Share on Facebook

Main News Page

ਸ੍ਰੀ ਮੁਕਤਸਰ ਸਾਹਿਬ ਵਿਖੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਸ੍ਰੀ ਮੁਕਤਸਰ ਸਾਹਿਬ 27 ਸਤੰਬਰ (ਕੁਲਦੀਪ ਰਿਣੀ/ਜਸਪਾਲ ਜੱਸੀ): ਭਾਵੇਂ ਕਿ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਰੁੱਧ ਧਾਰਾ 302 ਅਧੀਨ ਮਾਮਲਾ ਦਰਜ ਕਰਨ ਦੀ ਗੱਲ ਆਖ਼ੀ ਜਾ ਰਹੀ ਹੈ ਪਰ ਫਿਰ ਵੀ ਕਈ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰ ਰਹੇ ਹਨ।

ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਾ ਬਰਦਾਸ਼ਤਯੋਗ ਇੱਕ ਮਾਮਲਾ ਅੱਜ ਸਥਾਨਕ ਕੱਚਾ ਭਾਗਸਰ ਰੋਡ ਵਿਖੇ ਉਸ ਵਕਤ ਸਾਹਮਣੇ ਆਇਆ ਜਦ ਇੱਕ ਸਿੰਘ ਦੀ ਸ਼ਿਕਾਇਤ ਤੇ ਸ਼੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਉਕਤ ਸਥਾਨ ਤੇ ਪਹੁੰਚੀ। ਮਿਲੀ ਜਾਣਕਾਰੀ ਅਨੁਸਾਰ ਉਕਤ ਸਥਾਨ ਤੇ ਜਗਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਨਿਸ਼ਾਨ ਸਾਹਿਬ ਲਗਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ।

ਜਦ ਅੱਜ ਸ਼੍ਰੀ ਦਰਬਾਰ ਸਾਹਿਬ ਦੀ ਟੀਮ ਇਸ ਸਥਾਨ ਤੇ ਪਹੁੰਚੀ ਤਾਂ ਵੇਖਣ ਵਿੱਚ ਆਇਆ ਕਿ ਜਿਸ ਪੀੜ੍ਹਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਉਸ ਪੀੜ੍ਹਾ ਸਾਹਿਬ ਤੇ ਵੱਡੀ ਗਿਣਤੀ ਵਿੱਚ ਚੂਹੀਆਂ ਅਤੇ ਚੂਹੀਆਂ ਦੇ ਬੱਚੇ ਫਿਰ ਰਹੇ ਸਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੁਮਾਲੇ ਵੀ ਇਹਨਾਂ ਚੂਹੀਆਂ ਦੁਆਰਾ ਕੁਤਰੇ ਜਾ ਚੁੱਕੇ ਸਨ। ਟੀਮ ਨੇ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼੍ਰੀ ਦਰਬਾਰ ਸਾਹਿਬ ਪਹੁਚਾਉਣ ਉਪਰੰਤ ਉਕਤ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਸਨੂੰ ਕਿਸੇ ਤਰ੍ਹਾ ਦਾ ਜਵਾਬ ਨਹੀਂ ਆਇਆ। ਉਕਤ ਵਿਅਕਤੀ ਜੋ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਸੇਵਾਦਾਰ ਰਹਿ ਚੁੱਕਾ ਹੈ ਨੇ ਇਸ ਗਲਤੀ ਲਈ ਲਿਖ਼ਤੀ ਤੌਰ ਤੇ ਮੁਆਫ਼ੀ ਮੰਗੀ। ਵਰਨਣਯੋਗ ਹੈ ਕਿ ਇਹ ਵਿਅਕਤੀ ਇੱਕ ਸੁਸਾਇਟੀ ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਪੈਸੇ ਵੀ ਇੱਕਠੇ ਕਰਦਾ ਰਿਹਾ ਹੈ ਜਿਸ ਦੀਆਂ ਰਸੀਦਾਂ ਵੀ ਇਸ ਪਾਸੋ ਮਿਲੀਆਂ। ਇਸ ਘਟਨਾਂ ਸਬੰਧੀ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਦੀ ਲਹਿਰ ਹੈ। ਇਸ ਮੌਕੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਰਨ ਸਿੰਘ, ਹੈਡ ਗ੍ਰੰਥੀ ਹਰਪ੍ਰੀਤ ਸਿੰਘ ਅਤੇ ਮੀਤ ਮੈਨੇਜਰ ਸੁਮੇਰ ਸਿੰਘ ਤੋਂ ਇਲਾਵਾ ਹੋਰ ਸਟਾਫ ਹਾਜ਼ਿਰ ਸੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top