Share on Facebook

Main News Page

ਮੱਕੜ ਦਿੱਲੀ ਕਮੇਟੀ ਚੋਣਾਂ ਦਾ ਕਿਲ੍ਹਾ ਫਤਿਹ ਕਰਨ ਦੇ ਸੁਪਨੇ ਲੈਣੇ ਬੰਦ ਕਰ ਦੇਵੇ: ਸਰਨਾ, ਕਲਕੱਤਾ

* ਮੱਕੜ ਇਹ ਤਾਂ ਸਪਸ਼ਟ ਕਰਨ ਕਿ ਉਸ ਦੀ ਸੁਰੱਖਿਆ ਵਿਚ ਸਰਕਾਰੀ ਜਿਪਸੀ ਦਾ ਪੈਟਰੋਲ ਸਰਕਾਰ ਖਰਚਦੀ ਹੈ ਜਾਂ ਕਮੇਟੀ, ਜੇ ਕਮੇਟੀ ਖਰਚਦੀ ਹੈ ਤਾਂ ਸਰਕਾਰੀ ਤੇਲ ਬਾਦਲ ਪੀ ਜਾਂਦਾ ਹੈ ਜਾਂ ਮੱਕੜ ਖੁਦ
* ਕਮੇਟੀ ਦੇ ਕਿਸੇ ਵੀ ਬਜਟ ਵਿਚ ਪੀਟੀਸੀ ਚੈਨਲ ਪਾਸੋਂ ਹਰ ਸਾਲ ਪ੍ਰਾਪਤ ਹੋਏ ਲੱਖਾਂ ਰੁਪਇਆਂ ਦਾ ਜਿਕਰ ਨਹੀਂ ਮਿਲਦਾ, ਫਿਰ ਇਹ ਰਕਮ ਕਿਥੇ ਜਾਂਦੀ ਹੈ

ਬਠਿੰਡਾ, 5 ਅਕਤੂਬਰ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਿੱਲੀ ਕਮੇਟੀ ਚੋਣਾਂ ਦਾ ਕਿਲ੍ਹਾ ਫਤਿਹ ਕਰਨ ਦੇ ਸੁਪਨੇ ਲੈਣੇ ਬੰਦ ਕਰ ਦੇਵੇ ਕਿਉਂਕਿ ਮੱਕੜ ਤੇ ਉਸਦੇ ਸਿਆਸੀ ਮਾਲਕ ਦੋ ਵਾਰ ਮੂੰਹ ਦੀ ਖਾ ਚੁਕੇ ਹਨ।

ਇਹ ਸ਼ਬਦ ਸ੍ਰ. ਮੱਕੜ ਦੇ ਬੀਤੇ ਕੱਲ੍ਹ ਇਕ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਦਿੱਲੀ ਕਮੇਟੀ ਚੋਣਾਂ ਵਿਚ ਕੇਵਲ ਸਾਬਤ ਸੂਰਤ ਸਿੱਖ ਵੋਟਾਂ ਪਾਉਂਦੇ ਹਨ ਇਸ ਲਈ ਦਿੱਲੀ ਵਿਚ ਮੱਕੜ ਦੇ ਹੱਥ ਸਫਲਤਾ ਨਹੀਂ ਲੱਗੀ ਤੇ ਉਹ ਪਾਰਟੀ ਦਾ ਪਹਿਲਾ ਵਕਾਰ ਵੀ ਗਵਾ ਕੇ ਬੇਰੰਗ ਮੁੜ ਆਇਆ ਸੀ।

