Share on Facebook

Main News Page

ਪ੍ਰੋ. ਭੁੱਲਰ ਦੀ ਫਾਂਸੀ ਮੁਆਫ਼ੀ ਦਾ ਮਾਮਲਾ ਈਮਾਨਦਾਰ ਹੋ ਤਾਂ ਪ੍ਰੋ. ਭੁੱਲਰ ਨੂੰ ਪੰਜਾਬ ’ਚ ਲਿਆਉ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 26 ਸਤੰਬਰ (ਜਗਤਾਰ ਸਿੰਘ ਭੁੱਲਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸਜ਼ਾ ਮੁਆਫ਼ੀ ਬਾਰੇ ਅਪਣਾਈ ਜਾ ਰਹੀ ਚੁੱਪ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸ. ਬਾਦਲ ਹਵਾ ’ਚ ਤੀਰ ਚਲਾਉਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਅਪਣਾ ਪੱਖ ਸਪੱਸ਼ਟ ਕਰਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇ ਬਾਦਲ ਸਹੀ ਅਰਥਾਂ ਵਿਚ ਪ੍ਰੋ. ਭੁੱਲਰ ਦੀ ਸਜ਼ਾ ਮੁਆਫ਼ ਕਰਾਉਣ ਲਈ ਗੰਭੀਰ ਹਨ ਤਾਂ ਉਹ ਸੱਭ ਤੋਂ ਪਹਿਲਾਂ ਪ੍ਰੋ. ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਲਿਆਉਣ। ਸ. ਬਾਦਲ ਦੇ ਅਸਪੱਸ਼ਟਤਾ ਵਾਲੇ ਰਵਈਏ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ. ਬਾਦਲ ਦੇ ਵਰਤਾਰੇ ਤੋਂ ਸਾਬਤ ਹੁੰਦਾ ਹੈ ਕਿ ਉਹ ਗੰਭੀਰ ਨਹੀਂ ਹਨ ਬਲਕਿ ਇਸ ਮੁੱਦੇ ਉਤੇ ਸਿਆਸਤ ਖੇਡ ਰਹੇ ਹਨ ਜਦਕਿ ਪ੍ਰੋ. ਭੁੱਲਰ ਦੀ ਸਹਾਇਤਾ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।

ਸ. ਬਾਦਲ ਵਲੋਂ ਮੀਡੀਆ ਨੂੰ ਇਹ ਕਹਿਣਾ ਕਿ ‘ਮੇਰੇ ਗਲ ਵਿਚ ਫਾਹਾ ਨਾ ਪਾਉ’ ਬਾਰੇ ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਵੱਖ-ਵੱਖ ਮੌਕਿਆਂ ਉਤੇ ਵੱਖ-ਵੱਖ ਬਿਆਨਬਾਜ਼ੀ ਜਾਣਬੁਝ ਕੇ ਕਰਦੇ ਹਨ ਤਾਕਿ ਮਾਮਲੇ ਨੂੰ ਲਟਕਾ ਦਿਤਾ ਜਾਵੇ। ਮੌਕੇ ਅਨੁਸਾਰ ਅਪਣਾ ਪੱਖ ਬਦਲ ਲੈਣਾ ਹੀ ਸ. ਬਾਦਲ ਦੀ ਫ਼ਿਤਰਤ ਰਹੀ ਹੈ। ਇਹੀ ਕਾਰਨ ਹੈ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਪ੍ਰੋ. ਭੁੱਲਰ ਇਕ ਪੱਕਾ ਅਪਰਾਧੀ ਤੇ ਖ਼ਤਰਨਾਕ ਅਤਿਵਾਦੀ ਹੈ। ਹੁਣ ਸ. ਬਾਦਲ ਉਸ ਨੂੰ ਬਚਾਉਣ ਦਾ ਦਾਅਵਾ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਜੇ ਸੱਚਮੁਚ ਹੀ ਸ. ਬਾਦਲ ਦਾ ਦਿਲ ਬਦਲ ਗਿਆ ਹੈ ਤਾਂ ਉਹ ਅਪਣਾ ਹਲਫ਼ਨਾਮਾ ਵਾਪਸ ਲੈ ਲੈਣ ਅਤੇ ਪ੍ਰੋ. ਭੁੱਲਰ ਨੂੰ ਅਪਣੀ ਕੈਦ ਪੰਜਾਬ ਦੀ ਕਿਸੇ ਜੇਲ ’ਚ ਕੱਟਣ ਲਈ ਸਹਾਇਤਾ ਕਰਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਕਿਸੇ ਅਰਥ ਤੋਂ ਵਿਧਾਨ ਸਭਾ ਵਿਚ ਮਤਾ ਲਿਆਉਣ ਬਾਰੇ ਏਨੀ ਛਾਤੀ ਪਿੱਟਣ ਦੀ ਬਜਾਏ ਮਾਮਲੇ ’ਤੇ ਅਪਣੀ ਸਰਕਾਰ ਦਾ ਪੱਖ ਸਾਫ਼ ਕਰਨਾ ਚਾਹੀਦਾ ਹੈ ਕਿਉਂਕਿ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਹੈ। ਕੈਪਟਨ ਨੇ ਕਿਹਾ ਕਿ ਜਦ ਵੀ ਸ. ਬਾਦਲ ਨੂੰ ਅਪਣੇ ਜਾਂ ਅਪਣੇ ਪਰਵਾਰ ਲਈ ਕੁੱਝ ਕਰਨ ਦੀ ਲੋੜ ਹੋਵੇ ਤਾਂ ਉਹ ਅਪਣੀ ਪਾਰਟੀ ਤੋਂ ਅੰਤਮ ਫ਼ੈਸਲੇ ਦਾ ਅਧਿਕਾਰ ਅਪਣੇ ਹੱਥ ਲੈ ਲੈਂਦੇ ਹਨ। ਉਨ੍ਹਾਂ ਇਸ ਮਾਮਲੇ ਵਿਚ ਵੀ ਅੰਤਮ ਫ਼ੈਸਲਾ ਅਪਣੇ ਹੱਥ ਵਿਚ ਲੈ ਲੈਣ ਦੀ ਸਲਾਹ ਦਿਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top