Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਵੱਲੋਂ ਯੂਨੀਅਨ ਸਿਟੀ ਲਾਏਬ੍ਰੇਰੀ ਵਿਖੇ ਵਿਚਾਰ ਗੋਸਟੀ

(ਸ੍ਰ. ਤਰਲੋਚਨ ਸਿੰਘ ਦੁਪਾਲਪੁਰ) ਬੀਤੇ ਸ਼ਨੀਵਾਰ ਅਕਤੂਬਰ 1, 2011 ਨੂੰ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.” ਵੱਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਘਰ ਵਿਖੇ ਵਿਚਾਰ ਸਹਿਤ ਸਹਿਜ ਪਾਠ ਸੰਪੂਰਨ ਕਰਨ ਉਪ੍ਰੰਤ ਯੂਨੀਅਨ ਸਿਟੀ ਲਾਏਬ੍ਰੇਰੀ ਵਿਖੇ ਸਿੱਖ ਵਿਦਵਾਨਾਂ ਦੀ ਵੀਚਾਰ ਗੋਸਟੀ ਦਾ ਪਰਬੰਧ ਕੀਤਾ, ਜਿਸ ਵਿੱਚ ਵਿਦਵਾਨਾਂ ਨੇ ਭਾ.ਅਵਤਾਰ ਸਿੰਘ ਮਿਸ਼ਨਰੀ ਦੇ ਗਰੁੱਪ ਵੱਲੋਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ, ਜਿਵੇਂ ਹਰ ਹਫਤੇ ਆਰਟੀਕਲ ਲਿਖਣੇ, ਰੇਡੀਓ ਟਾਕਸ਼ੋਆਂ ਤੇ ਹਿਸਾ ਲੈਣਾਂ, ਗੁਰਮਤਿ ਲਿਟ੍ਰੇਚਰ ਦੀਆਂ ਸਟਾਲਾਂ ਲਾਉਣੀਆਂ ਅਤੇ ਗਾਹੇ ਬਗਾਹੇ ਸਟੇਜਾਂ ਤੇ ਵੀ ਪ੍ਰਚਾਰ ਕਰਨ ਬਾਰੇ ਆਪਣੇ ਵਿਚਾਰ ਰੱਖੇ ਅਤੇ ਹੋਰ ਵੀ ਕਈ ਗੁਰਮਤਿ ਪਹਿਲੂਆਂ ਦੀ ਚਰਚਾ ਕੀਤੀ।

ਕਰੀਬ ਸਾਰੇ ਬੁਲਾਰਿਆਂ ਨੇ ਫਨੀਅਰ ਸੱਪ ਵਾਂਗ ਫਰਾਟੇ ਮਾਰਦੇ ਡੇਰਾਵਾਦ ਦਾ ਭਰਵਾਂ ਖੰਡਨ ਕੀਤਾ। ਇਸ ਵਿਚਾਰ ਗੋਸਟੀ ਦੀ ਪ੍ਰਧਾਨਗੀ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਬੇ ਏਰੀਏ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ ਜੀ ਨੇ ਕੀਤੀ। ਸਭ ਤੋਂ ਪਹਿਲੇ ਸ੍ਰ ਪਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰਮਤਿ ਪ੍ਰਚਾਰ ਖੇਤਰ ਵਿੱਚ ਭਾਈ ਸਾਹਿਬ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਦੇ ਲਿਖੇ ਲੇਖਾਂ ਨੂੰ ਪੁਸਤਕ ਦਾ ਰੂਪ ਦੇ ਦਿੱਤਾ ਜਾਵੇ, ਅਜਿਹੀਆਂ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਵੀ ਰੱਖੀਆਂ ਜਾਣ।

