Share on Facebook

Main News Page

ਬਾਦਲ ਸਾਹਿਬ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਿੱਖ ਪੰਥ ਦੇ ਵੀ ਨੁਮਾਇੰਦੇ ਹਨ: ਸਾਬਕਾ ਪੁਲਿਸ ਕਮਿਸ਼ਨਰ ਸਰੂਪ ਸਿੰਘ

ਅੰਮ੍ਰਿਤਸਰ 7 ਅਕਤੂਬਰ (ਰਾਜਿੰਦਰ ਬਾਠ) ਬਾਦਲ ਪਰਿਵਾਰ ਲਈ ਜਗਰਾਤਿਆਂ ਤੇ ਜਾਣਾ, ਮੰਦਿਰਾਂ ਵਿਚ ਜਾ ਕੇ ਟਿੱਕੇ ਲਗਵਾਣੇ, ਆਰ.ਐਸ. ਦੀਆਂ ਸ਼ਖਾਵਾਂ ਵਿਚ ਹਾਜ਼ਰੀ ਭਰਨੀ ਤੇ ਸੰਤਾਂ ਸਾਧਾਂ ਦੇ ਪੈਰੀ ਹੱਥ ਲਾਉਂਣਾ, ਆਮ ਸਧਾਰਨ ਜਿਹੀ ਗਲ ਬਣ ਗਈ ਹੈ। ਲੁਧਿਆਣਾ ਵਿਚ ਕਿਚਲੂ ਨਗਰ ਸਥਿਤ ਰਾਮ ਸ਼ਰਦਮ ਦੇ ਆਸ਼ਰਮ ਵਿਚ ਭਗਤ ਹੰਸਰਾਜ ਦਾ ਹਾਲ ਚਾਲ ਪੁੱਛਣ ਸਮੇਂ, ਉਹਨਾਂ ਦੇ ਪੈਰ੍ਹੀ ਹੱਥ ਲਾਉਂਣ ਦੀ ਅਖਬਾਰਾਂ ਵਿਚ ਛਪੀ ਤਸਵੀਰ ਨੇ, ਸਿੱਖ ਕੌਮ ਵਿਚ ਬਾਦਲ ਸਾਹਿਬ ਦੇ ਪੁਰਾਣੇ, ਭੁੱਲ ਚੁੱਕੇ ਸਿੱਖ ਰਵਾਇਤ ਵਿਰੋਧੀ ਸੱਚ ਨੂੰ, ਫਿਰ ਯਾਦ ਕਰਵਾ ਦਿੱਤਾ ਹੈ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਕਮਿਸ਼ਨਰ ਸ਼੍ਰੀ ਸਰੂਪ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਦਲ ਦਾ ਇਹ ਕਾਰਨਾਮਾ ਦੇਖ ਕੇ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇੱਕ ਪੰਥਕ ਸਰਕਾਰ ਕਹਾਣ ਵਾਲੀ ਦੇ, ਸਿੱਖ ਨੁਮਾਇੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਰਦਾਰ ਸਰੂਪ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਪਿਛਲੇ ਅੱਠ ਦਹਾਕਿਆਂ ਵਿਚ ਸਿੱਖਾਂ ਨੂੰ ਦੇਣ, ਹੁਣ ਸਿੱਖਾਂ ਦੇ ਸਾਹਮਣੇ ਆ ਗਈ ਹੈ ਤੇ ਬਾਦਲ ਨੂੰ ਹੁਣ ਪੰਥ ਦਾ ਲੀਡਰ ਕਰਾਉਂਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਸਿੱਖ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਆਪਣੇ ਸੀਸ ਨਿਵਾਦਾ ਹੈ, ਕਿਸੇ ਦੇਹ ਧਾਰੀ ਬਾਬੇ ਅੱਗੇ ਨਹੀਂ। ਪੰਥਕ ਆਗੂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬਾਦਲਕਿਆਂ ਨੂੰ ਹੁਣ ਇਹ ਸਿੱਖੀ ਭੇਸ ਤਿਆਗ ਕੇ, ਰਾਮ ਰਹੀਮ ਵਾਂਗ ਕੋਈ ਡੇਰਾ ਬਣਾ ਲੈਣਾ ਚਾਹੀਦਾ ਹੈ। ਬਾਦਲ ਨੂੰ ਸਿੱਖ ਪੰਥ ਦਾ ਆਗੂ ਕਹਿਣ ਲੱਗਿਆ, ਹਰ ਸਿੱਖ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਐਂਤਕੀ ਸ਼੍ਰੋਮਣੀ ਕਮੇਟੀ ਵਰਗੀ ਸਿੱਖਾਂ ਦੀ ਸਿਰ ਮੋਰ ਧਾਰਮਿਕ ਸੰਸਥਾ ਲਈ ਬਾਦਲ ਨੇ ਜੋ ਵੋਟਾਂ ਵਿਚ ਖੇਹ ਉਡਾਈ ਹੈ, ਉਸ ਨਾਲ ਸਾਰੀ ਦੁਨੀਆਂ ਅੱਗੇ, ਸਿੱਖ ਕੌਮ ਦਾ ਮਜ਼ਾਕ ਉਡਿਆ ਹੈ। ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਪੰਥਕ ਸਿਧਾਤਾਂ ਦਾ ਘਾਣ, ਜਿਤਨਾ ਬਾਦਲ ਦੇ ਸਮੇਂ ਵਿਚ ਹੋਇਆ, ਅੱਜ ਤੱਕ ਕਦੀ ਕਿਸੇ ਵੈਰੀ ਦੁਸ਼ਮਣ ਨੇ ਵੀ ਨਹੀਂ ਕੀਤਾ। ਬਾਦਲ ਆਪਣੇ ਨਿੱਜੀ ਸਵਾਰਥ ਲਈ ਸਿੱਖੀ ਸਿਧਾਂਤ ਤਾਂ ਦੂਰ, ਕਿਸੇ ਦੀ ਬਲੀ ਵੀ ਦੇ ਸਕਦਾ ਹੈ। ਅਕਾਲੀ ਦਲ 1920 ਦੇ ਮੁਖੀ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਬਾਦਲਕਿਆਂ ਵਿਚ ਪਹਿਲੇ ਦਿਨ ਤੋਂ ਸਿੱਖਾਂ ਪ੍ਰਤੀ ਰਤੀ ਭਰ ਵੀ ਦਰਦ ਨਹੀਂ।

