Share on Facebook

Main News Page

ਕਹਾਵਤ ਹੈ ਕਿ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ
ਪਰ
ਮੌਜੂਦਾ ਸਿੱਖ ਤਾਂ ਚੂਹਾ ਨਿਗਲਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ

ਰਾਜ ਸ਼ਕਤੀ ਨਾਲ ਅਖੌਤੀ ਧਰਮੀਆਂ ਦੀ ਗਿਣਤੀ ਤਾਂ ਹੋ ਸਕਦਾ ਹੈ ਵਧ ਜਾਵੇ ਪਰ ਕਦੀ ਵੀ ਸਿਧਾਂਤਕ ਗੁਣਾਂ ਪੱਖੋਂ ਧਰਮ ਦਾ ਵਾਧਾ ਨਾ ਕਦੇ ਹੋਇਆ ਹੈ ਅਤੇ ਅਤੇ ਨਾ ਹੀ ਕਦੀ ਹੋਵੇਗਾ

ਕਹਾਵਤ ਹੈ ਕਿ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਪਰ ਮੌਜੂਦਾ ਸਿੱਖ ਤਾਂ ਚੂਹਾ ਨਿਗਲਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਹ ਨਤੀਜ਼ਾ ਮੈਂ ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਆਏ ਨਤੀਜਿਆਂ ’ਤੇ ਵੀਚਾਰ ਕਰਨ ਉਪ੍ਰੰਤ ਕੱਢਿਆ ਹੈ। ਪਿਛਲੇ ਡੇੜ ਦਹਾਕੇ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਵੇਖ ਕਿ ਸਿੱਖੀ ਨਾਲ ਪਿਆਰ ਕਰਨ ਵਾਲੇ ਹਰ ਗੁਰਸਿੱਖ ਦਾ ਇਹ ਮੰਨਣਾ ਹੈ ਕਿ ਸਿੱਖੀ ਸਰੂਪ ਅਤੇ ਸਿਧਾਂਤਾਂ ਦਾ ਜਿਤਨਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਕਮੇਟੀ ’ਤੇ ਪੂਰੀ ਤਰ੍ਹਾਂ ਗਲਬਾ ਪਾਉਣ ਉਪ੍ਰੰਤ ਹੋਇਆ ਹੈ, ਇਤਨਾ ਕਿਸੇ ਵਿਰੋਧੀ ਦੇ ਸਮੇਂ ਦੌਰਾਨ ਵੀ ਨਹੀਂ ਹੋਇਆ।

  1. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ (ਅਖੌਤੀ ਸਤਿਗੁਰੂ) ਰਾਮ ਸਿੰਘ ਚੇਅਰ ਸਥਾਪਤ ਕਰਨਾ,

  2. ਸ਼੍ਰੋਮਣੀ ਕਮੇਟੀ ਵਲੋਂ ਛਪਵਾਈਆਂ ਸਿੱਖ ਇਤਿਹਾਸ (ਹਿੰਦੀ) ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਆਦਿ ਪੁਸਤਕਾਂ ਰਾਹੀਂ ਸਿੱਖ ਗੁਰੂ ਸਾਹਿਬਾਨ ਦਾ ਚਰਿਤਰਘਾਣ ਕਰਨਾ,

  3. ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂਤਾ ਨੂੰ ਵੰਗਾਰਣ ਲਈ ਉਸ ਦੇ ਬਾਰਾਬਰ (ਅਖੌਤੀ) ਦਸਮ ਗ੍ਰੰਥ ਨੂੰ ਪ੍ਰੋਮੋਟ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨਾ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣੇ ਕਠਪੁਤਲੀ ਜਥੇਦਾਰਾਂ ਰਾਹੀਂ ਪੰਥ ਵਿੱਚੋਂ ਛੇਕਣਾ,

  4. ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸਿੱਧੇ ਤੌਰ ’ਤੇ ਵੰਗਾਰਣ ਵਾਲੇ ਦੇਹਧਾਰੀ ਗੁਰੂ ਡੰਮੀ ਨਾਮਧਾਰੀ, ਰਾਧਾ ਸਵਾਮੀ, ਪਿਆਰੇ ਭਨਿਆਰੇ, ਆਸ਼ੂਤੋਸ਼ ਨੂਰਮਹਿਲੀਏ, ਸੌਦਾ ਡੇਰਾ ਆਦਿ ਦੇ ਡੇਰਿਆਂ ਨੂੰ ਵੋਟਾਂ ਦੀ ਖ਼ਾਤਰ ਵਡਾਵਾ ਦੇਣਾ,

  5. ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਅਕਾਲ ਤਖ਼ਤ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ {ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਮਦ (ੳ) ਅਨੁਸਾਰ} ਇੱਕ ਅਕਾਲ ਪੁਰਖ਼ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ, ਦੀ ਸਪਸ਼ਟ ਹਦਾਇਤ ਦੇ ਬਾਵਯੂਦ ਚੋਟੀ ਦੇ (ਅ)ਕਾਲੀ ਆਗੂਆਂ ਵਲੋਂ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਲਈ ਕੀਤੇ ਜਾ ਰਹੇ ਹਵਨਾਂ ਅਤੇ ਜਗਰਾਤਿਆਂ ਵਿੱਚ ਸ਼ਰੇਆਮ ਭਾਗ ਲੈਣਾ ਤੇ ਰਮਾਇਣ ਦੇ ਪਾਠ ਕਰਵਾਉਣੇ,

  6. ਪੰਜਾਬ ’ਚ ਕਾਲੇ ਦਿਨਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਰਾਹੀ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਫ਼ਸਰਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ, 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਚੋਣ ਵਾਅਦੇ ਦੇ ਬਾਵਯੂਦ ਬਾਦਲ ਸਰਕਾਰ ਬਣਨ ਉਪ੍ਰੰਤ, ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਅਹਿਮ ਅਹੁਦਿਆਂ ’ਤੇ ਤਾਇਨਾਤ ਕਰਨਾ ਅਤੇ ਸੇਵਾ ਮੁਕਤੀ ਉਪ੍ਰੰਤ ਆਪਣੀ ਪਾਰਟੀ ਦੇ ਅਹਿਮ ਅਹੁਦੇ ਦੇ ਕੇ ਵਿਧਾਨ ਸਭਾ ਚੋਣਾਂ ਲੜਾਉਣ ਦੀ ਤਿਆਰੀ ਕਰਨਾ, ਆਪਣੇ ਚਹੇਤੇ ਪਰ ਝੂਠੇ ਪੁਲਿਸ ਮੁਕਾਬਲਿਆਂ ਦੇ ਮੁਖ ਦੋਸ਼ੀ ਪੁਲਿਸ ਅਫ਼ਸਰ ਨੂੰ ਬਚਾਉਣ ਲਈ ਸਰਕਾਰੀ ਅਤਿਵਾਦ ਦੇ ਸ਼ਿਕਾਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਖ਼ਤਰਨਾਕ ਅਤਿਵਾਦੀ ਦੱਸਣਾ,

  7. ਨਿਆਰੀ ਸਿੱਖ ਕੌਮ ਨੂੰ ਹਿੰਦੂ ਧਰਮ ਦੇ ਗਲਬੇ ਹੇਠੋਂ ਕੱਢ ਕੇ ਧਾਰਮਿਕ ਆਜ਼ਾਦੀ ਦਿਵਾਉਣ ਵਾਲੇ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਕੋਈ ਕਦਮ ਨਾ ਪੁੱਟਣਾ, ਪਰ 2003 ਵਿੱਚ ਆਪਣੇ ਵੱਲੋਂ ਹੀ ਜਾਰੀ ਕੀਤੇ ਸਿੱਖਾਂ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ 2010 ਵਿੱਚ ਰੱਦ ਕਰਕੇ ਇੱਕ ਤਰ੍ਹਾਂ ਥੁੱਕ ਕੇ ਚੱਟਣ ਵਾਲੀ ਕਾਰਵਾਈ ਕਰਨਾ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਬਦਲਣ ਦੀਆਂ ਤਿਆਰੀਆਂ ਕਰਨਾ,

  8. ਛਪਾਈ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧਤਾ ਅਤੇ ਸਤਿਕਾਰ ਕਾਇਮ ਰੱਖਣ ਲਈ ਅਕਾਲ ਤਖ਼ਤ ਦੀ ਹਦਾਇਤ, ਸ਼੍ਰੋਮਣੀ ਕਮੇਟੀ ਦੇ ਮਤੇ ਅਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਘੋਰ ਉਲੰਘਣਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕੁੜਮਾਂ ਦੀ ਲੁਧਿਆਣਾ ਵਿਖੇ ਪ੍ਰੈੱਸ ਵਿੱਚ ਹੀ ਸ਼ਬਦ ਜੋੜਾਂ ਦੀਆਂ ਸੈਂਕੜੇ ਗਲਤੀਆਂ ਵਾਲੇ ਸੁਨਹਿਰੀ ਅੱਖਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪੇ ਜਾਣ ਦੇ ਬਾਵਯੂਦ, ਕਿਸੇ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕਰਨਾ,

  9. ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਸਮਝੌਤੇ ਵਿੱਚ 1100 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕਰਨਾ,

  10. ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਵਿੱਚ ਇੱਕ ਕਰੋੜ 65 ਲੱਖ ਰੁਪਏ ਦੇ ਲੱਗਪਗ ਪੈਟਰੋਲ ਦੇ ਖਰਚੇ ਵਿਖਾਉਣਾ ਅਤੇ

