Share on Facebook

Main News Page

ਜਦੋਂ ਚੋਰ ਤੇ ਕੁੱਤੀ ਹੀ ਰਲ ਜਾਣ ਤਾਂ ਇਤਰਾਜ਼ ਕੌਣ ਸੁਣਦਾ ਹੈ: ਭਾਈ ਬਲਦੇਵ ਸਿੰਘ ਸਿਰਸਾ

* ਜਿਹੜਾ ਜਸਟਿਸ ਬਰਾੜ ਇੱਕ ਧਾਰਮਕ ਚੋਣਾਂ ਕਰਵਾਉਣ ਵਿੱਚ ਵੀ ਇਨਸਾਫ ਦਾ ਧਰਮ ਨਹੀਂ ਨਿਭਾ ਸਕੇ ਉਸ ਨੇ ਆਪਣੀ ਸੇਵਾ ਦੌਰਾਨ ਜੱਜ ਹੁੰਦਿਆ ਕੀ ਇਨਸਾਫ਼ ਕੀਤਾ ਹੋਵੇਗਾ?
* ਸਟਿਸ ਬਰਾੜ ਵਲੋਂ ਗੁਰਦੁਆਰਾ ਚੋਣਾਂ ਵਿੱਚ ਨਿਭਾਈ ਭੁਮਿਕਾ ਦੇ ਨਾਲ ਨਾਲ ਉਸ ਦੇ ਜੱਜ ਹੁੰਦਿਆ ਕਾਰਗੁਜ਼ਾਰੀ ਦੀ ਵੀ ਸੀਬੀਆਈ ਪੜਤਾਲ ਕਰਵਾਈ ਜਾਵੇ
* ਗਲਤ ਬਣੀਆਂ ਅਤੇ ਪਈਆਂ ਵੋਟਾਂ ਦੇ ਅਧਾਰ ’ਤੇ ਹੋਈਆਂ ਗੁਰਦੁਆਰਾ ਚੋਣਾਂ ਰੱਦ ਕਰਕੇ ਮੁੜ ਫ਼ੋਟੋ ਵਾਲੀਆਂ ਸੂਚੀਆਂ ਤੇ ਪਛਾਣ ਪੱਤਰ ਬਣਾਉਣ ਪਿਛੋਂ ਦੁਬਾਰਾ ਚੋਣਾਂ ਕਰਵਾਈਆਂ ਜਾਣ

ਬਠਿੰਡਾ, 25 ਸਤੰਬਰ (ਕਿਰਪਾਲ ਸਿੰਘ): ਜਦੋਂ ਚੋਰ ਤੇ ਕੁੱਤੀ ਹੀ ਰਲ ਜਾਣ ਤਾਂ ਇਤਰਾਜ਼ ਕਿਸ ਪਾਸ ਕਰੀਏ, ਅਤੇ ਇਨ੍ਹਾਂ ਇਤਰਾਜਾਂ ਨੂੰ ਸੁਣਦਾ ਵੀ ਕੌਣ ਹੈ? ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਜਲੰਧਰ ਵਿਖੇ ਪ੍ਰੈੱਸ ਨੂੰ ਦਿੱਤੇ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਇਹ ਦੱਸਣ ਯੋਗ ਹੈ ਕਿ ਬੀਤੇ ਦਿਨ ਜਲੰਧਰ ਹੈਲੀਪੈਡ ਵਿਖੇ ਪੱਤਰਕਾਰਾਂ ਵਲੋਂ, ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਮੋਨੇ ਘੋਨੇ ਪਤਿਤ ਸਿੱਖਾਂ ਤੇ ਗੈਰ ਸਿੱਖਾਂ ਵਲੋਂ ਧੜੱਲੇ ਨਾਲ ਪਾਈਆਂ ਗਈਆਂ ਵੋਟਾਂ ਸਬੰਧੀ ਪੁੱਛੇ ਜਾਣ ’ਤੇ, ਸ: ਬਾਦਲ ਨੇ ਕਿਹਾ ਸੀ ਕਿ ‘ਸਾਨੂੰ ਕੀ ਪਤਾ ਐ ਕਿ ਪਤਿਤਾਂ ਨੇ ਕਿਸ ਨੂੰ ਵੋਟਾਂ ਪਾਈਆਂ ਹਨ?’ ਉਨ੍ਹਾਂ ਨੇ ਨਾਲ ਹੀ ਕਿਹਾ ਸੀ ਕਿ ਜਿਸ ਸਮੇਂ ਵੋਟਾਂ ਬਣੀਆਂ ਸੀ ਉਸ ਸਮੇਂ ਇਤਰਾਜ ਕਰਨੇ ਚਾਹੀਦੇ ਸਨ।

ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ਵਿਰੋਧੀ ਧਿਰ ਨੇ ਚੋਣ ਕਮਿਸ਼ਨ ਕੋਲ ਇਸ ਮਾਮਲੇ ਨੂੰ ਕਈ ਵਾਰ ਰੱਖਿਆ ਸੀ ਤਾਂ ਸ: ਬਾਦਲ ਨੇ ਕਿਹਾ ਇਸ ਬਾਰੇ ਤਾਂ ਗੁਰਦੁਆਰਾ ਚੋਣ ਕਮਿਸ਼ਨ ਹੀ ਦੱਸ ਸਕਦਾ ਹੈ। ਭਾਈ ਸਿਰਸਾ ਨੇ ਸ: ਬਾਦਲ ਦੇ ਇਨ੍ਹਾਂ ਬਿਆਨਾਂ ਅਤੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਹਰਫੂਲ ਸਿੰਘ ਬਰਾੜ ਦੀ ਕਾਰਗੁਜ਼ਾਰੀ ’ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਉਸ (ਭਾਈ ਸਿਰਸਾ) ਨੇ ਆਪਣੇ ਹਲਕੇ ਅਜਨਾਲੇ ਵਿੱਚ ਗਲਤ ਵੋਟਾਂ ਬਣਾਏ ਜਾਣ ਸਬੰਧੀ ਐੱਸਡੀਐੱਮ. ਡੀਸੀ, ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਤੋਂ ਲੈ ਕੇ ਹਾਈਕੋਰਟ ਅਤੇ ਅਕਾਲ ਤਖ਼ਤ ਦੇ ਜਥੇਦਾਰ ਤੱਕ ਪਹੁੰਚ ਕੀਤੀ, ਪਰ ਹਾਈਕੋਰਟ ਵਲੋਂ ਦਿੱਤੀਆਂ ਹਦਾਇਤਾਂ ਦੇ ਬਾਵਯੂਦ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਾ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੇ ਜਿਲ੍ਹੇ ਦੇ ਮਾਲਕ ਡੀਸੀ ਨੇ ਹੱਥ ਖੜ੍ਹੇ ਕਰ ਦਿੱਤੇ ਹਨ ਤਾਂ ਮੈਂ ਕੀ ਕਰ ਸਕਦਾ ਹਾਂ। ਅਤੇ ਤੁਸੀਂ ਸਮਝਦਾਰ ਹੀ ਹੋ ਜਿਸ ਨੇ ਵੋਟਾਂ ਬਣਵਾਈਆਂ ਹਨ ਉਨ੍ਹਾਂ ਨੇ ਉਸ ਨੂੰ ਹੀ ਪਾਉਣੀਆਂ ਹਨ।