ਉਨ੍ਹਾਂ ਦੱਸਿਆ ਕਿ ਮੱਕੜ ਦੀ ਇਸ ਪ੍ਰਾਪਤੀ ਕਰਕੇ ਹੀ ਇਸ ਕਮੇਟੀ ਚੋਣ ਵਿਚ ਤਾਂ ਮੱਕੜ ਲੁਧਿਆਣੇ ਵਿਚ ਪੰਥਕ ਮੋਰਚੇ ਦੇ ਇਕ ਨੌਜੁਆਨ ਉਮੀਦਵਾਰ ਦਾ ਮੁਕਾਬਲਾ ਕਰਦਾ ਮੁੜਕੋ ਮੁੜਕੀ ਹੋ ਗਿਆ ਸੀ। ਸ੍ਰ ਸਰਨਾ ਨੇ ਦੱਸਿਆ ਕਿ ਲੁਧਿਆਣੇ ਦੇ ਸਿੱਖ ਚੰਗੀ ਤਰ੍ਹਾ ਜਾਣਦੇ ਹਨ ਕਿ ਲੁਧਿਆਣੇ ਵਿਚ ਵੀ ਕਿਸ ਤਰ੍ਹਾਂ ਬਾਦਲ ਦਲ ਨੇ ਟਰੱਕਾਂ ਵਿਚ ਗੈਰ ਸਿੱਖ ਤੇ ਪ੍ਰਵਾਸੀ ਭਈਏ ਭੁਗਤਾ ਕੇ ਮੱਕੜ ਨੂੰ ਚੋਣ ਜਿਤਾਈ ਹੈ। ਸ੍ਰ ਸਰਨਾ ਨੇ ਦੱਸਿਆ ਕਿ ਮੱਕੜ ਦੀ ਉਸਦੇ ਸ਼ਹਿਰ ਵਿਚ ਮਕਬੂਲੀਅਤ ਦਾ ਇਸ ਗਲ ਤੋਂ ਪਤਾ ਲਗਦਾ ਹੈ ਕਿ ਮੱਕੜ ਦੇ ਨਾਲ ਹੀ ਚੋਣ ਮੈਦਾਨ ਵਿਚ ਨਿਤਰੀ ਬਾਦਲ ਦਲ ਦੀ ਬੀਬੀ, ਮੱਕੜ ਨਾਲੋਂ 762 ਵੋਟਾਂ ਵੱਧ ਲੈ ਗਈ। ਸ੍ਰ ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਮੱਕੜ ਨੂੰ ਤਾਂ 2009 ਦੀ ਲੋਕ ਸਭਾ ਚੋਣ ਸਮੇਂ ਡਾ: ਰਤਨ ਸਿੰਘ ਅਜਨਾਲਾ ਨੇ ਤਰਨਤਾਰਨ ਹਲਕੇ ਤੋਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਉਹ ਚੋਣ ਨਹੀ ਹਾਰਨੀ ਚਾਹੁੰਦੇ ਹਨ। ਇਸ ਕਰਕੇ ਸ੍ਰ ਮੱਕੜ ਲੁਧਿਆਣੇ ਆ ਗਏ, ਜਿਥੇ ਕਿਸੇ ਨੇ ਬਾਤ ਨਾ ਪੁੱਛੀ ਤੇ ਮੱਕੜ ਲੋਕ ਸਭਾ ਚੋਣ ਦੌਰਾਨ ਘਰ ਹੀ ਬੈਠੇ ਰਹੇ।

ਸ੍ਰ ਕਲਕੱਤਾ ਨੇ ਕਿਹਾ ਸਾਨੂੰ ਸਿੱਖਾਂ ਦੇ ਕਾਤਲ ਦੱਸਣ ਵਾਲਾ ਮੱਕੜ ਖੁਦ ਤੇ ਉਸਦੇ ਸਿਆਸੀ ਮਾਲਕ ਸਿੱਖੀ ਅਤੇ ਸਿੱਖਾਂ ਦੇ ਕਾਤਲ ਹਨ ਜਿਨ੍ਹਾਂ ਨਿਜੀ ਹਿੱਤਾਂ ਲਈ ਸਿੱਖ ਸ਼ਤਾਬਦੀ ਸਟੇਜਾਂ ਸਿੱਖੀ ਵਿਰੋਧੀ ਭਾਜਪਾ ਦੇ ਆਗੂਆਂ ਦੇ ਹਵਾਲੇ ਕੀਤੀਆਂ ਤੇ ਸਿੱਖ ਨੌਜੁਆਨਾਂ ਦੇ ਕਾਤਲਾਂ, ਇਜ਼ਹਾਰ ਆਲਮ ਤੇ ਸੁਮੇਧ ਸੈਣੀ ਦੀ ਪੁਸ਼ਤ ਪਨਾਹੀ ਕੀਤੀ। ਉਨ੍ਹਾਂ ਕਿਹਾ ਕਿ ਘਾਟੇ ਵਾਲੇ ਕਮੇਟੀ ਬਜਟ ਨੂੰ ਸਹੀ ਦੱਸਣ ਵਾਲੇ ਮੱਕੜ ਇਹ ਤਾਂ ਸਪਸ਼ਟ ਕਰਨ ਕਿ ਉਸ ਦੀ ਸੁਰੱਖਿਆ ਵਿਚ ਸਰਕਾਰੀ ਜਿਪਸੀ ਦਾ ਪੈਟਰੋਲ ਸਰਕਾਰ ਖਰਚਦੀ ਹੈ ਜਾਂ ਕਮੇਟੀ, ਜੇ ਕਮੇਟੀ ਖਰਚਦੀ ਹੈ ਤਾਂ ਸਰਕਾਰੀ ਤੇਲ ਬਾਦਲ ਪੀ ਜਾਂਦਾ ਹੈ ਜਾਂ ਮੱਕੜ ਖੁਦ।