  11. ਟ੍ਰਸਟਾਂ ਦੇ ਬਹਾਨੇ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ’ਤੇ ਕਬਜ਼ੇ ਕਰਨੇ ਆਦਿ ਅਨੇਕਾਂ ਹੋਰ ਉਦਾਹਰਣਾਂ ਹਨ ਜਿਨ੍ਹਾਂ ਰਾਹੀਂ ਗੁਰੂ ਦੀ ਗੋਲਕ ਅਤੇ ਸਿਧਾਂਤ ਨੂੰ ਭਾਰੀ ਖ਼ੋਰਾ ਲਾਇਆ ਜਾ ਰਿਹਾ ਹੈ। ਪਰ ਇਸ ਸਭ ਦੇ ਬਾਵਯੂਦ ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਨੂੰ ਪਹਿਲਾਂ ਨਾਲੋਂ ਵੀ ਵੱਧ ਸੀਟਾਂ ’ਤੇ ਸ਼ਾਨ ਨਾਲ ਜਿਤਾਉਣ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਿੱਖ ਸਿਰਫ ਦੁੱਧ ਵਿੱਚ ਡਿੱਗੀ ਮੱਖੀ ਵੇਖ ਕੇ ਨਿਗਲਣ ਦੇ ਸਮਰਥ ਹੀ ਨਹੀਂ ਬਲਕਿ ਲੱਸੀ ਦੇ ਰਿੜਕਣੇ ਵਿੱਚ ਡਿੱਗੇ ਚੂਹੇ ਨੂੰ ਵੀ ਨਿਗਲਣ ਦੀ ਗਲਤੀ ਕਰੀ ਜਾ ਰਹੇ ਹਨ।

15 ਸਤੰਬਰ ਨੂੰ ਇੱਕ ਰਿਸ਼ਤੇਦਾਰ ਦੀ ਮੌਤ ਦੇ ਭੋਗ ਸਮੇ, ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਹੋਏ ਇੱਕ ਰਿਸ਼ਤੇਦਾਰ ਕਰਨਲ ਨੂੰ ਮਿਲਣ ਦਾ ਮੌਕਾ ਮਿਲਿਆ। ਵੇਖਿਆ ਗਿਆ ਕਿ ਉਹ ਉਸ ਸਮੇਂ ਵੀ ਆਪਣੇ ਹੋਰ ਰਿਸ਼ਤਦਾਰਾਂ ਨੂੰ ਬਾਦਲ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਪ੍ਰੇਰ ਰਹੇ ਸਨ। ਇਹ ਵੇਖ ਕੇ ਮੈਂ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ: ਤਰਲੋਚਨ ਸਿੰਘ ਦੁਪਾਲਪੁਰੀ ਵਲੋਂ ਲਿਖਿਆ ਲੇਖ ‘ਬੁਝੋ ਖਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ’ ਅਤੇ ਸ਼੍ਰੋਮਣੀ ਕਮੇਟੀ ਵਲੋਂ ਛਪੀ ਪੁਸਤਕ ਸਿੱਖ ਇਤਿਹਾਸ (ਹਿੰਦੀ) ਵਿੱਚ ਦਰਜ਼ ਕੁਝ ਗਲਤ ਬਿਆਨੀਆਂ ਨੂੰ ਉਜਾਗਰ ਕਰਦਾ ਅਖ਼ਬਾਰ ਵਿੱਚ ਛਪਿਆ ਇਸ਼ਤਿਹਾਰ ਦੇ ਕੇ ਉਨ੍ਹਾਂ ਨੂੰ ਪੜ੍ਹਨ ਉਪ੍ਰੰਤ ਗੱਲ ਕਰਨ ਦੀ ਬੇਨਤੀ ਕੀਤੀ। ਕਰਨਲ ਸਾਹਿਬ ਨੇ ਵੇਖਦਿਆਂ ਸਾਰ ਕਿਹਾ ਕਿ ਇਹ ਤਾਂ ਸਾਡੇ ਵਿਰੁਧ ਹੋਣਗੇ, ਪੜ੍ਹਨ ਦਾ ਕੀ ਫਾਇਦਾ ਪਰ ਇਸ ਦੇ ਨਾਲ ਹੀ ਰਿਸ਼ਤੇਦਾਰੀ ਦਾ ਮਾਣ ਰੱਖਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਰੂਰ ਪੜ੍ਹ ਕੇ ਇਸ ’ਤੇ ਵੀਚਾਰ ਵੀ ਕਰਨਗੇ। 17 ਸਤੰਬਰ ਨੂੰ ਜਦ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੇ ਆਖਰੀ ਦਿਨ ਹੋਣ ਕਰਕੇ ਉਨ੍ਹਾਂ ਨੂੰ ਪੜ੍ਹਨ ਲਈ ਵੇਹਲ ਹੀ ਨਹੀਂ ਮਿਲੀ, ਉਹ ਹੁਣੇ ਹੀ ਕਾਰ ਵਿੱਚੋਂ ਕੱਢ ਕੇ ਲਿਆਏ ਹਨ ਤੇ 10 ਮਿੰਟਾਂ ਵਿੱਚ ਪੜ੍ਹ ਕੇ ਜਰੂਰ ਬੈਕ ਕਾਲ ਕਰਨਗੇ। 19 ਸਤੰਬਰ ਤੱਕ ਕਰਨਲ ਸਾਹਿਬ ਦਾ ਕੋਈ ਫ਼ੋਨ ਨਾ ਆਇਆ ਤਾਂ ਉਨ੍ਹਾਂ ਨੂੰ ਫਿਰ ਫ਼ੋਨ ਕੀਤਾ ਤਾਂ ਉਨ੍ਹਾਂ ਉਸ ਲੇਖ ਅਤੇ ਇਸ਼ਤਿਹਾਰ ਨਾਲ ਤਾਂ ਸਹਿਮਤੀ ਪ੍ਰਗਟ ਕੀਤੀ ਪਰ ਕਿਹਾ ਕਿ ਉਨ੍ਹਾਂ ਨੂੰ ਧਰਮ ਦੀਆਂ ਬਰੀਕੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਤੇ ਬਾਦਲ ਸਹਿਬ ਵੀ ਕੋਈ ਧਾਰਮਕ ਨਹੀਂ ਇਸ ਲਈ ਰਾਜਨੀਤੀ ਵਿੱਚ ਸਭ ਕੁਝ ਚਲਦਾ ਹੀ ਹੈ।

ਇਹ ਵੀਚਾਰ ਇਕੱਲੇ ਮੇਰੇ ਉਸ ਰਿਸ਼ਤੇਦਾਰ ਕਰਨਲ ਸਾਹਿਬ ਦੇ ਹੀ ਨਹੀਂ ਬਲਕਿ ਬਾਦਲ ਦਲ ਦੇ ਹੋਰਨਾਂ ਸਾਰੇ ਆਗੂਆਂ ਤੇ ਸਮਰਥਕਾਂ ਦੇ ਵੀ ਹਨ। ਇਨ੍ਹਾਂ ਸਮਰਥਕਾਂ ਦੇ ਅਜੇਹੇ ਕਥਨ ‘ਸਿੱਖਾਂ ਦਾ ਧਰਮ ਤੇ ਰਾਜਨਨੀਤੀ ਇਕੱਠੀ’ ਦੱਸਣ ਦੀ ਪੂਰੀ ਤਰ੍ਹਾਂ ਖਿੱਲ੍ਹੀ ਉਡਾਉਂਦੇ ਹਨ। ਜਿਹੜੇ ਮੰਨਦੇ ਹਨ ਕਿ ਬਾਦਲ ਦਲ ਦੇ ਆਗੂ ਤੇ ਸਮਰਥਕ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਰਖਦੇ ਉਹ ਧਰਮ ਤੇ ਰਾਜਨੀਤੀ ਇਕੱਠੀ ਹੋਣ ਦੇ ਦਾਅਵੇ ਕਿਸ ਅਧਾਰ ’ਤੇ ਕਰਦੇ ਹਨ? ਅਸਲ ਵਿੱਚ ਇਨ੍ਹਾਂ ਕੋਲ ਧਰਮ ਨਾਮ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ, ਇਨ੍ਹਾਂ ਨੇ ਤਾਂ ਰਾਜਨੀਤੀ ਕਰਨ ਲਈ ਧਰਮ ਨੂੰ ਘੋੜਾ ਬਣਾ ਰੱਖਿਆ ਹੈ ਤੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਭੜਕਾ ਕੇ ਵੋਟਾਂ ਵਟੋਰਣ ਦਾ ਗੁਰ ਅਪਣਾ ਰੱਖਿਆ ਹੈ, ਜਿਸ ਦਾ ਇਹ ਖ਼ੂਬ ਲਾਹਾ ਖ਼ੱਟ ਰਹੇ ਹਨ। ਭਾਰਤੀ ਚੋਣ ਕਮਿਸ਼ਨ ਅਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਪਾਰਟੀ ਵਲੋਂ ਦੋ ਵੱਖ ਵੱਖ ਸੰਵਿਧਾਨ ਪੇਸ਼ ਕਰਕੇ ਇਨ੍ਹਾਂ ਨੇ ਖ਼ੁਦ ਹੀ ‘ਮੀਰੀ ਪੀਰੀ ਇਕੱਠੀ’ ਹੋਣ ਦੇ ਦਾਅਵੇ ਦੀ ਫੂਕ ਕੱਢ ਰੱਖੀ ਹੈ। ਸਿੱਖਾਂ ਦੀ ‘ਮੀਰੀ ਪੀਰੀ ਇਕੱਠੀ’ ਹੋਣ ਦੇ ਦਾਅਵਾ ਕਰਨ ਵਾਲਿਆਂ ਕੋਲ ਜੇ ਥੋੜ੍ਹਾ ਬਹੁਤ ਹੀ ਇਖ਼ਲਾਖ਼ ਤੇ ਜ਼ਮੀਰ ਬਚੀ ਹੈ, ਤਾਂ ਇਸ ਦਲ ਨੂੰ ਦੋਵਾਂ ਕਮਿਸ਼ਨਾਂ ਕੋਲ ਇਸ ਦਾਅਵੇ ਤੇ ਅਮਲ ਕਰਨ ਵਾਲਾ ਇੱਕੋ ਸੰਵਿਧਾਨ ਪੇਸ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਘੱਟ ਤੋਂ ਘੱਟ ਆਪਣੇ ਦੋਗਲੇਪਨ ਦਾ ਪ੍ਰਦਰਸ਼ਨ ਕਰਨ ਤੋਂ ਹੀ ਗੁਰੇਜ਼ ਕਰਨ ਤਾਂ ਚੰਗਾ ਹੈ।