ਭਾਈ ਸਿਰਸਾ ਨੇ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਨਾਲ ਹੋਈ ਗੱਲਬਾਤ ਦੀ ਵੀਡੀਓ ਸੀਡੀ ਮੇਰੇ ਪਾਸ ਹੁਣ ਵੀ ਮੌਜੂਦ ਹੈ। ਉਨ੍ਹਾਂ ਕਿਹਾ ਜਥੇਦਾਰ ਬਾਦਲ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ ਹਨ ਅਤੇ ਵੋਟਾਂ ਬਣਾਉਣ ਤੇ ਪਵਾਉਣ ਵਾਲਾ ਕਲੱਰਕ ਤੋਂ ਲੈ ਕੇ ਡੀਸੀ ਤੱਕ ਦਾ ਸਾਰਾ ਅਮਲਾ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਣ ਕਰਕੇ ਸਿੱਧੇ ਤੌਰ ’ਤੇ ਸ: ਬਾਦਲ ਤੋਂ ਹਦਾਇਤਾਂ ਲੈ ਕੇ ਕੰਮ ਕਰਦੇ ਹਨ। ਪਰ ਹੈਰਾਨੀ ਹੈ ਕਿ ਗੁਰਦੁਆਰਾ ਮੁੱਖ ਚੋਣ ਕਮਿਸ਼ਨ ਦੇ ਉਚ ਅਹੁੱਦੇ ’ਤੇ ਬਿਰਾਜ਼ਮਾਨ ਜਸਟਿਸ (ਸੇਵਾ ਮੁਕਤ) ਹਰਫੂਲ ਸਿੰਘ ਬਰਾੜ ਆਪਣੀ ਧੀ ਨੂੰ ਵਧੀਕ ਐਡਵੋਕੇਟ ਜਨਰਲ ਦਾ ਇੱਕ ਆਰਜ਼ੀ ਅਹੁਦਾ ਦਿਵਾਉਣ ਪਿੱਛੇ ਹੀ ਬਾਦਲ ਦੇ ਹੱਥਾਂ ਵਿੱਚ ਵਿਕ ਗਿਆ ਹੈ ਤਾਂ ਇਤਰਾਜ਼ ਕਿਸ ਪਾਸ ਕਰੀਏ ਤੇ ਇਨ੍ਹਾਂ ਇਤਰਾਜਾਂ ਨੂੰ ਸੁਣਦਾ ਵੀ ਕੌਣ ਹੈ? ਉਨ੍ਹਾਂ ਕਿਹਾ ਚੋਰ ਤੇ ਕੁੱਤੀ ਹੀ ਰਲ ਗਏ ਹਨ।

 

ਗੁਰੂ ਨਾਨਕ ਸਾਹਿਬ ਜੀ ਦਾ ਕਥਨ: ‘ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥’ (ਪੰਨਾ 471)। ਇਨ੍ਹਾਂ ’ਤੇ ਪੂਰੀ ਤਰ੍ਹਾਂ ਢੁੱਕਦਾ ਹੈ।

 

ਭਾਈ ਸਿਰਸਾ ਨੇ ਕਿਹਾ ਚੋਣ ਕਮਿਸ਼ਨਰ ਪਹਿਲਾਂ ਬਿਆਨ ਦਿੰਦਾ ਰਿਹਾ ਸੀ ਕਿ ‘ਵੋਟ ਦਰਜ਼ ਕਰਵਾਉਣ ਲਈ ਨਾ ਥੋਕ ਵਿੱਚ ਫਾਰਮ ਦਿੱਤੇ ਜਾਣਗੇ ’ਤੇ ਨਾ ਹੀ ਫੜ੍ਹੇ ਜਾਣਗੇ। ਵੋਟਰ ਬਣਨ ਦਾ ਚਾਹਵਾਨ ਹਰ ਕੇਸਾਧਾਰੀ ਸਿੱਖ ਖ਼ੁਦ ਆਪਣੇ ਲਈ ਵੋਟਰ ਫਾਰਮ ਚੋਣ ਕਮਿਸ਼ਨ ਵਲੋਂ ਨਿਯਤ ਕੀਤੇ ਕ੍ਰਮਚਾਰੀ ਪਾਸੋਂ ਪ੍ਰਾਪਤ ਕਰੇਗਾ ਤੇ ਖ਼ੁਦ ਹੀ ਭਰ ਕੇ ਉਸ ਨੂੰ ਫੜਾਏਗਾ। ਉਸ ਸਮੇਂ ਕਰਮਚਾਰੀ ਆਪਣੀ ਤਸੱਲੀ ਕਰ ਲਵੇਗਾ ਕਿ ਉਹ ਸਾਬਤ ਸੂਰਤ ਕੇਸਾਧਾਰੀ ਹੈ ਜਾਂ ਨਹੀਂ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਡੇ ਐਂਡ ਨਾਈਟ ਟੀਵੀ ਚੈਨਲ ਵਲੋਂ 18 ਸਤੰਬਰ ਨੂੰ ਪ੍ਰਦਰਸ਼ਤ ਕੀਤੀ ਰੀਪੋਰਟ ਇਸ ਦੇ ਲਿੰਕ ’ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਿਗਰਟਾਂ ਬੀੜੀਆਂ ਪੀਣ ਵਾਲੇ ਗੈਰ ਸਿੱਖ ਤੇ ਮੋਨੇ ਘੋਨੇ ਪਤਿਤ ਸਿਖਾਂ ਦੀਆਂ ਵੋਟਾਂ ਦਰਜ਼ ਹੋਈਆਂ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਦੀਆਂ ਵੋਟਾਂ ਕਿਸ ਨੇ ਬਣਾਈਆਂ ਹਨ ਤੇ ਕਿਵੇਂ ਬਣ ਗਈਆਂ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਬਾਦਲ ਕੇ ਕਹਿਣਗੇ ਤਾਂ ਉਹ ਜਰੂਰ ਵੋਟਾਂ ਪਾਉਣਗੇ। ਭਾਈ ਸਿਰਸਾ ਨੇ ਕਿਹਾ ਕਿ ਦਾਲ ’ਚੋਂ ਦਾਣਾ ਟੋਹਣ ਵਾਂਗ ਇੱਕ ਉਦਾਹਰਣ ਹੈ।

