Share on Facebook

Main News Page

ਜੇ ਗਾਂਧੀ ਦੇ ਚਰਖੇ ਅਤੇ ਬਕਰੀ ਨਾਲ ਆਜ਼ਾਦੀ ਮਿਲੀ ਹੈ, ਤਾਂ ਸਰਹਦਾਂ ਤੇ ਚਰਖੇ ਰੱਖਕੇ ਅਤੇ ਬਕਰੀਆਂ ਬੰਨ ਕੇ ਸਮਸਿਆਂਵਾਂ ਦੇ ਹਲ ਕਢ ਲੈਣੇ ਚਾਹੀਦੇ ਹਨ: ਭਾਈ ਬਲਜੀਤ ਸਿੰਘ ਦਾਦੂਵਾਲ

ਹਾਂਗਕਾਂਗ 5 ਅਕਤੂਬਰ (ਜੰਗਬਹਾਦਰ ਸਿੰਘ): ਭਾਰਤ ਦੀ ਆਜ਼ਾਦੀ ਸਿਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਿਲ ਕੀਤੀ ਗਈ ਹੈ ਨਾ ਕਿ ਗਾਂਧੀ ਦੇ ਚਰਖੇ ਅਤੇ ਬਕਰੀ ਸਦਕਾ ਮਿਲੀ ਹੈ। ਜੇ ਚਰਖੇ ਅਤੇ ਬਕਰੀ ਨਾਲ ਆਜ਼ਾਦੀ ਮਿਲ ਸਕਦੀ ਹੈ ਤਾਂ ਸਰਹਦਾਂ ਤੇ ਚਰਖੇ ਰਖਕੇ ਅਤੇ ਬਕਰੀਆਂ ਬੰਨ ਕੇ ਸਮਸਿਆਂਵਾਂ ਦੇ ਹਲ ਕਢ ਲੈਣੇ ਚਾਹੀਦੇ ਹਨ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਬਲਜੀਤ ਸਿੰਘ ਜੀ ਦਾਦੁਵਾਲ ਵਲੋਂ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ "ਖਾਲਸਾ ਦੀਵਾਨ" ਵਿਖੇ ਐਤਵਾਰ ਦੇ ਹਫਤਾਵਾਰੀ ਦੀਵਾਨ ਦੋਰਾਨ ਸੰਗਤਾਂ ਦੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ ਗਿਆ। ਉਹਨਾ ਭਾਰਤ ਦੀ ਆਜ਼ਾਦੀ ਵਿਚ ਸਿਖਾਂ ਵਲੋਂ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦਿਆਂ ਦਸਿਆ ਕਿ ਸਰਕਾਰੀ ਅੰਕੜੇ ਇਸ ਗਲ ਦੀ ਗਵਾਹੀ ਭਰਦੇ ਹਨ ਕਿ ਆਬਾਦੀ ਪਖੋਂ ਆਟੇ ਵਿਚ ਲੂਣ ਬਰਾਬਰ ਸਿਰਫ 2 ਪ੍ਰਤੀਸ਼ਤ ਤੋਂ ਵੀ ਘਟ ਹੋਣ ਦੇ ਬਾਵਜੂਦ ਸਿਖਾਂ ਵਲੋਂ ਬਾਕੀ ਕੌਮਾਂ ਮੁਕਾਬਲੇ 90 ਪ੍ਰਤੀਸ਼ਤ ਕੁਰਬਾਨੀਆਂ ਕਰਕੇ ਆਜ਼ਾਦੀ ਹਾਸਿਲ ਕੀਤੀ ਗਈ ਹੈ। ਪਰ ਆਜ਼ਾਦੀ ਹਾਸਿਲ ਹੁੰਦਿਆਂ ਹੀ ਸਿਖਾਂ ਦੀਆਂ ਸਿਫਤਾਂ ਦੇ ਪੁਲ ਬੰਨਣ ਵਾਲੇ ਅਤੇ ਭਾਈਚਾਰਕ ਸਾਂਝਾਂ ਦੀ ਦੁਹਾਈ ਦੇਣ ਵਾਲੇ ਗਾਂਧੀ ਅਤੇ ਨਹਿਰੂ ਵਲੋਂ ਵਾਅਦਿਆਂ ਤੋਂ ਮੁਕਰਦਿਆਂ ਸਿਖਾਂ ਨੂੰ ਹਕਾਂ ਤੋਂ ਮਹਿਰੂਮ ਕਰਦਿਆਂ ਜ਼ਰਾਇਮ ਪੇਸ਼ਾ ਕੌਮ ਘੋਸ਼ਿਤ ਕਰਕੇ ਪ੍ਰਸ਼ਾਸ਼ਨਿਕ ਅਮਲੇ ਨੂੰ ਸਿਖਾਂ ਪ੍ਰਤੀ ਸਖ਼ਤ ਵਰਤਾਵ ਰਖਣ ਦੀਆਂ ਹਦਾਇਤਾਂ ਦੇ ਦਿਤੀਆਂ ਗਈਆਂ। ਮਹਾਤਮਾ ਗਾਂਧੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਟਿਪਣੀ ਕੀਤੀ ਗਈ ਜਿਸਦਾ ਮੂੰਹ ਤੋੜ ਜੁਆਬ ਸਿਖ ਸਕਾਲਰ ਸ੍ਰ ਗੰਗਾ ਸਿੰਘ ਵਲੋਂ ਗਾਂਧੀ ਨੂੰ ਮਿਲ ਕੇ ਦਿਤਾ ਗਿਆ ਜਿਸ ਕਾਰਨ ਗਾਂਧੀ ਸਾਰੀ ਉਮਰ ਭਾਈ ਸਾਹਿਬ ਨੂੰ ਮਿਲਣ ਤੋਂ ਕੰਨੀ ਕਤਰਾਂਦਾ ਰਿਹਾ।

