Share on Facebook

Main News Page

ਇਸ ਦੇਸ਼ ਵਿੱਚ ਨੇਕੀ ਉਤੇ ਬਦੀ ਭਾਰੂ ਹੋਣ ਦੀ ਖ਼ਬਰ ਕੋਈ ਹੈਰਾਨੀਜਨਕ ਨਹੀਂ ਹੈ

7 ਅਕਤੂਬਰ 2011 ਦੇ ਇੱਕ ਪੰਜਾਬੀ ਅਖ਼ਬਾਰ ’ਚ ਪੰਜਾਬ ਪੰਨੇ ’ਤੇ ਖ਼ਬਰ ਪ੍ਹੜੀ- ‘ਰਾਏਕੋਟ ’ਚ ਨੇਕੀ ਉਤੇ ਬਦੀ ਭਾਰੂ ਹੋਈ’। ਇਸ ਖ਼ਬਰ ’ਤੇ ਨਜ਼ਰ ਪੈਂਦਿਆਂ ਮੈਨੂੰ ਬਹੁਤ ਹੈਰਾਨੀ ਨਾ ਹੋਈ ਕਿਉਂ ਮੈਂ ਸਮਝ ਚੁੱਕਾ ਹਾਂ ਕਿ ਇਸ ਦੇਸ਼ ਵਿੱਚ ਤਾਂ ਹਮੇਸ਼ਾਂ ਹੀ ਨੇਕੀ ਉਤੇ ਬਦੀ ਭਾਰੂ ਰਹਿੰਦੀ ਹੈ। ਪਰ ਕਿਉਂਕਿ ਇਹ ਖ਼ਬਰ ਉਸ ਦਿਹਾੜੇ ਨਾਲ ਸਬੰਧਤ ਸੀ ਜਿਸ ਦਿਨ ਸਮੁੱਚੇ ਦੇਸ਼ ਵਿੱਚ ‘ਬਦੀ ਉਤੇ ਨੇਕੀ ਦੀ ਜਿੱਤ’ ਦੇ ਦਿਹਾੜੇ ਦੇ ਤੌਰ ’ਤੇ ਬੜੇ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ, ਤੇ ਇਸ ਖ਼ਬਰ ਵਿੱਚ ਫ਼ੋਟੋ ਵੀ ਦੁਸਹਿਰੇ ਵਿੱਚ ਰਾਵਣ ਦੇ ਸੜ ਰਹੇ ਪੁਤਲੇ ਦੀ ਲੱਗੀ ਹੋਈ ਸੀ, ਇਸ ਲਈ ਖ਼ਬਰ ਪੜ੍ਹਨ ਦੀ ਉਤਸੁਕਤਾ ਪੈਦਾ ਹੋਈ ਕਿ ਆਖ਼ਰ ਐਸੀ ਕਿਹੜੀ ਘਟਨਾ ਵਾਪਰ ਗਈ ਹੈ ਕਿ ‘ਨੇਕੀ ਉਤੇ ਬਦੀ ਭਾਰੂ ਹੋਈ’ ਦੇ ਸਿਰਲੇਖ ਹੇਠ ਇਹ ਖ਼ਬਰ ਛਾਪਕੇ ਪਾਠਕਾਂ ਲਈ ਹੈਰਾਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖ਼ਬਰ ਪੜ੍ਹੀ ਤਾਂ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਗੱਲ ਬਣ ਗਈ। ਪੂਰੀ ਖ਼ਬਰ ਇਸ ਤਰ੍ਹਾਂ ਸੀ:-

