Share on Facebook

Main News Page

ਸ੍ਰ: ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਡਿਪਟੀ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਮਿਲੀ: ਗਿਆਨੀ ਜਾਚਕ

ਬਰਨਾਲੇ ਦੇ ਸਾਬਕਾ ਪਾਰਲੀਮੈਂਟ ਮੈਂਬਰ ਤੇ ਪ੍ਰਸਿੱਧ ਗੁਰਸਿੱਖ ਵਕੀਲ ਸ੍ਰ: ਰਾਜਦੇਵ ਸਿੰਘ ਖ਼ਾਲਸਾ, ਪੰਥ ਦਰਦੀਆਂ ਵਿਚੋ ਇੱਕ ਐਸੀ ਸੱਚੀ-ਸੁੱਚੀ, ਸੰਜਮੀ, ਧੀਰਜਵਾਨ ਤੇ ਮਿੱਠ-ਬੋਲੜੀ ਸ਼ਖਸੀਅਤ ਹਨ, ਜਿਨ੍ਹਾਂ ਅੰਦਰ ਪ੍ਰਵਾਰਿਕ ਮੋਹ ਤੇ ਪਦ-ਪਦਵੀਆਂ ਦੀ ਲਾਲਸਾ ਲੇਸ਼ ਮਾਤਰ ਵੀ ਨਹੀਂ। ਮੇਰਾ ਪੱਕਾ ਨਿਸ਼ਚਾ ਹੈ ਕਿ ਜੇਕਰ ਪੰਥਕ ਮੋਰਚਾ ਈਮਾਨਦਾਰੀ ਨਾਲ ਉਨ੍ਹਾਂ ਨੂੰ ਆਪਣਾ ਆਗੂ ਮੰਨ ਕੇ ਸ਼੍ਰੋਮਣੀ ਕਮੇਟੀ ਦੇ ਸੰਭਾਵੀ ਪ੍ਰਧਾਨ ਵਜੋਂ ਪੇਸ਼ ਕਰਦਾ, ਤਾਂ ਸ਼੍ਰੋਮਣੀ ਕਮੇਟੀ ਦੇ ਨਤੀਜੇ ਹੈਰਾਨਕੁਨ ਹੋਣੇ ਸਨ। ਪਿੱਛਲੇ ਵਰ੍ਹੇ ਜਦੋਂ ਮੈਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਦਲ-ਭਾਜਪਾ ਗੱਠ-ਜੋੜ ਵਿਰੁੱਧ ਪੰਥਕ-ਮੋਰਚਾ ਕਾਇਮ ਕਰਨ ਲਈ ਲਈ ਯਤਨਸ਼ੀਲ ਹੋਇਆ, ਤਦੋਂ ਮੈਂ ਰਾਜਸੀ ਪ੍ਰਸਥਿਤੀਆਂ ਦੇ ਵਿਸ਼ਲੇਸ਼ਣ ਲਈ ਇਨ੍ਹਾਂ ਨੂੰ ਆਪਣਾ ਮੁੱਖ ਸਲਾਹਕਾਰ ਚੁਣਿਆਂ। ਮੈਂ ਧੰਨਵਾਦੀ ਹਾਂ ਕਿ ਪੰਥਕ ਹਿਤਾਂ ਖਾਤਰ ਉਨ੍ਹਾਂ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਆਪਣੇ ਵਕਾਲਤੀ ਰੁਝੇਵਿਆਂ ਵਿਚੋਂ ਦਾਸ ਨਾਲ ਗਲਬਾਤ ਕਰਨ ਲਈ ਸਮਾਂ ਦਿੰਦੇ ਰਹੇ।