ਆਪਣੇ ਰਿਸ਼ਤੇਦਾਰ ਕਰਨਲ ਸਾਹਿਬ ਨੂੰ ਪੁੱਛਿਆ ਕਿ ਇਹ ਧਾਰਮਿਕ ਚੋਣਾਂ ਹਨ ਇਸ ਲਈ ਇਨ੍ਹਾਂ ਚੋਣਾਂ ਵਿੱਚ ਸਿੱਖਾਂ ਅਤੇ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਂਵਾਂ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਹੱਲ ਅਤੇ ਧਰਮ ਪ੍ਰਚਾਰ ਨੂੰ ਤੇਜ ਕਰਨ ਦੀਆਂ ਸਕੀਮਾਂ ’ਤੇ ਵੀਚਾਰ ਕਰ ਕੇ ਦੱਸਣਾ ਚਾਹੀਦਾ ਸੀ ਕਿ ਪਿਛਲੇ ਸਮੇਂ ਵਿੱਚ ਉਨ੍ਹਾਂ ਕੀ ਕੰਮ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੰਮ ਕਰਨਗੇ, ਪਰ ਇਥੇ ਤਾਂ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਵੋਟਾਂ ਵਟੋਰਨ ਲਈ ਕਾਂਗਰਸ ਦੇ ਵਿਰੋਧ ਨੂੰ ਹੀ ਮੁੱਖ ਮੁੱਦਾ ਬਣਾ ਰੱਖਿਆ ਹੈ। ਕਰਨਲ ਸਾਹਿਬ ਨੇ ਕਿਹਾ, ਤੁਸੀਂ (ਅ)ਕਾਲੀ ਦਲ ਦਾ ਚੋਣ ਮਨੋਰਥ ਪੱਤਰ ਪੜ੍ਹ ਕੇ ਵੇਖੋ ਉਸ ਵਿੱਚ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਯੂਨੀਵਰਸਿਟੀ ਅਤੇ ਕਿੰਨੇ ਸਕੂਲ, ਕਾਲਜ਼ ਖੋਲ੍ਹੇ ਗਏ ਹਨ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਵਲੋਂ ਆਪਣੇ ਲੇਖ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਜੇ ਉਨ੍ਹਾਂ ਸਕੂਲਾਂ ਕਾਲਜ਼ਾਂ ਵਿੱਚ ਅਧਿਆਪਕ ਹੀ ਆਰਐੱਸਐੱਸ ਦੇ ਰੱਖਣੇ ਹਨ ਤਾਂ ਉਨ੍ਹਾਂ ਸੰਸਥਾਵਾਂ ਦਾ ਸਿੱਖ ਕੌਮ ਨੂੰ ਕੀ ਲਾਭ ਹੋਇਆ? ਤੁਸੀਂ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਿਸੇ ਸਕੂਲ ਕਾਲਜ਼ ਵਿੱਚ ਜਾ ਕੇ ਵੇਖੋ ਕਿ ਉਸ ਵਿੱਚ ਕਿਤਨੇ ਅਧਿਆਪਕ ਤੇ ਵਿਦਿਆਰਥੀ ਅੰਮ੍ਰਿਤਧਾਰੀ ਜਾਂ ਕੇਸਾਧਾਰੀ ਹਨ ਤੇ ਕਿਤਨੇ ਮੋਨ ਘੋਨ? ਕੀ ਇਨ੍ਹਾਂ ਸੰਸਥਾਵਾਂ ਰਾਹੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਜਾਂ ਜਲੂਸ ਨਿਕਲ ਰਿਹਾ ਹੈ? ਕਰਨਲ ਸਾਹਿਬ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਾ ਦੇ ਸਕੇ।

ਇਸੇ ਤਰ੍ਹਾਂ ਹੀ 18 ਸਤੰਬਰ ਨੂੰ ਵੋਟਾਂ ਪਵਾਉਣ ਤੇ ਗਿਣਤੀ ਦੌਰਾਨ ਸਰਗਰਮੀ ਨਾਲ ਸੇਵਾ ਨਿਭਾ ਰਹੇ ਇੱਕ ਵਕੀਲ (ਜਿਸ ਦੀ ਸੇਵਾ ਮੁਕਤ ਸਿਖਿਆ ਅਧਿਕਾਰੀ ਪਤਨੀ ਨੂੰ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਦੀ ਪੂਛ ਲਾਈ ਹੋਈ ਹੈ) ਨਾਲ ਸ: ਬਾਦਲ ਵਲੋਂ ਧਰਮ ਵਿਰੋਧੀ ਕੀਤੀਆਂ ਜਾ ਰਹੀਆਂ ਉਕਤ ਕਾਰਵਾਈਆਂ ਦਾ ਹਵਾਲਾ ਦੇ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਸਪਸ਼ਟ ਲਫ਼ਜ਼ਾਂ ਵਿੱਚ ਮੰਨਿਆ ਕਿ ਸਾਨੂੰ ਪਤਾ ਹੈ ਕਿ ਜਿੰਨ੍ਹਾਂ ਤੁਸੀਂ ਕਹਿ ਰਹੇ ਹੋ ਸ: ਬਾਦਲ ਸਿੱਖੀ ਦਾ ਉਸ ਤੋਂ ਵੀ ਵੱਧ ਨੁਕਸਾਨ ਕਰ ਰਿਹਾ ਹੈ, ਪਰ ਉਨ੍ਹਾਂ ਨੇ ਸਾਰਾ ਚੋਣ ਸਿਸਟਮ, ਨੈੱਟ ਵਰਕ ਅਤੇ ਮੀਡੀਏ ’ਤੇ ਪੂਰਨ ਕਬਜ਼ਾ ਕਰ ਲਿਆ ਹੈ। ਦੂਸਰੇ ਪਾਸੇ ਵਿਰੋਧੀ ਦਲਾਂ ਵਿੱਚ ਵੀ ਕੋਈ ਤੰਤ ਨਹੀਂ। ਇਨ੍ਹਾਂ ਹਾਲਤਾਂ ਵਿੱਚ ਅਸੀਂ ਕੀ ਸਕਦੇ ਹਾਂ? ਸਿਰਫ ਉਸ ਨਾਲ ਚੱਲਣ ਦੀ ਮਜ਼ਬੂਰੀ ਹੈ। ਇਹ ਖ਼ਿਆਲ ਵੀ ਇਕੱਲੇ ਮੇਰੇ ਉਸ ਵਕੀਲ ਦੋਸਤ ਦੇ ਹੀ ਨਹੀਂ ਬਲਕਿ ਬਾਦਲ ਦਲ ਦੇ ਅਨੇਕਾਂ ਹੋਰ ਆਗੂਆਂ ਤੇ ਸਮਰਥਕਾਂ ਦੇ ਵੀ ਹਨ। ਇਨ੍ਹਾਂ ਦੋਸਤਾਂ ਨੂੰ ਮੇਰੀ ਇਹੋ ਰਾਇ ਹੈ ਕਿ ਜੇ ਹੋਰ ਕੁਝ ਕਰਨ ਦੀ ਸਮਰੱਥਾ ਨਹੀਂ ਰੱਖਦੇ, ਤਾਂ ਜੋ ਕੁਝ ਉਹ ਕਰ ਰਹੇ ਹਨ, ਉਹ ਕਰਨਾ ਹੀ ਛੱਡ ਦੇਣ ਤਾਂ ਇਹ ਵੀ ਪੰਥ ਦੀ ਇੱਕ ਵੱਡੀ ਸੇਵਾ ਹੀ ਹੋਵੇਗੀ।

ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਵਿਰੋਧੀ ਅਕਾਲੀ ਦਲਾਂ ਦਾ ਕਿਰਦਾਰ ਹੀ ਸ: ਬਾਦਲ ਦੀਆਂ ਕਾਮਯਾਬੀਆਂ ਦਾ ਅਸਲੀ ਰਾਜ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਆਗੂਆਂ ਦੀ ਸਤਾ ਵਿੱਚ ਭਾਈਵਾਲੀ ਦੇ ਅਹੁਦੇ ਨਾ ਮਿਲਣ ਦੇ ਰੋਸ ਵਜੋਂ ਹੀ ਬਾਦਲ ਦਲ ਤੋਂ ਅਲੱਗ ਹੋਏ ਹਨ। ਇਨ੍ਹਾਂ ਦਾ ਮੁੱਖ ਨਿਸ਼ਾਨਾ ਵੀ ਸਤਾ ਪ੍ਰਾਪਤੀ ਹੀ ਹੈ, ਤੇ ਸਿੱਖੀ ਸਿਧਾਂਤ ਦੀ ਗੱਲ ਉਸ ਸਮੇਂ ਤੱਕ ਹੀ ਕਰਦੇ ਹਨ ਜਦ ਤੱਕ ਇਨ੍ਹਾਂ ਨੂੰ ਕੋਈ ਅਹੁੱਦਾ ਜਾਂ ਸਤਾ ਵਿੱਚ ਭਾਈਵਾਲੀ ਨਹੀਂ ਮਿਲਦੀ। ਜਦੋਂ ਹੀ ਸ: ਬਾਦਲ ਦੀ ਸਤਾ ਦੀ ਕੁਰਸੀ ’ਤੇ ਟਿਕੇ ਰਹਿਣ ਲਈ, ਇਨ੍ਹਾਂ ਨੂੰ ਨਾਲ ਲੈਣ ਦੀ ਮਜ਼ਬੂਰੀ ਬਣ ਜਾਵੇ ਤੇ ਉਸ ਦੀ ਇਸ ਮਜ਼ਬੂਰੀ ਸਦਕਾ ਉਨ੍ਹਾਂ ਨੂੰ ਅਹੁੱਦੇ ਮਿਲ ਜਾਣ ਤਾਂ ਉਹ ਝੱਟ ਬਾਦਲ ਦਲ ਵਿੱਚ ਸ਼ਾਮਲ ਹੋ ਕੇ ਸ: ਬਾਦਲ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ (ਤੇ ਇੱਕ ਸਮੇਂ ਸੁਰਜੀਤ ਸਿੰਘ ਬਰਨਾਲਾ) ਸਮੇਤ ਹੋਰ ਅਨੇਕਾਂ ਆਗੂ ਇਹ ਕਰਵਟ ਲੈ ਚੁੱਕੇ ਹਨ। ਇੱਕ ਤਾਂ ਤਾਕਤ ਦੇ ਭੁੱਖੇ ਇਨ੍ਹਾਂ ਆਗੂਆਂ ਦੇ ਕਿਰਦਾਰ ਤੇ ਦੂਸਰਾ ਇਨ੍ਹਾਂ ਵਲੋਂ ਸ: ਬਾਦਲ ਜਿੰਨੀ ਮਿਹਨਤ ਨਾ ਕਰਨ ਦੀ ਆਦਤ ਦੇ ਕਾਰਣ ਇਹ ਸਾਰੇ ਆਪਣਾ ਵਿਸ਼ਵਾਸ਼ ਗੁਆ ਚੁੱਕੇ ਹਨ। ਇਸ ਕਾਰਣ ਇਹ ਬਾਦਲ ਦਾ ਬਦਲ ਪੇਸ਼ ਕਰਨ ਵਿੱਚ ਕਾਮਯਾਬ ਨਹੀ ਹੋ ਸਕੇ। ਇਹ ਪੰਜ ਸਾਲ ਅਖ਼ਬਾਰੀ ਬਿਆਨ ਦੇਣ ਜਾਂ ਪ੍ਰੈੱਸ ਕਾਨਫਰੰਸਾਂ ਕਰਨ ਤੋਂ ਇਲਾਵਾ ਕੁਝ ਨਹੀਂ ਕਰਦੇ ਤੇ ਚੋਣਾਂ ਨੇੜੇ ਵੇਖ ਕੇ ਆਰਜ਼ੀ ਜਿਹਾ ਸਾਂਝਾ ਪੰਥਕ ਮੋਰਚਾ ਬਣਾ ਕੇ ਆਪਣੇ ਧੜੇ ਦੇ ਵਿਅਕਤੀਆਂ ਨੂੰ ਟਿਕਟਾਂ ਵੰਡ ਦਿੰਦੇ ਹਨ। ਸ: ਰਵੀਇੰਦਰ ਸਿੰਘ ਤਾਂ ਸਮੱੁਚੇ ਚੋਣ ਅਮਲ ਦੌਰਾਨ ਕਿਸੇ ਉਮੀਦਵਾਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਏ ਨਹੀਂ ਵੇਖੇ ਗਏ। ਸ: ਸੁਰਜੀਤ ਸਿੰਘ ਬਰਨਾਲਾ ਗਵਰਨਰੀ ਦੇ ਅਹੁੱਦੇ ਨਾਲ ਇਸ ਕਦਰ ਜੁੜੇ ਰਹੇ ਕਿ 6 ਮਹੀਨੇ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਹਿੰਮਤ ਵੀ ਨਾ ਵਿਖਾ ਸਕੇ।

31 ਅਗਸਤ ਨੂੰ ਸੇਵਾ ਮੁਕਤੀ ਤੋਂ ਬਾਅਦ ਚੋਣ ਮੁਹਿੰਮ ਵਿੱਚ ਕੁੱਦੇ ਹੀ ਸਨ ਕਿ ਬਾਦਲ ਪ੍ਰਵਾਰ ਨੇ ਇਨਕਮ ਟੈਕਸ ਵਿੱਚ ਤਾਇਨਾਤ ਆਪਣੇ ਰਿਸ਼ਤੇਦਾਰ ਉਚ ਅਫ਼ਸਰ ਦੇ ਰੁਤਬੇ ਦੀ ਵਰਤੋਂ ਕਰਦੇ ਹੋਏ ਬਰਨਾਲਾ ਦੇ ਪੁਤਰ ਗਗਨਜੀਤ ਸਿੰਘ ਬਰਨਾਲਾ ਦੀ ਚੰਡੀਗੜ੍ਹ ਵਾਲੀ ਰਿਹਾਇਸ਼ ’ਤੇ ਛਾਪਾ ਮਰਵਾ ਕੇ ਕੋਠੀ ਸੀਲ ਕਰਵਾ ਦਿੱਤੀ ਤੇ ਇਸ ਤਰ੍ਹਾਂ ਬਰਨਾਲਾ ਪ੍ਰਵਾਰ ਨੂੰ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਤੋਂ ਰੋਕਣ ’ਚ ਸਫਲ ਹੋ ਗਿਆ। ਭਾਈ ਦਲਜੀਤ ਸਿੰਘ ਬਿੱਟੂ ਨੂੰ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਪਹਿਲਾਂ ਹੀ ਪੰਜਾਬ ਸਰਕਾਰ ਨੇ ਝੂਠੇ ਕੇਸਾਂ ਦੇ ਅਧਾਰ ’ਤੇ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ, ਤੇ ਉਸ ਦੀ ਪੰਚ ਪ੍ਰਧਾਨੀ ਪਾਰਟੀ ਦੇ ਦੂਸਰੀ ਕਤਾਰ ਦੇ ਆਗੂ ਖ਼ੁਦ ਚੋਣਾਂ ਲੜਨ ਕਾਰਣ ਆਪਣੇ ਹਲਕੇ ਤੋਂ ਬਾਹਰ ਨਹੀਂ ਜਾ ਸਕੇ। ਸ: ਸਿਮਰਨਜੀਤ ਸਿੰਘ ਮਾਨ ਜਿੱਥੇ ਸਾਂਝੇ ਪੰਥਕ ਮੋਰਚੇ ਵਿੱਚ ਸ਼ਾਮਲ ਨਾ ਹੋਏ ਉੱਥੇ ਸਮੁੱਚੇ ਪੰਜਾਬ ਦੀ ਚੋਣ ਮੁਹਿੰਮ ਚਲਾਉਣ ਦੀ ਥਾਂ ਦੋ ਸੀਟਾਂ ’ਤੇ ਖ਼ੁਦ ਆਪ ਅਤੇ ਇੱਕ ਸੀਟ ਤੋਂ ਆਪਣੇ ਪੁੱਤਰ ਈਮਾਨ ਸਿੰਘ ਮਾਨ ਨੂੰ ਲੜਾਉਣ ਕਾਰਣ ਇਨ੍ਹਾਂ ਤਿੰਨਾਂ ਹਲਕਿਆਂ ਵਿੱਚ ਹੀ ਬੱਝ ਕੇ ਰਹਿ ਗਏ ਤੇ ਹੋਰਨਾਂ ਤੋਂ ਇਲਾਵਾ ਇਨ੍ਹਾਂ ਤਿੰਨਾਂ ਵਿੱਚ ਵੀ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਹੀ ਰਹਿ ਗਏ ਜਿਨ੍ਹਾਂ ਨੇ ਆਪਣੇ ਵਿੱਤ ਅਨੁਸਾਰ ਸਾਰੇ ਪੰਜਾਬ ਵਿੱਚ ਇੱਕ ਗੇੜਾ ਮਾਰ ਕੇ ਪੰਥਕ ਮੋਰਚੇ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰਾਂ ਦਾ ਮਨੋਬਲ ਉੱਚਾ ਕਰਨ ਦਾ ਯਤਨ ਕੀਤਾ। ਪਰ ਬਾਦਲ ਦਲ ਵਿਰੋਧੀ ਕਿਸੇ ਵੀ ਪਾਰਟੀ ਕੋਲ ਆਪਣਾ ਜਥੇਬੰਦਕ ਢਾਂਚਾ ਨਾ ਹੋਣ ਕਾਰਣ ਉਹ ਆਪਣੇ ਪੱਖੀ ਵੋਟਾਂ ਬਨਾਉਣ ਵਿੱਚ ਤਾਂ ਪਹਿਲਾਂ ਹੀ ਪਛੜ ਗਏ ਸਨ ਪਰ ਚੋਣਾਂ ਵਾਲੇ ਦਿਨ ਆਪਣੇ ਚੋਣ ਬੂਥ ਲਾਉਣ ਤੇ ਪੋਲਿੰਗ ਏਜੰਟ ਨਿਯੁਕਤ ਕਰਨ ਵਿੱਚ ਵੀ ਅਸਫਲ ਰਹਿਣ ਕਾਰਣ ਮੈਦਾਨ ਬਾਦਲ ਦਲ ਲਈ ਪੂਰੀ ਤਰ੍ਹਾਂ ਖੁਲ੍ਹਾ ਰਿਹਾ। ਸਹਿਜਧਾਰੀ ਸਿੱਖ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਲਈ ਵੋਟ ਦਾ ਹੱਕ ਮੰਗਣ ਦਾ ਡਟ ਕੇ ਵਿਰੋਧ ਕਰ ਰਹੇ ਬਾਦਲ ਦਲ ਨੇ ਆਪਣੇ ਇਖ਼ਲਾਖ਼ ਤੇੇ ਜ਼ਮੀਰ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਆਪਣੇ ਪੱਖ ਦੇ ਵੱਡੀ ਗਿਣਤੀ ਵਿੱਚ ਘੋਨ ਮੋਨ ਪਤਿਤ ਸਿੱਖਾਂ ਅਤੇ ਗੈਰ ਸਿੱਖ,-ਹਿੰਦੂ, ਮੁਸਲਮਾਨ, ਈਸਾਈ ਤੇ ਦੇਹਧਾਰੀ ਗੁਰੂਡੰਮੀਆਂ ਦੇ ਚੇਲਿਆਂ ਦੀਆਂ ਵੋਟਾਂ ਬਣਵਾਈਆਂ ਤੇ ਅਕਾਲ ਤਖ਼ਤ ਦੇ ਦਿਸ਼ਾ ਨਿਰਦੇਸ਼ਾਂ, ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਐਲਾਨਨਾਮਿਆਂ ਤੇ ਹਾਈ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਪੰਜਾਬ ਗੁਰਦੁਆਰਾ ਐਕਟ 1925 ਤੇ ਸਿੱਖ ਰਹਿਤ ਮਰਿਆਦਾ ਦੀਆਂ ਉਲੰਘਣਾ ਕਰਦੇ ਹੋਏ ਵੱਡੀ ਗਿਣਤੀ ਵਿੱਚ ਇਹ ਵੋਟਾਂ ਭੁਗਤਾਈਆਂ ਜਿਸ ਨੂੰ ਬਾਦਲ ਪ੍ਰਵਾਰ ਦੇ ਕਬਜ਼ੇ ਵਾਲੀ ਪੀਟੀਸੀ ਨਿਊਜ਼ ਚੈਨਲ ਸਮੇਤ ਹੋਰਨਾਂ ਚੈਨਲਾਂ ਨੇ ਲਾਈਵ ਪ੍ਰਸਾਰਤ ਕੀਤਾ ਤੇ ਮੀਡੀਏ ਦੇ ਵੱਡੇ ਹਿੱਸੇ ਨੇ ਤਸ਼ਵੀਰਾਂ ਸਹਿਤ ਵੇਰਵੇ ਛਾਪੇ।

