Share on Facebook

Main News Page

ਕੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਹੈ?

ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ

ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਨੂੰ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1930 ਤੋਂ 1945 ਤੱਕ ਪੂਰੀ ਘੋਖ ਪੜਤਾਲ ਕਰਨ ਉਪਰੰਤ ਪ੍ਰਕਾਸ਼ਿਤ ਕੀਤਾ ਸੀ ਜੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਹੈ। 65-66 ਸਾਲਾਂ ਤੋਂ ਲਗਾਤਾਰ ਛਪ ਰਹੀ ਇਸ ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਵਿੱਚ ਸਿੱਖ ਪੰਥ ਲਈ ਕੁੱਝ ਹਦਾਇਤਾਂ/ਨਿਯਮ ਦਰਜ ਹਨ ਕਿ ਸਿੱਖ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ।

ਇਸ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 8 ਤੇ ਸਿੱਖ ਦੀ ਤਾਰੀਫ ਦੇ ਨਾਂ ਹੇਠ ਦਰਜ ਹੈ ਕਿ :- ਜੋ ਇਸਤਰੀ ਜਾਂ ਪੁਰਖ ਇੱਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਅੰਮ੍ਰਿਤ ਸੰਸਕਾਰ ਦੇ ਨਾਂ ਹੇਠ ਪੰਨਾ ਨੰ: 24 ਤੇ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਸਿੰਘਾਂ ਦੇ ਨਾਲ ਸਿੰਘਣੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ । ਸਿੱਖ ਰਹਿਤ ਮਰਯਾਦਾ ਦੇ ਨਿਯਮ ਇਸਤਰੀ ਅਤੇ ਪੁਰਖ ਲਈ ਵੱਖੋ-ਵੱਖ ਨਹੀਂ ਹਨ ।

ਇਸ ਵਿੱਚ ਦਰਜ ਰਹਿਤਾਂ ਅਤੇ ਕੁਰਹਿਤਾਂ ਹਰ ਸਿੱਖ (ਇਸਤਰੀ/ਪੁਰਸ਼) ਲਈ ਇੱਕਸਾਰ ਹਨ । ਕਿਉਂਕਿ ਗੁਰਮਤਿ ਦੇ ਅਸੂਲ ਹੀ ਪ੍ਰਾਣੀ ਮਾਤਰ ਲਈ ਬਰਾਬਰ ਹਨ । ਇਸਤਰੀ ਨੂੰ ਸਾਰੇ ਹੀ ਧਰਮ/ਮੱਤਾਂ ਵੱਲੋਂ ਨੀਵਾਂ ਦਰਜਾ ਦਿੱਤਾ ਹੋਇਆ ਸੀ । ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ :- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਵਾਲੇ ਸ਼ਬਦ ਰਾਹੀਂ ਇਸਤਰੀ ਦੀ ਨਿਰਾਦਰੀ ਦੇ ਵਿੱਰੁਧ ਅਤੇ ਇਸਤਰੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਸਤਰੀ ਦੇ ਸਮਾਜਿਕ ਯੋਗਦਾਨ ਦੀ ਹਮਾਇਤ ਕੀਤੀ ਅਤੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ ਸੀ ਕਿ ਜਿਸ ਇਸਤਰੀ ਨੂੰ ਤੁਸੀਂ ਨੀਚ ਸਮਝਦੇ ਹੋ ਇਸ ਇਸਤਰੀ ਤੋਂ ਬਿਨ੍ਹਾਂ ਸੰਸਾਰਿਕ ਵਿਹਾਰ ਦੀ ਕਲਪਨਾ ਵੀ ਨਹੀਂ ਹੋ ਸਕਦੀ । ਵੱਡੇ-ਵੱਡੇ ਮਹਾਪੁਰਸ਼ ਅਤੇ ਰਾਜੇ ਵੀ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ । ਫਿਰ ਬੀਬੀਆਂ ਨੂੰ ਬਰਾਬਰਤਾ ਦੇਣੀ ਗੁਰਮਤਿ ਦੇ ਵਿਰੁੱਧ ਕਿਵੇਂ ਹੋਈ ? ਇਸ ਲਈ ਸਿੱਖ ਬੀਬੀਆਂ ਨੂੰ ਬਰਾਬਰਤਾ ਦੇਣ ਲਈ ਅਜੋਕੇ ਸੰਤਾਂ, ਜਥੇਦਾਰਾਂ, ਲੀਡਰਾਂ, ਮੱਕੜਾਂ (ਜੋ ਇਸ ਬਰਾਬਰਤਾ ਦਾ ਵਿਰੋਧ ਕਰ ਰਹੇ ਹਨ) ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਉਂਕਿ ਇਹ ਬਰਾਬਰਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਦੇ ਦਿੱਤੀ ਸੀ । ਇਸਤਰੀ ਅਤੇ ਪੁਰਸ਼ ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ । ਇਸਤਰੀ ਅਤੇ ਪੁਰਸ਼ ਦੋਵੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਕਹਾ ਸਕਦੇ ਹਨ। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥ (ਪੰਨਾ ਨੰ: 788) ਵਾਲਾ ਸ਼ਬਦ ਵੀ ਇਸਤਰੀ ਅਤੇ ਪੁਰਸ਼ ਦੇ ਇੱਕ ਹੋਣ ਦਾ ਹੀ ਪ੍ਰਮਾਣ ਦੇ ਰਿਹਾ ਹੈ ।