ਨੇਕੀ ’ਤੇ ਬਦੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਰਾਏਕੋਟ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਲਗਾਏ ਗਏ ਬੁੱਤਾਂ ’ਤੇ ਉਸ ਸਮੇਂ ਬਦੀ ਭਾਰੂ ਹੋ ਗਈ ਜਦੋਂ ਬੀਤੀ ਅੱਧੀ ਰਾਤ ਸਮੇਂ ਕਿਸੇ ਸ਼ਰਾਰਤੀ ਅਨਸਰਾਂ ਨੇ ਸਥਾਨਕ ਮਿਉਂਸਪਲ ਸਟੇਡੀਅਮ ’ਚ ਲਗਾਏ ਗਏ ਬੁੱਤਾਂ ਨੂੰ, ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਵਲੋਂ ਕੀਤੇ ਗਏ ਨਾ ਮਾਤਰ ਪ੍ਰਬੰਧਾਂ ਦੇ ਵਿਰੋਧ ਵਿੱਚ, ਹਿੰਦੂ ਤੇ ਸਿੱਖ ਧਰਮ ਦੇ ਲੋਕਾਂ ਨੇ ਸਥਨਕ ਨਗਰ ਕੌਂਸਿਲਰ ਅਮਨਦੀਪ ਸਿੰਘ ਗਿੱਲ ਤੇ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਜੇ ਕੁਮਾਰ ਜੈਨ ਦੀ ਅਗਵਾਈ ’ਚ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕਰ ਦਿੱਤਾ ਤਾਂ ਐੱਸਪੀ (ਡੀ) ਅਤੇ ਡੀਐੱਸਪੀ ਪ੍ਰਿਥੀਪਾਲ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਭੜਕੇ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਇਸ ਸਬੰਧੀ ਥਾਣਾ ਰਾਏਕੋਟ ’ਚ ਅਣਪਛਾਤੇ ਵਿਅਕਤੀਆਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 295 ਏ, 436 ਤਹਿਤ ਮੁਕੱਦਮਾ ਦਰਜ਼ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੁੱਤਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਥਾਣੇਦਾਰ ਜਗਰੂਪ ਸਿੰਘ ਵਲੋਂ ਕੀਤੀ ਕੁਤਾਹੀ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੌਲਦਾਰ ਮੁਸਤਾਕ ਅਲੀ, ਸਿਪਾਹੀ ਤਾਰਾ ਸਿੰਘ ਅਤੇ ਹੋਮ ਗਾਰਡ ਦੇ ਜਵਾਨ ਸਮਿੱਤਰ ਸਿੰਘ ਨੂੰ ਲਾਈਨ ਹਾਜਰ ਕਰ ਦਿੱਤਾ ਹੈ।

ਕੀ ਰਾਵਣ ਵਾਕਿਆ ਹੀ ਬਦੀ ਦਾ ਪ੍ਰਤੀਕ ਹੈ, ਇਹ ਵਿਸ਼ਾ ਵੀ ਡੂੰਘੀ ਵੀਚਾਰ ਦੀ ਮੰਗ ਕਰਦਾ ਹੈ ਪਰ ਹਾਲ ਦੀ ਘੜੀ ਇਸ ਮੁੱਦੇ ਨੂੰ ਲਾਂਭੇ ਰੱਖ ਕੇ ਸਿਰਫ ਖ਼ਬਰ ਵਿੱਚ ਵਰਤੀ ਗਈ ਸ਼ਬਦਾਵਲੀ ’ਤੇ ਹੀ ਵੀਚਾਰ ਕਰਦੇ ਹਾਂ। ਰੋਸ ਕਰਨ ਵਾਲੇ ਲੋਕਾਂ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਬਦੀ ਦਾ ਪ੍ਰਤੀਕ ਮੰਨੇ ਜਾ ਰਹੇ ਰਾਵਣ ਦਾ ਪੁਤਲਾ ਉਨ੍ਹਾਂ ਨੇ ਉਸ ਦੀ ਪੂਜਾ ਕਰਨ ਜਾਂ ਸਤਿਕਾਰ ਭੇਟ ਕਰਨ ਲਈ ਤਾਂ ਨਹੀਂ ਸੀ ਬਣਾਇਆ, ਬਲਕਿ ਉਨ੍ਹਾਂ ਨੇ ਵੀ ਉਸ ਨੂੰ ਅੱਗ ਹੀ ਲਾਉਣੀ ਸੀ। ਫਿਰ ਜੇ ਕਿਸੇ ਸ਼ਰਾਰਤੀ ਅਨਸਰ ਨੇ ਰਾਤ ਨੂੰ ਉਸ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਤਾਂ ਨੇਕੀ ’ਤੇ ਬਦੀ ਭਾਰੂ ਕਿਸ ਤਰ੍ਹਾਂ ਹੋ ਗਈ? ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਸ਼ਰਾਰਤੀ ਅਨਸਰ ਦੱਸਿਆ ਜਾ ਰਿਹਾ ਹੈ, ਉਨ੍ਹਾਂ ਨੂੰ ਰਾਵਣ ਦੇ ਇਸ ਪੁਤਲੇ ਵਿੱਚ ਰੋਸ ਕਰਨ ਵਾਲੇ ਲੋਕਾਂ ਨਾਲੋ ਵੀ ਵੱਧ ਬੁਰਿਆਈ ਨਜ਼ਰ ਆਉਂਦੀ ਹੋਵੇ, ਇਸ ਲਈ ਇਸ ਨੂੰ ਅੱਗ ਲਾਉਣ ਦਾ ਕੰਮ ਉਨ੍ਹਾਂ ਨੇ ਨੇਕੀ ਸਮਝ ਹੀ ਕੀਤਾ ਹੋਵੇ? ਹਾਂ ਇਹ ਵੀ ਹੋ ਸਕਦਾ ਹੈ ਕਿ ਰੋਸ ਕਰਨ ਵਾਲੇ ਲੋਕ ਸੋਚਦੇ ਹੋਣ ਕਿ ਇਹ ਨੇਕੀ ਦਾ ਕੰਮ ਤਾਂ ਉਨ੍ਹਾਂ ਨੇ ਲੋਕਾਂ ਦੇ ਵੱਡੇ ਇਕੱਠ ਵਿੱਚ ਪ੍ਰਦਰਸ਼ਿਤ ਕਰਕੇ ਕਰਨਾ ਸੀ ਪਰ ਇਸ ਅਖੌਤੀ ਸ਼ਰਾਰਤੀ ਅਨਸਰ ਨੇ ਪਹਿਲਾਂ ਹੀ ਬਾਜ਼ੀ ਮਾਰ ਕੇ ਉਨ੍ਹਾਂ ਹੱਥੋਂ ਨੇਕੀ ਕਰਨ ਦਾ ਮੌਕਾ ਖੋਹ ਲਿਆ ਹੈ।