ਪੰਥਕ ਮਾਮਲਿਆਂ ਵਿੱਚ ਕਾਂਗਰਸ ਦੇ ਦਖ਼ਲ ਨੂੰ ਦੂਰ ਤੋਂ ਹੀ ਸੁੰਘ ਕੇ ਦੱਸਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਜਦ ਆਪਣੇ ਪਿੰਡ ਵਿੱਚ ਵੋਟ ਪਾਉਣ ਆਏ ਨੂੰ ਵੋਟਰ ਸੂਚੀ ਵਿਖਾ ਕੇ ਪੱਤਰਕਾਰਾਂ ਨੇ ਪਤਿਤ ਤੇ ਗੈਰ ਸਿੱਖਾਂ ਦੀਆਂ ਵੋਟਾਂ ਭੁਗਤਨ ’ਤੇ ਟਿੱਪਣੀ ਕਰਨ ਲਈ ਕਿਹਾ ਤਾਂ ਇਸ ਨੂੰ ਉਨ੍ਹਾਂ ਦਾ ਭੋਲ਼ਾਪਨ ਕਿਹਾ ਜਾਵੇ ਜਾਂ ਸ਼ਾਤਰ ਰਾਜਨੀਤਕ ਚਾਲ ਕਿ ਉਨ੍ਹਾਂ ਨੇ ਸਿਰਫ ਇੰਨਾਂ ਹੀ ਕਿਹਾ ਕਿ ਉਨ੍ਹਾਂ ਨੂੰ ਨਾਂ ਤਾਂ ਵੋਟਾਂ ਬਣਨ ਦਾ ਕੁਝ ਪਤਾ ਹੈ ਤੇ ਨਾ ਹੀ ਵੋਟਾਂ ਪਾਉਣ ਵਾਲਿਆਂ ਦਾ ਕੁਝ ਪਤਾ ਹੈ। ਗਲਤ ਵੋਟਾਂ ਭੁਗਤਣ ਤੋਂ ਰੋਕਣ ਦਾ ਕੰਮ ਪ੍ਰਸ਼ਾਸ਼ਨ ਦਾ ਹੈ। ਇਹੋ ਜਿਹਾ ਜਵਾਬ ਉਨ੍ਹਾਂ ਦੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੀ। ਉਨ੍ਹਾਂ ਕਿਹਾ ਜਿਹੜੀ ਵੋਟ ਬਣ ਗਈ ਹੈ ਉਸ ਨੂੰ ਕਨੂੰਨੀ ਤੌਰ ’ਤੇ ਰੋਕਿਆ ਨਹੀਂ ਜਾ ਸਕਦਾ, ਇਹ ਵੇਖਣਾ ਚੋਣ ਅਮਲਾ ਦਾ ਕੰਮ ਹੈ ਕਿ ਕੋਈ ਗੈਰ ਕੇਸਾਧਾਰੀ ਵੋਟ ਨਾ ਭੁਗਤੇ। ਜੇ ਗੈਰ ਕੇਸਾਧਾਰੀ ਅਤੇ ਗੈਰ ਸਿੱਖਾਂ ਦੀਆਂ ਵੋਟਾਂ ਭੁਗਤਨ ਦੀ ਜਿੰਮੇਵਾਰੀ ਚੋਣ ਅਮਲੇ ਦੀ ਹੈ ਤਾਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਕ੍ਰਮਚਾਰੀਆਂ ਵਿਰੁਧ ਕਾਰਵਾਈ ਕਰਨ ਦੀ ਜਿੰਮੇਵਾਰੀ ਵੀ ਸਰਕਾਰ ਦੀ ਹੈ ਤੇ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਬਾਦਲ ਪਿਉ ਪੁੱਤਰ ਇਸ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ।

ਬੇਸ਼ਕ 20 ਸਤੰਬਰ ਨੂੰ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਜਸਟਿਸ ਹਰਫੂਲ ਸਿੰਘ ਬਰਾੜ ਨੇ ਗੈਰ ਕੇਸਾਧਾਰੀ ਵੋਟਰਾਂ ਵਲੋਂ ਵੋਟਾਂ ਪਾਉਣ ਸਬੰਧੀ ਰੀਪੋਰਟ ਮੰਗ ਲਈ ਹੈ ਪਰ ਉਸ ਦੀ ਪਿਛਲੀ ਕਾਰਗੁਜ਼ਾਰੀ ਨੂੰ ਵੇਖਦਿਆਂ ਸ਼ੱਕ ਹੈ ਕਿ ਲਿਪਾ ਪੋਚੀ ਕਰਨ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਹੋਣੀ। ਜੇ ਕਾਰਵਾਈ ਕਰਨੀ ਹੁੰਦੀ ਤਾਂ ਵਿਰੋਧੀ ਦਲਾਂ ਅਤੇ ਮੀਡੀਏ ਵਾਲੇ ਪਿਛਲੇ ਇੱਕ ਸਾਲ ਤੋਂ ਕੂਕ ਰਹੇ ਹਨ ਕਿ ਵੱਡੀ ਗਿਣਤੀ ਵਿੱਚ ਗੈਰ ਕੇਸਾਧਾਰੀ ਤੇ ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ, ਇਨ੍ਹਾਂ ਦੀ ਪੜਤਾਲ ਕਰਕੇ ਇਹ ਵੋਟਾਂ ਕੱਟੀਆਂ ਜਾਣ ਤੇ ਗਲਤ ਵੋਟਾਂ ਬਣਾਉਣ ਵਾਲੇ ਕ੍ਰਮਚਾਰੀਆਂ/ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਜਸਟਿਸ ਬਰਾੜ ਟੱਸ ਤੋਂ ਮੱਸ ਨਹੀਂ ਹੋਏ। ਇਸੇ ਤਰ੍ਹਾਂ ਹੁਣ ਵੀ ਉਨ੍ਹਾਂ ਵਲੋਂ ਕਾਰਵਾਈ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਹਾਈ ਕੋਰਟ ਨੂੰ ਚਾਹੀਦਾ ਹੈ ਕਿ ਉਸ ਵੱਲੋਂ ਜਾਰੀ ਕੀਤੇ ਅਦੇਸ਼ਾਂ ਦੀ ਪਾਲਣਾ ਨਹੀਂ ਹੋਈ ਤਾਂ ਇਸ ਦਾ ਆਪਣੇ ਤੌਰ ’ਤੇ ਨੋਟਿਸ ਲੈ ਕੇ ਪੜਤਾਲ ਕਰਵਾ ਕੇ ਉਲੰਘਨਾ ਕਰਨ ਦੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇ ਤੇ ਚੋਣਾਂ ਰੱਦ ਕਰਕੇ ਫ਼ੋਟੋ ਵਾਲੇ ਸ਼ਨਾਖ਼ਤੀ ਕਾਰਡਾਂ/ਵੋਟਰ ਸੂਚੀਆਂ ਵਾਲੀਆਂ ਨਵੇਂ ਸਿਰੇ ਤੋਂ ਵੋਟਾਂ ਬਣਵਾ ਕੇ ਦੁਬਾਰਾ ਚੋਣ ਕਰਵਾਈ ਜਾਵੇ।

ਗੁਰਦੁਆਰਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਚੋਣ ਧਾਂਦਲੀਆਂ ਲਈ ਸਿਰਫ ਰਾਜਨੀਤਕ ਦਲ ਹੀ ਕਸੂਰਵਾਰ ਨਹੀਂ ਧਾਰਮਕ ਜਥੇਬੰਦੀਆਂ ਵੀ ਪੂਰੀ ਤਰ੍ਹਾਂ ਜਿੰਮੇਵਾਰ ਹਨ। ਇੱਕ ਦੋ ਨੂੰ ਛੱਡ ਕੇ ਇਨ੍ਹਾਂ ਜਥੇਬੰਦੀਆਂ ਨੇ ਵੀ ਧਰਮ ਪ੍ਰਚਾਰ ਨੂੰ ਇੱਕ ਕਰਮਕਾਂਡ ਦੇ ਤੌਰ ’ਤੇ ਅਪਨਾਇਆ ਹੋਇਆ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਈ ਉਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਤੇ ਲੋਕਾਂ ਤੋਂ ਮਾਇਆ ਇਕੱਤਰ ਕਰਕੇ ਵੱਡੇ ਵੱਡੇ ਕੀਰਤਨ ਦਰਬਾਰ ਕਰਵਾਉਣੇ ਤੇ ਵਧੀਆ ਲੰਗਰ ਲਾਉਣ ਨੂੰ ਹੀ ਉਨ੍ਹਾਂ ਨੇ ਧਰਮ ਦੀ ਵੱਡੀ ਸੇਵਾ ਸਮਝ ਰੱਖਿਆ ਹੈ। ਸਮੇਂ ਸਿਰ ਉਨ੍ਹਾਂ ਹੋਰਨਾਂ ਯੋਗ ਵੋਟਰਾਂ ਨੂੰ ਆਪਣੀਆਂ ਯੋਗ ਵੋਟਾਂ ਬਣਾਉਣ ਲਈ ਤਾਂ ਕੀ ਪ੍ਰੇਰਣਾ ਦੇਣੀ ਸੀ ਆਪ ਵੀ ਰਾਜਨੀਤੀ ਨੂੰ ਗੰਦੀ ਖੇਡ ਦੱਸ ਕੇ ਆਪਣੀਆਂ ਵੋਟਾਂ ਬਣਾਉਣ ਤੋਂ ਗੁਰੇਜ ਕਰਦੇ ਹਨ ਤੇ ਇਸ ਤਰ੍ਹਾਂ ਗੰਦ ਖਿਲਾਰਣ ਲਈ ਰਾਜਨੀਤਕਾਂ ਵਾਸਤੇ ਮੈਦਾਨ ਖੁੱਲ੍ਹਾ ਛੱਡ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਤਾਂ ਅਰਦਾਸ ਵਿੱਚ ਪੜ੍ਹੀ ਜਾਂਦੀ ਪੰਕਤੀ ‘ਵੇਖ ਕੇ ਅਣਡਿੱਠ ਕੀਤਾ’ ਦੀ ਉਦਾਹਰਣ ਦੇ ਕੇ ਇਨ੍ਹਾਂ ਨੂੰ ਅਣਡਿੱਠ ਕਰਕੇ ਵੱਧ ਤੋਂ ਵੱਧ ਪਾਠ ਕਰਕੇ ਗੁਰੂ ਅੱਗੇ ਅਰਦਾਸ ਕੀਤੇ ਜਾਣ ਦੀ ਸਲਾਹ ਹੀ ਦਿੰਦੇ ਕਹਿੰਦੇ ਹਨ ਕਿ ਇਸ ਢੰਗ ਨਾਲ ਹੀ ਅਕਾਲ ਪੁਰਖ਼ ਸਹਾਈ ਹੋ ਸਕਦੇ। ਇਹ ਉਸੇ ਤਰ੍ਹਾਂ ਦਾ ਕਰਮਕਾਂਡ ਹੈ ਜਿਸ ਤਰ੍ਹਾਂ ਦਾ ਭਾਰਤ ’ਤੇ ਮੁਗਲਾਂ ਦੇ ਹਮਲੇ ਸਮੇਂ ਇੱਥੋਂ ਦੇ ਧਾਰਮਕ ਗੁਰੂ ਪੀਰ ਕਹਿ ਰਹੇ ਸਨ ਕਿ ਉਹ ਮੰਤਰ ਪੜ੍ਹਨਗੇ ਜਿਸ ਨਾਲ ਸਾਰੇ ਮੁਗਲ ਅੰਨ੍ਹੇ ਹੋ ਜਾਣਗੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾ ਜ਼ਿਕਰ ਆਪਣੀ ਬਾਣੀ ਵਿੱਚ ਵੀ ਇਸ ਤਰ੍ਹਾਂ ਕੀਤਾ ਹੈ: ‘ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥’ (ਪੰਨਾ 417)

ਵੇਖ ਕੇ ਅਣਡਿੱਠ ਕਰਨ ਦਾ ਇਹ ਕਦਾਚਿਤ ਭਾਵ ਨਹੀਂ ਕਿ ਕੋਈ ਧਰਮ ਨਾਲ ਖਿਲਵਾੜ ਕਰੀ ਜਾਵੇ ਤੇ ਉਸ ਨੂੰ ਵੇਖ ਕੇ ਅਣਡਿੱਠ ਕਰ ਦਿੱਤਾ ਜਾਵੇ। ਇਸ ਦਾ ਭਾਵ ਤਾਂ ਇਹੀ ਹੈ ਕਿ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਹਮਣੇ ਆਪਣੇ ਬੱਚੇ ਦਾ ਕਾਲਜਾ ਕੱਢ ਕੇ ਆਪਣੇ ਮੂੰਹ ਵਿੱਚ ਤੁੰਨੇ ਜਾਣ ਦੇ ਭਿਆਨਕ ਦ੍ਰਿਸ਼ ਨੂੰ ਵੇਖ ਕੇ ਅਣਡਿੱਠ ਕੀਤਾ, ਮੀਰ ਮੰਨੂੰ ਦੀ ਜੇਲ੍ਹ ਵਿੱਚ ਸਿੱਖ ਬੀਬੀਆਂ ਨੇ ਆਪਣੇ ਸਾਹਮਣੇ ਬੱਚਿਆਂ ਦੇ ਸਰੀਰਾਂ ਦੇ ਟੋਟੇ ਟੋਟੇ ਕਰਵਾਕੇ ਆਪਣੇ ਕੇ ਉਨ੍ਹਾਂ ਟੋਟਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਉਣੇ ਪ੍ਰਵਾਨ ਕਰ ਲਏ ਪਰ ਪੁੱਤਰ ਮੋਹ ਨੂੰ ਅਣਡਿੱਠ ਕਰਕੇ ਧਰਮ ’ਤੇ ਪਹਿਰਾ ਦਿੱਤਾ, ਉਸੇ ਤਰ੍ਹਾਂ ਸਾਨੂੰ ਵੀ ਹਰ ਕਿਸਮ ਦੇ ਮੋਹ ਲਾਲਚਾਂ ਅਤੇ ਡਰਾਂ ਨੂੰ ਅਣਡਿੱਠ ਕਰਕੇ ਧਰਮ ’ਤੇ ਪਹਿਰਾ ਦੇਣ ਚਾਹੀਦਾ ਹੈ।

ਕਈ ਸਿਆਸੀ ਆਗੂ ਗੁਰੂ ਗੋਬਿੰਦ ਸਿੰਘ ਜੀ ਦਾ ਗਲਤ ਨਾ ਵਰਤ ਕੇ ‘ਰਾਜ ਬਿਨਾਂ ਨਾ ਧਰਮ ਚਲੇ ਹੈਂ, ਧਰਮ ਬਿਨਾਂ ਸਭ ਦਲੇ ਮਲੇ ਹੈਂ’ ਦਾ ਹਾਵਾਲ ਦਿੰਦੇ ਕਹਿੰਦੇ ਹਨ ਕਿ ਧਰਮ ਦੀ ਰਾਖੀ ਲਈ ਰਾਜ ਜਰੂਰੀ ਹੈ ਤੇ ਰਾਜ ਪ੍ਰਾਪਤ ਕਰਨ ਲਈ ਸਭ ਕੁਝ ਕਰਨਾ ਜਾਇਜ਼ ਹੈ। ਇਹ ਧਾਰਨਾ ਬਿਲਕੁਲ ਗਲਤ ਹੈ ਤੇ ਇਹ ਤੁਕ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਥਿਤ ਤੌਰ ’ਤੇ ਲਿਖੇ ਦੱਸੇ ਜਾ ਰਹੇ ਦਸਮ ਗ੍ਰੰਥ ਵਿੱਚ ਕਿਧਰੇ ਦਰਜ਼ ਹੈ। ਇਹ ਤੁਕਬੰਦੀ ਸ਼ਾਇਦ ਭਾਈ ਰਤਨ ਸਿੰਘ ਦੁਆਰਾ ਰਚਿਤ ਪੰਥ ਪ੍ਰਕਾਸ਼ ਵਿੱਚ ਦਰਜ਼ ਹੈ, ਜਿਹੜੀ ਕਿ ਸਿੱਖ ਇਤਿਹਾਸ ਵਿੱਚ ਬਿਲਕੁਲ ਪੂਰੀ ਨਹੀਂ ਉਤਰਦੀ। 1469 ਤੋਂ ਲੈ ਕੇ 1708 ਈਸਵੀ ਤੱਕ ਜਿਸ ਦੌਰਾਨ ਸਿੱਖ ਧਰਮ ਦੀ ਨੀਂਹ ਰੱਖੀ, ਵਧਿਆ ਫੁਲਿਆ ਤੇ ਸੰਪੂਰਨ ਧਰਮ ਹੋਂਦ ਵਿੱਚ ਆਇਆ ਉਸ ਸਮੇਂ ਸਿੱਖ ਰਾਜ ਨਹੀਂ ਸੀ। 1708 ਤੋਂ ਲੈ ਕੇ 1799 ਤੱਕ ਸਿੱਖਾਂ ਨੂੰ ਭਿਆਨਕ ਦੌਰ ਵਿਚੋਂ ਨਿਕਲਣਾਂ ਪਿਆ ਜਿਸ ਦੌਰਾਨ ਇਨ੍ਹਾਂ ਦਾ ਆਪਣਾ ਕੋਈ ਰਾਜ ਨਹੀਂ ਸੀ। ਇਹ 1469 ਤੋਂ 1799 ਤੱਕ ਦਾ ਸਮਾਂ ਹੀ ਸੀ ਜਿਸ ਦੌਰਾਨ ਸਿੱਖਾਂ ਦੀ ਕਰਨੀ ਅਤੇ ਆਚਰਣ ਸਦਕਾ ਅੱਜ ਅਸੀਂ ਸਿੱਖ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ।

