Share on Facebook

Main News Page

ਬੁਰਜ ਹਰੀਕਾ ਵਿਖੇ ਗੁਰਦਵਾਰੇ ’ਚ ਸ਼ਿਵਲਿੰਗ, ਸ਼ੇਸ਼ਨਾਗ ਤੇ ਜੰਡ ਵਾਲੇ ਬਾਬੇ ਦੀ ਹੁੰਦੀ ਹੈ ਪੂਜਾ

ਗੁਰਦਵਾਰੇ ’ਚ ਹੀ ਕਰਵਾਏ ਜਾਂਦੇ ਹਨ ਜਗਰਾਤੇ

ਪੰਜਗਰਾਂਈ ਕਲਾਂ, 16 ਸਤੰਬਰ (ਸੁਖਚੈਨ ਸਿੰਘ ਜੀਵਨਵਾਲਾ) :- ਭਾਵੇਂ ਪਿਛਲੇ ਲੰਮੇ ਸਮੇਂ ਤੋਂ ਗੁਰਦਵਾਰਾ ਸਾਹਿਬ ਦੀ ਹੋਰ ਰਹੀ ਬੇਅਦਬੀ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਬਾਰੇ ਅਕਸਰ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਨਾ ਤਾਂ ਇਸ ਸਬੰਧੀ ਕੋਈ ਗੁਰਦਵਾਰੇ ਦਾ ਪ੍ਰਬੰਧਕ ਤੇ ਨਾ ਹੀ ਪਿੰਡ ਦੀ ਪੰਚਾਇਤ ਜਿੰਮੇਵਾਰੀ ਕਬੂਲਣ ਨੂੰ ਤਿਆਰ ਹੁੰਦੀ ਹੈ। ਇਥੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਬੁਰਜ ਹਰੀਕਾ ਵਿਖੇ ਗੁਰਦਵਾਰਾ ਬਾਬਾ ਜੀਵਨ ਸਿੰਘ ਦੀ ਹਾਲਤ ਦੇਖ ਕੇ ਪੰਥ ਦਰਦੀਆਂ ਦਾ ਸੀਨਾ ਛੱਲਣੀ ਹੋ ਜਾਂਦਾ ਹੈ, ਕਿਉਂਕਿ ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਸ਼ਿਵਲਿੰਗ, ਸ਼ੇਸ਼ਨਾਗ ਤੇ ਜੰਡ ਵਾਲੇ ਬਾਬੇ ਦੀ ਪੂਜਾ ਕੀਤੀ ਜਾਂਦੀ ਹੈ ਤੇ ਪਿੰਡ ਵਾਸੀਆਂ ਵੱਲੋਂ ਲੋੜ ਅਨੁਸਾਰ ਗੁਰਦਵਾਰਾ ਸਾਹਿਬ ’ਚ ਹੀ ਜਗਰਾਤਾ ਤੱਕ ਵੀ ਕਰਵਾਇਆ ਜਾਂਦਾ ਹੈ ਪਰ ਪਿੰਡ ਦੀ ਪੰਚਾਇਤ ਜਾਂ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਗੋਗਲੂਆਂ ਤੋਂ ਮਿੱਟੀ ਲਾਹ ਕੇ ਸਾਰਿਆ ਜਾ ਰਿਹਾ ਹੈ। ਇਸ ਗੁਰਦਵਾਰੇ ’ਚ ਇਕ ਸਿਲਾਈ ਸੈਂਟਰ ਵੀ ਖੋਲਿਆ ਗਿਆ ਹੈ। ਜਿਸ ’ਚ ਕੁੜੀਆਂ ਗੁਰੂ ਘਰ ਦੀ ਮਰਿਆਦਾ ਦੇ ਉਲਟ ਨੰਗੇ ਸਿਰ ਕੱਪੜੇ ਸਿਲਾਈ ਕਰਦੀਆਂ ਅਤੇ ਦਰਬਾਰ ਸਾਹਿਬ ਵੱਲ ਪੈਰ ਕਰਕੇ ਬੈਠੀਆਂ ਆਮ ਦੇਖੀਆਂ ਜਾ ਸਕਦੀਆਂ ਹਨ।