ਉਹਨਾਂ ਸਾਚੀ ਸਾਖੀ ਦੇ ਲੇਖਕ ਸ੍ਰ ਕਪੂਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰ ਸਾਹਿਬ ਦੇ ਸਰਕਾਰ ਵਿਚ ਉਚੇ ਅਹੁਦੇ ਤੇ ਹੋਣ ਕਾਰਨ ਸਿਖਾਂ ਪ੍ਰਤੀ ਰਚੀਆਂ ਜਾ ਰਹੀਆਂ ਸਾਜਿਸ਼ਾਂ ਦਾ ਪਰਦਾ ਫਾਸ਼ ਹੋ ਸਕਿਆ ਜਿਸ ਕਾਰਨ ਉਹਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਅਜੋਕੇ ਸਮੇ ਦੀਆਂ ਸਰਕਾਰਾਂ ਵੀ ਸਿਖਾਂ ਪ੍ਰਤੀ ਸਾਜਿਸ਼ਾਂ ਰਚ ਰਹੀਆਂ ਹਨ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬਚਿਆਂ ਨੂੰ ਵਧ ਤੋਂ ਵਧ ਸਿਖਿਅਤ ਕਰੀਏ ਤਾਂ ਜੋ ਉਹ ਵੀ ਉਚ ਅਹੁਦਿਆਂ ਤੇ ਪਹੁੰਚ ਕੇ ਸ੍ਰ ਕਪੂਰ ਸਿੰਘ ਵਾਂਗ ਕੌਮ ਦੀ ਸੇਵਾ ਕਰ ਸਕਣ। ਉਹਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦੇ ਲੜ੍ਹ ਲਾਇਆ ਹੈ ਇਸ ਲਈ ਸਾਡਾ ਜੀਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੋਣਾ ਚਾਹੀਦਾ ਹੈ। ਕਿਸੇ ਵੀ ਦੇਹਧਾਰੀ ਪਖੰਡੀਆਂ ਅਤੇ ਮਨਮਤੀਆਂ ਨੂੰ ਗੁਰੂ ਦਾ ਦਰਜਾ ਨਹੀ ਦਿਤਾ ਜਾ ਸਕਦਾ। ਕੌਮ ਨੂੰ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਭਰਮ ਜਾਲ ਤੋਂ ਬਾਹਰ ਨਿਕਲਨਾ ਚਾਹੀਦਾ ਹੈ ਅਤੇ ਸਿਖ ਧਰਮ ਬਾਰੇ ਵਧ ਤੋਂ ਵਧ ਸਿਖਿਅਤ ਹੋਣਾ ਚਾਹੀਦਾ ਹੈ ਤਾਂ ਜੋ ਵਿਰੋਧੀਆਂ ਦੇ ਹਮਲਿਆਂ ਨੂੰ ਖਦੇੜਿਆ ਜਾ ਸਕੇ।