1799 ਤੋਂ 1839 ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਹਾ ਜਾ ਸਕਦਾ ਹੈ ਦੌਰਾਣ ਬੇਸ਼ੱਕ ਸਿੱਖੀ ਲਿਬਾਸ ਪਹਿਨਣ ਵਾਲੇ ਮੌਕਾ ਪ੍ਰਸਤਾਂ ਦੀ ਗਿਣਤੀ ਬਹੁਤ ਵਧ ਗਈ ਪਰ ਇਹ ਹੀ ਸਮਾਂ ਸੀ ਜਦੋਂ ਸਿੱਖੀ ਆਚਰਣ ਵਿੱਚ ਗਿਰਾਵਟ ਅਤੇ ਸਿੱਖ ਸਿਧਾਂਤਾਂ ਵਿੱਚ ਮਿਲਾਵਟ ਹੋਈ। ਸਿੱਖ ਰਾਜ ਦੇ ਖਾਤਮੇ ਉਪ੍ਰੰਤ ਸਿੱਖਾਂ ਨੇ ਫਿਰ ਕਰਵਟ ਲੈਣੀ ਸ਼ੁਰੂ ਕੀਤੀ ਜਿਸ ਸਦਕਾ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਚਲੀਆਂ ਜਿਨ੍ਹਾਂ ਸਦਕਾ ਗੁਰਦੁਆਰਾ ਐਕਟ 1925 ਰਾਹੀਂ ਮੌਜੂਦਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। 1966 ਤੱਕ ਜਦੋਂ ਅਕਾਲੀ, ਰਾਜ ਤੋਂ ਦੂਰ ਰਹੇ ਉਸ ਸਮੇਂ ਇਨ੍ਹਾਂ ਦਾ ਕਿਰਦਾਰ ਕਾਫੀ ਸ਼ਾਲਾਘਾਯੋਗ ਰਿਹਾ ਪਰ ਜਿਉਂ ਹੀ ਪੰਜਾਬੀ ਸੂਬਾ ਬਣਨ ਉਪ੍ਰੰਤ ਇਨ੍ਹਾਂ ਨੂੰ ਰਾਜ ਸਤਾ ਦੀ ਕੁਰਸੀ ’ਤੇ ਬੈਠਣ ਦਾ ਸੁਆਦ ਪੈਣਾ ਸ਼ੁਰੂ ਹੋ ਗਿਆ ਤਾਂ ਸਿੱਖੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। 1997 ਤੋਂ ਹੁਣ ਤੱਕ ਬਾਦਲ ਕਾਲ ਦੌਰਾਨ ਜੋ ਸਿੱਖੀ ਦਾ ਨੁਕਸਾਨ ਹੋ ਚੁੱਕਾ ਹੈ ਇਸ ਦਾ ਪਹਿਲਾਂ ਕਿਸੇ ਹੋਏ ਨੁਕਸਾਨ ਨਾਲ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਤਾਂ ਸਰੂਪ ਪੱਖੋਂ ਸਿੱਖਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਗਿਆ ਸੀ ਪਰ ਬਾਦਲ ਰਾਜ ਦੌਰਾਨ ਤਾਂ ਸਿੱਖ ਨੌਜਵਾਨਾਂ ਦੇ ਸਰੂਪ ਨੂੰ ਵੇਖ ਕੇ ਸ਼ਰਮ ਹੀ ਆ ਰਹੀ ਹੈ। ਸਿਧਾਂਤਕ ਪੱਖੋਂ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਇਹ ਆਪ ਹੀ ਜਾਇਜ਼ ਠਹਿਰਾਉਂਦੇ ਕਹਿ ਰਹੇ ਹਨ ਕਿ ਰਾਜ ਕਰਨ ਲਈ ਕੁਝ ਸਿਧਾਂਤਾਂ ਨੂੰ ਅਣਡਿੱਠ ਕਰਨਾ ਹੀ ਪੈਂਦਾ ਹੈ। ਸੋ ਰਾਜ ਸ਼ਕਤੀ ਨਾਲ ਅਖੌਤੀ ਧਰਮੀਆਂ ਦੀ ਗਿਣਤੀ ਤਾਂ ਹੋ ਸਕਦਾ ਹੈ ਵਧ ਜਾਵੇ ਪਰ ਕਦੀ ਵੀ ਸਿਧਾਂਤਕ ਗੁਣਾਂ ਪੱਖੋਂ ਧਰਮ ਦਾ ਵਾਧਾ ਨਾ ਹੋਇਆ ਅਤੇ ਅਤੇ ਨਾ ਹੀ ਕਦੀ ਹੋਵੇਗਾ। ਹਾਂ ਔਰੰਗਜ਼ੇਬ ਵਾਂਗ ਤਲਵਾਰ ਦੇ ਜੋਰ ਧਰਮ ਫੈਲਾਇਆ ਜਰੂਰ ਸਕਦਾ ਹੈ ਪਰ ਇਸ ਨੂੰ ਸਿੱਖ ਧਰਮ ਵਿਚ ਬਿਲਕੁਲ ਪ੍ਰਵਾਨਗੀ ਨਹੀਂ, ਇਸੇ ਕਾਰਣ ਤਾਂ ਮਨੁਖ ਦੀ ਧਾਰਮਕ ਅਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ ਸੀ।

ਖਾੜਕੂ ਕਿਸਮ ਦੇ ਕਈ ਆਗੂ ‘ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹਿ ਹੈਂ, ਨਿਜ ਬਲ ਸੇ ਲੈ ਹੈਂ’ ਦਾ ਹਵਾਲਾ ਦਿੰਦੇ ਹਨ। ਦੁਨੀਆਂ ਵਿੱਚ ਅਤਿਵਾਦ ਵਧਣ ਦਾ ਮੁੱਖ ਕਾਰਣ ਹੀ ਇਹੀ ਹੈ ਕਿ ਹਰ ਧਰਮ ਨੂੰ ਮੰਨਣ ਵਾਲਾ ਰਾਜ ਸਤਾ ਦੇ ਜੋਰ ਆਪਣਾ ਧਰਮ ਫੈਲਾਉਣ ਨੂੰ ਧਰਮ ਦੀ ਵੱਡੀ ਸੇਵਾ ਦੱਸ ਰਿਹਾ ਹੈ। ਸਿੱਖ ਧਰਮ ਵਿੱਚ ਕਦੀ ਵੀ ਰਾਜ ਕਰਨ ਦੀ ਇੱਛਾ ਜਾਂ ਰਾਜ ਬਲ ਰਾਹੀਂ ਧਰਮ ਫੈਲਾਉਣ ਦੀ ਵਕਾਲਤ ਨਹੀਂ ਕੀਤੀ ਗਈ। ਗੁਰਵਾਕ ਹੈ: ‘ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥’ (ਪੰਨਾ 534)। ਨਾ ਹੀ ਰਾਜਿਆਂ ਨੂੰ ਕੋਈ ਮਹਾਨਤਾ ਦਿੱਤੀ ਗਈ ਹੈ। ਇੱਥੇ ਤਾਂ ਰਾਜੇ ਉਨ੍ਹਾਂ ਦੇ ਵਜੀਰ ਅਤੇ ਨੌਕਰਾਂ ਚਾਕਰਾਂ ਨੂੰ ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਪੰਨਾ 1288) ਕਹਿ ਕੇ ਭੰਡਿਆ ਹੈ।

ਹਾਂ, ਰਾਜ ਕੈਸਾ ਹੋਣਾ ਚਾਹੀਦਾ ਹੈ ਇਸ ਦਾ ਜ਼ਿਕਰ ਜਰੂਰ ਕੀਤਾ ਗਿਆ ਹੈ: ‘ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥’ (ਪੰਨਾ 345)। ਤੇ ਐਸਾ ਰਾਜ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ਼ ਦਾ ਹੀ ਹੋ ਸਕਦਾ ਹੈ ਜੋ ਸਾਰੀ ਕਾਇਨਾਤ ਵਿੱਚ ਚੱਲ ਰਿਹਾ ਹੈ। ਜਿਥੇ ਵੀ ਕੋਈ ਦੁਨਿਆਵੀ ਰਾਜਾ ਜਾਂ ਉਸ ਦੇ ਸਮਰਥਕ ਪ੍ਰਮਾਤਮਾ ਦੇ ਇਨ੍ਹਾਂ ਅਸੂਲਾਂ ਨੂੰ ਭੰਗ ਕਰਕੇ ਆਪਣੇ ਧਰਮ ਦੇ ਮੰਨਣ ਵਾਲਿਆਂ ਨੂੰ ਵਿਸ਼ੇਸ਼ ਸਹੂਲਤਾਂ ਦਿੰਦੇ ਹਨ ਤੇ ਦੂਸਰੇ ਧਰਮ ਦੇ ਮੰਨਣ ਵਾਲਿਆਂ ’ਤੇ ਜ਼ੁਲਮ ਕਰਕੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਪ੍ਰਵੇਸ਼ ਕਰਨ ਲਈ ਮਜ਼ਬੂਰ ਕਰਦੇ ਹਨ ਉਨ੍ਹਾਂ ਦਾ ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਗੁਰੂ ਦੇ ਅਸਲੀ ਸਿੱਖਾਂ ਨੇ ਸਦਾ ਵਿਰੋਧ ਕੀਤਾ ਹੈ ਤੇ ਕਰਦੇ ਰਹਿਣਗੇ।

