Share on Facebook

Main News Page

ਕਰਵਾ ਚੌਥ ਵਰਗੇ ਮਨਮਤੀ ਤਿਉਹਾਰਾਂ ’ਤੇ ਚੋਟ ਕਰਦੀ ਨਵੀਂ ਫਿਲਮ “ਦੇਖ ਹਮਾਰਾ ਹਾਲ” ਨੂੰ ਚਹੁੰ ਤਰਫੋਂ ਭਰਵਾਂ ਹੁੰਗਾਰਾ

(15 ਅਕਤੂਬਰ 2011, ਸਤਨਾਮ ਕੌਰ ਫ਼ਰੀਦਾਬਾਦ)

ਬੀਤੇਂ ਦਿਨੀਂ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਬੈਨਰ ਹੇਠ ਬਣੀ ਫਿਲਮ “ਦੇਖ ਹਮਾਰਾ ਹਾਲ” ਰਿਲੀਜ਼ ਹੋਈ ਜਿਸ ਨੂੰ ਦੇਸ਼ ਵਿਦੇਸ਼ਾਂ ਤੋਂ ਲੋਕਾਂ ਨੇ ਬੜਾ ਪਸੰਦ ਕੀਤਾ। ਇਹ ਫਿਲਮ ਇੰਟਰਨੈਟ ਯੂ-ਟਿਉਬ ’ਤੇ ਫੁਲ ਐਚ.ਡੀ. ਵਿਚ ਪਾਈ ਗਈ ਹੈ ਇਸ ਨੂੰ ਅੰਗ੍ਰੇਜੀ ਦੇ ਅਖਰਾਂ “ਦੇਖ ਹਮਾਰਾ ਹਾਲ” ਲਿਖ ਕੇ ਲਭਿਆ ਜਾ ਸਕਦਾ ਹੈ । ਇਸ ਫਿਲਮ ਰਾਹੀੰ ਸਿੱਖ ਘਰਾਂ ਵਿਚ ਵਰਤ ਨਾਮ ਦੇ ਕਰਮਕਾਂਡ ਅਤੇ ਪਰਵਾਰਾਂ ਅੰਦਰ ਆਈਆਂ ਗਿਰਾਵਟਾਂ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਦਾ ਇਕ ਉਪਰਾਲਾ ਕੀਤਾ ਗਿਆ ਹੈ ।‘ਦੇਖ ਹਮਾਰਾ ਹਾਲ’ ਕਹਾਣੀ ਜਿੱਥੇ ਕਰਮਕਾਡਾਂ’ ਤੇ ਚੋਟ ਹੈ ਉਥੇ ਸਿੱਖ ਧਰਮ ਵਿਚ ਫੈਲ ਰਹੀਆਂ ਬੁਰਾਈਆਂ ਰਿਸ਼ਵਤਖੋਰੀ, ਆਪਸੀ ਪਿਆਰ ਵਿਚ ਕਮੀ, ਬੱਚਿਆਂ ਪ੍ਰਤੀ ਅਣਦੇਖੀ, ਫੈਸ਼ਨਪ੍ਰਸਤੀ, ਵਿਖਾਵਾ, ਵਿਚਾਰਾਂ ਦਾ ਮਤਭੇਦ ਆਦਿ ਦੀ ਝਲਕ ਵਿਖਾਉਂਦਿਆ ਸਵੈ ਪੜਚੋਲ ਕਰਨ ਲਈ ਪ੍ਰੇਰਤ ਕਰਦੀ ਹੈ । ਫਿਲਮ ਦੀ ਕਹਾਣੀ ਖਾਲਸਾ ਨਾਰੀ ਮੰਚ ਫਰੀਦਾਬਾਦ ਦੀ ਕਨਵੀਨਰ ਬੀਬੀ ਹਰਬੰਸ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ. ਗੁਰਸੇਵਕ ਸਿੰਘ ਮਦਰੱਸਾ ਨੇ ਲਿਖੀ ਹੈ।

