Share on Facebook

Main News Page

ਸਿਆਸੀ ਰਿਸ਼ਤੇਦਾਰਾਂ ਤੋਂ ਡਰਿਆ ਬਾਦਲ - ਪ੍ਰੋ. ਭੁੱਲਰ ਬਾਰੇ ਮਤੇ ਤੋਂ ਮੁੱਕਰਿਆ

ਮੁਹਾਲੀ, (29 ਸਤੰਬਰ, ਪੀ.ਐਸ.ਐਨ): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦੇ ਮਾਮਲੇ 'ਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹੁਣ ਅਚਾਨਕ ਆਪਣੇ ਪੈਰ ਪਿਛੇ ਖਿੱਚ ਲਏ ਹਨ। ਪ੍ਰੋ. ਭੁੱਲਰ ਦੇ ਮਾਮਲੇ 'ਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਵਿਧਾਨ ਸਭਾ 'ਚ ਲਿਆਂਦੇ ਜਾਣ ਵਾਲੇ ਇਸ ਪ੍ਰਸਤਾਵਿਤ ਮਤੇ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਪੱਲਾ ਝਾੜ ਦਿੱਤਾ ਹੈ। ਤਿੰਨ ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਸਰਕਾਰ ਵੱਲੋਂ ਪ੍ਰੋ. ਭੁੱਲਰ ਦੀ ਸਜ਼ਾ ਮੁਆਫੀ ਵਾਲਾ ਮਤਾ ਨਹੀਂ ਲਿਆਂਦਾ ਜਾਵੇਗਾ। ਇਸ ਗੱਲ ਦਾ ਸੰਕੇਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਹੈ। ਉਹ ਅੱਜ ਇਥੇ ਸੁਪਰ ਸਪੈਸ਼ਲਿਟੀ ਹਸਪਤਾਲ (ਕੈਂਸਰ ਹਸਪਤਾਲ) ਦਾ ਉਦਘਾਟਨ ਕਰਨ ਪੁੱਜੇ ਸਨ।

ਇਸ ਮੌਕੇ ਪੱਤਰਕਾਰਾਂ ਵੱਲੋਂ ਪ੍ਰੋ. ਭੁੱਲਰ ਦੀ ਸਜ਼ਾ ਮੁਆਫੀ ਦਾ ਮਤਾ ਲਿਆਉਣ ਬਾਰੇ ਪੁੱਛੇ ਜਾਣ 'ਤੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ 'ਚ ਇਹ ਮਤਾ ਨਹੀਂ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਅਤੇ ਕਾਂਗਰਸ ਸਮੇਤ ਹੋਰ ਪਾਰਟੀਆਂ ਵੱਲੋਂ ਪਹਿਲਾਂ ਹੀ ਇਸ ਮਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਅਜਿਹੇ ਹਾਲਾਤ 'ਚ ਇਹ ਮਤਾ ਕਿਵੇਂ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਹ ਮਤਾ ਲਿਆਉਣ ਦਾ ਮਕਸਦ ਕੇਵਲ ਐਨਾ ਹੀ ਸੀ ਕਿ ਪ੍ਰੋ. ਭੁੱਲਰ ਤੇ ਉਸ ਦੇ ਪਰਿਵਾਰ ਨੂੰ ਕਾਨੂੰਨੀ ਰਾਹਤ ਮਿਲ ਸਕੇ ਕਿਉਂ ਕਿ ਸਜ਼ਾ ਪੂਰੀ ਤੋਂ ਬਾਅਦ ਇਹ ਸਿੱਖ ਨੌਜਵਾਨ ਜੇਲ੍ਹ ਦੀ ਹਨੇਰ ਕੋਠੜੀ ਵਿਚ ਬੰਦ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਭਾਜਪਾ ਅਤੇ ਕਾਂਗਰਸ ਆਦਿ ਪਾਰਟੀਆਂ ਨੂੰ ਸਜ਼ਾ ਮੁਆਫੀ ਦੇ ਮੁੱਦੇ 'ਤੇ ਸਹਿਮਤ ਕਰਨ ਲਈ ਕੋਈ ਪੈਰਵੀ ਕਰੇਗੀ ਤਾਂ ਇਸ ਬਾਰੇ ਸ੍ਰੀ ਬਾਦਲ ਨੇ ਆਖਿਆ ਕਿ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਮੁੱਦੇ 'ਤੇ ਕਿਸੇ ਨਾਲ ਕੋਈ ਗੱਲ ਨਾ ਕੀਤੀ ਜਾਵੇ। ਉਂਝ ਸ੍ਰੀ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਪੂਰੀ ਤਰ੍ਹਾਂ ਕਾਇਮ ਹੈ। ਇਸ ਮੁੱਦੇ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਆਗੂਆਂ 'ਚ ਕੋਈ ਮਤਭੇਦ ਨਹੀਂ ਹਨ।

ਉਨ੍ਹਾਂ ਆਖਿਆ ਕਿ ਹਰੇਕ ਰਾਜਸੀ ਪਾਰਟੀ ਦਾ ਆਪਣਾ ਵੱਖਰਾ ਸਿਧਾਂਤ ਹੁੰਦਾ ਹੈ ਅਤੇ ਵੱਖਰੇ ਨਿਯਮ ਹੁੰਦੇ ਹਨ। ਇਸ ਲਈ ਕਿਸੇ ਨੂੰ ਦਬਾਅ ਪਾ ਕੇ ਕਿਸੇ ਕੰਮ ਲਈ ਰਾਜ਼ੀ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀਂ ਸ੍ਰੀ ਬਾਦਲ ਨੇ ਪ੍ਰੋ. ਭੁੱਲਰ ਦੀ ਸਜ਼ਾ ਮੁਆਫੀ ਬਾਰੇ ਕਾਂਗਰਸ ਨਾਲ ਮਸ਼ਵਰਾ ਕਰਨ ਦੀ ਗੱਲ ਆਖੀ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦੇ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਉਣ ਦਾ ਫੈਸਲਾ ਲਿਆ ਸੀ ਪਰ ਅਗਲੇ ਹੀ ਦਿਨ ਪੰਜਾਬ ਵਜ਼ਾਰਤ 'ਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੀ ਲੀਡਰਸ਼ਿਪ ਨੇ ਇਸ ਮਤੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਐਲਾਨ ਕੀਤਾ ਕਿ ਭਾਜਪਾ ਇਸ ਮਤੇ ਦੀ ਹਮਾਇਤ ਨਹੀਂ ਕਰੇਗੀ।

ਇਸ ਮੌਕੇ ਸਿਹਤ ਮੰਤਰੀ ਸਤਪਾਲ ਗੋਸਾਈਂ, ਅਕਾਲੀ ਦਲ ਦੇ ਸੰਯੁਕਤ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਨ.ਕੇ. ਸ਼ਰਮਾ, ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ, ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਜਨਰਲ ਸਕੱਤਰ ਰਾਜਾ ਕੰਵਰਜੋਤ ਸਿੰਘ, ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਤੀਸ਼ ਚੰਦਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਕੇ.ਜੇ.ਐਸ. ਚੀਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡੀ.ਆਈ.ਜੀ ਰੂਪਨਗਰ ਰੇਂਜ ਡਾ. ਨਰੇਸ਼ ਅਰੋੜਾ, ਮੁਹਾਲੀ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ, ਐਸ.ਪੀ. (ਸਿਟੀ) ਹਰਪ੍ਰੀਤ ਸਿੰਘ ਸਮੇਤ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਮੈਂਬਰ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top