Share on Facebook

Main News Page

ਬਾਬਿਆਂ ਤੋਂ ਬਾਅਦ ਹੁਣ ਬੀਬੀਆਂ ਦੀ ਵਾਰੀ, ਯੋਗ ਮੱਤ ਨੂੰ ਗੁਰਦੁਵਾਰਿਆਂ ਵਿੱਚ ਵਾੜਨ ਵਾਲੀ ਮਾਤਾ ਬਲਜੀਤ ਕੌਰ

 

ਯੋਗਾ ਦਾ ਸੰਬੰਧ ਸਰੀਰ ਨਾਲ ਹੈ, ਗੁਰਮਤਿ ਨਾਲ ਨਹੀਂ। ਇਸ ਯੋਗ ਮੱਤ ਨੂੰ ਗੁਰਮਤਿ ਨਾਲ ਜੋੜਨਾ, ਗੁਰਬਾਣੀ ਦੀਆਂ ਤੁਕਾਂ ਨੂੰ ਆਪਣੀਆਂ ਦੁਕਾਨਾਂ ਚਲਾਉਣ ਲਈ ਵਰਤਣਾ ਗਲਤ ਹੈ। ਹੁਣ ਬਾਬਿਆਂ ਤੋਂ ਬਾਅਦ ਬੀਬੀਆਂ ਦੀ ਵਾਰੀ ਹੈ। ਮਾਤਾ ਬਲਜੀਤ ਕੌਰ ਨਾਮ ਦੀ ਬੀਬੀ ਵਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਯੋਗ ਮਿਸ਼ਨ ਨਾਮ ਦੀ ਸੰਸਥਾ ਕਾਇਮ ਕੀਤੀ ਹੈ, ਜਿਸ ਦਾ ਲੋਗੋ ਦੇਖ ਹੀ ਪਤਾ ਚਲਦਾ ਹੈ ਕਿ ਇਸ ਸੰਸਥਾ ਦੇ ਕਰਤਾ ਧਰਤਾ ਨੂੰ ਗੁਰਬਾਣੀ ਦਾ ਕਿੰਨਾ ਕੁ ਗਿਆਨ ਹੈ। ਜਿਸ ਗੁਰਬਾਣੀ ਦੀ ਪੰਕਤੀ ਨੂੰ ਇਨ੍ਹਾਂ ਨੇ ਲੋਗੋ 'ਚ ਵਰਤਿਆ ਹੈ "ਨਾਨਕ ਜੀਵਤਿਆ ਮਰਿ ਰਹੀਐ, ਐਸਾ ਜੋਗੁ ਕਮਾਈਐ॥" ਹੈ ਕਿ ਕੋਈ ਦੱਸ ਸਕਦਾ ਹੈ, ਕਿ ਇਸ ਪੰਕਤੀ ਦਾ ਯੋਗ ਨਾਲ ਕੀ ਸੰਬੰਧ ਹੈ? ਸਗੋਂ ਇਹ ਸ਼ਬਦ ਤਾਂ ਇਹ ਸਿੱਖਿਆ ਦਿੰਦਾ ਹੈ ਕਿ ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ। ਇਸ ਪੂਰੇ ਸ਼ਬਦ ਦਾ ਪ੍ਰੋ. ਸਾਹਿਬ ਸਿੰਘ ਵਲੋਂ ਕੀਤੇ ਗਏ ਟੀਕੇ ਚੋਂ ਕਿਤੇ ਅਰਥ ਇਸ ਤਰ੍ਹਾਂ ਹਨ:

ਸੂਹੀ ਮਹਲਾ ੧ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ {ਪੰਨਾ 730}

ਅਰਥ: ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। (ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੧।

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ।੧।ਰਹਾਉ।

(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ। ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੨।

ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ, (ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੩।

ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ। (ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।

ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ।੪।੧।੮।

ਹੁਣ ਇਹ ਬੀਬੀ ਸਰੀ ਦੇ ਗੁਰਦੁਆਰੇ 'ਚ ਯੋਗਾ ਕਰਾ ਰਹੀ ਹੈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top