ਦੂਸਰਾ ਸਵਾਲ ਪੁਲਿਸ ਪ੍ਰਸ਼ਾਸ਼ਨ ਵਲੋਂ ਵਿਖਾਈ ਗਈ ਫੁਰਤੀ ’ਤੇ ਵੀ ਹੈ। ਇਸ ਦੇਸ਼ ਦੇ ਜਿਸ ਪ੍ਰਸ਼ਾਸ਼ਨ ਦੀਆਂ ਅੱਖਾਂ ਹੇਠ 1984 ’ਚ ਦਿੱਲੀ ਸਮੇਤ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਹਜਾਰਾਂ ਸਿੱਖਾਂ ’ਤੇ ਪੈਟਰੋਲ ਪਾ ਕੇ ਅੱਗ ਲਾਉਣ ਅਤੇ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਵਾਪਰੀਆਂ, 2002 ਵਿੱਚ ਗੁਜਰਾਤ ’ਚ ਮੁਸਲਮਾਨਾਂ ਅਤੇ 2008 ’ਚ ਕਰਨਾਟਕਾ ਵਿੱਚ ਈਸਾਈਆਂ ਨਾਲ ਇਹੀ ਕੁਝ ਵਾਪਰਿਆ ਪਰ ਬੇਕਸੂਰ ਮਨੁਖਤਾ ’ਤੇ ਕਹਿਰ ਢਾਹੁਣ ਵਾਲੇ ਕਿਸੇ ਦਰਿੰਦੇ ਵਿਰੁਧ ਕੇਸ ਦਰਜ ਕਰਨ ਜਾਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਕਰਨ ਦੀ ਅਜਿਹੀ ਫੁਰਤੀ ਨਹੀਂ ਵਿਖਾਈ ਗਈ ਜਿਸ ਤਰ੍ਹਾਂ ਦੀ ਰਾਏਕੋਟ ਵਿੱਚ ਬਦੀ ਦੇ ਪ੍ਰਤੀਕ ਰਾਵਣ ਦੇ ਇੱਕ ਪੁਤਲੇ ਨੂੰ ਸਮੇਂ ਤੋਂ ਪਹਿਲਾਂ ਅੱਗ ਲਾਉਣ ਕਾਰਣ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਬਰਾਬਰ ਰੱਖ ਕੇ ਵੇਖਿਆ ਜਾਵੇ ਤਾ ਇਸ ਗੱਲ ਦੀ ਬੜੀ ਅਸਾਨੀ ਨਾਲ ਸਮਝ ਆਉਂਦੀ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਮਨੁਖਾਂ ਦੀ ਕੀਮਤ ਬਦੀ ਦੇ ਪ੍ਰਤੀਕ ਰਾਵਣ ਦੇ ਇਕ ਪੁਤਲੇ ਨਾਲੋਂ ਕਿਤੇ ਘੱਟ ਹੈ।