ਇਸ ਰੀਪੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਤਾਧਾਰੀ ਬਾਦਲ ਦਲ ਦੇ ਸਥਾਨਕ ਆਗੂਆਂ ਨੇ ਖ਼ੁਦ ਹੀ ਉਨ੍ਹਾਂ ਦੇ ਫਾਰਮ ਭਰ ਕੇ ਅਤੇ ਜ਼ਾਲ੍ਹੀ ਦਸਤਖ਼ਤ ਕਰਕੇ ਵੋਟਾਂ ਬਣਵਾ ਲਈਆਂ ਤੇ ਬੜੇ ਧੜੱਲੇ ਨਾਲ ਇੱਕ ਇੱਕ ਭਈਏ ਤੋਂ 20-20 ਵੋਟਾਂ ਪਵਾਈਆਂ ਜਿਸ ਦੇ ਸਬੂਤ ਡੇ ਐਂਡ ਨਾਈਟ ਦੇ ਲਿੰਕ http://www.dayandnightnews.com/2011/09/cms-non-sikh-neighbours-enrolled-as-voters-2/ ਸਮੇਤ ਹੋਰਨਾਂ ਚੈਨਲਾਂ ਅਤੇ ਮੀਡੀਆ ਰੀਪੋਰਟਾਂ ਤੋਂ ਵੇਖੇ ਜਾ ਸਕਦੇ ਹਨ। ਭਾਈ ਸਿਰਸਾ ਨੇ ਕਿਹਾ ਇਹ ਸਭ ਕੁਝ ਇਸ ਦੇ ਬਾਵਯੂਦ ਹੋਇਆ ਹੈ ਕਿ ਜਸਟਿਸ ਬਰਾੜ ਨੇ ਐਲਾਨ ਕੀਤਾ ਸੀ ਕਿ ਜੇ ਕੋਈ ਗੈਰ ਕੇਸਾਧਾਰੀ ਅਣੋਗ ਵੋਟਰ ਵੋਟ ਪਾਉਂਦਾ ਵੇਖਿਆ ਗਿਆ ਤਾਂ ਉਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਗੈਰ ਕੇਸਾਧਾਰੀ ਵੋਟਾਂ ਦੀ ਪਹਿਚਾਣ ਕਰਨ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਜ਼ਾਜ਼ਤ ਲੈ ਕੇ 10 ਬੂਥਾਂ ’ਤੇ ਵੀਡੀਓ ਸੀਡੀ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਬਾਦਲ ਕੇ ਇਸ ਤੋਂ ਬੁਖਲਾਹਟ ਵਿੱਚ ਆ ਗਏ ਤੇ ਸੀਡੀ ਬਣਾਉਣ ਤੋਂ ਰੋਕਣ ਲਈ ਬਾਦਲ ਦਲ ਦੇ ਗੁੰਡਿਆਂ ਨੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਕੀਤੀ ਤੇ ਨਾਲ ਉਸ ਪਾਸ ਨਜ਼ਾਇਜ਼ ਅਸਲਾ ਹੋਣ ਦਾ ਝੂਠਾ ਕੇਸ ਪਾ ਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਭਾਈ ਸਿਰਸਾ ਨੇ ਕਿਹਾ ਕਿ ਜਦ ਅਸੀਂ ਆਪਣੇ ਪੁੱਤਰ ਦੀ ਜ਼ਮਾਨਤ ਕਰਵਾਉਣ ਵਿੱਚ ਉਲਝ ਗਏ ਤਾਂ ਬਾਦਲ ਦਲ ਨੇ ਬੜੇ ਧੜੱਲੇ ਨਾਲ ਪਤਿਤਾਂ ਤੇ ਗੈਰ ਸਿੱਖਾਂ ਦੀਆਂ ਵੋਟਾਂ ਪਵਾਈਆਂ। ਉਨ੍ਹਾਂ ਨੇ ਕਿਹਾ ਕਿ ਇੱਕ ਤਾਂ ਵਿਰੋਧੀ ਦਲਾਂ ਕੋਲ ਪਹਿਲਾਂ ਹੀ ਵਰਕਰਾਂ ਦੀ ਘਾਟ ਸੀ ਅਤੇ ਜਿਥੇ ਬਾਦਲ ਦਲ ਦੀਆਂ ਚੋਣ ਧਾਂਦਲੀਆਂ ਰੋਕਣ ਦਾ ਕੁਝ ਪ੍ਰਬੰਧ ਸੀ ਉਥੇ ਇਨ੍ਹਾਂ ਨੇ ਬੂਥਾਂ ’ਤੇ ਕਬਜ਼ੇ ਕਰਨ ਲਈ ਗੋਲੀ ਤੱਕ ਚਲਾ ਦਿੱਤੀ ਜਿਸ ਨੂੰ ਚੈਨਲਾਂ ਨੇ ਲਾਈਵ ਵੀ ਪ੍ਰਦਰਸ਼ਤ ਕੀਤਾ ਹੈ। ਇਹ ਸਭ ਕੁਝ ਦੀਆਂ ਰੀਪੋਰਟਾਂ ਪ੍ਰੈੱਸ ਵਿੱਚ ਛਪ ਜਾਣ ’ਤੇ ਮੁਖ ਚੋਣ ਕਮਿਸ਼ਨਰ ਜਸਟਿਸ ਬਰਾੜ ਨੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪੜਤਾਲ ਕਰਕੇ ਰੀਪੋਰਟ ਭੇਜਣ ਦੇ ਹੁਕਮ ਦਿੱਤੇ ਪਰ ਹੈਰਾਨੀ ਹੈ ਕਿ ਰੀਪੋਰਟ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਨਤੀਜੇ ਵੀ ਐਲਾਨ ਦਿੱਤੇ ਤੇ ਉਹ ਵੀ ਬਿਨਾਂ ਵੋਟਰਾਂ ਦੀ ਗਿਣਤੀ ਅਤੇ ਦੂਸਰੇ ਤੀਸਰੇ ਨੰਬਰ ’ਤੇ ਆਉਣ ਵਾਲੇ ਉਮੀਦਵਾਰਾਂ ਦੇ ਵੇਰਵੇ ਦਿੱਤੇ ਜਾਣ ਤੋਂ ਬਿਨਾਂ ਹੀ।