ਪੰਜਾਬ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਵਿੱਚ ਵਿਚਰਦੇ ਮੁਖੀ ਗੁਰਸਿੱਖਾਂ, ਪੰਥਕ ਆਗੂਆਂ ਤੇ ਵਿਦਵਾਨਾਂ ਨੂੰ ਮਿਲਣ ਉਪਰੰਤ ਪੰਥਕ ਮੋਰਚੇ ਦੀ ਏਕਤਾ ਲਈ ਜੋ ਫਾਰਮੂਲਾ ਤੇ ਨੀਤੀ ਤਹਿ ਕੀਤੀ ਗਈ, ਉਸ ਮੁਤਾਬਿਕ ਤਦੋਂ ਵੀ ਮਾਨ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਤਿਆਰ ਹੋ ਗਈਆਂ ਸਨ। ਜਦੋਂ ਮੈਂ ਇਹ ਸਾਰੀ ਕਹਾਣੀ ਬਰਨਾਲੇ ਪਹੁੰਚ ਕੇ ਸ੍ਰ: ਰਾਜਦੇਵ ਸਿੰਘ ਖ਼ਾਲਸਾ ਜੀ ਹੁਰਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸ੍ਰ: ਸਿਮਰਨਜੀਤ ਸਿੰਘ ਮਾਨ ਬਾਰੇ ਆਪਣੇ ਮੂੰਹੋਂ ਕੁਝ ਵੀ ਕਹਿਣ ਦੀ ਥਾਂ ਹੇਠ ਲਿਖੀ ਇਤਿਹਾਸਕ ਵਾਰਤਾ ਸੁਣਾਈ, ਤਾਂ ਕਿ ਅਸੀਂ ਉਨ੍ਹਾਂ ਅੰਦਰਲੀ ਦੂਰ-ਦ੍ਰਿਸ਼ਟੀ ਤੇ ਸੁਭਾਅ ਬਾਰੇ ਅੰਦਾਜ਼ਾ ਲਗਾ ਕੇ ਅਗਲੇ ਕਦਮ ਚੁੱਕੀਏ।

ਉਨ੍ਹਾਂ ਦੱਸਿਆ ਕਿ ਸੰਨ 1989 ਵਿੱਚ ਸਿੱਖ ਕੌਮ ਨੇ ਜਦੋਂ ਸ੍ਰ: ਸਿਮਰਨਜੀਤ ਸਿੰਘ ਮਾਨ ਸਾਹਿਬ ਸਮੇਤ 13 ਗੁਰਸਿੱਖਾਂ ਨੂੰ ਪਾਰਲੀਮੈਂਟ ਦੀ ਚੋਣ ਜਿਤਾ ਕੇ ਦਿੱਲੀ ਭੇਜਿਆ, ਉਨ੍ਹਾਂ ਵਿੱਚ ਇੱਕ ਮੈਂ (ਰਾਜਦੇਵ ਸਿੰਘ) ਵੀ ਸਾਂ। ਅਕਾਲੀ ਪਾਰਟੀ ਦੀ ਇੱਛਾ ਮੁਤਾਬਿਕ ਪਾਰਲੀਮੈਂਟ ਲਈ ਸਾਡੇ ਵਿਚੋਂ ਮਾਨ ਸਾਹਿਬ ਨੂੰ ਮੁੱਖ ਲੀਡਰ ਅਤੇ ਮੈਨੂੰ ਡਿਪਟੀ ਬਣਾਇਆ ਗਿਆ। ਅਜਿਹਾ ਹੋਣ ’ਤੇ ਪ੍ਰਧਾਨ ਮੰਤਰੀ ਵੀ.ਪੀ.ਸਿੰਘ ਨੇ ਸਾਨੂੰ ਦੋਹਾਂ ਨੂੰ ਪਾਰਟੀ ਆਗੂ ਮੰਨ ਕੇ ਮਨਿਸਟਰੀ ਬਾਰੇ ਗਲਬਾਤ ਲਈ ਵਿਸ਼ੇਸ਼ ਸੱਦਾ ਦਿੱਤਾ। ਮਾਨ ਸਾਹਿਬ ਜੀ ਦੀ ਇੱਛਾ ਮੁਤਾਬਿਕ ਮੀਟਿੰਗ ਵਿੱਚ ਇਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਰ: ਜੁਗਿੰਦਰ ਸਿੰਘ ਮਾਨ ਵੀ ਵਿਸ਼ੇਸ਼ ’ਤੌਰ ਤੇ ਸ਼ਾਮਲ ਕੀਤੇ ਗਏ।