ਮਾਈ ਭਾਗ ਕੌਰ (ਮਾਈ ਭਾਗੋ) ਜਿਹੀਆਂ ਸਿੱਖ ਬੀਬੀਆਂ 40-40 ਸਿੰਘਾਂ ਦੇ ਜਥੇ ਦੀ ਅਗਵਾਈ ਕਰ ਸਕਦੀਆਂ ਹਨ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਸਕਦੀਆਂ ਹਨ ਅਤੇ ਹੋਰ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿੰਨ੍ਹਾਂ ਰਾਹੀਂ ਸਿੱਖ ਬੀਬੀਆਂ ਨੇ ਆਪਣੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਲਈ ਕੁਰਬਾਨੀਆਂ ਕੀਤੀਆਂ ਅਤੇ ਤਸੀਹੇ ਝੱਲੇ ਹਨ । ਨਾਲੇ ਫਿਰ ਜਦੋਂ ਸਾਰੇ ਨਿਯਮ (ਅਸੂਲ) ਮਰਦਾਂ ਵਾਲੇ ਸਿੱਖ ਇਸਤਰੀਆਂ ਤੇ ਲਾਗੂ ਹੁੰਦੇ ਹਨ । ਫਿਰ ਇਹ ਦੋ ਕਾਰਜਾਂ (ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ) ਲਈ ਬੀਬੀਆਂ ਤੇ ਪਾਬੰਦੀ ਕਿਉਂ ? ਜਦੋਂ ਕਿ ਸਿੱਖ ਬੀਬੀਆਂ ਅੰਮ੍ਰਿਤਧਾਰੀ ਹੋ ਕੇ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦਿੰਦੀਆਂ ਹੋਈਆਂ ਹੋਰ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਕੀਰਤਨ ਕਰ ਸਕਦੀਆਂ ਹਨ, ਫਿਰ ਦਰਬਾਰ ਸਾਹਿਬ ਲਈ ਇਹ ਵਿਖਰੇਵਾਂ ਕਿਉਂ ? ਜੇਕਰ ਸਿੱਖ ਵੀ ਬੀਬੀਆਂ ਨੂੰ ਇੰਨੀਆਂ ਹੀ ਅਪਵਿੱਤਰ ਮੰਨਦੇ ਹਨ ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਨਾਲ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ ਤਾਂ ਫਿਰ ਇਹਨਾਂ ਅਪਵਿੱਤਰ ਇਸਤਰੀਆਂ ਨੂੰ ਨਾ ਤਾਂ ਦਰਬਾਰ ਸਾਹਿਬ ਵਿੱਚ ਦਾਖਿਲ ਹੋਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ ਹੈ । ਨਾਲੇ ਫਿਰ ਅਪਵਿੱਤਰ ਇਸਤਰੀ ਦੇ ਅਪਵਿੱਤਰ ਖੂਨ ਤੋਂ ਪੈਦਾ ਹੋਇਆ ਮਰਦ ਆਪਣੇ ਆਪ ਨੂੰ ਕਿਵੇਂ ਪਵਿੱਤਰ ਕਹਾ ਸਕਦਾ ਹੈ। ਵਾਹ ਕੈਸੀ ਕਮਾਲ ਦੀ ਗੱਲ ਹੈ!