ਇਹ ਵੱਖਰੀ ਗੱਲ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਵਰਗਾ ਅਖੌਤੀ ਸਿੱਖ, ਘੱਟ ਗਿਣਤੀਆਂ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਲਈ ਉਨ੍ਹਾਂ ’ਤੇ ਜ਼ੁਲਮ ਕਰਨ ਵਾਲੀ ਆਰਐੱਸਐੱਸ ਤੇ ਭਾਜਪਾ ਦਾ ਹੱਥ ਠੋਕਾ ਬਣ ਕੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਨਰਿੰਦਰ ਮੋਦੀ ਵਰਗਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹੈ। ਮੋਦੀ ਦੀ ਮਾਨਸਿਕਤਾ ਦਾ ਇੱਥੋਂ ਹੀ ਪਤਾ ਲਗਦਾ ਹੈ ਕਿ ਇੱਕ ਪਾਸੇ ਤਾਂ ਫਿਰਕੂ ਸਦਭਾਵਨਾ ਦੇ ਨਾਮ ਹੇਠ ਤਿੰਨ ਦਿਨਾਂ ਦੀ ਭੁੱਖ ਹੜਤਾਲ ਕਰ ਰਿਹਾ ਹੈ ਤੇ ਦੂਸਰੇ ਪਾਸੇ 2002 ਵਿੱਚ ਗੋਧਰਾ ਕਾਂਡ ਉਪ੍ਰੰਤ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਮੁਸਲਿਮ ਵਿਰੋਧੀ ਹੋਏ ਦੰਗਿਆਂ ਦੇ ਪੀੜਤ ਮੁਸਲਮਾਨ ਆਪਣੀਆਂ ਸ਼ਿਕਾਇਤਾਂ ਉਸ ਪਾਸ ਲੈ ਕੇ ਆਉਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ’ਤੇ ਲਾਠੀਆਂ ਵਰਸਾਈਆਂ ਜਾ ਰਹੀਆਂ ਹਨ ਅਤੇ ਮੁਸਲਿਮ ਮੌਲਵੀ ਵਲੋਂ ਭੇਟ ਕੀਤੀ ਟੋਪੀ ਲੈਣ ਤੋਂ ਇਨਕਾਰ ਕਰਦਾ ਹੈ। ਪਰ ਇਸ ਦੇ ਬਾਵਯੂਦ ਸਿੱਖੀ ਅਸੂਲਾਂ ਨੂੰ ਛਿੱਕੇ ਟੰਗ ਕੇ ਸ: ਬਾਦਲ ਮੋਦੀ ਦੀ ਤਾਰੀਫ ਕਰਨ ਦੇ ਪੁਲ਼ ਬੰਨ੍ਹ ਰਿਹਾ ਹੈ। ਬਾਦਲ ਦਾ ਇਹ ਕਿਰਦਾਰ ਸਿੱਖੀ ਆਚਰਣ ’ਤੇ ਇੱਕ ਧੱਬਾ ਹੈ ਤੇ ਇਸੇ ਕਾਰਣ ਉਸ ਤੋਂ ਗੁਰਦੁਆਰੇ ਅਜ਼ਾਦ ਕਰਵਾਉਣੇ ਸਿੱਖਾਂ ਦੀ ਫੌਰੀ ਲੋੜ ਹੈ।

ਸਿੱਖਾਂ ਵਿੱਚ ਹੁਣ ਨਾ ਤਾਂ ਸਾਕਾ ਨਨਕਾਣਾ ਸਾਹਿਬ ਦੇ ਨਾਇਕ ਸ਼ਹੀਦ ਭਾਈ ਲਛਮਣ ਸਿੰਘ ਵਾਂਗ ਆਪਣੇ ਆਪ ਨੂੰ ਜੰਡ ਨਾਲ ਬੰਨ੍ਹਵਾ ਕੇ ਮਿੱਟੀ ਦਾ ਤੇਲ ਪੁਵਾ ਕੇ ਸੜ ਕੇ ਸ਼ਹੀਦ ਹੋਣ ਦੀ ਸਮਰੱਥਾ ਦਿੱਸ ਰਹੀ ਹੈ ਅਤੇ ਨਾ ਹੀ ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਵਾਂਗ ਗੱਡੀ ਹੇਠ ਆ ਕੇ ਗੱਡੀ ਰੋਕ ਦੇਣ ਦੀ ਸਮਰਥਾ ਹੈ ਪਰ ਜੇ ਇਹ ਆਪਣੀ ਵੋਟ ਦਾ ਸਹੀ ਇਸਤੇਮਾਲ ਵੀ ਨਹੀਂ ਕਰ ਸਕਦੇ ਤਾਂ ਇਨ੍ਹਾਂ ਨੂੰ ਸਿੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਹੈ। ਬਾਦਲ ਵਿਰੋਧੀ ਦਲਾਂ ਵਿੱਚੋਂ ਜੇ ਕੋਈ ਆਪਣੇ ਸਿਆਸੀ ਹਿੱਤਾਂ ਦੀ ਕੁਰਬਾਨੀ ਕਰ ਕੇ ਨਿਰੋਲ ਨਵੀਂ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਲਈ ਇਹ ਪ੍ਰਣ ਕਰਕੇ ਅੱਗੇ ਆਉਂਦਾ ਹੈ ਕਿ ਉਹ ਕੋਈ ਵੀ ਸਿਆਸੀ ਅਹੁੱਦੇ ਜਾਂ ਸਿਆਸੀ ਚੋਣ ਨਹੀਂ ਲੜੇਗਾ ਤੇ ਨਿਰੋਲ ਧਰਮ ਦੀ ਪ੍ਰਫੁਲਤਾ ਲਈ ਕੰਮ ਕਰੇਗਾ ਤਾਂ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਉਸ ਦਾ ਭਰਪੂਰ ਸਮਰੱਥਨ ਕਰਨਾ ਚਾਹੀਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਗੁਰਮੁਖ ਤੇ ਮਨਮੁਖ ਦੇ ਗੁਣਾਂ ਔਗੁਣਾਂ ਦਾ ਜ਼ਿਕਰ ਕਰਕੇ ਗੁਰਮੁਖ ਬਣਨ ਦੀ ਪ੍ਰੇਰਣਾ ਕੀਤੀ ਗਈ ਹੈ। ਕਿਸੇ ਅਕਾਲੀ ਦਲ, ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦਾ ਕੋਈ ਜ਼ਿਕਰ ਨਹੀਂ, ਇਸ ਲਈ ਨਾ ਤਾਂ ਅਕਾਲੀ ਦਲ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਗੁਰਮੁਖ ਹੋਣ ਦਾ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦਾ ਮੈਂਬਰ ਹੋਣ ਕਰਕੇ ਉਸ ਨੂੰ ਮਨਮੁਖ ਕਹਿਣਾ ਜ਼ਾਇਜ਼ ਹੈ। ਕਿਸੇ ਵੀ ਪਾਰਟੀ ਵਿੱਚ ਕੰਮ ਕਰ ਰਿਹਾ ਕੋਈ ਵੀ ਸਿੱਖ ਕੇਵਲ ਇਸ ਕਾਰਣ ਮਾੜਾ ਨਹੀਂ ਬਣ ਜਾਂਦਾ ਕਿ ਉਹ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਨਹੀਂ ਹੋਇਆ। ਜੇ ਕੋਈ ਐਸਾ ਆਗੂ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ ਤਾਂ ਧਰਮ ਪ੍ਰਚਾਰ ਵਿੱਚ ਜੁਟੇ ਕੋਈ ਪ੍ਰਚਾਰਕ ਜਿਸ ਨੂੰ ਧਰਮ ਅਤੇ ਸਿੱਖ ਇਤਿਹਾਸ ਦੀ ਪੂਰਨ ਸੋਝੀ ਹੈ ਉਹ ਅੱਗੇ ਆਵੇ। ਜੇ ਕੋਈ ਵੀ ਨਹੀਂ ਬਹੁੜਦਾ ਤਾਂ ਸਿੱਖ ਕਿਸੇ ਮਨੱੁਖ ਦੀ ਅਗਵਾਈ ਦਾ ਮੁਥਾਜ ਵੀ ਨਹੀਂ ਹੈ। ਜਿਨ੍ਹਾਂ ਨੂੰ ਸੋਝੀ ਹੈ, ਉਹ ਆਪਣੇ ਤੌਰ ’ਤੇ ਇਕੱਠੇ ਹੋਣੇ ਸ਼ੁਰੂ ਹੋ ਜਾਣ ਤਾਂ ਉਨ੍ਹਾਂ ਵਿੱਚੋਂ ਗੁਰੂ ਆਪੇ ਕਿਸੇ ਯੋਗ ਵਿਅਕਤੀ ਨੂੰ ਅਗਵਾਈ ਕਰਨ ਲਈ ਥਾਪੜਾ ਦੇ ਦੇਣਗੇ, ਇਹ ਮੈਨੂੰ ਪੂਰਾ ਯਕੀਨ ਹੈ। ਅਜਿਹੀ ਬਣੀ ਜਥੇਬੰਦੀ ਪੰਥ ਦੀ ਲੋੜ ਮੁਤਾਬਕ ਕਿਸੇ ਸਿਆਸੀ ਪਾਰਟੀ ਦਾ ਚੋਣਾਂ ਵਿੱਚ ਸਮਰਥਨ ਤਾਂ ਕਰ ਸਕਦੀ ਹੈ ਪਰ ਉਸ ਦੇ ਅਹੁੱਦੇਦਾਰਾਂ ’ਤੇ ਕੋਈ ਵੀ ਸਿਆਸੀ ਚੋਣ ਲੜਨ ਦੀ ਪੂਰਨ ਪਾਬੰਦੀ ਹੋਵੇ।

ਕਿਰਪਾਲ ਸਿੰਘ ਬਠਿੰਡਾ
+91 164 2210797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top