Share on Facebook

Main News Page

ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅਪਣੇ ਪੈਰੀਂ ਹੱਥ ਲਗਵਾਉਂਦਾ ਰਿਹਾ

ਝਬਾਲ, 8 ਅਕਤੂਬਰ (ਤੇਜਿੰਦਰ ਸਿੰਘ, ਗੁਰਮੀਤ ਸਿੰਘ): ਜਿਥੇ ਬੀਤੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲੁਕਾਈ ਨੂੰ ਸੱਚ ਨਾਲ ਜੋੜਨ ਦਾ ਹੋਕਾ ਦਿਤਾ ਗਿਆ ਸੀ ਉਥੇ ਨਾਲ ਦੇ ਨਾਲ ਹੀ ਕੂੜ ਪ੍ਰਚਾਰ ਦੀਆਂ ਚਲਾਈਆਂ ਜਾ ਰਹੀਆਂ ਦੁਕਾਨਾਂ ਦੇ ਮੁਖੀਆਂ ਵਲੋਂ ਨਵੇਂ-ਨਵੇਂ ਤਰੀਕੇ ਲੱਭ ਕੇ ਭੋਲੀ ਭਾਲੀ ਜਨਤਾ ਨੂੰ ਅਪਣੇ ਵੱਖ ਖਿੱਚਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਜਿਸ ਦੀ ਮਿਸਾਲ ਉਸ ਵਕਤ ਵੇਖਣ ਲਈ ਮਿਲੀ ਜਦੋਂ ਮਾਝੇ ਦੇ ਇਤਿਹਾਸਿਕ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚਲ ਰਹੇ ਸਾਲਾਨਾ ਜੋੜ ਮੇਲੇ ਵਿਚ ਨਤਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਵਿਚੋਂ ਆਈਆਂ ਸੰਗਤਾਂ ਨੂੰ ਇਕ ਨਿੱਜੀ ਡੇਰੇਦਾਰ ਵਲੋਂ ਅਪਣੇ ਵਲ ਅਕਰਸ਼ਿਤ ਕਰਨ ਲਈ ਮੇਨ ਰੋਡ ’ਤੇ ਗੁ: ਬੀੜ ਬਾਬਾ ਬੁੱਢਾ ਸਾਹਿਬ ਦੇ ਰਸਤੇ ਵਿਚ ਲਗਾਇਆ ਗਿਆ ਬੈਨਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਸ ਉਪਰ ਇਸ ਤਰ੍ਹਾਂ ਲਿਖਿਆ ਹੋਇਆ ਸੀ ‘ਇਥੇ ਪਲ ਭਰ ਰੁਕ ਜਾਉ ਜੀ॥ ਇਹ ਹੈ ਬਾਬੇ ਬੁੱਢੇ ਦੀ ਜੂਹ॥ ਸੰਗਤਾਂ ਦੀ ਧੂੜੀ ਪਰਸਨ ਨੂੰ ਲੋਚੇ ਬਾਬਾ ਖੜਕ ਸਿੰਘ ਦੀ ਰੂਹ’’

ਇਥੇ ਇਹ ਵੀ ਵਰਨਣਯੋਗ ਹੈ ਕਿ ਉਪਰੋਕਤ ਡੇਰੇਦਾਰ ਬਾਬਾ ਦਰਸ਼ਨ ਸਿੰਘ ਵਲੋਂ ਅਪਣੇ ਡੇਰੇ ਵਿਚ ਵਖਰੇ ਤੌਰ ’ਤੇ ਦੀਵਾਨ ਸਜਾਇਆ ਗਿਆ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਪਣੇ ਅੱਗੇ ਟੋਕਰੀ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਪਣੇ ਆਪ ਨੂੰ ਮੱਥਾ ਟਿਕਾਇਆ ਜਾ ਰਿਹਾ ਸੀ ਜੋ ਸ਼ਰੇਆਮ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣਾ ਸੀ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਬੀੜ ਸਾਹਿਬ ਦੇ ਇੰਚਾ: ਸੁਖਵੰਤ ਸਿੰਘ ਝਬਾਲ, ਡਿਪਟੀ ਜੋਨਲ ਆਰਗੇਨਾਈਜਰ ਮਾ: ਅਵਤਾਰ ਸਿੰਘ ਸੋਹਲ, ਹਰਪਾਲ ਸਿੰਘ ਠੱਠਗੜ੍ਹ, ਤਰਸੇਮ ਸਿੰਘ ਮੀਆਂਪੁਰ, ਆਦਿ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦਿਆਂ ਕਿਹਾ ਕਿ ਇਹੋ ਜਿਹੇ ਡੇਰੇਦਾਰ ਜੋ ਅਪਣੀ ਮਨ ਮਰਜ਼ੀ ਨਾਲ ਅਪਣੀ ਮਰਿਆਦਾ ਬਣਾਈ ਬੈਠੇ ਹਨ ਤੇ ਸਿੱਖ ਕੌਮ ਨੂੰ ਢਹਿਦੀ ਕਲਾ ਵਿਚ ਲਿਜਾ ਰਹੇ ਹਨ, ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top