ਬਦੀ ’ਤੇ ਨੇਕੀ ਦੀ ਜਿੱਤ ਦੇ ਇਤਿਹਾਸਕ ਦੁਸਹਿਰੇ ਵਾਲੇ ਦਿਨ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਹਜਾਰਾਂ ਸਾਲਾਂ ਤੋਂ ਹਰ ਸਾਲ ਅੱਗ ਲਾ ਕੇ ਸਾੜ ਕੇ ਜਸ਼ਨ ਮਨਾਉਣ ਵਾਲੇ ਵੀਰੋ! ਜਰਾ ਸੋਚੋ ਕਿ ਉਹ ਰਾਵਣ ਅੱਜ ਦੇ ਰਾਵਣਾਂ ਨਾਲੋਂ ਸੈਂਕੜੇ ਗੁਣਾ ਚੰਗਾ ਸੀ, ਜਿਸ ਨੇ ਆਪਣੀ ਭੈਣ ਸਰੂਪਨਖਾ ਦਾ ਨੱਕ ਵੱਡੇ ਜਾਣ ਦਾ ਬਦਲਾ ਲੈਣ ਲਈ ਬੇਸ਼ੱਕ ਸੀਤਾ ਦਾ ਉਪਹਰਣ ਤਾਂ ਕੀਤਾ ਪਰ ਇੱਕ ਸਾਲ ਤੋਂ ਵੱਧ ਸਮਾਂ ਆਪਣੇ ਮਹਿਲਾਂ ਵਿੱਚ ਰੱਖਣ ਦੇ ਬਾਵਯੂਦ ਉਸ ਦੀ ਇੱਜਤ ਨੂੰ ਹੱਥ ਨਹੀਂ ਪਾਇਆ ਪਰ ਅੱਜ ਦੇ ਰਾਵਣਾਂ ਨੇ ਤਾਂ 1984, 2002 ਅਤੇ 2004 ਵਿੱਚ ਆਪਣੇ ਹੀ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਔਰਤਾਂ ਨਾਲ, ਪਹਿਲਾ ਮੌਕਾ ਮਿਲਦੇ ਹੀ ਵੱਡੇ ਪੱਧਰ ’ਤੇ ਦਿਨ ਦੀਵੀ ਬਲਾਤਕਾਰ ਕੀਤੇ। ਦੇਸ਼ ਵਿੱਚ ਇੱਕਾ ਦੁੱਕਾ ਵਾਪਰਨ ਵਾਲੀਆਂ ਘਟਨਾਵਾਂ ’ਚ ਹੋ ਰਹੇ ਬਲਾਤਕਾਰਾਂ ਦੀ ਹੀ ਜੇ ਗਿਣਤੀ ਕੀਤੀ ਜਾਵੇ ਤਾਂ ਹਰ ਰੋਜ਼ ਸੈਂਕੜੇ ਕੇਸ ਸਾਹਮਣੇ ਆ ਜਾਂਦੇ ਹਨ, ਜਿਥੇ ਬਲਾਤਕਾਰ ਕਿਸੇ ਦੁਸ਼ਮਨ ਦੇਸ਼ ਦੇ ਵਾਸੀ ਨਹੀਂ ਸਗੋਂ ਆਪਣੇ ਹੀ ਦੇਸ਼ ਦੇ ਸਤਿਕਾਰਤ ਵਾਸੀ ਹੁੰਦੇ ਹਨ।