ਸ੍ਰ ਕਲਕੱਤਾ ਨੇ ਸਵਾਲ ਕੀਤਾ ਕਿ ਕਮੇਟੀ ਦੇ ਕਿਸੇ ਵੀ ਬਜਟ ਵਿਚ ਪੀਟੀਸੀ ਚੈਨਲ ਪਾਸੋਂ ਹਰ ਸਾਲ ਪ੍ਰਾਪਤ ਹੋਏ ਲੱਖਾਂ ਰੁਪਇਆਂ ਦਾ ਜਿਕਰ ਨਹੀ ਮਿਲਦਾ ਫਿਰ ਇਹ ਰਕਮ ਕਿਥੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਨੂੰ ਤਾਂ ਕਮੇਟੀ ਚੋਣ ਵਿਚ ਸਾਬਤ ਸੂਰਤ ਉਮੀਦਵਾਰ ਹੀ ਨਹੀ ਮਿਲੇ ਤੇ ਮੱਕੜ ਕਿਸ ਸਿੱਖੀ ਦੇ ਪ੍ਰਚਾਰ ਦਾ ਦਾਅਵਾ ਕਰਦਾ ਹੈ। ਸ੍ਰ ਸਰਨਾ ਨੇ ਕਿਹਾ ਕਿ ਮੱਕੜ ਤਾਂ ਦਿਲੀ ਵਿਚ ਇਹ ਬਿਆਨ ਦੇਣ ਤੇ ਵੀ ਪੰਥ ਦਾ ਗੁਨਾਹਗਾਰ ਹੈ ਕਿ ਦਾਹੜੀ ਕੱਟਣਾ ਤੇ ਰੰਗਣਾ ਇਕ ਬਰਾਬਰ ਹੈ। ਉਨ੍ਹਾਂ ਕਿਹਾ ਜੋ ਕਮੇਟੀ ਪ੍ਰਧਾਨ ਇਹ ਵੀ ਜਾਣਕਾਰੀ ਨਹੀ ਰੱਖਦਾ, ਉਹ ਪੰਥ ਦਾ ਸੇਵਕ ਨਹੀ ਬਾਦਲ ਦਾ ਗੁਲਾਮ ਹੀ ਕਹਾ ਸਕਦਾ। ਸ੍ਰ ਕਲਕੱਤਾ ਨੇ ਕਿਹਾ ਕਿ ਮੱਕੜ ਦਾ ਨਾਮ ਤਾਂ ਕਮੇਟੀ ਦੇ ਚੋਣ ਮੈਨੀਫੈਸਟੋ ਵਿਚੋਂ ਹੀ ਗਾਇਬ ਸੀ ਤੇ ਉਹ ਗੁਰੁ ਦੀ ਗੋਲਕ ਨਿਜੀ ਹਿੱਤਾਂ ਲਈ ਲੁਟਾਉਣ ਦਾ ਦੋਸ਼ੀ ਹੈ ਜਿਸਦਾ ਹਿਸਾਬ ਸੰਗਤ ਨੇ ਜਰੂਰ ਲੈਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top