Share on Facebook

Main News Page

ਚੰਦ ਪੈਸਿਆਂ ਦੇ ਲਾਲਚ ’ਚ ਗ੍ਰੰਥੀਆਂ ਨੇ ਗੁਰਦਵਾਰਿਆਂ ਨੂੰ ਬਦਲਿਆ ਮੰਦਰਾਂ ’ਚ

ਫ਼ਿਰੋਜ਼ਪੁਰ 16 ਅਕਤੂਬਰ (ਸਤਵਿੰਦਰ ਸਿੰਘ): ਹਿੰਦੂ ਮੱਤ ਦਾ ਤਿਉਹਾਰ ਕਰਵਾ ਚੌਥ ਦੇ ਦਿਹਾੜੇ ਫ਼ਿਰੋਜ਼ਪੁਰ ਦੇ ਕਈ ਗੁਰਦਵਾਰਿਆਂ ਵਿਚ ਇਹ ਤਿਉਹਾਰ ਮਨਾ ਰਹੀਆਂ ਬੀਬੀਆਂ ਨੂੰ ਉਸੇ ਵੇਲੇ ਭਾਜੜਾਂ ਪੈ ਗਈਆਂ ਜਦੋਂ ਧਾਰਮਕ ਖੇਤਰ ਦੀ ਜਥੇਬੰਦੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂਆਂ ਨੂੰ ਇਸ ਗੁਰਮਤਿ ਦੇ ਉਲਟ ਹੋ ਰਹੇ ਕੰਮ ਦੀ ਭਿਣਕ ਪੈਣ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਸਖ਼ਤ ਐਕਸ਼ਨ ਲਿਆ। ਭਾਈ ਜਸਪਾਲ, ਜ਼ਿਲ੍ਹਾ ਪ੍ਰਧਾਨ ਭਗਵਾਨ ਸਿੰਘ ਦੜਿਆਲਾ, ਭਾਈ ਵਰਿਆਮ ਸਿੰਘ, ਮਨਜੀਤ ਸਿੰਘ ਔਲਖ, ਉਡੀਕ ਸਿੰਘ ਕੁੰਡੇ, ਗੁਰਵਿੰਦਰ ਸਿੰਘ ਗੋਲੂ, ਲਾਭ ਸਿੰਘ ਸਿੱਧੂ, ਰਜਿੰਦਰ ਸਿੰਘ ਸੋਢੀ ਅਤੇ ਹਰਪਿੰਦਰ ਨੇ ਜਦ ਅਚਨਚੇਤ ਕਈ ਗੁਰਦਵਾਰਿਆਂ ਵਿਚ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਹਜ਼ੂਰੀ ਵਿਚ ਕਈ ਦਰਜਨ ਬੀਬੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਲ ਪਿੱਠ ਕਰ ਕੇ ਬੈਠਣ ਦੇ ਨਾਲ ਨਾਲ ਨੰਗੇ ਸਿਰ ਅਪਣੀਆਂ ਕਰਵਾ ਚੌਥ ਦੇ ਤਿਉਹਾਰ ਦੀਆਂ ਰਸਮਾਂ ਕਰ ਰਹੀਆਂ ਸਨ, ਨੂੰ ਦੇਖ ਕੇ ਫ਼ੈਡਰੇਸ਼ਨ ਵਰਕਰ ਰੋਹ ਵਿਚ ਆ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਇਸ ਨਿਰਾਦਰੀ ਬਾਰੇ ਬੀਬੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕੁੱਝ ਜੁਆਬ ਦੇਣ ਦੀ ਬਜਾਏ ਅਪਣੇ ਨਾਲ ਲਿਆਂਦੇ ਫਲ ਫਰੂਟ ਉਥੇ ਛੱਡ ਉਥੋਂ ਭੱਜਣਾ ਹੀ ਠੀਕ ਸਮਝਿਆ।

ਇਥੇ ਇਹ ਜ਼ਿਕਰਯੋਗ ਹੈ ਕਿ ਸਥਾਨਕ ਬਗ਼ਦਾਦੀ ਗੇਟ ਦੇ ਅੰਦਰ ਬਣੇ ਗੁਰਦਵਾਰਾ ਸਾਹਿਬ (ਸਰਬ ਨਿਵਾਸ) ਵਿਖੇ ਗੁਰਮਤਿ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਵਿਚ ਇਸ ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਦੇ ਪਰਵਾਰਕ ਮੈਂਬਰ ਵੀ ਸ਼ਾਮਲ ਸਨ ਜੋ ਕਿ ਅੰਮ੍ਰਿਤਧਾਰੀ ਹੋ ਕੇ ਅਜਿਹੇ ਘਿਨਾਉਣੇ ਅਪਰਾਧ ਕਰ ਰਹੇ ਹਨ। ਇਥੇ ਇਹ ਵੀ ਦਸਣਯੋਗ ਹੈ ਕਿ ਸ਼ਹਿਰ ਦੇ ਕਈ ਹੋਰ ਗੁਰਦਵਾਰਿਆਂ ਵਿਚ ਵੀ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਸਨ ਜਿਨ੍ਹਾਂ ਦਾ ਫ਼ੈਡਰੇਸ਼ਨ ਮਹਿਤਾ ਵਲੋਂ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਜਦ ਫ਼ੈਡਰੇਸ਼ਨ ਆਗੂਆਂ ਨੇ ਗੁਰਦਵਾਰਾ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਤਾਂ ਉਨ੍ਹਾਂ ਆਪਦੇ ਆਪ ਨੂੰ ਇਨ੍ਹਾਂ ਕਾਰਵਾਈਆਂ ਤੋਂ ਅਣਜਾਣ ਦਸਦਿਆਂ ਕਿਹਾ ਕਿ ਉਹ ਅੱਗੇ ਤੋਂ ਇਸ ਗੱਲ ਦਾ ਪੂਰਾ ਖਿਆਲ ਰਖਣਗੇ ਜਦਕਿ ਬੀਬੀਆਂ ਨੇ ਦਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਹੀ ਗੁਰਦਵਾਰਿਆਂ ਵਿਚ ਇਹ ਤਿਉਹਾਰ ਮਨਾ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top