Share on Facebook

Main News Page

ਬੱਚਿਆਂ ਨੂੰ ਦਿਤੀ ਜਾ ਰਹੀ ਗੁਰਮਤਿ ਸਿਖਿਆ ਹੋਈ ਬੰਦ

ਮੁੱਲਾਂਪੁਰ ਦਾਖਾ, 10 ਅਕਤੂਬਰ (ਵਿਨੈ ਵਰਮਾ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿੰਡ ਮੰਡਿਆਣੀ ਇਕ ਅਜਿਹਾ ਪਿੰਡ ਹੈ, ਜਿਥੇ ਜੱਟਾਂ ਅਤੇ ਦਲਿਤਾਂ ਦੇ 2-2 ਗੁਰਦਵਾਰੇ ਹਨ ਪਰੰਤੂ ਗੁਰਦਵਾਰਾ ਨਾਨਕ ਨਾਮ ਚੜ੍ਹਦੀ ਕਲਾ ਇਕ ਅਜਿਹਾ ਗੁਰਦਵਾਰਾ ਹੈ, ਜਿਥੇ ਗੁਰਮਤਿ ਦਾ ਪ੍ਰਚਾਰ ਕਰਨ ਹਿਤ ਛੋਟੇ ਬੱਚਿਆਂ ਨੂੰ ਦਿਤੀ ਜਾ ਰਹੀ ਸਿਖਿਆ ਕਰੀਬ 3 ਮਹੀਨਿਆਂ ਤੋਂ ਬੰਦ ਕਰ ਦਿਤੀ ਗਈ ਹੈ। ਇਸ ਦਾ ਹੱਲ ਕੱਢਣ ਲਈ ਬਾਬਾ ਦੀਪ ਸਿੰਘ ਜੀ ਗਤਕਾ ਐਕਡਮੀ (ਰਜਿ:) ਦੇ ਪ੍ਰਧਾਨ ਅਮਨਿੰਦਰ ਸਿੰਘ ਅਪਣੇ ਸਾਥੀਆਂ ਨੂੰ ਲੈ ਕੇ ਕਈ ਵਾਰ ਉਕਤ ਪਿੰਡ ਦੇ ਸਰਪੰਚ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਿਲੇ ਪਰ ਉਨ੍ਹਾਂ ਨੂੰ ਮਿਲਣ ਦੇ ਬਾਵਜੂਦ ਵੀ ਇਹ ਗੰਭੀਰ ਮਸਲਾ ਅੱਜ ਤਕ ਹੱਲ ਨਹੀਂ ਹੋ ਸਕਿਆ।

ਸਨਿੱਚਰਵਾਰ ਨੂੰ ਉਕਤ ਅਕੈਡਮੀ ਦੇ ਪ੍ਰਧਾਨ ਅਮਨਿੰਦਰ ਸਿੰਘ, ਮੀਤ ਪ੍ਰਧਾਨ ਸੁਖਵੰਤ ਸਿੰਘ, ਸੈਕਟਰੀ ਜਸਵੀਰ ਸਿੰਘ, ਚੇਅਰਮੈਨ ਭੁਪਿੰਦਰ ਸਿੰਘ, ਸਲਾਹਕਾਰ ਬਲਜੀਤ ਸਿੰਘ ਅਤੇ ਮੈਂਬਰ ਮਹਿੰਦਰ ਸਿੰਘ, ਜਸਪ੍ਰੀਤ ਸਿੰਘ, ਜ਼ੋਰਾਵਰ ਸਿੰਘ, ਬੁਪਿੰਦਰਪਾਲ ਸਿੰਘ ਨੇ ਦਸਿਆ ਕਿ ਗੁਰਮਤਿ ਦਾ ਪ੍ਰਚਾਰ ਕਰਨ ਲਈ ਬਾਬਾ ਦੀਪ ਸਿੰਘ ਜੀ ਗਤਕਾ ਐਕਡਮੀ (ਰਜਿ:) ਨੰ: 511 ਉਕਤ ਗੁਰਦਵਾਰਾ ਸਾਹਿਬ ਵਿਖੇ 16 ਨਵੰਬਰ 2010 ਨੂੰ ਆਰੰਭ ਕੀਤੀ ਗਈ ਸੀ ਜਿਸ ਵਿਚ ਬੱਚਿਆਂ ਨੂੰ ਹਫ਼ਤਾਵਾਰੀ ਜਮਾਤਾਂ ਲਾ ਕੇ ਗੁਰਮਤਿ ਸਿਖਿਆ ਕਵੀਸ਼ਰੀ, ਕਵਿਤਾ, ਗਤਕੇ ਦੀ ਸਿਖਲਾਈ ਦਿਤੀ ਜਾਂਦੀ ਸੀ ਤੇ ਉਪੰਰਤ ਪੇਪਰ ਲਏ ਜਾਂਦੇ ਸਨ ਅਤੇ ਨਤੀਜੇ ਕੱਢਣ ਤੋਂ ਬਾਅਦ ਇਨਾਮ ਦਿਤੇ ਜਾਂਦੇ ਸਨ ਪਰ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਸਿੱਖ ਧਰਮ ਦਾ ਪ੍ਰਚਾਰ ਚੰਗਾ ਨਾ ਲੱਗਾ ਅਤੇ ਉਨ੍ਹਾਂ ਨੇ 15 ਜੂਨ ਨੂੰ ਅਨਾਊਂਸਮੈਂਟ ਕਰਵਾ ਕੇ ਇਸ ਅਕੈਡਮੀ ਨੂੰ ਬੰਦ ਕਰ ਦਿਤਾ।

