Share on Facebook

Main News Page

ਮਾਮਲਾ 1984 ਦੇ ਸਿੱਖ ਕਤਲੇਆਮ ਦਾ...ਅਮਿਤਾਬ ਬੱਚਨ ਵਿਰੁੱਧ ਆਸਟ੍ਰੇਲੀਆ ’ਚ ਕੇਸ ਦਰਜ

ਮੈਲਬੋਰਨ, (19 ਅਕਤੂਬਰ,ਪੀ.ਐਸ.ਐਨ):- ਬਾਲੀਵੁੱਡ ਦੇ ਮਹਾਂਨਾਇਕ ਮੰਨੇ ਜਾਂਦੇ ਸੁਪਰ ਸਟਾਰ ਅਮਿਤਾਬ ਬੱਚਨ ਵਿਰੁੱਧ ਆਸਟ੍ਰੇਲੀਆ 'ਚ 1984 ਦੇ ਸਿੱਖ ਕਤਲੇਆਮ ਨੂੰ ਭੜਕਾਉਣ ਦੇ ਦੋਸ਼ 'ਚ ਇੱਕ ਅਪਰਾਧਿਕ ਮਾਮਾਲ ਦਰਜ ਕਰਵਾਇਆ ਗਿਆ ਹੈ। ਅਮਰੀਕਾ ਦੇ ਸਿੱਖ ਫਾਰ ਜਸਟਿਸ ਨਾਮੀ ਸੰਸਥਾ ਵਲੋਂ ਅਮਿਤਾਬ ਵਿਰੁੱਧ ਇੱਕ ਸ਼ਿਕਾਇਤ ਆਸਟ੍ਰੇਲੀਆ ਦੇ ਕਾਮਨਵੈਲਥ ਪਬਲਿਕ ਪ੍ਰੋਜੀਕਿਊਸ਼ਨ ਦੇ ਡਾਇਰੈਕਟਰ ਕ੍ਰਿਸਟਾਫ਼ਰ ਕ੍ਰੇਗੀ ਦੇ ਦਫਤਰ 'ਚ ਦਰਜ ਕਰਵਾਈ ਹੈ।

ਇਥੇ ਵਰਣਨਯੋਗ ਹੈ ਕਿ ਇਹ ਸ਼ਿਕਾਇਤ ਆਸਟ੍ਰੇਲੀਆ ਦੇ ਕਰਿਮੀਨਲ ਕੋਡ ਐਕਟ 1995 ਅਧੀਨ ਦਰਜ ਹੋਈ ਹੈ, ਜਿਸ ਕਾਨੂੰਨ ਅਨੁਸਾਰ ਆਸਟ੍ਰੇਲੀਆ ਦੀਆਂ ਅਦਾਲਤਾਂ 'ਚ ਅਜਿਹੇ ਕਿਸੇ ਮਾਮਲੇ ਨੂੰ ਲੈ ਕੇ ਕੇਸ ਚੱਲ ਸਕਦਾ ਹੈ, ਜਿਸ 'ਚ ਮਾਨਵਤਾ ਵਿਰੁੱਧ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਅਪਰਾਧ ਹੋਇਆ ਹੋਵੇ।

 

ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਅਮਿਤਾਬ ਬੱਚਨ, ਜਿਹੜੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਦੇ ਨੇੜਲੇ ਮਿੱਤਰਾਂ 'ਚੋ ਸਨ ਅਤੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਵਾਂਗੂ ਮੰਨਦੇ ਸਨ, ਵਲੋਂ ਟਿੱਪਣੀ ਕਰਕੇ, ਸਿੱਖ ਵਿਰੋਧੀ ਦੰਗਿਆਂ ਨੂੰ ਹਵਾ ਦਿੱਤੀ ਸੀ। ਅਮਿਤਾਬ ਬੱਚਨ ਇਸ ਸਮੇਂ ਆਸਟ੍ਰੇਲੀਆ 'ਚ ਹੀ ਇੱਕ ਹਾਲੀਵੁੱਡ ਦੀ ਫਿਲਮ ਦੀ ਸ਼ੂਟਿੰਗ ਲਈ ਗਏ ਹੋਏ ਸਨ ਅਤੇ ਭਲਕੇ ਹੀ ਉਸਨੂੰ ਕਵੀਸਲੈਂਡ ਦੀ ਯੂਨੀਵਰਸਿਟੀ ਵਲੋਂ ਆਰਜ਼ੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਹੈ। ਇਥੇ ਵਰਨਣਯੋਗ ਹੈ ਕਿ ਇਸੇ ਤਰਾਂ ਦਾ ਹੀ ਇੱਕ ਕੇਸ ਭਾਰਤ ਦੇ ਕੇਂਦਰੀ ਮੰਤਰੀ ਕਮਲ ਨਾਥ ਵਿਰੁੱਧ ਵੀ ਇਸੇ ਸਿੱਖ ਸੰਸਥਾ ਵੱਲੋਂ ਦਰਜ ਕਰਵਾਇਆ ਗਿਆ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top