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ। ਕੀ ਅਸੀਂ ਹਮੇਸ਼ਾ ਵਾਂਗ ਸਮਾਂ ਬੀਤ ਜਾਣ ’ਤੇ ਪਛਤਾਵਾ ਕਰਨਾ ਹੀ ਸਿਖਿਆ ਹੈ।”


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top