ਜਿਸ
ਕੌਮ ਕੋਲ ਕੁਰਬਾਨੀਆਂ ਭਰਿਆ ਇਤਿਹਾਸ ਹੋਵੇ, ਜਿਸ ਕੋਲ ਮਹਾਨ ਗੁਰੂ ਸਾਹਿਬਾਨ ਦੀਆਂ ਮਹਾਨ
ਸਿੱਖਿਆਵਾਂ ਅਤੇ ਅਮਲੀ ਜੀਵਣ ਜਾਂਚ ਹੋਵੇ, ਜਿਸ ਕੌਮ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਅਦੁੱਤੀ,
ਸਾਇੰਟੀਫਿਕ ਵੀਚਾਰਧਾਰਾ ਹੋਵੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਉਹ ਮਹਾਨ ਅਤੇ
ਪਵਿੱਤਰ ਗ੍ਰੰਥ ਹੋਵੇ ਜਿਸਦੇ ਅੱਗੇ ਸਾਰਾ ਸੰਸਾਰ ਆਪਣਾ ਸਿਰ ਝੁਕਾਉਂਦਾ ਹੋਵੇ ਅਤੇ ਵੱਡੇ-ਵੱਡੇ
ਸਾਇੰਸਦਾਨ ਵੀ ਉਸ ਮਹਾਨ ਭਵ ਸਾਗਰ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਪੜ੍ਹਨ
ਤੋਂ ਬਾਅਦ ਉਸਦੇ ਕਾਇਲ ਹੋ ਜਾਂਦੇ ਹੋਣ, ਪਰ ਉਹ ਕੌਮ ਆਪ ਹੀ ਉਸ ਮਹਾਨ ਵੀਚਾਰਧਾਰਾ ਤੋਂ ਬਾਗੀ ਹੋ
ਜਾਵੇ ਤਾਂ ਦੋਸ਼ ਕਿਸ ਨੂੰ ਦੇਵਾਂਗੇ?
ਅੱਜ ਸਾਰੀ ਦੀ ਸਾਰੀ ਕੌਮ ‘ਏਕਾ ਬਾਣੀ, ਏਕ ਗੁਰ, ਏਕੋ ਸਬਦ ਵੀਚਾਰ’ ਨੂੰ
ਛੱਡ ਕੇ ਬਹੁ-ਟੁਕੜਿਆਂ ਵਿੱਚ ਵੰਡੀ ਪਈ ਹੈ । ਆਪਣੇ ਘਰ ਵਿੱਚ ਹੀ ਇਨੇ ਕੁ ਜਿਆਦਾ ਮੁੱਦਿਆਂ,
ਸੰਕਟਾਂ ਨਾਲ ਜੂਝ ਰਹੀ ਹੈ ਕਿ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਤਾਂ
ਗੱਲ ਹੀ ਬੜੀ ਦੂਰ ਦੀ ਹੈ । ਕਦੀ ਸੋਚਿਆ ਕਿ ਇਹ ਸੱਭ ਕਿਉਂ ਹੋ ਰਿਹਾ ਹੈ ? ਕਿਉਂਕਿ ਅਸੀਂ ਸਿੱਖਾਂ
ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਬੁੱਤਾ ਪੂਜਾ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਅਤੇ “ਬਾਬੇ
