Share on Facebook

Main News Page

ਬਾਦਲ ਵੋਟਾਂ ਖਾਤਿਰ ਗੁਰੂ ਘਰ ਦੇ ਦੋਖੀਆਂ ਕੋਲੋਂ ਭੀਖ ਮੰਗਣ ਲੱਗਾ
ਸੰਗਤ ਦਰਸ਼ਨ ਤੋਂ ਬਾਅਦ ਬਾਦਲ ਦੀ ਡੇਰਾ ਦਰਸ਼ਨ ਮੁਹਿੰਮ - ਰਾਧਾ ਸੁਆਮੀ ਅਤੇ ਹੰਸਾਲੀ ਵਾਲਿਆਂ ਬਾਅਦ ਨਾਮਧਾਰੀਆਂ ਦੀ ਸ਼ਰਨ ਵਿਚ ਬਾਦਲ....

ਖੰਨਾ, (15 ਅਕਤੂਬਰ, ਪੀ.ਐਸ.ਐਨ):- ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ, ਗਰੀਬੀ, ਅਨਪੜਤਾ ਅਤੇ ਬੇਰੋਜਗਾਰੀ ਨੂੰ ਖਤਮ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇੱਕ-ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੋ 30 ਕਿਲੋਮੀਟਰ ਦੂਰ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਦਰਬਾਰ ਦੇ ਮੁਖੀ ਬਾਬਾ ਜਗਜੀਤ ਸਿੰਘ ਜੀ ਦੀ ਅਗਵਾਈ ਹੇਠ 17 ਸਤੰਬਰ ਤੋ 17 ਅਕਤੂਬਰ ਤੱਕ ਆਯੋਜਿਤ ਸਾਲਾਨਾ ਨਾਮ ਸਿਮਰਨ ਜਪ-ਪ੍ਰਯੋਗ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਸ. ਬਾਦਲ ਨੇ ਕਿਹਾ ਕਿ ਉਹ ਬਾਬਾ

ਜਗਜੀਤ ਸਿੰਘ ਜੀ ਨੂੰ ਨਤ-ਮਸਤਕ ਹੋਣ ਤੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਅਤੇ ਉਹਨਾਂ ਦਾ ਨਾਮਧਾਰੀ ਦਰਬਾਰ ਪ੍ਰਤੀ ਅਥਾਹ ਸਤਿਕਾਰ ਹੈ। ਉਹਨਾਂ ਕਿਹਾ ਕਿ ਨਾਮਧਾਰੀ ਸਿੰਘਾਂ ਵੱਲੋ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇ ਕੇ ਚੜਾਏ ਗਏ ਕਰਜ਼ੇ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਕੀਤਾ ਜਾ ਸਕਦਾ। ਕੂਕਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਬਾਬਾ ਰਾਮ ਸਿੰਘ ਜੀ ਨੇ ਬਹਾਦਰ ਕ੍ਰਾਂਤੀਕਾਰੀ ਪੈਦਾ ਕੀਤੇ, ਜਿੰਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੌਸਲੇ ਨਾਲ ਲੜਾਈ ਲੜੀ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਤੋਪਾਂ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਉਹਨਾਂ ਕਿਹਾ ਕਿ ਮਲੇਰਕੋਟਲਾ ਵਿਖੇ 66 ਨਾਮਧਾਰੀ ਸਿੰਘਾਂ ਨੂੰ ਅੰਗਰੇਜਾਂ ਨੇ ਤੋਪਾਂ ਨਾਲ ਉਡਾਇਆ ਅਤੇ ਲੁਧਿਆਣਾ, ਰਾਏਕੋਟ ਅਤੇ ਅੰਮ੍ਰਿਤਸਰ ਵਿਖੇ 9 ਨਾਮਧਾਰੀ ਸਿੰਘਾਂ ਨੂੰ ਸ਼ਰੇਆਮ ਫਾਂਸੀ ਵੀ ਦਿੱਤੀ ਗਈ। ਨਾਮਧਾਰੀ ਦਰਬਾਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਨਾਮਧਾਰੀ ਵੱਲੋ ਨਾਮਧਾਰੀ ਸ਼ਹੀਦਾਂ ਦੀਆਂ ਜ਼ਬਤ ਹੋਈਆਂ ਜ਼ਮੀਨਾਂ ਨੂੰ ਛੁਡਾਉਣ ਦੀ ਕੀਤੀ ਗਈ ਮੰਗ ਤੇ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹਨਾਂ ਜ਼ਮੀਨਾਂ ਨੂੰ ਛਡਾਉਣ ਲਈ ਢੁੱਕਵੇਂ ਉਪਰਾਲੇ ਕੀਤੇ ਜਾਣਗੇ। ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋ 100 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜ-ਚਿੜੀ, ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਅਤੇ ਕਾਹਨੂੰਵਾਨ ਵਿਖੇ ਛੋਟੇ ਘੱਲੂਘਾਰੇ ਦੀ ਯਾਦ ਵਿੱਚ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲਸਾ ਵਿਰਾਸਤੀ ਕੰਪਲੈਕਸ ਸਥਾਪਿਤ ਕੀਤਾ ਗਿਆ ਹੈ, ਜੋ ਕਿ ਆਉਣ ਵਾਲੇ ਨਵੰਬਰ ਮਹੀਨੇ ਦੌਰਾਨ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੇ ਪੁਰਾਤਨ ਵਿਰਸੇ ਪ੍ਰਤੀ ਜਾਗਰੂਕ ਹੋ ਸਕਣ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ: ਹੀਰਾ ਸਿੰਘ ਗਾਬੜੀਆ ਜੇਲਾਂ ਅਤੇ ਸੈਰ-ਸਪਾਟਾ ਮੰਤਰੀ ਪੰਜਾਬ, ਪ੍ਰੋ. ਰਾਜਿੰਦਰ ਭੰਡਾਰੀ ਵਾਇਸ ਪ੍ਰਧਾਨ ਯੋਜਨਾ ਬੋਰਡ ਪੰਜਾਬ, ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਸ. ਸ਼ਰਨਜੀਤ ਸਿੰਘ ਢਿਲੋ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਸ੍ਰੀ ਅਜਮੇਰ ਸਿੰਘ ਭਾਗਪੁਰ, ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਹੰਸਪਾਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ, ਬਾਬਾ ਜਗਰੂਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਸ੍ਰੀ ਕੁਲਵਿੰਦਰ ਸਿੰਘ ਦਹੀ ਅਤੇ ਵੱਡੀ ਗਿਣਤੀ ਵਿੱਚ ਨਾਮਧਾਰੀ ਸਿੱਖ ਸੰਗਤਾਂ ਵੀ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top