ਕਈ ਕੇਸਾਂ ਵਿੱਚ ਤਾਂ ਬਲਾਤਕਾਰ, ਪੀੜਤ ਔਰਤ ਦੇ ਆਪਣੀ ਹੀ ਕੌਮ ਨਾਲ ਸਬੰਧਤ ਜਾਣਕਾਰ ਗੁਆਂਢੀ, ਦੋਸਤ ਅਤੇ ਇੱਥੋਂ ਤੱਕ ਕਿ ਉਸ ਦੇ ਸਕੇ ਸਬੰਧੀ ਵੀ ਹੁੰਦੇ ਹਨ। ਇਸ ਤੋਂ ਵੱਧ ਕਈ ਦਰਿੰਦਗੀ ਦੇ ਕੇਸ ਤਾਂ ਅਜਿਹੇ ਵੀ ਵਾਪਰਦੇ ਹਨ ਜਿੱਥੇ ਬਿਲਕੁਲ ਬੇਸਮਝ 5-6 ਸਾਲਾਂ ਦੀਆਂ ਬੱਚੀਆਂ ਵੀ ਅੱਜ ਦੇ ਰਾਵਣਾਂ ਦੀ ਹਵਸ਼ ਦਾ ਸ਼ਿਕਾਰ ਬਣ ਜਾਂਦੀਆਂ ਹਨ। ਜਿਸ ਦੇਸ਼ ਵਿੱਚ ਅਜਿਹੇ ਰਾਵਣ ਸ਼ਰੇਆਮ ਘੁਮ ਰਹੇ ਹੋਣ, ਉਸ ਦੇਸ਼ ਦੇ ਵਾਸੀਆਂ ਨੂੰ ਹਰ ਸਾਲ ਰਾਵਣ ਦੇ ਪੁਤਲਿਆਂ ਨੂੰ ਅੱਗ ਲਾ ਕੇ ਇਹ ਦੱਸਣ ਵੇਲੇ ਕੁਝ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਬਦੀ ਉਤੇ ਨੇਕੀ ਨੇ ਜਿੱਤ ਪਾ ਲਈ ਹੈ। ਕੀ ਕੋਈ ਇਸ ਸਵਾਲ ਦਾ ਉੱਤਰ ਦੇ ਸਕਦਾ ਹੈ ਕਿ ਸਮੁੱਚੇ ਦੇਸ਼ ਵਿੱਚ ਹਜਾਰਾਂ ਸਾਲਾਂ ਤੋਂ ਹਰ ਸਾਲ ਰਾਵਣ ਦੇ ਹਜਾਰਾਂ ਹੀ ਪੁਤਲੇ ਸਾੜਨ ਵਾਲਿਓ! ਇਸ ਦੇਸ਼ ਵਿੱਚ ਉਸ ਤੋਂ ਸੈਂਕੜੇ ਗੁਣਾਂ ਘਟੀਆ ਕਿਰਦਾਰ ਵਾਲੇ ਲੱਖਾਂ ਰਾਵਣ ਕਿਵੇਂ ਪੈਦਾ ਹੋ ਰਹੇ ਹਨ ਤੇ ਇਹ ਸ਼ਰਮਨਾਕ ਕਾਰੇ ਕਰਨ ਪਿੱਛੋਂ ਵੀ ਦਨਦਨਾਉਂਦੇ ਕਿਵੇਂ ਘੁਮ ਰਹੇ ਹਨ? ਬਦੀ ’ਤੇ ਨੇਕੀ ਦੀ ਜਿੱਤ ਦੀਆਂ ਟਾਹਰਾਂ ਮਾਰਣ ਵਾਲੇ ਕੀ ਕਦੀ ਇਨ੍ਹਾਂ ਰਾਵਣਾਂ ਵੱਲ ਵੀ ਧਿਆਨ ਦੇਣਗੇ?