ਭਾਈ ਸਿਰਸਾ ਨੇ ਕਿਹਾ ਕਿ ਜਿਹੜਾ ਜਸਟਿਸ ਬਰਾੜ ਇੱਕ ਧਾਰਮਕ ਚੋਣਾਂ ਕਰਵਾਉਣ ਵਿੱਚ ਵੀ ਇਨਸਾਫ ਦਾ ਧਰਮ ਨਹੀਂ ਨਿਭਾ ਸਕੇ ਉਸ ਨੇ ਆਪਣੀ ਸੇਵਾ ਦੌਰਾਨ ਜੱਜ ਹੁੰਦਿਆ ਕੀ ਇਨਸਾਫ਼ ਕੀਤਾ ਹੋਵੇਗਾ? ਉਨ੍ਹਾਂ ਮੰਗ ਕੀਤੀ ਕਿ ਜਸਟਿਸ ਬਰਾੜ ਵਲੋਂ ਗੁਰਦੁਆਰਾ ਚੋਣਾਂ ਵਿੱਚ ਨਿਭਾਈ ਭੂਮਿਕਾ ਦੇ ਨਾਲ ਨਾਲ ਉਸ ਦੇ ਜੱਜ ਹੁੰਦਿਆ ਕਾਰਗੁਜ਼ਾਰੀ ਦੀ ਵੀ ਸੀਬੀਆਈ ਪੜਤਾਲ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਹ ਪੜਤਾਲ ਵੀ ਕੀਤੀ ਜਾਵੇ ਕਿ ਗਲਤ ਵੋਟਾਂ ਕਿਹੜੇ ਕਿਹੜੇ ਆਗੂਆਂ ਨੇ ਬਣਵਾਈਆਂ ਤੇ ਕਿਹੜੇ ਕਰਮਚਾਰੀਆਂ ਨੇ ਬਣਾਈਆਂ ਉਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਗਲਤ ਬਣੀਆਂ ਅਤੇ ਪਈਆਂ ਵੋਟਾਂ ਦੇ ਅਧਾਰ ’ਤੇ ਹੋਈਆਂ ਗੁਰਦੁਆਰਾ ਚੋਣਾਂ ਰੱਦ ਕਰਕੇ ਮੁੜ ਫ਼ੋਟੋ ਵਾਲੀਆਂ ਸੂਚੀਆਂ ਤੇ ਪਛਾਣ ਪੱਤਰ ਬਣਾਉਣ ਪਿਛੋਂ ਦੁਬਾਰਾ ਚੋਣਾਂ ਕਰਵਾਈਆਂ ਜਾਣ।

