Share on Facebook

Main News Page

ਜੇ ਸਰਬਤ ਖਾਲਸਾ ਦੀ ਮਨਜ਼ੂਰੀ ਤੋਂ ਬਿਨਾਂ ਸਿੱਖ ਰਹਿਤ ਮਰਿਆਦਾ ਵਿਚ ਕੋਈ ਤਬਦੀਲੀ ਕੀਤੀ ਤਾਂ ਅਸੀਂ ਉਸ ਨੂੰ ਰੱਦ ਕਰਾਂਗੇ: ਕਨੇਡਾ ਦੀਆਂ ਸੰਗਤਾਂ ਵੱਲੋਂ ਵਾਰਨਿੰਗ

ਨਨੈਮੋ (ਵਿਕਟੋਰੀਆ, ਕਨੇਡਾ) – ਜੇ ਸਰਬਤ ਖਾਲਸਾ ਦੀ ਮਨਜ਼ੂਰੀ ਤੋਂ ਬਿਨਾਂ ਰਹਿਤ ਮਰਿਆਦਾ ਵਿਚ ਕੋਈ ਤਬਦੀਲੀ ਕੀਤੀ ਤਾਂ ਅਸੀਂ ਉਸ ਨੂੰ ਰੱਦ ਕਰਾਂਗੇ; ਬੀਤੇ ਦਿਨ ਬ੍ਰਿਟਿਸ਼ ਕੋਲੰਬੀਆਂ ਦੀ ਰਾਜਧਾਨੀ ਵਿਕਟੋਰੀਆ ਵਿਚ ਗੁਰਦੁਆਰਾ ਮੀਰੀ ਪੀਰੀ ਦਰਬਾਰ ਨਨੈਮੋ ਵਿਚ ਸੰਗਤਾਂ ਦੇ ਭਰੇ ਇਕੱਠ ਵਿਚ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਤਰਲੋਚਨ ਸਿੰਘ ਨੇ ਇਹ ਵਾਰਨਿੰਗ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਚੌਧਰੀਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਵਿਚ ਕੋਈ ਵੀ ਤਬਦੀਲੀ ਸਿਰਫ਼ ਸਰਬਤ ਖਾਲਸਾ ਵੱਲੋਂ ਥਾਪੀ ਵਿਦਵਾਨਾਂ ਦੀ ਕਮੇਟੀ ਹੀ ਕਰ ਸਕਦੀ ਹੈ। ਇਹ ਗੱਲ ਸ: ਤਰਲੋਚਨ ਸਿੰਘ ਨੇ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਲੈਕਚਰ ਦਾ ਧੰਨਵਾਦ ਕਰਦਿਆਂ ਕਹੀ।

ਇਸ ਤੋਂ ਪਹਿਲਾਂ ਡਾ: ਦਿਲਗੀਰ ਨੇ ਸਿੱਖ ਪੰਥ ਉੱਤੇ ਹੋ ਰਹੇ ਸਾਜ਼ਸ਼ੀ ਹਮਲਿਆਂ ਸਬੰਧੀ ਭਰਪੂਰ ਜਾਣਕਾਰੀ ਦੇਂਦਿਆਂ ਖ਼ਬਰਦਾਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿਚ ਸਾਧਾਂ ਅਤੇ ਸਿੱਖ ਦੁਸ਼ਮਣ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ਨੇ ਸਾਜ਼ਸ਼ ਘੜੀ ਹੈ ਕਿ ਗੁਰਦੁਆਰਿਆਂ ਵਿਚ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਵੇ ਅਤੇ ਸਿੱਖ ਰਹਿਤ ਮਰਿਆਦਾ ਵਿਚ ਸਿੱਖ ਵਰੋਧੀ ਤਬਦੀਲੀਆਂ ਕੀਤੀਆਂ ਜਾਣ। ਡਾ ਦਿਲਗੀਰ ਨੇ ਆਪਣੇ ਇਕ ਘੰਟੇ ਦੇ ਲੈਕਚਰ ਵਿਚ ਸੰਗਤਾਂ ਨੂੰ ਸਿੱਖ ਫ਼ਲਸਫ਼ੇ ਅਤੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਿਸ ਨੂੰ ਸੰਗਤਾਂ ਨੇ ਬੇਮਿਸਲਾ ਖ਼ਾਮੋਸ਼ੀ ਤੇ ਗੰਭੀਰਤਾ ਨਾਲ ਸੁਣਿਆ। ਇਸ ਮੌਕੇ ‘ਤੇ ਉਨ੍ਹਾਂ ਨੂੰ ਗੁਰੁਦਆਰਾ ਸਾਹਿਬ ਅਤੇ ਸੰਗਤਾਂ ਵੱਲੋਂ ਸਿਰੋਪਾਓ ਬਖ਼ਸ਼ਿਸ਼ ਕੀਤਾ ਗਿਆ।

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕਨੇਡੀਆਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਿੲਟੀ ਦੇ ਸ. ਸਤਨਾਮ ਸਿੰਘ ਜੌਹਲ, ਨਨੈਮੋ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਕਰਨੈਲ ਸਿੰਘ ਮਿਨਹਾਸ, ਐਗ਼ਜ਼ੈਕਟਿਵ ਮੈਂਬਰ ਸ: ਮਹਿੰਦਰ ਸਿੰਘ ਹੇਅਰ, ਸ: ਪਰਸ਼ੋਤਮ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ। ਡਾ: ਦਿਲਗੀਰ ਨੇ ਹੋਰ ਵਾਰਨਿੰਗ ਦੇਂਦਿਆਂ ਕਿਹਾ ਹੈ ਕਿ ਚੌਕ ਮਹਿਤਾ, ਮਸਤੂਆਣਾ ਤੇ ਕਲੇਰਾਂ ਦੇ ਡੇਰਿਆਂ ਵਾਲੇ ਬ੍ਰਾਹਮਣੀ ਮਰਿਆਦਾ ਨੂੰ ਗੁਰਦੁਆਰਿਆਂ ਵਿਚ ਲਾਗੂ ਕਰਨ ਜਾ ਰਹੇ ਹਨ ਅਤੇ ਪੰਥ ਨੂੰ ਸਿੱਖ ‘ਤੇ ਇਕ ਸਦੀ ਦੇ ਸਭ ਤੋਂ ਵੱਡੇ ਹਮਲੇ ਬਾਰੇ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਇਸ ਹਮਲੇ ਦਾ ਡਟ ਕੇ ਟਾਕਰਾ ਕਰਨ ਵਾਸਤੇ ਤਿਆਰ ਰਹਿਣਾ ਚਾਹੋਦਾ ਹੈ। ਅਜਿਹੀ ਹੀ ਵਾਰਨਿੰਗ ਗੁਰਮਤਿ ਟਕਸਾਲ, ਸਿੰਘ ਸਭਾ ਇੰਟਨੈਸ਼ਨਲ, ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਨੇ ਵੀ ਦਿੱਤੀ ਹੈ; ਛੇਤੀ ਹੀ ਇਸ ਸਬੰਧੀ ਇਕ ਕੌਮਾਂਤਰੀ ਪਲੇਟਫ਼ਾਰਮ ਤੋਂ ਐਲਾਣ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top