ਸਮਝ ਨਹੀਂ ਆਉਂਦੀ ਇਹਨਾਂ ਪਵਿੱਤਰ ਮਹਾਂਪੁਰਸ਼ਾਂ ਦੀ ਰੂੜ੍ਹੀਵਾਦੀ ਸੋਚ ਦੀ । ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵੱਚ ਇਹੀ ਵਿਲੱਖਣਤਾ ਅਤੇ ਵਿਸ਼ਾਲਤਾ ਹੈ ਕਿ ਕਿਸੇ ਵੀ ਧਰਮ, ਜਾਤ, ਨਸਲ ਜਾਂ ਦੇਸ਼ ਦਾ ਮਨੁੱਖ (ਇਸਤਰੀ ਜਾਂ ਪੁਰਸ਼) ਖੰਡੇ ਦੀ ਪਹੁਲ ਛਕ ਕੇ ਗੁਰਮਤਿ ਨੂੰ ਸਮਰਪਿਤ ਹੋ ਕੇ ਸਿੱਖ ਪੰਥ ਦਾ ਮੈਂਬਰ (ਸਿੱਖ) ਬਣ ਸਕਦਾ ਹੈ ਅਤੇ ਸਿੱਖੀ ਦੀ ਹਰ ਰਹੁ ਰੀਤ ਵਿੱਚ ਸ਼ਾਮਿਲ ਹੋ ਸਕਦਾ ਹੈ । ਇੱਕ ਪਾਸੇ ਤਾਂ ਅਸੀਂ ਹੋਰਨਾਂ ਧਰਮਾਂ, ਜੋ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਿੰਤੂ ਪ੍ਰੰਤੂ ਕਰਦੇ ਨਹੀਂ ਥੱਕਦੇ ਅਤੇ ਇਸਤਰੀ ਨੂੰ ਬਰਾਬਰਤਾ ਦੇਣ ਵਾਲੇ ਸਿੱਖੀ ਦੇ ਗੁਣ ਦੇ ਸੋਹਲੇ ਗਾ ਗਾ ਕੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪੈਰੋਕਾਰ ਹੋਣ ਦਾ ਡਰਾਮਾ ਕਰ ਰਹੇ ਹਾਂ, ਪਰ ਜੇ ਸਿੱਖ ਬੀਬੀਆਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਂ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੀ ਮੰਗ ਕਰਨ ਤਾਂ ਇਸ ਨੂੰ ਸਿੱਖ ਰਹਿਤ ਮਰਯਾਦਾ ਦੇ ਉਲਟ ਹੋਣ ਦਾ ਸ਼ੋਰ ਪਾ ਕੇ ਇਸਦਾ ਵਿਰੋਧ ਕਰਨ ਲੱਗ ਜਾਂਦੇ ਹਾਂ । ਜਦਕਿ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਣਾ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ ਹੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ । ਦੁੱਖ ਦੀ ਗੱਲ ਇਹ ਹੈ ਕਿ ਜਿੰਨ੍ਹਾਂ ਡੇਰੇਦਾਰਾਂ, ਅਖੌਤੀ ਸੰਤਾਂ ਨੇ ਕਦੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਿਆ ਹੀ ਨਹੀਂ, ਉਹੀ ਲੋਕ (ਆਰ.ਐਸ.ਐਸ. ਦੇ ਹੱਥ ਠੋਕੇ) ਗੁਰਮਤਿ ਅਨੁਸਾਰੀ ਫੈਸਲਿਆਂ ਦੇ ਵਿਰੋਧ ਵਿੱਚ ਕਾਵਾਂਰੌਲੀ ਪਾ ਦਿੰਦੇ ਹਨ।