ਪ੍ਰੋਫੈਸਰ ਭੁੱਲਰ ਦੇ ਮਸਲੇ ਤੇ ਹੀ ਬਾਦਲ ਦਾ ਅਸਲੀ ਚਿਹਰਾ ਸਿੱਖ ਪੰਥ ਦੇ ਸਾਹਮਣੇ ਬੇਨਕਾਬ ਹੋ ਚੁੱਕਾ ਹੈ। ਬਾਦਲ ਦਲ ਨੇ ਆਪਣੇ ਨਿੱਕਰਧਾਰੀ ਆਕਿਆਂ ਦੀ ਘੂਰੀ ਨੂੰ ਵੇਖਦਿਆਂ ਪੰਜਾਬ ਵਿਧਾਨ ਸਭਾ 'ਚ ਭੁੱਲਰ ਦੇ ਹੱਕ ਵਿਚ ਮਤਾ ਲਿਆਉਂਣ ਤੋਂ ਆਨੇ-ਬਹਾਨੇ ਹੱਥ ਖੜ੍ਹੇ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਿੱਖਾਂ ਵਿਚ ਕੁਝ ਅਜਿਹੇ ਗੁਣ ਵੱਖਰੇ ਹਨ, ਜਿਹੜੇ ਕਿ ਸਿੱਖਾਂ ਨੂੰ ਦੂਸਰਿਆਂ ਨਾਲੋਂ ਵੱਖ ਕਰਕੇ, ਸਿੱਖਾਂ ਦੀ ਅਲੱਗ ਪਹਿਚਾਣ ਬਣਾਦੇ ਹਨ। ਜੇਕਰ ਬਾਦਲ ਵਰਗੇ ਕੌਮ ਦੇ ਨੁਮਾਇੰਦੇ, ਆਪਣੇ ਇਹਨਾਂ ਗੁਣਾਂ ਨੂੰ ਗੈਰ ਸਿੱਖਾਂ ਨਾਲ ਰਲ-ਗਡ ਕਰ ਦੇਣ ਤਾਂ ਸਿੱਖੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਿੱਖਾਂ ਨੂੰ ਆਰ.ਐਸ. ਐਸ. ਵੱਲੋਂ ਬੜੀ ਤੇਜੀ ਨਾਲ ਖਤਮ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ ਤੇ ਬਾਦਲ ਕੇਵਲ ਆਪਣੀ ਕੁਰਸੀ ਬਚਾਈ ਰੱਖਣ ਦੀ ਖਾਤਿਰ, ਇਹਨਾਂ ਸਿੱਖ ਵਿਰੋਧੀ ਤਾਕਤ ਦਾ ਮੋਹਰੀ ਬਣ ਕੇ ਸਿੱਖੀ ਦਾ ਘਾਣ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਨੂੰ ਹੁਣ ਸਿੱਖਾਂ ਦਾ ਹੋਰ ਨੁਕਸਾਨ ਕਰਨ ਦੀ ਬਜਾਏ ਕਿਸੇ ਸਾਧ ਸੰਤ ਦੇ ਡੇਰੇ ਵਿਚ ਜਾ ਕੇ ਸ਼ਰਨ ਲੈ ਲੈਣੀ ਚਾਹੀਦੀ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top