ਉਹਨਾਂ ਆਪਣੇ ਅਤੇ ਡੇਰਾ ਸਰਸਾ ਵਾਲੇ ਦੇ ਸੰਘਰਸ਼ ਬਾਰੇ ਕਿਹਾ ਕਿ ਇਸ ਸੰਘਰਸ਼ ਵਿਚ ਉਹਨਾ ਨੂੰ ਸਰਕਾਰੀ ਤਸ਼ਦਤ ਅਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਪਰ ਸਤਿਗੁਰੂ ਦੀ ਅਪਾਰ ਕਿਰਪਾ ਅਤੇ ਸੰਗਤ ਦੇ ਸਹਿਯੋਗ ਸਦਕਾ ਹਰ ਮੁਹਾਜ਼ ਤੇ ਫਤਿਹ ਹਾਸਿਲ ਕੀਤੀ ਗਈ। ਇਸ ਸਘੰਰਸ਼ ਨੂੰ ਹੋਰ ਅਗੇ ਤੋਰਦਿਆਂ ਉਹਨਾ ਵਲੋਂ "ਪੰਥਕ ਸੇਵਾ ਲਹਿਰ" ਦਾ ਆਗਾਜ਼ ਕੀਤਾ ਗਿਆ। ਜਿਸ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਵਲੋ ਭਰਭੂਰ ਹੁੰਗਾਰਾ ਮਿਲ ਰਿਹਾ ਹੈ। ਇਸ "ਪੰਥਕ ਸੇਵਾ ਲਹਿਰ" ਵਲੋਂ ਦਸ ਲੱਖ ਦੇ ਕਰੀਬ ਜੇਲਾਂ ਵਿਚ ਬੈਠੇ ਨੌਜਵਾਨਾ ਅਤੇ ਉਹਨਾ ਦੇ ਪਰਿਵਾਰਾਂ ਲਈ ਖਰਚੇ ਗਏ ਹਨ। ਉਹਨਾ ਹਾਂਗਕਾਂਗ ਦੀ ਸੰਗਤ ਨੂੰ ਵੀ ਵਧ ਤੋ ਵਧ ਮੈਂਬਰ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਇਥੋ ਦੇ ਸਿਖਾਂ ਵਲੋ ਵੀ ਕੌਮੀ ਪਧਰ ਦੇ ਮਸਲਿਆਂ ਨੂੰ ਸੁਲਝਾਉਣ ਵਿਚ ਯੋਗਦਾਨ ਪਾਇਆ ਜਾ ਸਕੇ। ਅਖੀਰ ਵਿਚ ਉਹਨਾ ਵਲੋ ਸਮੁਚੇ ਸਿਖ ਭਾਈਚਾਰੇ ਨੂੰ ਅੰਮ੍ਰਿਤ ਛਕਣ ਦੀ ਅਪੀਲ ਕਰਦਿਆਂ "ਕਲਗੀਧਰ ਦੇ ਪੁਤਰੋ ਧੀਔ ਅੰਮ੍ਰਿਾਧਾਰੀ ਬਣ ਕੇ ਜੀਔ" ਦਾ ਨਾਹਰਾ ਦਿਤਾ।ਇਸ ਤੋ ਇਲਾਵਾ ਉਹਨਾ ਦਿਵਾਨ ਉਪਰੰਤ ਨੌਜਵਾਨਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕੌਮ ਵਿਚ ਵਧ ਰਿਹਾ ਪਾੜਾ ਚਿੰਤਾ ਦਾ ਵਿਸ਼ਾ ਹੈ। ਮਿਸ਼ਨਰੀ ਕਾਲਜ,ਟਕਸਾਲਾਂ,ਅਖੰਡ ਕੀਰਤਨੀ ਜਥੇ ਜਾਂ ਹੋਰ ਸੰਸਥਾਂਵਾਂ ਸਭ ਇਕੋ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ।ਇਸ ਲਈ ਗੁਰ ਭਾਈ ਹੋਣ ਦੇ ਨਾਤੇ ਸਭ ਨੂੰ ਮਿਲ ਬੈਠ ਕੇ ਕੌਮੀ ਮਸਲਿਆਂ ਦੇ ਹਲ ਕਢ ਲੈਣੇ ਚਾਹੀਦੇ ਹਨ ਤਾਂ ਜੋ ਕੌਮ ਨੂੰ ਜਗ ਹਸਾਈ ਤੋ ਬਚਾਇਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top