ਇਹ ਓਹੀ ਲੋਕ ਹਨ ਜੋ ਕਦੇ ਪੂਰਨ ਸਿੰਘ ਦੇ ਰੂਪ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਗੁਨਾ ਦੇ ਪੀ.ਸੀ.ਓ. ਤੋਂ ਹੁਕਮਨਾਮੇ ਜਾਰੀ ਕਰਦੇ ਹਨ, ਕਦੇ ਗੁਰਬਚਨ ਸਿੰਘ ਦੇ ਰੂਪ ਵਿੱਚ ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰ ਦਿੰਦੇ ਹਨ, ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਮਾਨਿਤ ਕਰਨ ਵਾਲੀ ਅਸ਼ਲੀਲ ਕਵਿਤਾ ਤ੍ਰਿਆ ਚਰਿਤ੍ਰਾਂ ਦਾ ਵਿਰੋਧ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੀ ਘਿਨੋਣੀ ਕਾਰਵਾਈ ਕਰਦੇ ਹਨ । ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਇਹ ਲਾਗੂ ਹੋਣ ਹੀ ਨਹੀਂ ਦਿੰਦੇ । ਇੱਕ ਸਾਡੇ ਸਿੱਖ ਮਿਸ਼ਨਰੀ ਕਾਲਜ ਹੀ ਹਨ ਜੋ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇ ਰਹੇ ਹਨ । ਇੰਨ੍ਹਾਂ ਸਿੱਖ ਮਿਸ਼ਨਰੀ ਕਾਲਜਾਂ ਦਾ ਡੇਰੇਦਾਰ ਵਿਰੋਧ ਵੀ ਬਹੁਤ ਕਰਦੇ ਹਨ । ਬੇਸ਼ੱਕ ਸ਼੍ਰੋ:ਗੁ:ਪ੍ਰ:ਕਮੇਟੀ ਲੱਖਾਂ ਰੁਪਏ ਬਰਬਾਦ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਕਾਪੀਆਂ ਮੁਫਤ ਵੰਡਦੀ ਹੈ, ਪਰ ਇਹ ਮਰਯਾਦਾ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਵੀ ਲਾਗੂ ਨਹੀਂ ਹੈ । ਜੇ ਇਸ ਰਹਿਤ ਮਰਯਾਦਾ ਨੂੰ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਇਸ ਨੂੰ ਛਾਪਣ ਤੇ ਲੱਖਾਂ ਰੁਪਿਆ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ?

