Share on Facebook

Main News Page

ਬਾਦਲ ਦਾ ਸੱਚ - ਭਗਵੇਂ ਡੇਰੇਦਾਰ ਹੀ ਬਾਦਲ ਦੀ ਰਾਜਨੀਤੀ ਦਾ ਮੂਲ ਆਧਾਰ

ਬਰਨਾਲਾ, 7 ਅਕਤੂਬਰ (ਜਗਸੀਰ ਸਿੰਘ ਸੰਧੂ): ਪੰਜਾਬ ਦੇ ਮੁੱਖ ਮੰਤਰੀ ਅਤੇ ਸਭ ਤੋਂ ਘਾਗ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਤੇ ਦਿਨ ਲੁਧਿਆਣਾ ਵਿਖੇ ਕਿਚਲੂ ਨਗਰ 'ਚ ਸਥਿਤ ‘ਰਾਮ ਸ਼ਰਣਮ' (ਗੋਹਾਣਾ ਵਾਲੇ) ਦੇ ਆਸ਼ਰਮ ਵਿੱਚ ਭਗਤ ਹੰਸਰਾਜ ਦਾ ਹਾਲ ਚਾਲ ਪੁਛਣ ਸਮੇਂ ਉਹਨਾਂ ਦੇ ਪੈਰੀਂ ਹੱਥ ਲਾਉਂਦਿਆਂ ਦੀ ਅਖਬਾਰਾਂ 'ਚ ਛਪੀ ਤਸਵੀਰ ਅਤੇ ਕਹੀਆਂ ਗੱਲਾਂ ਨਾਲ ਸਿੱਖ ਕੌਮ ਅੰਦਰ ਨਵੀਂ ਚਰਚਾ ਛਿੜ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੁਰਸੀ ਡਾਹ ਕੇ ਬੈਠਣ ਵਾਲੇ ਬੁਜਰਗ ਬਾਦਲ ਸਾਹਿਬ ਦੇ ਗੋਡਿਆਂ ਵਿੱਚ ਇਹ ਅਚਾਨਕ ਲਚਕ ਕਿਵੇਂ ਪੈਦਾ ਹੋ ਗਈ ਹੈ

ਜਿਥੇ ਇਸ ਮੌਕੇ ਉਹਨਾਂ ਵੱਲੋਂ ਇਹ ਕਹਿਣਾ ਕਿ ਪਹਿਲਾਂ ਤਾਂ ਸਿਆਸਤ ਇੱਜਤ ਲਈ ਹੁੰਦੀ ਸੀ, ਪਰ ਹੁਣ ਸਿਆਸਤ ਸਿਰਫ ਲਾਲਚ ਲਈ ਕੀਤੀ ਜਾ ਰਹੀ ਹੈ, ਇੱਕ ਕੌੜੇ ਸੱਚ ਨੂੰ ਨੰਗਾ ਕਰ ਗਿਆ ਹੈ, ਉਥੇ ਭਗਤ ਹੰਸਰਾਜ ਦੀ ਨੂੰਹ ਰੇਖਾ ਵਿਜ ਵੱਲੋਂ ਕੀਤੇ ਇੰਕਸਾਫ਼ ਕਿ ਮਾਲਵੇ ਦੇ ਇਲਾਕੇ ਵਿੱਚ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦਾ ਉਹਨਾਂ ਨੂੰ ਆਪਣੀਆਂ ਸਰਗਰਮੀਆਂ ਚਲਾਉਂਣ ਲਈ ਭਰਪੂਰ ਯੋਗਦਾਨ ਮਿਲਦਾ ਸੀ, ਵੀ ਕਈ ਤਰਾਂ ਦੇ ਪਰਦਿਆਂ ਨੂੰ ਨੰਗਾ ਕਰ ਗਿਆ ਹੈ ਕਿ ਬਾਦਲ ਪਰਵਾਰ ਆਰ. ਐਸ. ਐਸ. ਦੇ ਸਿੱਖ ਵਿਰੋਧੀ ਮਿਸ਼ਨ ਦੀ ਪੂਰਤੀ ਲਈ ਕਿਸ ਹੱਦ ਤੱਕ ਉਹਨਾਂ ਦਾ ਸਹਾਈ ਹੋ ਚੁਕਿਆ ਹੈ। ਇਹ ਸਾਰੇ ਵਿਚਾਰ ਚੇਤੰਨ ਸਿੱਖ ਵਰਗ ਦੇ ਦਿਮਾਗ ਵਿੱਚ ਘੁੰਮਣ ਲੱਗੇ ਹਨ। ਬਹੁਤੇ ਸਿੱਖ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਉਮਰ ਦੇ ਆਖਰੀ ਪੜਾਅ 'ਤੇ ਆ ਕੇ ਪ੍ਰਕਾਸ ਸਿੰਘ ਬਾਦਲ ਦੀ ਸਚਾਈ ਨੰਗੀ ਹੋ ਗਈ ਹੈ ਕਿ ਉਹਨਾਂ ਨੇ ਸਾਰੀ ਉਮਰ ਲਾਲਚ ਵੱਸ ਰਾਜਨੀਤੀ ਕੀਤੀ ਹੈ।