ਭਾਈ ਸਿਰਸਾ ਨੇ ਕਿਹਾ ਕਿ ਜਸਟਿਸ ਬਰਾੜ ਤੋਂ ਪਹਿਲਾਂ ਨਿਯੁਕਤ ਹੋਏ ਜਸਟਿਸ ਵਰਮਾ ਦਾ ਤਾਂ ਬਾਦਲ ਦਲ ਨੇ ਇਸ ਅਧਾਰ ’ਤੇ ਵਿਰੋਧ ਕੀਤਾ ਸੀ ਕਿ ਹਿੰਦੂ ਹੋਣ ਦੇ ਨਾਤੇ ਉਸ ਨੂੰ ਸਿੱਖ ਕਦਰਾਂ ਕੀਮਤਾਂ ਦੀ ਜਾਣਕਾਰੀ ਨਹੀਂ ਹੈ ਪਰ ਜਿਹੜਾ ਸ: ਬਾਦਲ ਦੀ ਸਿਫ਼ਾਰਸ਼ ’ਤੇ ਇਹ ਬਰਾੜ ਸਾਹਿਬ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਉਸ ਨੂੰ ਕਿਹੜੀਆਂ ਸਿੱਖ ਕਦਰਾਂ ਕੀਮਤਾਂ ਦਾ ਪਤਾ ਹੈ ਜਿਸ ਨੇ ਆਪਣੀ ਧੀ ਅਤੇ ਪੁੱਤਰ ਦੋਵੇਂ ਹੀ ਹਿੰਦੂ ਪ੍ਰਵਾਰ ਵਿੱਚ ਵਿਆਹੇ ਹਨ ਤੇ ਵਿਰੋਧੀ ਧਿਰਾਂ ਅਤੇ ਮੀਡੀਏ ਦੇ ਰੌਲਾ ਪਾਉਣ ਦੇ ਬਾਵਯੂਦ ਤੰਬਾਕੂ ਵਰਤਣ ਦੀ ਬੱਜਰ ਕੁਰਹਿਤ ਕਰਨ ਵਾਲੇ ਗੈਰ ਸਿੱਖਾਂ ਤੇ ਪਤਿਤ ਸਿਖਾਂ ਦੀਆਂ ਵੋਟਾਂ ਬਣਨ ਅਤੇ ਭੁਗਤਾਉਣ ਵਿੱਚ ਸਤਾਧਾਰੀ ਦਲ ਦੀ ਪੂਰੀ ਪੂਰੀ ਮੱਦਦ ਕੀਤੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top