ਪ੍ਰਧਾਨ ਮੰਤਰੀ ਨੇ ਸਾਨੂੰ ਵਧਾਈ ਦਿੰਦਿਆਂ ਬੜੇ ਹੀ ਆਦਰ ਨਾਲ ਕਿਹਾ ਕਿ “ਮਾਨ ਸਾਹਿਬ ! ਹੁਣ ਤੁਸੀਂ ਕੇਵਲ ਪੰਜਾਬ ਵਿੱਚਲੇ ਸਿਖਾਂ ਦੇ ਹੀ ਨਹੀ, ਸਗੋਂ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਦੇ ਲੀਡਰ ਬਣ ਚੁੱਕੇ ਹੋ। ਸਰਕਾਰੀ ਖੁਫੀਆ ਏਜੰਸੀਆਂ ਨੇ ਇਹ ਰਿਪੋਰਟ ਵੀ ਦਿੱਤੀ ਹੈ ਕਿ ਜੇਕਰ ਅਗਲੇ ਛੇ ਮਹੀਨਿਆਂ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣ, ਤਾਂ ਉਨ੍ਹਾਂ ਵਿੱਚ ਵੀ ਤਹਾਨੂੰ ਬਹੁਮੱਤ ਮਿਲਣਾ ਨਿਸ਼ਚਤ ਹੈ। ਅਜਿਹੀ ਹਾਲਤ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਤੁਸੀਂ ਆਪ ਹੀ ਚੁਣਨਾ ਹੋਵੇਗਾ।

ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਅਮਨ ਬਹਾਲੀ ਲਈ ਮੈਂ ਸ੍ਰੀ ਦੇਵੀ ਲਾਲ ਨੂੰ ਇਸ ਗੱਲ ਲਈ ਰਾਜੀ ਕਰ ਲਿਆ ਹੈ ਕਿ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਦੇਸ਼ ਦਾ ਡਿਪਟੀ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਅਤੇ ਗ੍ਰਿਹ ਵਿਭਾਗ ਨੂੰ ਛੱਡ ਕੇ ਹੋਰ ਜਿਹੜੀ ਵੀ ਮਨਿਸਟਰੀ ਤੁਸੀਂ ਚਾਹੋ, ਤੁਹਾਡੀ ਪਾਰਟੀ ਨੂੰ ਦੇ ਦਿੱਤੀ ਜਾਵੇ। ਹੁਣ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡੇ ਦੋਹਾਂ ਵਿੱਚੋਂ ਕਿਸ ਨੇ ਕੇਂਦਰ ਵਿੱਚ ਰਹਿਣਾ ਹੈ ਅਤੇ ਕਿਸ ਨੇ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ”। ਭਾਵ, ਕਿਸ ਨੇ ਪ੍ਰਧਾਨ ਮੰਤਰੀ ਤੇ ਕਿਸ ਨੇ ਮੁੱਖ ਮੰਤਰੀ।

ਖ਼ਾਲਸਾ ਜੀ ਦੱਸਦੇ ਹਨ ਕਿ ਮਾਨ ਸਾਹਿਬ ਨੇ ਬੜੇ ਜ਼ੋਰ ਨਾਲ ਆਪਣੀ ਤਿੰਨ ਫੁੱਟੀ ਕ੍ਰਿਪਾਨ ਮਿਆਨ ਵਿਚੋਂ ਅੱਧੀ ਬਾਹਰ ਧੂਹ ਲਈ ਅਤੇ ਕਿਹਾ ‘ਪੰਜਾਬ ਪੁਲੀਸ ਦੇ ਮੁੱਖੀ ਗਿੱਲ ਅਤੇ ਹੋਮ ਸੈਕਟਰੀ ਨੂੰ ਪਹਿਲਾਂ ਹਟਾਓ, ਇਹ ਗੱਲਾਂ ਪਿਛੋਂ ਕਰਾਂਗੇ। ਖ਼ਾਲਸਾ ਜੀ ਕਹਿੰਦੇ ਹਨ ਕਿ ਮੈਂ ਮਾਨ ਸਾਹਿਬ ਦਾ ਹੱਥ ਫੜਿਆ ਅਤੇ ਦਬਾਅ ਕੇ ਕ੍ਰਿਪਾਨ ਮਿਆਨ ਅੰਦਰ ਕੀਤੀ। ਮਾਨ ਸਾਹਿਬ ਜੀ ਦੇ ਪਿਤਾ ਸ੍ਰ: ਜੁਗਿੰਦਰ ਸਿੰਘ ਬੋਲੇ “ਮਾਨ ਸਾਹਿਬ ! ਥੋੜਾ ਧੀਰਜ ਨਾਲ ਸੋਚੋ ਕਿ ਤੁਸੀਂ ਕੀ ਕਹਿ ਰਹੇ ਹੋ। ਪ੍ਰਧਾਨ ਮੰਤਰੀ ਜੀ ਸਾਹਮਣੇ ਤੁਸੀਂ ਜਿਹੜੀ ਮੰਗ ਰੱਖੀ ਹੈ, ਇਹ ਤਾਂ ਕੋਈ ਮਸਲਾ ਹੀ ਨਹੀਂ। ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋਵੇਗੇ ਤਾਂ ਜਿਸ ਨੂੰ ਮਰਜੀ ਹਟਾਇਓ ਤੇ ਜਿਸ ਨੂੰ ਮਰਜੀ ਲਗਾਇਓ। ਇਸ ਲਈ ਪਹਿਲਾਂ ਹੁਣ ਇਹ ਫੈਸਲਾ ਕਰੋ ਕਿ ਡਿਪਟੀ ਪ੍ਰਧਾਨ ਮੰਤਰੀ ਕੌਣ ਹੋਏਗਾ ਅਤੇ ਕਹਿੜੀ ਮਨਿਸਟਰੀ ਲੈਣੀ ਹੈ”।