ਸਿੱਟੇ ਵਜੋਂ ਉਕਤ ਗੁਰਦਵਾਰਾ ਸਾਹਿਬ ਦੇ ਬਾਹਰ ਨੌਜਵਾਨ ਮੁੰਡਿਆਂ ਦਾ ਆਪਸੀ ਲੜਾਈ ਝਗੜਾ ਹੋਇਆ ਅਤੇ ਉਸ ਦੇ 10 ਦਿਨਾਂ ਬਾਅਦ ਉਨ੍ਹਾਂ ਦੇ ਹੱਕ ’ਚ ਫ਼ੈਸਲਾ ਹੋ ਗਿਆ ਪਰ ਫ਼ੈਸਲੇ ਤੋਂ ਬਾਅਦ ਵੀ ਗੁਰਦਵਾਰਾ ਕਮੇਟੀ ਨੇ ਐਕਡਮੀ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਦਿਤੀ ਅਤੇ ਉਨ੍ਹਾਂ ਨੇ ਕਮਰੇ ਦੇ ਤਾਲੇ ਹੀ ਬਦਲ ਦਿਤੇ। ਜਦ ਉਕਤ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਦਾ ਪੱਖ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਾ ਹੋ ਸਕੀ। ਜਦ ਕਮੇਟੀ ਦੇ ਸੈਕਟਰੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਆਖਿਆ ਕਿ ਤੁਸੀਂ ਇਸ ਮਸਲੇ ਬਾਰੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਲਉ। ਜਦੋਂ ਉਕਤ ਪਿੰਡ ਮੰਡਿਆਣੀ ਦੇ ਮੌਜੂਦਾ ਸਰਪੰਚ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਲੜਾਈ-ਝਗੜੇ ਦੇ ਕੇਸ ਵੇਲੇ ਪੰਚਾਇਤੀ ਰਾਜ਼ੀਨਾਮੇ ਸਮੇਂ ਇਹ ਫ਼ੈਸਲਾ ਹੋਇਆ ਸੀ ਕਿ ਉਕਤ ਐਕਡਮੀ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕੀਤਾ ਜਾਵੇਗਾ ਪਰ ਉਕਤ ਐਕਡਮੀ ਦੇ ਬੰਦੇ ਉਥੇ ਜਾਣ ਨੂੰ ਤਿਆਰ ਨਹੀਂ ਹਨ। ਜਦ ਮੁੱਲਾਂਪੁਰ ਦਾਖਾ ਦੀ ਸੀਟ ਤੋਂ ਜਿੱਤੇ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਮੈਂਬਰ ਸੁਰਿੰਦਰ ਪਾਲ ਬੱਦੋਵਾਲ ਅਤੇ ਕੇਵਲ ਸਿੰਘ ਬਾਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, ਕਿ ਇਹ ਗੁਰਦਵਾਰਾ ਪਿੰਡ ਪੱਧਰ ’ਤੇ ਪੈਂਦਾ ਹੈ ਜੋ ਕਿ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਆਉਂਦਾ, ਪਰ ਫਿਰ ਵੀ ਉਹ ਅਪਣੇ ਤੌਰ ’ਤੇ ਮਸਲਾ ਹੱਲ ਕਰਨ ਲਈ ਉਕਤ ਪਿੰਡ ਦੀ ਪੰਚਾਇਤ ਅਤੇ ਕਮੇਟੀ ਦੇ ਮੈਂਬਰਾਂ ਨੂੰ ਜਾ ਕੇ ਮਿਲਣਗੇ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top