Share on Facebook

Main News Page

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਜੀਵਨ ਬਿਊਰੇ ਵਾਲੇ ਬੋਰਡ ਤੇ ਲਿਖੀ ਗਲਤ ਜਾਣਕਾਰੀ ਤੋ ਸੰਗਤ ਹੋ ਰਹੀ ਹੈ ਗੁੰਮਰਾਹ

* ਛੇਵੇਂ, ਸੱਤਵੇਂ ਤੇ ਦਸਮ ਪਾਤਸ਼ਾਹ ਨੇ ਕਰਵਾਏ ਸਨ ਇਕ ਤੋ ਵੱਧ ਵਿਆਹ
* ਬੋਰਡਾਂ ਵਿਚ ਤੁਰੰਤ ਸੋਧ ਹੋਵੇਗੀ: ਪ੍ਰਿੰ. ਸੁਰਿੰਦਰ ਸਿੰਘ

ਅਨੰਦਪੁਰ ਸਾਹਿਬ, 16 ਅਕਤੂਬਰ, ਸੁਰਿੰਦਰ ਸਿੰਘ ਸੋਨੀ : ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੌਂਦ ਵਿਚ ਲਿਆਉਦਾ ਸੀ, ਜਿਸ ਦਾ ਮੁੱਖ ਕੰਮ ਸਮੁੱਚੇ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਅਨੁਸਾਰ ਕਰਨਾ ਹੈ ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦਾ ਪੂਰੀ ਤਰਾਂ ਸਿਆਸੀਕਰਨ ਹੋ ਚੁੱਕਾ ਹੈ,ਜਿਸ ਕਰਕੇ ਇਸ ਦੇ ਅਹੁਦੇਦਾਰ ਗੁਰਦੁਆਰਾ ਪ੍ਰਬੰਧ ਵਲ ਘੱਟ ਤੇ ਸਿਆਸਤ ਵੱਲ ਜਿਆਦਾ ਧਿਆਨ ਦੇ ਰਹੇ ਹਨ। ਗੁਰਦੁਆਰਿਆਂ ਦੇ ਪ੍ਰਬੰਧਕ ਗੁਰਮਤਿ ਸਿਧਾਤਾਂ ਤੋ ਕਿੰਨੇ ਕੁ ਜਾਣੂੰ ਹਨ ਇਸ ਦੀ ਪ੍ਰਤੱਖ ਮਿਸਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗੇ ਦਸ ਗੁਰੂ ਸਾਹਿਬਾਨ ਦੇ ਜੀਵਨ ਬਿਊਰੇ ਵਾਲੇ ਬੋਰਡ ਤੋ ਵੇਖੀ ਜਾ ਸਕਦੀ ਹੈ।

ਇਸ ਬੋਰਡ ਤੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਿੰਨ,ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਦੇ ਦੋ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਦਰਸਾਏ ਗਏ ਹਨ।ਇਸ ਬਾਰੇ ਜਦੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਤਹਾਸ ਵਿਚ ਤਾਂ ਇਹੀ ਲਿਖਿਆ ਹੈ ਤੇ ਇਹ ਬੋਰਡ ਵੀ ਠੀਕ ਹਨ। ਜਦੋ ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿ: ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਿੱਖਾਂ ਲਈ ‘ਏਕਾ ਨਾਰੀ ਜਤੀ ਹੋਇ' ਦਾ ਹੁਕਮ ਦੇਣ ਵਾਲੇ ਗੁਰੂ ਸਾਹਿਬਾਨ ਆਪ ਤਿੰਨ ਤਿੰਨ ਵਿਆਹ ਕਾਵਾੳਣ।ਉਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਜਿਨਾਂ ਦੀ ਕਥਾ ਲੱਗਭੱਗ ਸਾਰੇ ਤਖਤਾਂ ਤੇ ਪ੍ਰਮੁੱਖ ਗੁਰਦੁਆਰਿਆਂ ਵਿਚ ਹੁੰਦੀ ਹੈ ਦੇ ਪੰਨਾ 43 ਤੇ ਗੁਰੂ ਹਰਿ ਰਾਇ ਸਾਹਿਬ ਦੇ 7 ਸਕੀਆਂ ਭੈਣਾਂ ਨਾਲ ਵਿਆਹ ਹੋਏ ਲਿਖੇ ਹਨ। ਜਦੋ ਕਿ ਪ੍ਰਿੰ: ਸਤਬੀਰ ਸਿੰਘ ਨੇ ਸੱਤਵੀਂ ਪਾਤਸ਼ਾਹੀ ਦੇ ਜੀਵਨ ਸਬੰਧੀ ਪੁਸਤਕ{ਨਿਰਭਉ ਨਿਰਵੈਰ}ਦੇ ਪੰਨਾ 552 ਤੇ ਲਿਖਿਆ ਹੈ, ਕਿ ਇਹ ਗੱਲ ਕਿਸੇ ਪੰਥ ਦੋਖੀ ਨੇ ਬਾਅਦ ਵਿਚ ਘੜ ਕੇ ਸੂਰਜ ਪ੍ਰਕਾਸ਼ ਦੇ ਹੱਥ ਲਿਖਤ ਖਰੜੇ ਚ ਰਲਾ ਦਿਤੀ।ਕਿਉਕਿ ਵਿਆਹਾਂ ਵਾਲਾ ਪ੍ਰਸੰਗ 557 ਪੰਨੇ ਤੋ ਸ਼ੁਰੂ ਹੁੰਦਾ ਹੈ ਤੇ 4 ਪੰਨੇ ਅਜਿਹੇ ਹਨ ਜਿਨਾਂ ਤੇ ਕੋਈ ਪੰਨਾ ਨੰਬਰ ਨਹੀ ਪਾਇਆ ਗਿਆ, ਇਨਾਂ 4 ਪੰਨਿਆਂ ਤੋ ਬਾਅਦ ਅਗਲਾ ਪੰਨਾ 558 ਨੰਬਰ ਆ ਜਾਦਾਂ ਹੈ।

