Share on Facebook

Main News Page

ਹੁਣ ਦਰਬਾਰ ਸਾਹਿਬ ਵਿਖੇ ਭੇਂਟ ਕੀਤੇ ਚੰਦੋਏ ਅਤੇ ਰੁਮਾਲਿਆਂ ਵਿਚ ਘਪਲੇ ਦਾ ਮਾਮਲਾ ਸਾਹਮਣੇ ਆਇਆ

ਅੰਮ੍ਰਿਤਸਰ, 3 ਅਕਤੂਬਰ (ਅਰੋੜਾ): ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਭੇਟ ਕੀਤੇ ਜਾਣ ਵਾਲੇ ਚੰਦੋਏ ਤੇ ਦਰਸ਼ਨੀ ਰੁਮਾਲਿਆਂ ਵਿਚ ਘਪਲੇ ਦਾ ਸਨਸਨੀਖੇਜ਼ ਮਾਮਲਾ ਸਾਮਣੇ ਆਇਆ ਹੈ। ਬੇਸ਼ਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਇਸ ਨੂੰ ਗ਼ਲਤ ਦਸ ਰਹੇ ਹਨ ਪਰ ਸੱਚਾਈ ਕੁੱਝ ਹੋਰ ਹੀ ਸਮੀਕਰਨ ਦਸਦੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ 'ਤੇ ਸਜਾਏ ਜਾਣ ਵਾਲੇ ਕੀਮਤੀ ਚੰਦੋਏ ਤੇ ਦਰਸ਼ਨੀ ਰੁਮਾਲੇ ਕੁੱਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਕ ਵਾਰ ਉਤਾਰ ਦਿਤੇ ਜਾਣ ਤੋਂ ਬਾਅਦ ਮੁੜ ਕੁੱਝ ਚਹੇਤੇ ਦੁਕਾਨਦਾਰਾਂ ਨੂੰ ਭੇਜ ਦਿਤੇ ਜਾਂਦੇ ਹਨ। ਸੂਤਰ ਦਸਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਚੰਦੋਏ ਤੇ ਦਰਸ਼ਨੀ ਰੁਮਾਲਿਆਂ ਨੂੰ ਚੜ੍ਹਾਉਣ ਲਈ ਕਰੀਬ 1 ਤੋਂ 2 ਸਾਲ ਦੀ ਉਡੀਕ ਕਰਨੀ ਪੈਂਦੀ ਹੈ ਪਰ ਜੇਕਰ ਕੋਈ ਜਲਦ ਇਹ ਸੇਵਾ ਲੈਣੀ ਚਾਹੇ ਤਾਂ ਉਸ ਨੂੰ ਜ਼ੁੰਮੇਵਾਰਾਂ ਦੀ ਮੁਠੀ ਗਰਮ ਕਰਨ ਦੀ ਲੋੜ ਪੈਂਦੀ ਹੈ।

ਸੂਤਰ ਇਹ ਵੀ ਦਸਦੇ ਹਨ ਕਿ ਇਸ ਲਈ ਜ਼ੁੰਮੇਵਾਰਾਂ ਨੇ ਰੁਮਾਲਿਆਂ ਤੇ ਚੰਦੋਏ ਬਨਾਉਣ ਦਾ ਕਾਰੋਬਾਰ ਕਰਦੇ ਦੁਕਾਨਦਾਰਾਂ ਨੂੰ ਹੀ ਸਾਰੀ ਜ਼ੁੰਮੇਵਾਰੀ ਸੌਂਪੀ ਹੋਈ ਹੈ। ਉਹ ਹੀ ਗਾਹਕ ਦੀ ਸਹੂਲਤ ਮੁਤਾਬਕ ਸਾਰਾ ਕੰਮ ਕਰ ਦਿੰਦੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਇਸ ਸਭ ਕਾਸੇ ਵਿਚ ਇਕ ਸਰਕਾਰੀ ਅਧਿਕਾਰੀ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਾ ਦੁਕਾਨਦਾਰ ਵੀ ਸ਼ਾਮਲ ਹੈ ਜੋ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਕੋਲੋ ‘‘ਰਿਸ਼ਤੇਦਾਰ ਦੀ ਧੋਸ'' ਨਾਲ ਹੀ ਕੰਮ ਕਰਵਾ ਜਾਂਦਾ ਹੈ।

ਸੂਤਰ ਇਹ ਵੀ ਦੱਸਦੇ ਹਨ ਕਿ ਰੁਮਾਲੇ ਤੇ ਚੰਦੋਏ ਬਨਾਉਣ ਦਾ ਕੰਮ ਕਰਨ ਲਈ ਸ਼ਹਿਰ ਵਿਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਦੁਕਾਨਦਾਰ ਹੀ ਕੰਮ ਕਰਦੇ ਹਨ। ਅੱਜ ਤੋਂ ਕੁੱਝ ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਚੰਦੋਏ ਚੜਾਉਣ ਵਾਲੇ ਕੁੱਝ ਕੁ ਵਿਅਕਤੀ ਹੁੰਦੇ ਸਨ ਪਰ ਆਧੁਨਕ ਸਮੇਂ ਵਿਚ ਰੋਜ਼ਾਨਾ ਪ੍ਰਸਾਰਣ ਸ਼ੁਰੂ ਹੋਣ ਤੋਂ ਬਾਅਦ ਇਸ ਵਿਚ ਤੇਜ਼ੀ ਨਾਲ ਉਛਾਲ ਆਇਆ। ਕੰਪਿਊਟਰ ਦੀ ਵਰਤੋਂ ਨੇ ਇਸ ਵਿਚ ਹੋਰ ਵੀ ਵਾਧਾ ਕੀਤਾ ਪਰ ਕੁਝ ‘ਸੱਜਣ ਠੱਗ' ਬਿਰਤੀ ਵਾਲੇ ਦੁਕਾਨਦਾਰਾਂ ਨੇ ਧਰਮ ਦੇ ਇਸ ਕਿੱਤੇ ਨੂੰ ਬਦਨਾਮ ਕਰਨ ਦੀ ਨਿਯਤ ਨਾਲ ਇਕ ਹੀ ਚੰਦੋਆ ਤੇ ਦਰਸ਼ਨੀ ਰੁਮਾਲਿਆਂ ਦੇ ਸੈਟ ਨੂੰ ਕਈ ਦੇਸ਼ਾਂ ਵਿਚ ਈਮੇਲ ਰਾਹੀ ਲਿੰਕ ਦੇ ਕੇ ਵੇਚ ਦਿਤਾ। ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਹੁਕਮਾਂ ਤੋਂ ਬਾਅਦ ਸਾਬਕਾ ਮੈਨੇਜਰ ਸ੍ਰ. ਹਰਭਜਨ ਸਿੰਘ ਤੇ ਸ੍ਰ. ਬਲਬੀਰ ਸਿੰਘ ਨੇ ਇਸ 'ਤੇ ਸਖ਼ਤ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਪਰ ਹੇਠਲੇ ਅਧਿਕਾਰੀ ਅਪਣਾ ਕੰਮ ਕਰ ਜਾਂਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top