Share on Facebook

Main News Page

ਬਾਦਲ ਸਾਬ੍ਹ ਟੱਬਰ ਸਮੇਤ ਹੰਸਾਲੀ ਵਾਲੇ ਬਾਬੇ ਦੇ ਚਰਨਾਂ '

* ਚੋਣਾਂ ਨੇੜੇ, ਬਾਬਿਆਂ ਦੇ ਦਰਸ਼ਨ ਜ਼ਰੂਰੀ- ਕਲ੍ਹ ਪਰਸੋਂ ਸੁਖਬੀਰ ਬਾਦਲ ਸਾਬ੍ਹ ਆਪਣੇ ਸਾਲਾ ਸਾਬ੍ਹ ਨਾਲ ਰਾਧਾ ਸੁਆਮੀ ਵਾਲੇ ਬਾਬੇ ਤੋਂ ਵੀ ਵੋਟਾਂ ਮੰਗਣ ਗਏ ਸੀ

ਫਤਿਹਗੜ੍ਹ ਸਾਹਿਬ(14 ਅਕਤੂਬਰ,ਪੀ.ਐਸ.ਐਨ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਨਾਲ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਤੋਂ ਆਸ਼ੀਰਵਾਦ ਲੈਣ ਲਈ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਗੁਰੂਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹੰਸਾਲੀ ਸਾਹਿਬ ਵਿਖੇ ਮੱਥਾ ਵੀ ਟੇਕਿਆ। ਸ੍ਰੀ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਸ਼ਾਮ 7 ਵਜੇ ਤੋਂ 8 ਵਜੇ ਤੱਕ ਸੰਤਾਂ ਨਾਲ ਇਕ ਬੰਦ ਕਮਰੇ ‘ਚ ਰਹੇ ਅਤੇ ਲੰਗਰ ਛੱਕਣ ਉਪਰੰਤ ਵਾਪਸ ਚਲੇ ਗਏ। ਇਹ ਪ੍ਰੋਗਰਾਮ ਉਨ੍ਹਾਂ ਨੇ ਗੁਪਤ ਰੱਖਿਆ। ਇਸ ਦੀ ਪੱਤਰਕਾਰਾਂ ਨੂੰ ਵੀ ਭਿਣਕ ਨਹੀ ਪੈਣ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸਰਹਿੰਦ ਦੀਦਾਰ ਸਿੰਘ ਭੱਟੀ, ਸ੍ਰੀ ਰਣਜੀਤ ਸਿੰਘ ਲਿਬੜਾ ਮੈਂਬਰ ਕਾਰਜਕਾਰਨੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਸ੍ਰੀ ਤੇਜਿੰਦਰ ਸਿੰਘ ਸੰਧੂ, ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਸ੍ਰੀ ਹਰਵਿੰਦਰ ਸਿੰਘ ਹਰਪਾਲਪੁਰ, ਸ੍ਰੀ ਸਤਨਾਮ ਸਿੰਘ ਬਰਾਸ ਚੇਅਰਮੈਨ ਬਲਾਕ ਸਮਿਤੀ ਖੇੜਾ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦਲਜੀਤ ਕੌਰ ਕੰਗ, ਮੈਂਬਰ ਆਲ ਇੰਡੀਆ ਕਬੱਡੀ ਫੈਡਰੇਸ਼ਨ ਨਰਿੰਦਰ ਸਿੰਘ ਕੰਗ, ਸ੍ਰੀ ਦਵਿੰਦਰ ਸਿੰਘ, ਚੇਅਰਮੈਨ ਸੂਗਰਫੈਂਡ ਪੰਜਾਬ ਸ੍ਰੀ ਸੁਖਬੀਰ ਸਿੰਘ ਵਾਹਲਾ, ਡਾਇਰੈਕਟਰ ਪੇਡਾ ਸ੍ਰੀ ਵਿਨਰਜੀਤ ਸਿੰਘ ਗੋਲਡੀ, ਐਸ.ਜੀ.ਪੀ.ਸੀ ਮੈਂਬਰ ਸ੍ਰੀ ਗੁਰਪ੍ਰੀਤ ਸਿੰਘ ਰੰਧਾਵਾ ਵੀ ਸਨ।