ਨਾਨਕ ਦੀ ਵਿਚਾਰਧਾਰਾ (ਸ. ਜੋਗਿੰਦਰ ਸਿੰਘ ਸਪੋਕਸਮੈਨ ਦੇ ਕਹੇ ਅਨੁਸਾਰ) ਨੂੰ ਰੁਮਾਲਿਆਂ ਵਿੱਚ
ਚੰਗੀ ਤਰ੍ਹਾਂ ਲਪੇਟ ਕੇ ਗੁਰਦੁਆਰਿਆਂ ਵਿੱਚ ਕੈਦ ਕਰ ਦਿੱਤਾ ।” ਗੁਰਬਾਣੀ ਕਥਾ ਤੋਂ ਪੂਰੀ ਤਰ੍ਹਾਂ
ਗੁਰਦੁਆਰਾ ਸਾਹਿਬਾਨਾਂ ਵਿੱਚੋਂ ਵਿਸਾਰ ਕੇ ਹੋਰ ਹੀ ਆਪੂੰ ਰਚੇ ਅਪ੍ਰਮਾਣਿਕ ਗ੍ਰੰਥਾਂ ਦੀਆਂ
ਬ੍ਰਹਾਮਣਵਾਦੀ ਕਥਾਵਾਂ ਸ਼ੁਰੂ ਕਰਵਾ ਦਿੱਤੀਆਂ । ਫਿਰ ਗੁਰਦੂਆਰਾ ਸਾਹਿਬ ਦੇ ਪ੍ਰਬੰਧ ਨੂੰ ਅਜਿਹੇ
ਪ੍ਰਬੰਧਕਾਂ ਹਵਾਲੇ ਕਰ ਦਿੱਤਾ ਜਿਹਨਾਂ ਨੇ ਬਚਪਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹੀ
ਸ਼ਾਇਦ ਇਸੇ ਲਈ ਲਈ ਸੀ ਕਿ ਭਵਿੱਖ ਵਿੱਚ ਰੁਜਗਾਰ ਪ੍ਰਾਪਤੀ ਲਈ ਬਹੁਤਾ ਖੱਜਲ ਖੁਆਰ ਨਹੀਂ ਹੋਣਾ
ਪਵੇਗਾ, ਕਿਉਂਕਿ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਸਾਡੀ ਲੀਡਰਸ਼ਿਪ ਦਾ ਸੱਭ ਨੂੰ ਪਤਾ ਹੀ ਹੈ ।
ਤਨਖਾਹਦਾਰ ਪੁਜਾਰੀ ਕੌਮ ਦੇ ਭਵਿੱਖ ਦੇ ਫੈਂਸਲੇ ਦਿੰਦੇ ਹੋਏ ਇੱਕ ਹਿਸਾਬ ਨਾਲ ਕੌਮ ਦਾ ਬੇੜਾ ਗਰਕ
ਕਰ ਰਹੇ ਹੁੰਦੇ ਹਨ, ਜਦੋਂ ਆਪਣੀ ਮਰਜ਼ੀ ਨਾਲ ਬਣਾਈ ਆਪਣੀ ਹੀ ਮਰਿਯਾਦਾ ਮੁਤਾਬਿਕ ਕੌਮ ਦੇ ਚੋਟੀ
ਦੇ ਵਿਦਵਾਨਾਂ/ਲੇਖਕਾਂ/ਬੁੱਧੀਜੀਆਂ ਨੂੰ ਆਪਣੀ ਬਣਾਈ ਨਵੀਂ ਕਚਹਿਰੀ (ਸਕਤਰੇਤ) ਵਿੱਚੋਂ ਹੁਕਮਨਾਮੇ
ਜਾਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਚੀ ਸਾਰੀ ਬੋਲਾ ਦੇ ਦਿੰਦੇ ਹਨ, ਅਤੇ
ਸਪੱਸ਼ਟੀਕਰਨ ਦੇਣ ਵਾਲੇ ਨੂੰ ਸੱਦਾ ਅਕਾਲ ਤਖ਼ਤ ਸਾਹਿਬ ਦਾ ਦਿੰਦਾ ਹਨ ਪਰ ਇਸ਼ਾਰਾ ਆਪਣੇ ਨਿੱਜੀ
ਦਫ਼ਤਰ ਵੱਲ ਹੁੰਦਾ ਹੈ।