ਜਾਪਦਾ ਇੰਝ ਹੈ ਕਿ ਬਦੀ ਤੇ ਨੇਕੀ ਦੀ ਜਿੱਤ ਦੇ ਜਸ਼ਨ ਮਨਾਉਣ ਵਾਲਿਆਂ ਦੇ ਜ਼ਿਹਨ ਵਿੱਚ ਇਹ ਖ਼ਿਆਲ ਤਾਂ ਕਦੀ ਪਨਪਦਾ ਹੀ ਨਹੀਂ ਹੋਵੇਗਾ, ਉਨ੍ਹਾਂ ਲਈ ਤਾਂ ਰਾਵਣ ਦੇ ਪੁਤਲੇ ਨੂੰ ਅੱਗ ਲਾਉਂਦੇ ਸਮੇਂ ਵੱਡੇ ਪੱਧਰ ’ਤੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣੀ ਇੱਕ ਦਿੱਲ ਪ੍ਰਚਾਵਾ ਤੇ ਤਮਾਸ਼ਾਬੀਨ ਬਣਕੇ ਰੌਣਕ ਮੇਲਾ ਵੇਖਣਾ ਹੀ ਹੈ। ਇਹੋ ਕਾਰਣ ਹੈ ਕਿ ਰਾਏਕੋਟ ਦੇ ਲੋਕਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਰਾਤ ਨੂੰ ਹੀ ਕਿਸੇ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਾ ਕੇ ਰੌਣਕ ਮੇਲੇ ’ਚ ਤਮਾਸ਼ਾ ਵੇਖਣ ਦਾ ਉਨ੍ਹਾਂ ਹੱਥੋਂ ਮੌਕਾ ਖੁੰਝਾ ਦਿੱਤਾ ਹੈ ਤਾਂ ਉਨ੍ਹਾਂ ਨੂੰ ਬੇਅੰਤ ਗੁੱਸਾ ਆਇਆ ਤੇ ਇਸ ਗੁੱਸੇ ਵਿੱਚ ਉਨ੍ਹਾਂ ਨੇ ਇਸ ਕਦਰ ਰੋਸ ਪ੍ਰਗਟ ਕੀਤਾ ਕਿ ਜਿਹੜੀ ਪੁਲਿਸ ਇਨਸਾਨਾਂ ਦੇ ਕਤਲ ਹੋਣ ’ਤੇ ਵੀ ਕੋਈ ਕਾਰਵਾਈ ਨਹੀਂ ਕਰਦੀ, ਉਸ ਪੁਲਿਸ ਨੂੰ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲਾ ਸੜਨ ’ਤੇ ਰੋਸ ਪ੍ਰਗਟ ਕਰ ਰਹੇ ਭੜਕੇ ਲੋਕਾਂ ਨੂੰ ਸ਼ਾਂਤ ਕਰਨ ਲਈ ਬੜੀ ਫੁਰਤੀ ਨਾਲ ਕਾਰਵਾਈ ਕਰਨੀ ਪਈ।

ਅਖ਼ਬਾਰ ਵਿੱਚ ਖ਼ਬਰ ਲਿਖਣ ਵਾਲੇ ਪੱਤਰਕਾਰ ਤੋਂ ਖ਼ਬਰ ਦੀ ਪਹਿਲੀ ਸ਼ਤਰ: ‘ਨੇਕੀ ’ਤੇ ਬਦੀ ਦੀ ਜਿੱਤ ਦੇ ਪ੍ਰਤੀਕ……’ ਸ਼ਾਇਦ ਗਲਤੀ ਨਾਲ ਲਿਖੀ ਗਈ ਜਾਂ ਹੋ ਸਕਦਾ ਹੈ ਕਿ ਉਸ ਦੇ ਜ਼ਿਹਨ ਵਿੱਚ ਵੀ ਇਹ ਖ਼ਿਆਲ ਉਠਦਾ ਹੋਵੇ ਕਿ ਭਾਰਤ ਦੇਸ਼ ਵਿੱਚ ਅੱਜ ਨੇਕੀ ’ਤੇ ਬਦੀ ਦੀ ਜਿੱਤ ਹੀ ਤਾਂ ਹੋ ਰਹੀ ਹੈ ਇਸ ਲਈ ਇਹੀ ਸ਼ਬਦਾਵਲੀ ਵਰਤੀ ਜਾਣੀ ਯੋਗ ਹੈ। ਬੇਸ਼ੱਕ ਪੱਤਰਕਾਰ ਤੋਂ ਗਲਤੀ ਹੀ ਹੋਈ ਹੋਵੇ ਪਰ ਇਸ ਦੇਸ਼ ਦੇ ਹਲਾਤਾਂ ਮੁਤਾਬਿਕ ਇਹ ਸ਼ਬਦਾਵਲੀ ਪੂਰੀ ਤਰ੍ਹਾਂ ਸਹੀ ਢੁਕਦੀ ਹੈ।

ਕਿਰਪਾਲ ਸਿੰਘ ਬਠਿੰਡਾ
ਫ਼ੋਨ (ਘਰ) 0164 2210797
(ਮੋਬ:) 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top