Share on Facebook

Main News Page

ਫੜੀ ਜਾ ਰਹੀ ਧਮਾਕਾਖ਼ੇਜ਼ ਸਮਗਰੀ ਬਾਰੇ ਹਿੰਦੂਤਵੀ ਪ੍ਰਸਾਸ਼ਨ ਅਪਣਾ ਰਿਹਾ ਹੈ ਦੂਹਰਾ ਮਾਪਦੰਡ: ਭਾਈ ਸਿਰਸਾ

* ਰੇਵਾ ਵਿਖੇ ਫੜੇ ਗਏ ਵਿਅਕਤੀਆਂ ਦਾ ਸਬੰਧ ਕਿਸੇ ਤਰ੍ਹਾਂ ਸਿੱਖਾਂ ਜਾਂ ਮੁਸਲਮਾਨਾਂ ਨਾਲ ਜੁੜਿਆ ਹੁੰਦਾ, ਤਾਂ ਪੁਲਿਸ ਨੇ ਝਟ ਇਸ ਦਾ ਸਬੰਧ ਬੱਬਰ ਖ਼ਾਲਸਾ ਜਾਂ ਲਸ਼ਕਰੇ ਤੋਇਬਾ ਨਾਲ ਜੋੜ ਕੇ ਦੱਸ ਗਿਆ ਹੁੰਦਾ ਕਿ ਇਹ ਧਮਾਕਾਖੇਜ਼ ਸਮਗਰੀ ਅਡਵਾਨੀ ਦੀ ਰਥ ਯਾਤਰਾ ਤੇ ਹਮਲਾ ਕਰਕੇ ਉਸ ਨੂੰ ਖਤਮ ਕੀਤੇ ਜਾਣ ਲਈ ਵਰਤੀ ਜਾਣੀ ਸੀ।

ਬਠਿੰਡਾ, 17 ਅਕਤੂਬਰ (ਕਿਰਪਾਲ ਸਿੰਘ): ਫੜੀ ਜਾ ਰਹੀ ਧਮਾਕਾਖ਼ੇਜ਼ ਸਮਗਰੀ ਬਾਰੇ ਹਿੰਦੂਤਵੀ ਪ੍ਰਸਾਸ਼ਨ ਅਪਨਾਅ ਰਿਹਾ ਹੈ ਦੂਹਰਾ ਮਾਪਦੰਡ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਹਰਿਆਣਾ ਦੇ ਸ਼ਹਿਰ ਅੰਬਾਲਾ ਛਾਉਣੀ ਵਿਖੇ ਇਕ ਕਾਰ ਵਿੱਚੋਂ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਫੜੇ ਜਾਣ ਤੋਂ ਚਾਰ ਦਿਨਾਂ ਬਾਅਦ ਮੱਧ ਪ੍ਰਦੇਸ਼ ਪੁਲੀਸ ਵਲੋਂ ਬੀਤੇ ਦਿਨ ਇਕ ਘਰ ਤੇ ਕਾਰ ’ਚੋਂ 5000 ਡੈਟੋਨੇਟਰ, ਬਾਰੂਦੀ ਛੜਾਂ ਦੇ 10 ਬਕਸੇ ਸਣੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤੇ ਜਾਣ ਦੀਆਂ ਖ਼ਬਰਾਂ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਕਿ ਅੰਬਾਲਾ ਵਿਖੇ ਫੜੀ ਗਈ ਧਮਾਕਾਖੇਜ਼ ਸਮਗਰੀ ਪਿੱਛੋਂ ਤੋਂ ਹਰਿਆਣਾ ਪੁਲਿਸ ਨੂੰ ਤੁਰੰਤ ਪਤਾ ਲੱਗ ਗਿਆ ਕਿ ਇਹ ਸਮਗਰੀ ਸੌਦਾ ਡੇਰਾ ਸਿਰਸਾ ਅਤੇ ਦਿੱਲੀ ਦੀ ਹਾਈ ਕੋਰਟ ਵਿੱਚ ਧਮਾਕੇ ਕਰਨ ਲਈ ਬੱਬਰ ਖ਼ਾਲਸਾ ਅਤੇ ਲਸ਼ਕਰੇ ਤੋਇਬਾ ਰਾਹੀਂ ਸਾਂਝੇ ਤੌਰ ’ਤੇ ਵਰਤੀ ਜਾਣੀ ਸੀ ਪਰ ਰੇਵਾ (ਮੱਧ ਪ੍ਰਦੇਸ਼) ਵਿਖੇ ਕਾਰ ਮਾਲਕ ਮਨੋਜ ਕੌਲ ਆਪਣੀ ਉਸ ਨਵੀਂ ਇੰਡੀਕਾ ਕਾਰ ਸਮੇਤ ਮੌਕੇ ’ਤੇ ਫੜਿਆ ਜਾ ਚੁੱਕਾ ਹੈ ਅਤੇ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਜਿਸ ਮਕਾਨ ਵਿੱਚ ਇਹ ਸਮਗਰੀ ਰੱਖੀ ਗਈ ਸੀ ਉਹ ਉਸ ਨੇ 12 ਅਕਤੂਬਰ ਨੂੰ ਹੀ ਅਨੁਜ ਕੁਮਾਰ ਤੋਂ ਕਿਰਾਏ ’ਤੇ ਲਿਆ ਸੀ। ਪਰ ਇਸ ਦੇ ਬਾਵਯੂਦ ਰੇਵਾ ਦੇ ਡੀ.ਆਈ.ਜੀ ਸ਼੍ਰੀ ਕੇ.ਪੀ. ਖਰੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਸਮਗਰੀ ਕਿਸ ਮਕਸਦ ਲਈ ਲਿਆਂਦੀ ਗਈ ਸੀ, ਕਿਉਂਕਿ ਕਾਰ ਮਾਲਕ ਮਨੋਜ ਕੌਲ ਅਨੁਸਾਰ ਇਹ ਉਸ ਦਾ ਡਰਾਈਵਰ ਰਜੇਸ਼ ਪਟੇਲ ਲੈ ਕੇ ਆਇਆ ਸੀ।