ਰਾਏਪੁਰ ਰਸੂਲਪੁਰ ਦੇ ਬਾਬਾ ਜੌੜੇ ਡੇਰੇ ਵਿੱਚ ਹੋਏ ‘ਰੂਹਾਨੀ ਸਤਿਸੰਗ' ਸਮਾਗਮ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਹਾਜ਼ਰੀ ਨੇ ਪੰਜਾਬ ਅਤੇ ਖਾਸ ਕਰਕੇ ਦੁਆਬੇ ਦੇ ਰਾਜਨੀਤਕ ਹਲਕਿਆਂ ਵਿੱਚ ਹੀ ਹਲਚਲ ਪੈਦਾ ਨਹੀਂ ਕੀਤੀ ਸਗੋਂ ਇਸ ਦੀ ਧਮਕ ਹੋਰ ਧਾਰਮਿਕ ਡੇਰਿਆਂ ਵਿੱਚ ਵੀ ਮਹਿਸੂਸ ਕੀਤੀ ਜਾਣ ਲੱਗੀ ਹੈ। ਇਸ ਸਮਾਗਮ ਦੇ ਨਤੀਜੇ ਬੜੇ ਦੂਰਗਾਮੀ ਨਿਕਲਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਭਵਿੱਖ ਵਿੱਚ ਅਜਿਹੇ ਹੋਰ ਸਮਾਗਮ ਵੀ ਕੀਤੇ ਜਾਣ ਦੀ ਰਣਨੀਤੀ ਤੈਅ ਕਰ ਲਈ ਗਈ ਹੈ। ਇਹ ਸਮਾਗਮ ਉਦੋਂ ਕਰਵਾਇਆ ਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸ਼੍ਰ੍ਰੋਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਹਾਸਲ ਕਰਕੇ ਪੂਰੇ ਉਤਸ਼ਾਹ ਵਿੱਚ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਐਨ ਸਿਰ 'ਤੇ ਹਨ। ਦੁਆਬੇ ਦੇ ਕਾਂਗਰਸੀ ਆਗੂ ਇਸ ਸਮਾਗਮ ਦੇ ਰਾਜਨੀਤਕ ਤੌਰ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਹੁਣ ਤੋਂ ਹੀ ਪੁਣ-ਛਾਣ ਕਰਨ ਲੱਗ ਪਏ ਹਨ।

ਡੇਰਾ ਰਾਧਾ ਸੁਆਮੀ ਬਿਆਸ ਦੇ ਸ਼ਰਧਾਲੂ ਪੰਜਾਬ ਜਾਂ ਦੇਸ਼ ਤੱਕ ਹੀ ਸੀਮਤ ਨਹੀਂ ਸਗੋਂ ਇਸ ਡੇਰੇ ਦੀ ਸੰਗਤ ਵਿਦੇਸ਼ਾਂ ਤੱਕ ਵੀ ਫੈਲੀ ਹੋਈ ਹੈ। ਪੰਜਾਬ ਦੇ ਦੁਆਬੇ ਖਿੱਤੇ 'ਚੋਂ ਬੁਹਗਿਣਤੀ ਦਲਿਤ ਡੇਰਾ ਬਿਆਸ ਦੇ ਸ਼ਰਧਾਲੂ ਹਨ। ਡੇਰਾ ਸੱਚਖੰਡ ਬੱਲਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ‘ਅੰਮ੍ਰਿਤ ਬਾਣੀ' ਨੂੰ ਅਪਨਾਉਣ ਕਾਰਨ ਦਲਿਤਾਂ ਵਿੱਚ ਵੀ ਲਕੀਰ ਖਿੱਚੀ ਗਈ ਸੀ। ਦੁਆਬੇ ਵਿਚਲੇ ਦਲਿਤਾਂ ਦੇ ਡੇਰਿਆਂ 'ਚ ਵੀ ਵੰਡੀਆਂ ਪੈ ਗਈਆਂ ਹਨ। ਡੇਰਾ ਬਾਬਾ ਜੌੜੇ ਵਾਲੇ ਬਾਬਾ ਨਿਰਮਲ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਵਿੱਚ ਮੋਹਰੀ ਹੋ ਕੇ ਉੱਭਰੇ ਸਨ। ਬਿਆਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਧਿਰ ਨਾਲ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦਾ ਰਾਹ ਸੁਖਾਲਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ, ਬਿਆਸ ਦੇ ਮੁਖੀ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੀ ਨਜ਼ਦੀਕੀ ਰਿਸ਼ਤੇਦਾਰੀ ਹੈ।