ਖ਼ਾਲਸਾ ਜੀ ਦੱਸਦੇ ਹਨ ਕਿ ਮਾਨ ਸਾਹਿਬ ਨੇ ਆਪਣੇ ਸੂਝਵਾਨ ਤੇ ਬਜ਼ੁਰਗ ਪਿਤਾ ਦੇ ਕਹੇ ਨੂੰ ਅਣਸੁਣਿਆ ਕਰਕੇ ਫਿਰ ਕ੍ਰਿਪਾਨ ਧੂਈ ਅਤੇ ਮੈਂ ਫਿਰ ਇਨ੍ਹਾਂ ਦਾ ਹੱਥ ਫੜ ਕੇ ਕ੍ਰਿਪਾਨ ਨੂੰ ਮਿਆਨ ਵਿੱਚ ਕਰਨ ਦਾ ਯਤਨ ਕੀਤਾ। ਇਹ ਉੱਚੀ ਉੱਚੀ ਬੋਲ ਰਹੇ ਸਨ ਕਿ ਜੇ ਤੁਸੀਂ ਮੇਰੀ ਮੰਗ ਨਹੀਂ ਮੰਨਦੇ ਤਾਂ ਮੈਂ ਮੀਟਿੰਗ ਚੋਂ ਵਾਕ ਆਊਟ ਕਰਦਾ ਹਾਂ। ਐਸਾ ਕਹਿੰਦੇ ਹੋਏ ਜਦੋਂ ਇਹ ਮੀਟਿੰਗ ਵਾਲੇ ਕਮਰੇ ਚੋਂ ਬਾਹਰ ਜਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਦੇ ਮੂੰਹੋਂ ਲਫ਼ਜ਼ ਨਿਕਲੇ “ਹੀ ਇਜ਼ ਮੈਡ”। ਭਾਵ, ਇਹ ਤਾਂ ਪਾਗਲ ਹੈ। ਅਜਿਹਾ ਕਹਿੰਦਿਆਂ ਉਹ ਉੱਠੇ ਅਤੇ ਆਪਣੇ ਸੈਕਟਰੀ ਨੂੰ ਆਰਡਰ ਕੀਤਾ ਕਿ ਇਸ ਬੰਦੇ ਨੂੰ ਕਿਸੇ ਵੀ ਸਭਾ ਵਿੱਚ ਕ੍ਰਿਪਾਨ ਲੈ ਕੇ ਅੰਦਰ ਨਾ ਆਉਣ ਦਿੱਤਾ ਜਾਵੇ।

ਅਸਲ ਵਿੱਚ ਇਹੀ ਕਾਰਨ ਸੀ ਜਿਸ ਕਰਕੇ ਇਨ੍ਹਾਂ ਨੂੰ ਪਾਰਲੀਮੈਂਟ ਵਿੱਚ ਵੱਡੀ ਕ੍ਰਿਪਾਨ ਲੈ ਕੇ ਜਾਣ ਤੋਂ ਰੋਕਿਆ ਗਿਆ। ਪਰ, ਇਨ੍ਹਾਂ ਨੇ ਆਪਣੀ ਗਲਤੀ ਨੂੰ ਛਪਾਉਣ ਲਈ ਕ੍ਰਿਪਾਨ ਦੇ ਮੁੱਦੇ ਨੂੰ ਕੌਮੀ ਮਸਲਾ ਬਣਾ ਕੇ ਪੇਸ਼ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਗੁੰਮਰਾਹ ਕੀਤਾ। ਸਿੱਟਾ ਇਹ ਨਿਕਲਿਆ ਕਿ ਪਾਰਲੀਮੈਂਟ ਵਿੱਚ ਕ੍ਰਿਪਾਨ ਲੈ ਕੇ ਜਾਣ ’ਤੇ ਪੱਕੀ ਪਾਬੰਦੀ ਲੱਗ ਗਈ। ਕਿਉਂਕਿ, ਸਰਕਾਰ ਨੂੰ ਬਹਾਨਾ ਮਿਲ ਗਿਆ ਕਿ ਅਜਿਹਾ ਵਿਅਕਤੀ ਕਿਸੇ ਵੇਲੇ ਵੀ ਕ੍ਰਿਪਾਨ ਦੀ ਦੁਰਵਰਤੋਂ ਕਰ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹੀ ਸਾਹਿਬ ਜਦੋਂ ਸੰਨ 1999 ਵਿੱਚ ਸੰਗਰੂਰ ਤੋਂ ਐਮ.ਪੀ. ਦੀ ਦੁਬਾਰਾ ਚੋਣ ਜਿੱਤੇ ਤਾਂ ਤਿੰਨ ਫੁੱਟੀ ਕ੍ਰਿਪਾਨ ਆਪਣੀ ਗੱਡੀ ਵਿੱਚ ਛੱਡ ਕੇ ਚੁੱਪ-ਚਾਪ ਖਾਲੀ ਹੱਥ ਹੀ ਪਾਰਲੀਮੈਂਟ ਹਾਊਸ ਵਿੱਚ ਪ੍ਰਵੇਸ਼ ਕਰ ਗਏ।

ਸੂਝਵਾਨ ਪਾਠਕ ਇਨਾਂ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਮਾਨ ਸਾਹਿਬ ਨੂੰ ਕੌਮ ਨੇ ਕਿਤਨਾ ਸਤਿਕਾਰ ਦਿੱਤਾ ਅਤੇ ਉਨ੍ਹਾਂ ਦੇ ਜਿੱਦੀ ਸੁਭਾਅ ਨੇ ਕਿਤਨੇ ਵੱਡੇ ਵੱਡੇ ਕੌਮੀ ਨੁਕਸਾਨ ਕਰਵਾਏ। ਥੋੜਾ ਸੋਚੋ! ਜੇਕਰ ਮਾਨ ਸਾਹਿਬ, ਪ੍ਰਧਾਨ ਮੰਤਰੀ ਵੀ.ਪੀ.ਸਿੰਘ ਦੀ ਪੇਸ਼ਕਸ਼ ਅਤੇ ਆਪਣੇ ਬਾਪ ਦੀ ਨੇਕ ਸਲਾਹ ਨੂੰ ਮੰਨ ਕੇ ਐਡਵੋਕੇਟ ਸ੍ਰ: ਰਾਜਦੇਵ ਸਿੰਘ ਖ਼ਾਲਸਾ ਨੂੰ ਡਿਪਟੀ ਪ੍ਰਧਾਨ ਮੰਤਰੀ ਬਣਵਾ ਕੇ ਆਪ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤਾਂ ਸਾਡੇ ਉਹ ਹਜ਼ਾਰਾਂ ਸੂਰਮੇਂ ਸਿੱਖ ਨੌਜਵਾਨ ਬੱਚ ਜਾਂਦੇ, ਜਿਹੜੇ ਪੰਜਾਬ ਦੇ ਗਵਰਨਰੀ ਰਾਜ ਅਤੇ ਬੇਅੰਤ ਸਿੰਘ ਸਰਕਾਰ ਵੇਲੇ ਪੁਲੀਸ ਮੁਖੀ ਗਿੱਲ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਅਤੇ ਜੇਲ੍ਹਾਂ ਵਿੱਚ ਰੁੱਲੇ।

