Share on Facebook

Main News Page

1984 ’ਚ ਅਡਵਾਨੀ ਨੇ ਚੰਦੂ ਵਾਲਾ ਰੋਲ ਨਿਭਾਇਆ: ਪੀਰ ਮੁਹੰਮਦ

* ਸਮੂਹ ਪੰਥਕ ਜਥੇਬੰਦੀਆਂ ਸਮੇਤ ਮੁਸਲਮਾਨ ਅਤੇ ਈਸਾਈ ਭਾਈਚਾਰਾ ਅਡਵਾਨੀ ਦੀ ਰਥ ਯਾਤਰਾ ਦਾ ਹਰ ਸਟੇਜ ’ਤੇ ਵਿਰੋਧ ਕਰਨ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਾਥ ਦਿੱਤਾ ਦੇਵੇ

ਬਠਿੰਡਾ, 15 ਅਕਤੂਬਰ (ਕਿਰਪਾਲ ਸਿੰਘ): ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਬੜੇ ਮਾਣ ਨਾਲ ਇਸ ਗਲ ਨੂੰ ਮੰਨਿਆ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤ ਸਰਕਾਰ ਵਲੋਂ ਫੌਜੀ ਕਾਰਵਾਈ ਉਨ੍ਹਾਂ ਵਲੋਂ ਜੋਰ ਪਾਉਣ ’ਤੇ ਹੀ ਕੀਤੀ ਗਈ ਸੀ। ਅਡਵਾਨੀ ਦਾ ਇਹ ਇਕਬਾਲੀਆ ਬਿਆਨ ਇਹ ਸਬੂਤ ਦੇਣ ਲਈ ਕਾਫੀ ਹੈ ਕਿ ਜਿਸ ਤਰ੍ਹਾਂ ਚੰਦੂ ਨੇ ਮੌਕੇ ਦੇ ਹਾਕਮ ਜਹਾਂਗੀਰ ਕੋਲ ਚੁਗਲੀਆਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਯੋਗਦਾਨ ਪਾਇਆ ਸੀ ਠੀਕ ਉਸੇ ਤਰ੍ਹਾਂ ਉਨ੍ਹਾਂ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਭਾਰਤੀ ਫੌਜ ਵਲੋਂ ਅਕਾਲ ਤਖ਼ਤ ’ਤੇ ਹਮਲਾ ਕਰਕੇ ਇਸ ਨੂੰ ਢਹਿਢੇਰੀ ਕਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀਆਂ ਨਾਲ ਬਿੰਨ੍ਹਣ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਸ਼ਹੀਦੀ ਗੁਰਪੁਰਬ ਮਨਾਉਣ ਪਹੁੰਚੇ ਹਜਾਰਾਂ ਸਿੱਖ ਸ਼ਰਧਾਲੂ ਬਜੁਰਗ, ਔਰਤਾਂ ਅਤੇ ਬੱਚਿਆਂ ਨੂੰ ਸ਼ਹੀਦ ਕਰਵਾਉਣ ਲਈ ਅਡਵਾਨੀ ਨੇ ਚੰਦੂ ਵਾਲਾ ਰੋਲ ਨਿਭਾਇਆ ਹੈ।