ਕਹਿੰਦੇ ਕਹਾਉਂਦੇ ਸਿੱਖਾਂ ਦੇ ਬੱਚੇ (ਸਿੱਖ) ਕੇਸ ਕਤਲ ਕਰਵਾ ਰਹੇ ਹਨ, ਤੰਬਾਕੂ, ਸ਼ਰਾਬ ਆਦਿ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਬਲੈਕ ਕਰ ਰਹੇ ਹਨ । ਗੁਰਦੁਆਰਿਆਂ, ਡੇਰਿਆਂ 'ਚ ਬਲਾਤਕਾਰ ਹੋ ਰਹੇ ਹਨ, ਗੁਰਬਾਣੀ ਦੇ ਪਾਠ ਮੰਤਰਾਂ ਵਾਂਗ ਤੋਤਾ ਰਟਣੀ ਰਾਹੀਂ ਸੌ-ਸੌ ਗੁਰੂ ਗ੍ਰੰਥ ਸਾਹਿਬ ਇੱਕਠੇ ਪ੍ਰਕਾਸ਼ ਕਰਕੇ ਹੋ ਰਹੇ ਹਨ । ਮਰੇ ਹੋਏ ਪ੍ਰਾਣੀਆਂ ਦੇ ਫੁੱਲ ਚੁਗ ਕੇ ਗੰਗਾ ਦੀ ਨਕਲ ਤੇ ਗੁਰੂ ਘਰਾਂ ਵਿੱਚ ਪਾਏ ਜਾ ਰਹੇ ਹਨ । ਗੁਰੂ ਘਰਾਂ ਵਿੱਚ ਪੁੱਛਾਂ, ਧਾਗੇ ਤਬੀਤ ਦਿੱਤੇ ਜਾ ਰਹੇ ਹਨ । ਬ੍ਰਾਹਮਣਾਂ ਵਾਂਗ ਗੁਰੂ ਘਰਾਂ ਵਿੱਚ ਵੀ ਸ਼ਰਾਧ ਖਵਾਏ ਜਾ ਰਹੇ ਹਨ । ਡੇਰੇਦਾਰਾਂ ਵੱਲੋਂ ਸਿੱਖ ਰਹਿਤ ਮਰਯਾਦਾ ਨੂੰ ਚੁਣੌਤੀ ਦੇ ਕੇ ਆਪੋ-ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਚਾਲੂ ਕੀਤੀਆਂ ਹੋਈਆਂ ਹਨ, ਕੀ ਇਹ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਨਹੀਂ ? ਸਿੱਖ ਮੱਤ ਵਿੱਚ ਡੇਰਾਵਾਦ ਦਾ ਜਾਲ ਅਮਰਵੇਲ ਵਾਂਗ ਫੈਲ ਰਿਹਾ ਹੈ । ਜੋ ਪੰਥ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਅੱਗੇ ਨੂੰ ਹੋਰ ਵੀ ਹੋਵੇਗਾ । ਸਿੱਖ ਪੰਥ ਨੇ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਇਆ ਸੀ ਤਾਂ ਇਹ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ ।

ਪਰ ਅੱਜ ਫਿਰ ਡੇਰਾਵਾਦ ਦੇ ਵੱਧਦੇ ਪ੍ਰਭਾਵ ਕਾਰਨ ਉਹੀ ਮਹੰਤੀ ਸੋਚ ਇੰਨੀ ਭਾਰੂ ਹੋ ਚੁੱਕੀ ਹੈ, ਜੋ ਕਿਸੇ ਗੁਰਮਤਿ ਅਨੁਸਾਰ ਲਏ ਫੈਸਲੇ ਨੂੰ ਵੀ ਰਹਿਤ ਮਰਯਾਦਾ ਦੇ ਉਲਟ ਕਹਿ ਕੇ ਕਾਵਾਂ ਰੌਲੀ ਪਾ ਦਿੰਦੀ ਹੈ ਅਤੇ ਆਪਣੇ ਗੁਰਮਤਿ ਵਿਰੋਧੀ ਫੈਸਲਿਆਂ ਨੂੰ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਸਾਹਿਬ ਰਾਹੀਂ ਲਾਗੂ ਕਰਵਾ ਦਿੰਦੀ ਹੈ । ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ । ਕਿਉਂਕਿ ਸਿੱਖੀ ਭੇਖ ਵਿੱਚ ਵਿਚਰ ਰਹੀ ਡੇਰਾਵਾਦੀ ਸੋਚ ਨੇ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਇਸਤਰੀ ਦੀ ਇੰਨੀ ਤੌਹੀਨ ਕੀਤੀ ਗਈ ਹੈ ਕਿ ਜੋ ਲੋਕ ਇਸ ਨੂੰ ਪੜ੍ਹ ਕੇ ਸੱਚ ਮੰਨ ਲੈਣਗੇ, ਉਹ ਇਸਤਰੀ ਉੱਪਰ ਵਿਸ਼ਵਾਸ਼ ਹੀ ਨਹੀਂ ਕਰ ਸਕਣਗੇ । ਜੇ ਕਿਸੇ ਨੂੰ ਇਸ ਗੱਲ ਉੱਪਰ ਸ਼ੱਕ ਹੋਵੇ (ਖਾਸ ਕਰਕੇ ਬੀਬੀਆਂ ਨੂੰ) ਤਾਂ ਉਹ ਅਖੌਤੀ ਦਸ਼ਮ ਗ੍ਰੰਥ ਦੇ ਵਿੱਚ ਲਿਖੇ ਹੋਏ ਇਸਤਰੀਆਂ ਦੇ 404 ਚਰਿਤ੍ਰ ਪੜ੍ਹ ਕੇ ਵੇਖ ਲੈਣ । ਇਸ ਲਈ ਸਿੱਖ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਮਤਿ ਤੇ ਪਹਿਰਾ ਦਿੰਦੀਆਂ ਹੋਈਆਂ ਗੁਰੂ ਨਾਨਕ ਵੱਲੋਂ ਦਿੱਤੇ ਬਰਾਬਰਤਾ ਦੇ ਹੱਕ ਦੀ ਭੀਖ ਮੰਗਣ ਦੀ ਵਜਾਏ ਮੈਦਾਨ ਵਿੱਚ ਨਿਤਰਣ ਅਤੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਣ । ਜਦੋਂ ਬੀਬੀਆਂ ਨੂੰ ਇਹ ਧਰਮ ਦੇ ਠੇਕੇਦਾਰ ਕੀਰਤਨ ਕਰਨ ਤੋਂ ਰੋਕਣਗੇ ਤਾਂ ਸਾਰੀ ਦੁਨੀਆਂ ਵੇਖਗੀ ਕਿ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪਹਿਰੇਦਾਰ ਕਹਾਉਣ ਵਾਲੇ, ਜੋ ਸਿੱਖ ਧਰਮ ਵਿੱਚ ਔਰਤਾਂ ਨੂੰ ਬਰਾਬਰਤਾ ਦੇਣ ਦੇ ਦਮਗਜੇ ਮਾਰਦੇ ਹਨ ਉਹ ਅੱਜ ਔਰਤਾਂ (ਜੋ ਸਿੱਖੀ ਰਹਿਤ ਵਿੱਚ ਪਰਪੱਕ ਹਨ) ਨੂੰ ਕੀਰਤਨ ਕਿਉਂ ਨਹੀਂ ਕਰਨ ਦਿੰਦੇ ਜਦੋਂਕਿ ਗੁਰਬਾਣੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਹੈ । ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਦਾ ਅਪਣਾ ਹੱਕ ਪ੍ਰਾਪਤ ਕਰਨ ਦੇ ਨਾਲ-ਨਾਲ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ ।