ਹੁਣ ਵੀ ਪੂਰੇ ਇੱਕ ਸਾਲ ਤੋਂ ਪੰਥ ਦਰਦੀ ਵਾਸਤੇ ਪਾ ਰਹੇ ਸਨ ਕਿ ਮਾਨ ਸਾਹਿਬ! ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ, ਜਦੋਂ ਤੁਹਾਡੇ ਸਾਬਕਾ ਸਾਥੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਸ੍ਰ: ਅਤਿੰਦਰਪਾਲ ਸਿੰਘ ਪਟਿਆਲੇ ਵਾਲੇ ਨੇ ‘ਖ਼ਾਲਿਸਤਾਨ’ ਦੇ ਮੁੱਦੇ ਤੇ ਪਹਿਲੀਵਾਰ ਚੋਣ ਲੜੀ, ਉਸ ਵੇਲੇ ਤਾਂ ਤੁਸੀਂ ਉਹਦੀ ਸਹਾਇਤਾ ਕਰਨ ਦੀ ਥਾਂ ਖਿਲਾਵਤ ਕਰਦੇ ਰਹੇ। ਪਰ, ਅੱਜ ਜਦੋਂ ਬਿਪਰਵਾਦੀ ਡੇਰੇਦਾਰਾਂ ਨੂੰ ਛੱਡ ਕੇ ਸਮੁੱਚੀਆਂ ਰਾਜਨੀਤਕ ਤੇ ਧਾਰਮਿਕ ਸਿੱਖ ਜਥੇਬੰਦੀਆਂ ਬਾਦਲ-ਭਾਜਪਾ ਨੂੰ ਸ਼੍ਰੋਮਣੀ ਕਮੇਟੀ ਦੀ ਸੱਤਾ ਤੋਂ ਉਤਾਰਨ ਲਈ ਤਿਆਰ ਹੋਈਆਂ ਹਨ ਤਾਂ ਤੁਸੀਂ ਫਿਰ ‘ਖਾਲਿਸਤਾਨ’ ਨੂੰ ਚੋਣ ਮੁੱਦਾ ਬਣਾ ਕੇ ਆਪਣੀ ਢਾਈ ਪਾ ਖਿੱਚੜੀ ਵੱਖਰੀ ਰਿੰਨਣ ਸ਼ੁਰੂ ਕਰ ਦਿੱਤੀ ਹੈ ਅਤੇ ਕਿਸੇ ਪੱਖੋਂ ਵੀ ਸਹਿਯੋਗ ਨਹੀਂ ਦੇ ਰਹੇ। ਭਾਵ, ਨਾ ਤਾਂ ਦਲ ਖ਼ਾਲਸਾ ਅਤੇ ਅਕਾਲੀ ਦਲ ਬਿੱਟੂ ਵਾਂਗ ਵੋਟ-ਨੀਤੀ ਤਹਿਤ ਪੰਥਕ ਮੋਰਚੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੁੰਦੇ ਹੋ ਅਤੇ ਨਾ ਹੀ ਪੰਥਕ ਮੋਰਚੇ ਨਾਲ ਸੀਟਾਂ ਦਾ ਲੈਣ-ਦੇਣ ਕਰਕੇ ਕੋਈ ਅਜਿਹਾ ਸਮਝੌਤਾ ਕਰਦੇ ਹੋ, ਜਿਸ ਦੀ ਬਦੌਲਤ ਇੱਕ ਦੇ ਟਾਕਰੇ ਇੱਕ ਉਮੀਦਵਾਰ ਖੜਾ ਕਰਕੇ ਬਾਦਲਕਿਆਂ ਨੂੰ ਹਰਾਇਆ ਜਾ ਸਕੇ। ਰੱਬ ਦਾ ਵਾਸਤਾ ਜੇ, ਪੰਥ ’ਤੇ ਤਰਸ ਕਰੋ। ਪਰ, ਮਾਨ ਸਾਹਿਬ ਨੇ ਕਿਸੇ ਦੀ ਅਪੀਲ ਨਹੀਂ ਸੁਣੀ।