ਭਾ. ਅਵਤਾਰ ਸਿੰਘ ਮਿਸ਼ਨਰੀ ਨੇ ਆਏ ਹੋਏ ਸੱਜਨਾਂ ਦਾ ਧੰਨਵਾਦ ਕਰਦੇ ਹੋਏ ਪ੍ਰਚਾਰ ਖੇਤਰ ਵਿੱਚ ਆਪਣੀ ਵਿਥਿਆ ਸੁਣਾਈ ਅਤੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਕਿਵੇਂ ਗੁਰਮਤਿ ਪ੍ਰਚਾਰ ਦੀ ਸੇਵਾ ਕਰ ਰਹੇ ਹਨ। ਡਾ. ਗੁਰਮੀਤ ਸਿੰਘ ਬਰਸਾਲ ਨੇ ਗੁਰਮਤਿ ਮਿਸ਼ਨਰੀਆਂ ਨੂੰ ਪਰਚਾਰ ਖੇਤਰ ਵਿੱਚ ਆ ਰਹੀਆਂ ਸਮੱਸਿਆਂਵਾਂ ਵਾਰੇ ਤਫਸੀਲ ਵਿੱਚ ਦਸਦਿਆਂ ਇਸਦਾ ਕਾਰਣ ਉਹਨਾਂ ਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪ੍ਰਤੀ ਦ੍ਰਿੜਤਾ ਅਤੇ ਡੇਰੇਵਾਦੀਆਂ ਵਿਰੁੱਧ ਉਠਾਈ ਜਾ ਰਹੀ ਆਵਾਜ ਦੱਸਿਆ । ਉਨ੍ਹਾਂ ਪੰਥ ਪ੍ਰਸਿੱਧ ਲਿਖਾਰੀ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ੍ਰ. ਤਰਲੋਚਨ ਸਿੰਘ ਦੀ ਲਿਖੀ ਚਿੱਠੀ ਵੀ ਸਟੇਜ ਤੇ ਪੜ੍ਹੀ ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਸੀ ਝਗੜੇ ਝੀੜੇ ਛੱਡ ਕੇ, ਹਉਮੈਂ ਹੰਕਾਰ ਦਾ ਤਿਆਗ ਕਰਕੇ, ਸੇਵਾ ਭਾਵਨਾ ਨਾਲ ਪ੍ਰਬੰਧ ਕਰਨ ਅਤੇ ਸਮੁੱਚੇ ਗੁਰਦੁਆਰਿਆਂ ਵਿੱਚ “ਸਿੱਖ ਰਹਿਤ ਮਰਯਾਦਾ” ਲਾਗੂ ਕਰਨ ਸਬੰਧੀ ਸੰਦੇਸ ਦਿੱਤਾ। ਸਹਿਤ ਸਭਾ ਦੇ ਉੱਘੇ ਲਿਖਾਰੀ ਅਤੇ ਖਬਰ ਨਵੀਸ ਸ੍ਰ. ਚਰਨਜੀਤ ਸਿੰਘ ਪੰਨੂੰ ਨੇ ਡਾ. ਬਰਸਾਲ ਜੀ ਦੇ ਕਥਨ ਦੀ ਪ੍ਰੋਰੜਤਾ ਕਰਦੇ ਹੋਏ ਆਪਦੇ ਵੱਲੋਂ ਕੁਝ ਗੁਰੂ ਘਰਾਂ ਵਿੱਚ ਏਕਤਾ ਲਈ ਨਿਭਾਏ ਰੋਲ ਅਤੇ ਸਮੂਹ ਸਾਹਿਤਕਾਰਾਂ,ਲਿਖਾਰੀਆਂ,ਕਵੀਆਂ ਅਤੇ ਵਿਦਵਾਨਾਂ ਨੂੰ ਗੁਰਦਵਾਰਾ ਕਮੇਟੀਆਂ ਨੂੰ ਬੈਠਕੇ ਮਸਲੇ ਸੁਲਝਾਉਣ ਲਈ ਬੇਨਤੀ ਕਰਨ ਲਈ ਸੁਝਾਅ ਦਿੱਤਾ । ਸ੍ਰ. ਪੰਨੂੰ ਜੀ ਨੇ ਵੀ ਭਾਈ ਮਿਸ਼ਨਰੀ ਬਾਰੇ ਦੱਸਿਆ ਕਿ ਹਰ ਹਫਤੇ ਨਵਾਂ ਲੇਖ ਲਿਖਣਾ ਬੜਾ ਔਖਾ ਹੈ ਪਰ ਗੁਰੂ ਰਹਿਮਤ ਸਦਕਾ ਅਵਤਾਰ ਸਿੰਘ ਮਿਸ਼ਨਰੀ ਇਹ ਸੇਵਾ ਲਗਾਤਾਰ ਨਿਭਾ ਰਹੇ ਹਨ।

ਬੀਬੀ ਹਰਸਿਮਰਤ ਕੌਰ ਖਾਲਸਾ ਨੇ ਭਾਵਕ ਹੋ ਕੇ ਕਿਹਾ ਕਿ ਗੁਰਬਾਣੀ ਹੀ ਅਸਲ ਅੰਮ੍ਰਿਤ ਹੈ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ। ਸਿੱਖਾਂ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਇਹ ਅੰਮ੍ਰਿਤ ਪੀਣਾਂ ਚਾਹੀਦਾ ਹੈ। ਬੀਬੀ ਜੀ ਨੇ ਬੜੇ ਅਫਸੋਸ ਨਾਲ ਕਿਹਾ ਕਿ ਕੋਈ ਲੀਡਰ ਆ ਜਾਵੇ, ਕੋਈ ਸੰਤ ਆ ਜਾਵੇ ਅਤੇ ਕੋਈ ਹੜ ਆ ਜਾਵੇ ਸਿੱਖ ਲੋਕ ਬਿਨਾਂ ਪੜਤਾਲ ਫੰਡ ਦੇ ਦਿੰਦੇ ਹਨ ਪਰ ਗੁਰਮਤਿ ਪ੍ਰਚਾਰ ਕਰਨ ਵਾਲਿਆਂ ਨੂੰ ਡਾਲਰ ਵੀ ਨਹੀਂ ਦਿੰਦੇ। ਉਹਨਾਂ ਅਪੀਲ ਕਰਦਿਆਂ ਸੱਚੇ ਸਪ੍ਰਿਚੂਅਲ ਸੈਂਟਰ ਖੋਲਣ ਦੀ ਲੋੜ ਤੇ ਜੋਰ ਦਿੱਤਾ। ਪ੍ਰੋ. ਸੁਰਜੀਤ ਸਿੰਘ ਨੰਨੂਆਂ ਜੀ ਨੇ ਆਪਣੀ ਸਿੱਖ ਰਹਿਤ ਮਰਿਆਦਾ ਦਰਸ਼ਣ ਪੁਸਤਕ ਦੀ ਲੋੜ ਵਾਰੇ ਗੱਲ ਕਰਦਿਆਂ ਸਾਰੇ ਗੁਰਦਵਾਰਿਆਂ ਅਤੇ ਸੰਸਥਾਵਾਂ ਨੂੰ ਸਰਬ ਸਾਂਝੀ ਪੰਥਕ ਰਹਿਤ ਮਰਿਆਦਾ ਅਪਣਾਉਣ ਦੀ ਲੋੜ ਤੇ ਜੋਰ ਦਿੱਤਾ ।ਉਹਨਾਂ ਕਿਹਾ ਕਿ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਤੱਤ ਗੁਰਮਤਿ ਤੇ ਲਿਖਦੇ ਹੋਏ ਆਪਣੇ ਲੇਖਾਂ ਅਤੇ ਭਾਸ਼ਣਾ ਵਿੱਚ ਥੋਥੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੇ ਹੋਏ, ਅਖੌਤੀ ਕਰਾਮਾਤਾਂ ਅਤੇ ਪਾਖੰਡੀ ਸਾਧ ਡੇਰਿਆਂ ਦੇ ਬਖੀਏ ਉਧੇੜਦੇ ਹਨ ਸ਼ਾਇਦ ਇਸੇ ਕਰਕੇ ਉਹ ਪ੍ਰਬੰਧਕ ਭਾਈ ਸਾਹਿਬ ਨੂੰ ਟਾਈਮ ਨਹੀਂ ਦਿੰਦੇ ਜਿਹੜੇ ਅਜਿਹੇ ਡੇਰਿਆਂ ਦੇ ਸਰ਼ਧਾਲੂ ਹਨ। ਇਸ ਤੋਂ ਬਾਅਦ ਪ੍ਰਸਿਧ ਕਵਿਸ਼ਰ ਸ੍ਰ. ਬਘੇਲ ਸਿੰਘ ਨੇ ਆਪਣੀ ਲੰਬੀ ਤਕਰੀਰ ਵਿੱਚ ਦੱਸਿਆ ਕਿ ਚੋਣਾਂ ਗੁਰਮਤਿ ਸਿਧਾਂਤ ਨਹੀਂ ਹਨ, ਸਾਨੂੰ ਗੁਰਦੁਆਰਿਆਂ ਦੇ ਪ੍ਰਬੰਧਕ ਸੇਵਾ, ਸਿਲੈਕਸ਼ਨ ਅਤੇ ਵਿਦਿਆ ਦੇ ਅਧਾਰ ਤੇ ਚੁਣਨੇ ਚਾਹੀਦੇ ਹਨ ਜੋ ਨਵਾਬ ਕਪੂਰ ਸਿੰਘ ਵਾਂਗ ਨਿਸ਼ਕਾਮ ਸੇਵਾ ਕਰਨ ਨਾਂ ਕਿ ਕੁਰਸੀ ਨੂੰ ਹੀ ਜੱਫਾ ਪਾਈ ਰੱਖਣ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਮੈਂਬਰਾਂ ਦਾ ਵੀ ਜਿਕਰ ਕੀਤਾ।

ਸ੍ਰ. ਜਸਦੀਪ ਸਿੰਘ ਜੀ ਗੋਲਡ ਕੈਬ ਵਾਲਿਆਂ ਨੇ ਬੜੇ ਸੰਕੋਚਵੇਂ ਸ਼ਬਦਾਂ ਵਿੱਚ ਕਿਹਾ ਕਿ ਅਜੋਕੇ ਪ੍ਰਬੰਧਕ ਏਨੇ ਹੰਕਾਰੀ ਹੋ ਚੁੱਕੇ ਹਨ ਕਿ ਪ੍ਰਚਾਰ ਦੀ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਿਦਵਾਨਾਂ ਨੂੰ ਗੁਰੂ ਘਰ ਦੀ ਸਟੇਜ ਤੇ ਸਮਾਂ ਨਹੀਂ ਦਿੰਦੇ ਅਤੇ ਡੇਰੇਦਾਰਾਂ ਨੂੰ ਘੰਟਾ-ਘੰਟਾ ਸਮਾਂ ਦਿੱਤਾ ਜਾਂਦਾ ਹੈ। ਪ੍ਰਬੰਧਕ ਭੁੱਲ ਜਾਂਦੇ ਹਨ ਕਿ ਸਿੱਖੀ ਵਿੱਚ ਵੰਡ ਛੱਕਣ ਦੀ ਗੱਲ ਹੈ, ਵੰਡਣਾ ਇਕੱਲਾ ਲੰਗਰ ਹੀ ਨਹੀਂ ਸਮਾਂ ਵੀ ਵੰਡ ਕੇ ਆਏ ਸਭ ਪ੍ਰਚਾਰਕਾਂ ਨੂੰ ਦੇਣਾ ਚਾਹੀਦਾ ਹੈ ਜਿਵੇਂ ਤੁਸੀਂ ਸਹਿਤ ਸਭਾ ਵਾਲੇ ਸਭ ਨੂੰ ਸਮਾਂ ਦਿੰਦੇ ਹੋ। ਸ੍ਰ. ਹਿਮਤ ਸਿੰਘ ਨੇ ਕਿਹਾ ਕਿ ਅਜਿਹੀਆਂ ਵਿਚਾਰ ਗੋਸਟੀਆਂ ਜਾਰੀ ਰੱਖੀਆਂ ਜਾਣ। ਆਖਰੀ ਬੁਲਾਰੇ, ਗੁਰਦੁਆਰਿਆਂ ਵਿੱਚ ਨਿਸ਼ਕਾਂਮ ਸੇਵਾ ਕਰਨ ਵਾਲੇ ਸ੍ਰ ਪਾਲ ਸਿੰਘ ਭਾਟੀਆ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਲਗਾਤਾਰ ਜਾਰੀ ਰੱਖਣ ਦਾ ਸੁਝਾਅ ਦਿੱਤਾ ਅਤੇ ਪ੍ਰਚਾਰ ਖੇਤਰ ਵਿੱਚ ਨਿਸ਼ਕਾਂਮ ਭਾਵਨਾ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣ ਦੀ ਅਪੀਲ ਕੀਤੀ। ਕਰੀਬ ਸਾਰੇ ਬੁਲਾਰਿਆਂ ਨੇ ਹੀ ਘੱਟ ਤੋਂ ਘੱਟ ਹਰ ਮਹੀਨੇ ਅਜਿਹੀ ਵਿਚਾਰ ਗੋਸ਼ਟੀ ਕਰਨ ਦਾ ਸੁਝਾਅ ਦਿੱਤਾ। ਅੰਤ ਵਿੱਚ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਰਤ ਕੌਰ ਖਾਲਸਾ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਸ੍ਰ ਪ੍ਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਆਏ ਸੱਜਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਵਿਚਾਰ ਗੋਸ਼ਟੀ ਵਿੱਚ ਉਪ੍ਰੋਕਤ ਵਿਦਵਾਨਾਂ ਤੋਂ ਇਲਾਵਾ ਬਾਬਾ ਨੰਦਨ ਸਿੰਘ, ਮਾਤਾ ਰਾਮਿੰਦਰ ਕੌਰ, , ਭਾਈ ਰਾਜਿੰਦਰ ਸਿੰਘ ਚੰਡੀਗੜ੍ਹ ਅਤੇ ਸ੍ਰ. ਜੇ ਪੀ ਸਿੰਘ ਵਰਡ ਫਨਾਂਈਸ ਵਾਲੇ, ਭਾਈ ਜਸਵਿੰਦਰ ਸਿੰਘ ਜੱਸੀ ਜੈਲੋ ਕੈਬ ਅਤੇ ਸ੍ਰ. ਸੁਦੇਸ਼ ਸਿੰਘ ਅਟਵਾਲ ਅਤੇ ਹੋਰ ਸਜਨ ਵੀ ਸ਼ਾਮਲ ਹੋਏ। ਡਾ. ਗੁਰਦੀਪ ਸਿੰਘ ਸੈਨਹੋਜੇ, ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਸਰਬਜੀਤ ਸਿੰਘ ਸੈਕਰਾਮੈਂਟੋ, ਸਹਿਤ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ, ਬੀਬੀ ਨੀਲਮ ਜੀ ਜੋ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਨੇ ਫੋਨ ਕਰਕੇ ਹਾਜਰੀ ਲਵਾਈ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top