Share on Facebook

Main News Page

ਸਿੱਖ ਪੰਥ ਨੂੰ ਪੰਥ ਦੁਸ਼ਮਣ ਤਾਕਤਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ: ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਸਰੀ, ਕਨੇਡਾ (ਪੱਤਰਪ੍ਰੇਰਕ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਕਨੇਡਾ ਫੇਰੀ ਦੇ ਆਖ਼ਰੀ ਦਿਨ ਵੈਨਕੂਵਰ-ਸਰੀ ਦੇ ਸਭ ਤੋਂ ਵੱਡੇ ਗੁਰਦੁਆਰੇ ਦਸਮੇਸ਼ ਦਰਬਾਰ ਵਿਚ ਸੰਗਤਾਂ ਨੂੰ ਮੁਖ਼ਾਤਿਬ ਹੁੰਦਿਆਂ ਖ਼ਬਰਦਾਰ ਕੀਤਾ ਕਿ ਪੰਥ ਇਸ ਵਕਤ ਬਹੁਤ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਇਤਿਹਾਸ ਦੇ ਸਭ ਤੋਂ ਵਧ ਖ਼ਤਰਨਾਕ ਮੋੜ ਵਿਚੋਂ ਲੰਘ ਰਿਹਾ ਹੈ; ਇਸ ਬਹੁ-ਪੱਖੀ ਹਮਲੇ ਨੂੰ ਨਿਗਾਹ ਵਿਚ ਰੱਖ ਕੇ ਪੰਥ ਦੇ ਹਰ ਹਿੱਸੇ ਨੂੰ ਕੌਮ ਦਾ ਮੁਹਾਫ਼ਿਜ਼ ਬਣ ਕੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ। ਸ਼੍ਰੋਮਣੀ ਇਤਿਹਾਸਕਾਰ ਨੇ ਕਿਹਾ ਕਿ ਸਿੱਖਾਂ ਦੇ ਧਰਮ, ਆਰਥਿਕਤਾ, ਸਿਆਸਤ ਅਤੇ ਕਲਚਰ ‘ਤੇ ਸਾਜ਼ਸ਼ੀ ਹਮਲਿਆਂ ਦਾ ਹੜ੍ਹ ਆਇਆ ਹੋਇਆ ਹੈ। ਸਰਕਾਰਾਂ, ਬਿਪਰਨ ਤਾਕਤਾਂ ਅਤੇ ਅੰਦਰੂਨੀ ਦੁਸ਼ਮਣ, ਸਾਰੇ ਹੀ ਪੰਥ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਵਿਚ ਭਾਈਵਾਲ ਹਨ। ਇਸ ਸੂਰਤ ਵਿਚ ਲਾਜ਼ਮੀ ਹੈ ਕਿ ਹਰ ਸਿੱਖ ਆਪਣੇ ਆਪ ਨੂੰ ਇਕ ਆਗੂ, ਇਕ ਮਿਸ਼ਨਰੀ ਅਤੇ ਇਕ ਸਿਪਾਹੀ ਸਮਝੇ। ਇਸ ਦੇ ਨਾਲ ਨਾਲ ਇਹ ਵੀ ਲਾਜ਼ਮੀ ਹੈ ਕਿ ਅਸੀਂ ਸਾਰੇ ਆਪਣੇ ਬੱਚਿਆਂ ਵਾਸਤੇ ਸਹੀ ਰੋਲ ਮਾਡਲ ਵੀ ਬਣੀਏ ਕਿਉਂ ਕਿ ਇਹ ਜੰਗ ਇਕ ਪੁਸ਼ਤ ਦੀ ਨਹੀਂ ਬਲਕਿ ਇਹ ਬਹੁਤ ਲੰਮਾ ਸਮਾਂ ਚਲਣ ਵਾਲੀ ਜੰਗ ਹੈ; ਇਸ ਸੂਰਤ ਵਿਚ ਅਠ੍ਹਾਰਵੀਂ ਸਦੀ ਵਾਂਗ ਸਾਨੂੰ ਲੰਮੇ ਘੋਲ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਇਹ ਕਦੇ ਨਾ ਖਿਆਲ ਕਰਿਓ ਕਿ ਦੁਸ਼ਮਣ ਬਹੁਤ ਤਾਕਤਵਰ ਹੈ; ਅਤੇ ਇਹ ਯਾਦ ਰੱਖਿਓ ਕਿ ਸਿੱਖ ਅਜਿਹੇ ਹਾਲਾਤ ਵਿਚੋਂ ਪਹਿਲੋਂ ਵੀ ਦੋ ਵਾਰ ਗੁਜ਼ਰ ਚੁਕੇ ਹਨ।

ਇਸ ਮੌਕੇ ਤੇ ਗੁਰਦੁਆਰੇ ਦੇ ਪ੍ਰਧਾਨ ਸ: ਗਿਆਨ ਸਿੰਘ, ਜਨਰਲ ਸਕੱਤਰ ਸ: ਮਨਜੀਤ ਸਿੰਘ ਧਾਮੀ, ਸਾਬਕਾ ਪ੍ਰਧਾਨ ਸ: ਜਗਤਾਰ ਸਿੰਘ ਸੰਧੂ, ਕਨੇਡੀਅਨ ਸਿੱਖ ਸਟੱਡੀਜ਼ ਦੇ ਆਗੂ ਸ: ਸਤਨਾਮ ਸਿੰਘ ਜੌਹਲ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਡਾ ਦਿਲਗੀਰ ਦੇ ਲੈਕਚਰ ਸਮੇਂ ਸੰਗਤ ਏਨੀ ਸੰਜੀਦਾ ਹੋ ਕੇ ਸੁਣ ਰਹੀ ਸੀ ਕਿ ਸਾਹ ਚਲਣ ਤਕ ਦੀ ਆਵਾਜ਼ ਵੀ ਨਹੀਂ ਸੀ ਨਿਕਲ ਰਹੀ। ਇਸ ਮੌਕੇ ਤੇ ਡਾ: ਦਿਲਗੀਰ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ। ਮਗਰੋਂ ਡਾ ਦਿਲਗੀਰ ਦੇ ਸਨਮਾਨ ਵਿਚ ‘ਗਰੀਨ ਲੈਟਯੂਸ’ ਹੋਟਲ ਵਿਚ ਸ਼ਾਨਦਾਰ ਡਿਨਰ ਵੀ ਦਿੱਤਾ ਗਿਆ।

ਤਸਵੀਰ: ਸਿਰੋਪਾਓ ਦੀ ਰਸਮ ਵੇਲੇ: ਸ. ਗਿਆਨ ਸਿੰਘ (ਪ੍ਰਧਾਨ ਗੁਰਦੁਆਰਾ), ਪਿੱਛੇ ਸ: ਮਨਜੀਤ ਸਿੰਘ ਧਾਮੀ, ਡਾ: ਦਿਲਗੀਰ, ਅਕਾਲ ਤਖ਼ਤ ਸਾਹਿਬ ਦੇ ਰਾਗੀ ਗਿਆਨੀ ਰਣਜੀਤ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top