ਸਪਸ਼ਟ ਹੈ ਕਿ ਮਾਨ ਸਾਹਿਬ ਦੀ ਇਸ ਭੈੜੀ ਜਿਦ ਨੇ ਪਹਿਲਾਂ ਕਾਂਗਰਸੀ ਬੇਅੰਤ ਸਿੰਘ ਦੀ ਸਰਕਾਰ ਬਣਵਾ ਕੇ ਸਿੱਖ ਨੌਜਵਾਨੀ ਦਾ ਘਾਣ ਕਰਵਾਇਆ ਅਤੇ ਹੁਣ ਇਹ ਬਾਦਲ-ਭਾਜਪਾ ਗਠਜੋੜ ਨੂੰ ਸ਼੍ਰੋਮਣੀ ਕਮੇਟੀ ਦਾ ਤਖ਼ਤ ਸਉਂਪ ਕੇ ਸਿੱਖੀ ਦਾ ਘਾਣ ਕਰਵਾਏਗੀ। ਪੰਜਾਬ ਵਿੱਚ ‘ਖ਼ਾਲਿਸਤਾਨ’ ਲਹਿਰ ਦਾ ਵੀ ਭੋਗ ਪਵਾ ਦਵੇਗੀ; ਕਿਉਂਕਿ, ਖ਼ਾਲਿਸਤਾਨ ਮੁੱਦੇ ’ਤੇ ਚੋਣਾਂ ਹਾਰਨ ਕਰਕੇ ਸਰਕਾਰ ਨੂੰ ਇਹ ਪੱਖ ਪ੍ਰਚਾਰਨ ਦਾ ਮੌਕਾ ਮਿਲਦਾ ਹੈ ਕਿ ਵੋਟਰਾਂ ਨੇ ਖ਼ਾਲਿਸਤਾਨ ਦੀ ਮੰਗ ਨਿਕਾਰ ਦਿੱਤੀ ਹੈ। ਇਸ ਲਈ ਪੰਥ-ਦਰਦੀ ਲੋਕ ਹੁਣ ਪੰਥ ਦਾ ਭਲਾ ਇਸ ਵਿੱਚ ਹੀ ਵੇਖ ਰਹੇ ਹਨ ਕਿ ਉਹ ਆਪਣੀ ਬਜ਼ੁਰਗੀ ਦਾ ਲਾਭ ਲੈਂਦੇ ਹੋਏ ਆਪਣੇ ਸਾਬਕਾ ਸਾਥੀਆਂ ਭਾਈ ਅਤਿੰਦਰਪਾਲ ਸਿੰਘ ਖ਼ਾਲਸਤਾਨੀ, ਭਾਈ ਦਲਜੀਤ ਸਿੰਘ ਬਿਟੂ ਅਤੇ ਦਲ ਖ਼ਾਲਸਾ ਦੇ ਭਾਈ ਹਰਿਚਰਨ ਸਿੰਘ ਧਾਮੀ ਨੂੰ ਆਪਣੀ ਗੋਦ ਵਿੱਚ ਬਠਾਉਣ, ਉਨ੍ਹਾਂ ਦੀਆਂ ਜੱਫੀਆਂ ਪਵਾਉਂਦੇ ਹੋਏ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਹੱਥ ਸੌਂਪ ਕੇ ਘਰ ਬੈਠ ਜਾਣ। ਐਲਾਨ ਕਰ ਦੇਣ ਕਿ ਧਾਮੀ ਜੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ, ਬਿਟੂ ਜੀ ਪ੍ਰਧਾਨ ਅਤੇ ਅਤਿੰਦਰਪਾਲ ਸਿੰਘ ਜਨਰਲ ਸਕੱਤਰ ਹੋਣਗੇ। ਆਸ ਹੈ ਕਿ ਪੰਥ ਦਾ ਬੁੱਧੀ-ਜੀਵੀ ਵਰਗ ਮਾਨ ਜੀ ਨਾਲ ਸਬੰਧਤ ਘਟਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਪੱਖ ਨੂੰ ਹੋਰ ਸਪਸ਼ਟ ਕਰਨ ਦਾ ਉਪਕਾਰ ਕਰੇਗਾ। ਭੁੱਲ-ਚੁੱਕ ਮੁਆਫ਼।

ਗੁਰੂ-ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ, 14 ਅਕਤੂਬਰ 2011, ਫੋਨ 001-6315924335


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top