ਇਹ ਸ਼ਬਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਹੇ। ਉਨ੍ਹਾਂ ਕਿਹਾ ਜੂਨ 1984 ਵਿਚ ਅਡਵਾਨੀ ਦੇ ਸਮਰਥਨ ਨਾਲ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੀ ਗਈ ਫੌਜੀ ਕਾਰਵਾਈ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ ਤੇ ਹਜ਼ਾਰਾਂ ਸਿਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਸਮੁਚੇ ਭਾਰਤ ਵਿਚ ਸਿੱਖਾਂ ਦੇ ਖਿਲਾਫ ਇਕ ਹਿੰਸਕ ਲਹਿਰ ਚਲ ਪਈ ਸੀ ਜੋ ਇਕ ਦਹਾਕੇ ਤੋਂ ਵੀ ਵਧ ਸਮਾਂ ਜਾਰੀ ਰਹੀ। ਇਸ ਦਾ ਹੀ ਸਿੱਟਾ ਸੀ ਕਿ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਸਰਬਨਾਸ਼ ਕਰਨ ਲਈ ਵੱਡੇ ਪੱਧਰ ’ਤੇ ਕਤਲੇਆਮ ਹੋਇਆ ਇਸ ਲਈ ਸਿੱਖ ਕੌਮ ਉਸ ਨੂੰ ਕਦੀ ਵੀ ਮੁਆਫ਼ ਨਹੀ ਕਰ ਸਕਦੀ। ਪੀਰ ਮੁਹੰਮਦ ਨੇ ਕਿਹਾ ਸਿਰਫ ਸਿੱਖ ਹੀ ਨਹੀ ਭਾਰਤ ਦੀਆਂ ਸਮੁਚੀਆਂ ਧਾਰਮਿਕ ਘਟਗਿਣਤੀਆਂ ਦੇ ਖਿਲਾਫ ਹਿੰਸਾ ਨੂੰ ਭੜਕਾਉਣਾ ਅਡਵਾਨੀ ਦਾ ਇਤਿਹਾਸ ਰਿਹਾ ਹੈ। 1992 ਵਿਚ ਅਡਵਾਨੀ ਦੀ ਰਥ ਯਾਤਰਾ ਬਾਬਰੀ ਮਸਜਿਦ ਢਾਹੁਣ ਦਾ ਕਾਰਨ ਬਣੀ ਸੀ ਅਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੀਆਂ ਹਤਿਆਵਾਂ ਤੇ 2008 ਵਿਚ ਇਸਾਈਆਂ ਦੇ ਕਤਲੇਆਮ ਲਈ ਵੀ ਉਸ ਦੀ ਪਾਰਟੀ ਭਾਜਪਾ ਹੀ ਜ਼ਿੰਮੇਵਾਰ ਹੈ। ਇਸ ਲਈ ਫਿਰਕੂ ਜ਼ਹਿਰ ਦੇ ਬਣਜਾਰੇ ਐਲ ਕੇ ਅਡਵਾਨੀ ਨੂੰ ਅਸੀਂ ਪੰਜਾਬ ਦੀ ਫਿਰਕੂ ਇਕਸੁਰਤਾ ਨੂੰ ਭੰਗ ਨਹੀਂ ਕਰਨ ਦਿਆਂਗੇ।

ਭਾਈ ਪੀਰ ਮੁਹੰਮਦ ਨੇ ਕਿਹਾ ਕਿ ਅਡਵਾਨੀ ਵਲੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਕਾਲਾ ਧਨ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਰੱਥ ਯਾਤਰਾ ਜਾਂ ਜਨ ਚੇਤਨਾ ਯਾਤਰਾ ਨਿਰੋਲ ਇੱਕ ਢਕਵੰਜ ਹੈ ਕਿਉਂਕਿ ਐਨਡੀਏ ਸਰਕਾਰ ਦੌਰਾਨ ਇਸ ਪਾਰਟੀ ਦੇ ਆਗੂ ਵੀ ਭ੍ਰਿਸ਼ਟਾਚਾਰ ਕਰਨ ਵਿੱਚ ਕੋਈ ਪਿੱਛੇ ਨਹੀਂ ਰਹੇ। ਮੁਰਦੇ ਦੇ ਮੂੰਹ ਵਿੱਚੋਂ ਰੁਪਈਆਂ ਕੱਢਣ ਵਾਂਗ ਇਨ੍ਹਾਂ ਨੇ ਤਾਂ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਕਾਰਗਿਲ ਵਿੱਚ ਸ਼ਹੀਦੀਆਂ ਪਾ ਰਹੇ ਫੌਜੀਆਂ ਦੇ ਤਬੂਤਾਂ ਵਿੱਚੋਂ ਵੀ ਕਮਿਸ਼ਨ ਖਾਣ ਤੋਂ ਗੁਰੇਜ ਨਹੀਂ ਕੀਤਾ। ਭਾਜਪਾ ਦੇ ਉਸ ਵੇਲੇ ਦੇ ਪ੍ਰਧਾਨ ਲਕਸ਼ਮਨ ਵੰਗਾਰੂ ਵਲੋਂ ਰਿਸ਼ਵਤ ਲੈਣ ਦੇ ਹੋਏ ਸਟਿੰਗ ਉਪ੍ਰਸ਼ੇਨ ਲੋਕਾਂ ਨੇ ਆਪਣੇ ਅੱਖੀਂ ਵੇਖੇ ਹਨ।