ਇਸ ਸਾਖੀ ਵਿਚ ਵੀ ਗੁਰੂ ਹਰਿ ਰਾਇ ਸਾਹਿਬ ਦੀ ਵਿਆਹ ਵੇਲੇ ਉਮਰ 10 ਸਾਲ ਲਿਖੀ ਹੋਈ ਹੈ। ਜੇਕਰ ਉਨਾਂ ਦੇ ਮਹਿਲ ਮਾਤਾ ਸੁਲੱਖਣੀ ਜੀ{ਕ੍ਰਿਸ਼ਨ ਕੋਰ}ਦੀ ਉਮਰ 9 ਸਾਲ ਵੀ ਹੋਵੇ ਤਾਂ ਬਾਕੀ 6 ਭੈਣਾਂ ਦੀ ਉਮਰ ਵੀ ਸਾਲ ਸਾਲ ਘੱਟ ਮੰਨ ਲਈ ਜਾਵੇ ਤਾਂ ਸਭ ਤੋ ਛੋਟੀ ਭੈਣ ਦੀ ਉਮਰ ਕਿੰਨੀ ਹੋਵੇਗੀ? ਇਸ ਲਈ ਸੱਤ ਵਿਆਹਾਂ ਵਾਲੀ ਗੱਲ ਆਪਣੇ ਆਪ ਵਿਚ ਝੂਠੀ ਸਾਬਤ ਹੋ ਜਾਂਦੀ ਹੈ।ਉਨਾਂ ਕਿਹਾ ਪ੍ਰੋ: ਸਾਹਿਬ ਸਿੰਘ ਅਨੁਸਾਰ ਦਸਮ ਪਾਤਸ਼ਾਹ ਦੇ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰ ਕੋਰ ਜੀ ਇਕੋ ਮਹਿਲ ਦੇ ਦੋ ਨਾਮ ਹਨ।ਇਸੇ ਤਰਾਂ ਹੋ ਸਕਦਾ ਹੈ ਗੁਰੂ ਹਰਿਗੋਬਿੰਦ ਸਾਹਿਬ ਦੇ ਮਹਿਲ ਦੇ ਨਾਮ ਵੀ ਵੱਖ ਵੱਖ ਹੋਣ। ਜਿਵੇ ਅੱਜ ਵੀ ਜਿਆਦਾਤਰ ਲੜਕੀਆਂ ਦਾ ਪੇਕੇ ਘਰ ਦਾ ਨਾਂ ਸਹੁਰੇ ਘਰ ਵਿਚ ਬਦਲ ਲਿਆ ਜਾਂਦਾ ਹੈ। ਉਨਾਂ ਕਿਹਾ ਕਿਸੇ ਗਹਿਰੀ ਸਾਜਿਸ਼ ਅਧੀਨ ਸਿੱਖ ਕੌਮ ਦੇ ਮਾਣਮੱਤੇ ਇਤਹਾਸ ਵਿਚ ਰਲੇਵਾਂ ਕਰਕੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਸ਼ਰੋਮਣੀ ਕਮੇਟੀ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੇ ਅਜਿਹੇ ਬੋਰਡ ਗੁਰਦੁਆਰਿਆਂ ਵਿਚ ਨਹੀ ਲਾਉਣ ਦੇਣੇ ਚਾਹੀਦੇ। ਇਸ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿ:ਸੁਰਿੰਦਰ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਅਜਿਹੇ ਬੌਰਡਾਂ ਦੀ ਜਲਦ ਹੀ ਸੋਧ ਕਰ ਦਿਤੀ ਜਾਵੇਗੀ ਤੇ ਹਰ ਹਾਲਤ ਵਿਚ ਸੰਗਤ ਨੂੰ ਸਹੀ ਤੇ ਸੁਚੱਜੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top