ਫਿਲਮ ਦੇ ਨਿਰਦੇਸ਼ਕ ਬੀਬੀ ਹਰਬੰਸ ਕੌਰ, ਸ. ਗੁਰਸੇਵਕ ਸਿੰਘ ਅਤੇ ਸ. ਸਿਮਰਨ ਸਿੰਘ ਹਨ। ਫਿਲਮ ਵਿਚ ਕਲਾਕਾਰਾਂ ਦੀ ਭੂਮਿਕਾ ਬੀਬੀ ਪ੍ਰੀਤ ਕੌਰ, ਬੀਬੀ ਕੁਲਵੰਤ ਕੌਰ, ਦਿਵਯਾਪ੍ਰੀਤ ਕੌਰ, ਰਵਲੀਨ ਕੌਰ, ਸੌਮਯਾਪ੍ਰੀਤ ਕੌਰ, ਸ. ਇਕਬਾਲ ਸਿੰਘ, ਸ.ਹਰਿੰਦਰਪਾਲ ਸਿੰਘ, ਪਰਮੀਤ ਸਿੰਘ ਅਤੇ ਸ. ਗੁਰਸੇਵਕ ਸਿੰਘ ਮਦਰੱਸਾ ਨੇ ਬਾਖੂਬੀ ਨਿਭਾਈ। ਫਿਲਮ ਦੇ ਨਿਰਮਾਣ ਵਿਚ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਨੂੰ ਫਰੀਦਾਬਾਦ, ਦਿੱਲੀ, ਅਬੋਹਰ, ਅਤੇ ਲੁਧਿਆਣਾ ਦੀਆਂ ਕਈ ਧਾਰਮਕ ਸੰਸਥਾਵਾਂ ਦਾ ਵੀ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਫਿਲਮ ਦੇ ਨਿਰਦੇਸ਼ਕ ਅਤੇ ਕਲਾਕਾਰ ਸ. ਗੁਰਸੇਵਕ ਸਿੰਘ ਨੇ ਦਸਿਆ ਕਿ ਅੱਜ ਦੇ ਸਮੇਂ ਇਹ ਸਾਡੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਇਲੈਕਟ੍ਰਾਨਿਕ ਮੀਡੀਆ ਦੇ ਰਾਹੀਂ ਗੁਰਮਤਿ ਗਿਆਨ ਨੂੰ ਲੋਕਾਂ ਤਕ ਪੁਜਾਈਏ ਕਿਉਂਕਿ ਅੱਜ ਸਾਡੇ ’ਤੇ ਸਭ ਤੋਂ ਵੱਧ ਹਮਲਾ ਮੀਡੀਆ ਨੂੰ ਹਥਿਆਰ ਬਣਾ ਕੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਫਿਲਮ ਦਾ ਮਕਸਦ ਸਿੱਖੀ ਦੇ ਵਿਹੜੇ ਚੋਂ ਮਨਮਤ ਅਤੇ ਪਾਖੰਡਵਾਦ ਦੇ ਵਰਤਾਰੇ ਨੂੰ ਦੂਰ ਕਰਨਾ ਹੈ ਤਾਂ ਜੁ ਸਾਡੀ ਆਉਣ ਵਾਲੀ ਪਨੀਰੀ ਗੁਰਮਤਿ ਅਤੇ ਮਨਮਤਿ ਦਾ ਫਰਕ ਜਾਣ ਸਕੇ। ਫਿਲਮ ਦੇ ਵੱਖ ਵੱਖ ਸ਼ੋ ਲੁਧਿਆਣਾ, ਦਿੱਲੀ, ਫਰੀਦਾਬਾਦ, ਚੰਡੀਗੜ੍ਹ ਆਦਿ ਦੇ ਇਲਾਕਿਆਂ ਵਿਚ ਵੀ ਵਿਖਾਏ ਗਏ। ਗੁਰਸੇਵਕ ਸਿੰਘ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਦੇਸ਼-ਵਿਦੇਸ਼ ਵਿਚ ਬੈਠੇ ਉਨ੍ਹਾਂ ਪੰਥ ਦਰਦੀ ਵੀਰ-ਭੈਣਾਂ ਦੇ ਜਿੰਨ੍ਹਾਂ ਨੇ ਆਪਣਾ ਨਿਜ ਫਰਜ ਸਮਝ ਕੇ ਫੋਨ ਰਾਹੀਂ ਇਹ ਸੂਚਤ ਕੀਤਾ ਕਿ ਉਨ੍ਹਾਂ ਵਲੋਂ ਇਸ ਫਿਲਮ ਨੂੰ ਡਾਉਨਲੋਡ ਕਰ ਕੇ ਆਪਣੇ ਆਪਣੇ ਇਲਾਕੇ ਵਿਚ ਵਿਖਾਇਆ। ਉਨ੍ਹਾਂ ਦਸਿਆ ਕਿ 26 ਮਿੰਟਾਂ ਦੀ ਇਸ ਫਿਲਮ ਨੂੰ ਇੰਟਰਨੈਟ ਯੂ-ਟਿਉਬ ’ਤੇ ਫੁਲ ਐਚ.ਡੀ. ਵਿਚ ਪਾਇਆ ਗਿਆ ਹੈ, ਤਾਂ ਜੁ ਕੋਈ ਵੀ ਇਸ ਨੂੰ ਗੁਰਮਤਿ ਪ੍ਰਚਾਰ ਹਿਤ ਬਿਨਾਂ ਕੱਟ ਵੱਡ ਕੀਤਿਆਂ ਡਾਉਨਲੋਡ ਕਰ ਕੇ ਵਿਖਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top