ਸਿੱਖ ਬੀਬੀਆਂ ਆਰ.ਐਸ.ਐਸ. ਦੇ ਗੁਲਾਮਾਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਇਹ ਸਵਾਲ ਕਰਨ ਕਿ ਅਕਾਲ ਤਖਤ ਸਾਹਿਬ ਦੀ ਪ੍ਰਮਾਣਿਕਤਾ ਦੀ ਦੁਹਾਈ ਪਾਉਣ ਵਾਲਿਓ ਧਰਮ ਦੇ ਠੇਕੇਦਾਰੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਦਿੱਤਾ ਬਰਾਬਰਤਾ ਦਾ ਹੱਕ ਕਿਉਂ ਖਤਮ ਕਰ ਰਹੇ ਹੋ ਅਤੇ ਇਸੇ ਸਿੱਖ ਰਹਿਤ ਮਰਯਾਦਾ ਦੇ ਉਲਟ ਇਸਤਰੀ ਦੀ ਬੇਇੱਜਤੀ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ :- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਦਾ ਹੋਕਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਉਂ ਪ੍ਰਕਾਸ਼ ਕਰ ਰਹੇ ਹੋ ? ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ ਨਹੀਂ ਇਹ ਆਰ.ਐਸ.ਐਸ. ਨੂੰ ਵਿਕੇ ਹੋਏ ਧਰਮ ਦੇ ਠੇਕੇਦਾਰ ਨਾਨਕਸ਼ਾਹੀ ਕੈਲੰਡਰ ਵਾਂਗ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇਣ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਨਾ ਕਰਨ ਵਾਲੀਆਂ ਮਦਾਂ ਦਾ ਵੀ ਭੋਗ ਪਾ ਦੇਣਗੇ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top