ਪੁਲੀਸ ਨੂੰ ਸ਼ੱਕ ਹੈ ਕਿ ਰਜੇਸ਼ ਪਟੇਲ ਵੀ ਕਾਰ ਵਿਚ ਹੀ ਸੀ, ਪਰ ਉਹ ਪੁਲੀਸ ਨੂੰ ਦੇਖ ਕੇ ਫਰਾਰ ਹੋ ਗਿਆ। ਸ੍ਰੀ ਖਰੇ ਨੇ ਦੱਸਿਆ, ‘ਸਾਨੂੰ ਨਹੀਂ ਪਤਾ ਕਿ ਇੰਨੀ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਰੱਖਣ ਪਿੱਛੇ ਕੀ ਉਦੇਸ਼ ਸੀ, ਪਰ ਅਸੀਂ ਪਟੇਲ ਦੇ ਮਕਾਨ ਮਾਲਕ ਅਦਿੱਤਿਆ ਪ੍ਰਤਾਪ ਸਿੰਘ ਤੋਂ ਪੁੱਛ-ਪੜਤਾਲ ਕਰ ਰਹੇ ਹਾਂ।’ ਪੁਲੀਸ ਨੇ ਇਸ ਸਬੰਧੀ ਕਈ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਭਾਈ ਸਿਰਸਾ ਨੇ ਕਿਹਾ ਜੇ ਕਿਸੇ ਤਰ੍ਹਾਂ ਫੜੇ ਗਏ ਵਿਅਕਤੀਆਂ ਦਾ ਸਬੰਧ ਸਿੱਖਾਂ ਜਾਂ ਮੁਸਲਮਾਨਾਂ ਨਾਲ ਜੁੜਿਆ ਹੁੰਦਾ ਤਾਂ ਪੁਲਿਸ ਨੇ ਝਟ ਇਸ ਦਾ ਸਬੰਧ ਬੱਬਰ ਖ਼ਾਲਸਾ ਜਾਂ ਲਸ਼ਕਰੇ ਤੋਇਬਾ ਨਾਲ ਜੋੜ ਕੇ ਦੱਸ ਦਿੱਤਾ ਜਾਂਦਾ ਕਿ ਇਹ ਧਮਾਕਾਖੇਜ਼ ਸਮਗਰੀ ਅਡਵਾਨੀ ਦੀ ਰਥ ਯਾਤਰਾ ’ਤੇ ਹਮਲਾ ਕਰਕੇ ਉਸ ਨੂੰ ਖਤਮ ਕੀਤੇ ਜਾਣ ਲਈ ਵਰਤੀ ਜਾਣੀ ਸੀ ਜਾਂ ਸੁਪ੍ਰੀਮ ਕੋਰਟ ਅਤੇ ਪਾਰਲੀਮੈਂਟ ਹਾਊਸ ਆਦਿ ਨੂੰ ਉਡਾਉਣ ਲਈ ਵਰਤੀ ਜਾਣੀ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top