ਬਾਦਲ ਵੱਲੋਂ ਬੋਲੇ ਗਏ ਸੱਚ ਨਾਲ ਉਹਨਾਂ ਦਾ ਵੋਟ ਬੈਂਕ ਵੀ ਨੰਗਾ ਹੋ ਗਿਆ ਹੈ ਕਿ ਹਿੰਦੂਤਵੀ ਪ੍ਰਭਾਵ ਵਾਲੇ ਡੇਰੇਦਾਰ ਹੀ ਉਹਨਾਂ ਦੀ ਰਾਜਨੀਤੀ ਦਾ ਮੂਲ ਅਧਾਰ ਰਹੇ ਹਨ। ਉਹਨਾਂ ਨੇ ਸਦਾ ਅੰਦਤਖਾਤੇ ਹਿੰਦੂਤਵੀ ਡੇਰੇਦਾਰਾਂ ਦੀ ਮੱਦਦ ਕੀਤੀ ਹੈ ਅਤੇ ਭੋਲੇ ਭਾਲੇ ਸਿੱਖਾਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾ ਕੇ ਆਪਣੀ ਰਾਜਸੱਤਾ ਕਾਇਮ ਰੱਖੀ ਹੈ। ਰਾਮਸਰਣਮ ਆਸਰਮ ਵਿੱਚ ਸ੍ਰ. ਬਾਦਲ ਵੱਲੋਂ ਕਹੀਆਂ ਗੱਲਾਂ ਨਾਲ ਸਾਬਤ ਹੋ ਗਿਆ ਹੈ ਕਿ ਉਹਨਾਂ ਨੇ ਰਾਜਨੀਤੀ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਅਤੇ ਉਹਨਾਂ ਨੇ ਆਪਣੇ ਹਰੇਕ ਰਾਜਨੀਤਕ ਵਿਰੋਧੀ ਨੂੰ ਕਿਸ ਤਰਾਂ ਚਿੱਤ ਕੀਤਾ ਹੈ। ਮੁਖ ਮੰਤਰੀ ਦਾ ਡੇਰਾਵਾਦੀਆਂ ਨਾਲ ਕਿਸ ਤਰਾਂ ਦਾ ਸੁਨੇਹ ਹੈ, ਉਹ ਵੀ ਉਹਨਾਂ ਦੇ ਇਸ ਦੌਰੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਵੇਂ ਭਗਤ ਹੰਸਰਾਜ ਹੋਵੇ, ਭਾਵੇਂ ਆਸੂਤੋਸ ਹੋਵੇ, ਭਾਵੇਂ ਭਨਿਆਰਾਂ ਵਾਲਾ ਹੋਵੇ, ਭਾਵੇਂ ਸੌਦਾ ਸਾਧ ਹੋਵੇ ਅਤੇ ਭਾਵੇਂ ਬਾਬੇ ਧੂੰਮੇ ਵਰਗੇ ਸਿੱਖ ਡੇਰੇਦਾਰ ਹੋਣ, ਬਾਦਲ ਸਾਹਿਬ ਦੀ ਇਹਨਾਂ ਸਾਰੇ ਡੇਰੇਦਾਰਾਂ ਲਈ ਇੱਕੋ ਹੀ ਨੀਤੀ ਰਹੀ ਹੈ। ਜਿੰਦਗੀ ਦੇ ਆਖਰੀ ਪੜਾਅ 'ਤੇ ਪੰਥ ਅਤੇ ਗੁਰੂ ਕੋਲੋਂ ਕੁਝ ਮੰਗਣ ਕੀ ਥਾਂ ਭਗਤ ਹੰਸਰਾਜ ਕੋਲੋਂ ਚਾਰ ਫੁੱਟ ਜਗਾ ਨਿਵਾਸ ਲਈ ਮੰਗਣਾ ਵੀ ਸਾਬਤ ਕਰਦਾ ਹੈ ਕਿ ਸ੍ਰ. ਬਾਦਲ ਨੇ ਸਾਰੀ ਉਮਰ ਆਰ. ਐਸ. ਐਸ. ਦੀ ਕੀਤੀ ਸੇਵਾ ਦਾ ਹੀ ਮੁੱਲ ਮੰਗਿਆ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top