ਸਿੱਖਾਂ ਦੀ ਸਿਰਮੌਰ ਜਥੇਬੰਦੀ ਦੀ ਇੱਕ ਆਪਣੀ ਨਿੱਜੀ ਪ੍ਰਕਾਸ਼ਨਾ ਵੀ ਹੈ
ਜਿਸ ਵਿੱਚ ਹਿੰਦੀ ਸਿੱਖ ਇਤਿਹਾਸ ਛਾਪਿਆ ਜਾਂਦਾ ਹੈ, ਗੁਰ ਬਿਲਾਸ ਪਾ.6ਵੀਂ ਵਰਗੀਆਂ ਪੁਸਤਕਾਂ
ਛਾਪੀਆਂ ਜਾਂਦੀਆਂ ਹਨ, ਜਿਸ ਨਾਲ ਸਾਡੀ ਕੌਮ ਦਾ ਇਤਿਹਾਸ, ਕੁਰਬਾਨੀਆਂ ਤੇ ਗੁਰੂ ਸਾਹਿਬ ਦੇ ਜੀਵਣ
ਨੂੰ ਰੱਜ ਕੇ ਦਾਗਦਾਰ ਕੀਤਾ ਹੁੰਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਸਿੱਖ ਰਹਿਤ
ਮਰਿਯਾਦਾ ਨੂੰ ਕੁੱਝ ਫੁੱਟ ਦੀ ਦੂਰੀ ਭਾਵ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਨਾ-ਮਨਜੂਰ ਕਰ
ਦਿੱਤਾ ਜਾਂਦਾ ਹੈ ਪਰ ਕੌਮ ਨੂੰ ਦੁਹਾਈ ਦਿੱਤੀ ਜਾਂਦੀ ਹੈ ਕਿ ਰਹਿਤ ਮਰਯਾਦਾ ਦੀ ਪਾਲਣਾ ਕੀਤੀ
ਜਾਵੇ।
ਵਿਸ਼ਾ ਲੰਮੇਰਾ ਨਾ ਹੋਵੇ ਤਾਂ ਸਖੇਪ ਰੂਪ ਵਿੱਚ ਸਮੁੱਚੀ ਕੌਮ ਨੂੰ ਸੁਆਲ ਹੈ
ਕਿ ਅਜਿਹਾ ਸੱਭ ਕਿਉਂ ਵਾਪਰ ਰਿਹਾ ਹੈ? ਕਿਉਂ ਦਿਨ-ਬ-ਦਿਨ ਗੁਰਦੁਆਰਾ ਪ੍ਰਬੰਧਕ ਵਿੱਚ ਗਿਰਾਵਟ ਆ
ਰਹੀ ਹੈ, ਅਤੇ ਇਸਦਾ ਉਪਾਅ ਕੀ ਹੈ ? ਉਪਾਅ ਵੀ ਸਾਨੂੰ ਆਪ ਹੀ ਕਰਨਾ ਪੈਣਾ ਹੈ, ਇਸ ਲਈ ਅੱਜ ਜੇਕਰ
ਅਸੀਂ ਗੁਰਦੁਆਰਿਆਂ ਵਿੱਚ ਗੁਰਮਰਿਯਾਦਾ ਬਹਾਲ ਕਰਵਾ ਕੇ ਗੁਰਦੁਆਰਾ ਗੋਲਕ ਦੀ ਸਦਵਰਤੋਂ ਕਰਨਾ
ਚਾਹੁੰਦੇ ਹਾਂ ਤਾਂ ਮਿਤੀ 18 ਸਤੰਬਰ ਦਾ ਦਿਨ ਨਾ ਭੁਲਣਾ, ਕਿਉਂਕਿ ਇਹ ਉਹ ਦਿਨ ਹੈ ਜਦ ਅਸੀਂ ਆਪਣੀ
ਮਰਜ਼ੀ ਦੇ ਯੋਗ, ਗੁਰਸਿੱਖ ਗੁਰਮਤਿ ਦੇ ਧਾਰਨੀ ਪ੍ਰਬੰਧਕ ਆਪਣੀ ਮਰਜ਼ੀ ਨਾਲ ਗੁਰਦੁਆਰਾ ਕਮੇਟੀ ਵਿੱਚ
ਭੇਜ ਸਕਦੇ ਹਾਂ।
ਇਸ ਲਈ ਇਹ ਦਿਨ ਸਿੱਖਾਂ ਦੀ ਪਰਖ ਦਾ ਦਿਨ ਹੈ, ਫਿਰ ਪਤਾ ਨਹੀਂ ਕਦੋਂ ਮੌਕਾ