ਹਾਲੀ ਪਿੱਛੇ ਜਿਹੇ ਹੀ ਕਰਨਾਟਕਾ ਦੇ ਮੁੱਖ ਮੰਤਰੀ ਯੈਦੀਰੱਪਾ ਅਤੇ ਪੰਜਾਬ ਅਕਾਲੀ-ਭਾਜਪਾ ਸਰਕਾਰ ਵਿੱਚ ਨੰਬਰ 2 ਵਜੋਂ ਜਾਣੇ ਜਾਂਦੇ ਸੀਨੀਅਰ ਮੰਤਰੀ ਮਨੋਰੰਜਨ ਕਾਲੀਆ ਸਮੇਤ ਕਈ ਮੰਤਰੀਆਂ ਨੂੰ ਅਸਤੀਫੇ ਦੇਣੇ ਪਏ ਹਨ। ਰੱਥ ਯਾਤਰਾ ਦੌਰਾਨ ਆਪਣੇ ਪੱਖ ਵਿੱਚ ਖ਼ਬਰਾਂ ਲਵਾਉਣ ਲਈ ਪੱਤਰਕਾਰਾਂ ਨੂੰ ਰਿਸ਼ਵਤ ਦੇਣ ਦੇ ਕਾਂਡ ਨੇ ਹਾਲੀ ਪਿਛਲੇ ਦਿਨੀ ਹੀ ਇਨਾਂ ਦੀ ਭ੍ਰਿਸ਼ਟਾਚਾਰਮੁਕਤ ਪਾਲਿਸੀ ਦੇ ਖੋਖਲੇ ਵਾਅਦਿਆਂ ਦਾ ਪਰਦਾ ਫਾਸ਼ ਕੀਤਾ ਹੈ। ਇਸ ਲਈ ਅਡਵਾਨੀ ਦੀ ਰਥ ਯਾਤਰਾ ਦਾ ਅਸਲੀ ਮਨੋਰਥ ਭ੍ਰਿਸ਼ਟਾਚਾਰ ਤੋਂ ਮੁਕਤੀ ਨਹੀ ਬਲਕਿ ਪਹਿਲਾਂ ਵਾਂਗ ਫਿਰਕੂ ਜ਼ਹਿਰ ਫੈਲਾ ਕੇ ਬਹੁਗਿਣਤੀ ਦੀਆਂ ਵੋਟਾਂ ਪ੍ਰਪਤ ਕਰਕੇ ਸਤਾ ਦੀ ਕੁਰਸੀ ਹਾਸਲ ਕਰਨਾ ਹੀ ਹੈ ਤਾ ਕਿ ਘਟ ਗਿਣਤੀਆਂ ਵਿਰੁਧ ਪਹਿਲਾਂ ਨਾਲੋਂ ਵੀ ਤੇਜ ਕੁਹਾੜਾ ਚਲਾਇਆ ਜਾ ਸਕੇ। ਭਾਈ ਪੀਰ ਮੁਹੰਮਦ ਨੇ ਸਮੂਹ ਪੰਥਕ ਜਥੇਬੰਦੀਆਂ ਸਮੇਤ ਮੁਸਸਮਾਨ ਅਤੇ ਈਸਾਈ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਅਡਵਾਨੀ ਦੀ ਰਥ ਯਾਤਰਾ ਦਾ ਹਰ ਸਟੇਜ ’ਤੇ ਸਖ਼ਤ ਵਿਰੋਧ ਕਰਨ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਾਥ ਦਿੱਤਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top