ਡੇਰਾ ਰਾਧਾ ਸੁਆਮੀ ਦੇ ਮੁਖੀ ਦਾ ਡੇਰਾ ਬਾਬਾ ਜੌੜੇ ਆਉਣ ਨਾਲ ਦਲਿਤ ਸਮਾਜ ਵਿੱਚ ਧਾਰਮਿਕ ਪਛਾਣ ਤੇ ਅਕੀਦਿਆਂ ਦੀ ਪਾਟੋਧਾੜ ਦਾ ਲਾਭ ਵੀ ਡੇਰਾ ਬਿਆਸ ਨੂੰ ਮਿਲਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਇਸ ਸਮਾਗਮ ਦੇ ਮੰਚ ਤੋਂ ਡੇਰਾ ਬਿਆਸ ਦੇ ਮੁਖੀ ਬਾਰੇ ਇਹ ਕਹਿਣਾ ਕਿ ‘ਸਮੁੰਦਰ' ਆਪ ਚੱਲ ਕੇ ਪਿਆਸਿਆਂ ਕੋਲ ਆ ਗਿਆ ਹੈ, ਇਸ ਗੱਲ ਦਾ ਸ਼ਪੱਸ਼ਟ ਸੰਕੇਤ ਹੈ ਕਿ ਦਲਿਤਾਂ ਦੇ ਬਾਕੀ ਹੋਰ ਡੇਰੇ ਵੀ ਉਨ੍ਹਾਂ ਦਾ ਪ੍ਰਭਾਵ ਕਬੂਲਣਗੇ।

ਡੇਰਾ ਬਾਬਾ ਜੌੜਾ ਵਿੱਚ ਬਾਬਾ ਗੁਰਿੰਦਰ ਸਿੰਘ ਦੇ ਆਉਣ ਨਾਲ ਕਈ ਕੁਝ ਪਹਿਲੀ ਵਾਰ ਵਾਪਰਿਆ। ਡੇਰਾ ਰਾਧਾ ਸੁਆਮੀ ਦੇ ਕਿਸੇ ਮੁਖੀ ਨੇ ਪਹਿਲੀ ਵਾਰ ਹੋਰ ਧਾਰਮਿਕ ਸਮਾਗਮ ਤੋਂ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਈ। ਡੇਰਾ ਬਿਆਸ ਵਿੱਚ ਕਦੇ ਕਿਸੇ ਨੂੰ ਸਿਰੋਪਾ ਭੇਟ ਨਹੀਂ ਕੀਤਾ ਜਾਂਦਾ ਪਰ ਡੇਰਾ ਜੌੜਾ ਵਿੱਚ ਆਏ ਹੋਰ ਸਾਧੂ-ਸੰਤਾਂ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਿਰੋਪੇ ਭੇਟ ਕੀਤੇ ਅਤੇ ਉਨ੍ਹਾਂ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ।

ਇਸ ਸਮਾਗਮ ਨਾਲ ਬਾਬਾ ਨਿਰਮਲ ਦਾਸ ਦਾ ਵੀ ਧਾਰਮਿਕ ਖੇਤਰ ਵਿੱਚ ਕੱਦ ਵਧਿਆ ਹੈ। ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਾਬਾ ਨਿਰਮਲ ਦਾਸ ਦੀ ਧਾਰਮਿਕ ‘ਸਾਂਝ' ਇੰਝ ਹੀ ਪੀਡੀ ਹੁੰਦੀ ਗਈ ਤਾਂ ਇਸ ਦੇ ਰਾਜਨੀਤਕ ਪ੍ਰਭਾਵ ਦਾ ਦਾਇਰਾ ਦੁਆਬੇ 'ਚੋਂ ਨਿਕਲ ਕੇ ਸਮੁੱਚੇ ਪੰਜਾਬ ਨੂੰ ਵੀ ਆਪਣੇ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top