ਬਣੇ, ਕਿਉਂਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂਂ
ਦਾ ਕੋਈ ਪੱਕਾ ਟਾਈਮ ਨਹੀਂ ਹੈ ਅਤੇ ਹਾਕਮ ਦੀ ਮਰਜ਼ੀ ਅਨੁਸਾਰ ਹੀ ਹੁੰਦੀਆਂ ਹਨ, ਕਮੇਟੀ ਦੇ
ਸ਼ੁਰੂਆਤੀ ਦਿਨਾਂ ਵਿੱਚ ਹੀ ਸਹੀ ਸਮੇਂ ਤੇ ਹੋਈਆਂ ਸਨ ਜੋ ਲੜੀਵਾਰ ਪਹਿਲੀਆਂ ਚੋਣਾਂਂ 1926,
1930, 1933, 1936, 1939 ਵਿੱਚ ਫਿਰ 1942 ਵਿੱਚ ਹੋਏ ਫੈਂਸਲੇ ਅਨੁਸਾਰ ਮਿਆਦ ਤਿੰਨ ਸਾਲ ਤੋਂ
ਵਧਾ ਕੇ ਪੰਜ ਸਾਲ ਕਰ ਦਿੱਤੀ ਗਈ ਸੀ ਜਿਸ ਕਾਰਣ ਫਿਰ 1939 ਤੋਂ ਬਾਅਦ 1944 ਵਿੱਚ ਹੋਈਆਂ ਸਨ।
ਫਿਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅਜ਼ਾਦ ਭਾਰਤ ਵਿੱਚ ਪਹਿਲੀਆਂ ਚੋਣਾਂ 1960 ਫਿਰ 1965
ਹੋਈਆਂ ਸਨ। 1966 ਤੋਂ ਜਦ ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਚੋਣਾਂ ਕਰਵਾਉਣ ਦਾ
ਹੱਕ ਦਿੱਲੀ ਦੇ ਹਾਕਮਾਂ ਕੋਲ ਚਲਿਆ ਗਿਆ ਤੇ ਫਿਰ ਕਦੇ ਵੀ ਇਹ ਚੋਣਾਂ ਸਮੇਂ ਸਿਰ ਨਹੀਂ ਹੋਈਆਂ
ਕਿਉਂਕਿ ਉਸਤੋਂ ਬਾਅਦ ਦਾ ਹਾਲ ਇਹੀ ਦੱਸਦਾ ਹੈ ਕਿ 1965 ਤੋਂ ਬਾਅਦ 1979, 1996, 2004 ਤੇ ਹਣ
ਵੀ 2009 ਵਿੱਚ ਹੋਣ ਵਾਲੀਆਂ 2011 ਵਿੱਚ ਹੋ ਰਹੀਆਂ ਹਨ,
ਸੋ ਆਉ! ਸਾਰੇ ਰਲ ਮਿਲ ਕੇ ਤਹੱਈਆ ਕਰੀਏ ਕਿ ਗੁਰਦੁਆਰਿਆਂ ਵਿੱਚ ਗੁਰਮਤਿ
ਲਾਗੂ ਕਰਨ ਹਿੱਤ ਪੜ੍ਹੇ ਲਿਖੇ ਗੁਰਮਤਿ ਧਾਰਕ ਉਮੀਦਵਾਰਾਂ ਨੂੰ ਹੀ ਆਪਣੀ ਵੋਟ ਦਾ ਹੱਕ ਦਿੱਤਾ
ਜਾਵੇ ਅਤੇ ਸਹੀ ਚੌਣ ਕਰਕੇ ਸਹੀ ਪ੍ਰਬੰਧਕਾਂ ਨੂੰ ਗੁਰਦੂਆਰਾ ਪ੍ਰਬੰਧ ਸਪੁਰਦ ਕੀਤਾ ਜਾਵੇ। ਗੁਰੂ
ਭਲੀ ਕਰੇ!