ਇਸੇ ਗੁਰਦਵਾਰੇ ’ਚ ਛੋਟੇ ਬੱਚਿਆਂ ਦਾ ਇਕ ਆਂਗਣਵਾੜੀ ਸੈਂਟਰ ਵੀ ਖੋਲਿਆ ਹੋਇਆ ਹੈ। ਜਿਥੇ ਬੱਚੇ ਖਾਣ-ਪੀਣ ਵਾਲੀਆਂ ਵਸਤਾਂ ਦਲੀਆਂ ਵਗੈਰਾ ਨਿਸ਼ਾਨ ਸਾਹਿਬ ਦੇ ਥੜੇ ’ਤੇ ਬੈਠ ਕੇ ਖਾਂਦੇ ਹਨ ਤੇ ਜੂਠੇ ਭਾਂਡੇ ਉਥੇ ਹੀ ਰੱਖ ਦਿੰਦੇ ਹਨ। ਉਕਤ ਘਟਨਾ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਬੀਤੀ ਤਿੰਨ ਸਤੰਬਰ ਨੂੰ ਪਿੰਡ ਦੇ ਇਕ ਕਲੱਬ ਵੱਲੋਂ ਗੁਰਦਵਾਰੇ ’ਚ ਮਾਤਾ ਦਾ ਜਗਰਾਤਾ ਕਰਵਾਇਆ ਗਿਆ ਤੇ ਗੁਰਦਵਾਰੇ ਦੇ ਮੁਖ ਦਰਵਾਜ਼ੇ ਨੂੰ ਬੰਦ ਕਰਕੇ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਮਾਤਾ ਦੀਆਂ ਭੇਟਾਂ ਗਾਈਆਂ ਗਈਆਂ ਤੇ ਗੁਰਦਵਾਰੇ ਦੇ ਗੰ੍ਰਥੀ ਨੂੰ ਨਿਤਨੇਮ, ਰਹਿਰਾਸ ਅਤੇ ਸਵੇਰੇ ਜਪੁਜੀ ਸਾਹਿਬ ਦਾ ਪਾਠ ਦਰਵਾਜਾ ਅੰਦਰੋ ਬੰਦ ਕਰਕੇ ਹੀ ਕਰਨਾ ਪਿਆ ਪਰ ਪਿੰਡ ਦੀ ਸਰਪੰਚ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਕਿਸੇ ਨੇ ਜੁਬਾਨ ਖੋਲਣ ਦੀ ਜੁਰਅੱਤ ਨਾ ਕੀਤੀ।

ਪਿੰਡ ਦੇ ਕੁਝ ਵਿਅਕਤੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਪਹਿਲਾਂ ਇਕ ਧਰਮਸ਼ਾਲਾ ਸੀ, ਜਿਸ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦਵਾਰੇ ਦਾ ਨਾਂਅ ਦੇ ਦਿੱਤਾ ਗਿਆ। ਇਥੇ ਮਰਿਆਦਾ ਨਾਂਅ ਦੀ ਕੋਈ ਚੀਜ਼ ਨਹੀਂ ਤੇ ਲੋਕ ਦੁਸ਼ਮਣੀ ਪੈਣ ਦੇ ਡਰੋਂ ਵਿਵਾਦ ’ਚ ਨਹੀਂ ਪੈਣਾ ਚਾਹੁੰਦੇ। ਉਨਾਂ ਦੱਸਿਆ ਕਿ ਗੁਰਦਵਾਰੇ ਦੀ ਕਮੇਟੀ ਦੇ ਅਹੁਦੇਦਾਰ ਐਲਾਨੀਆ ਕਹਿੰਦੇ ਹਨ ਕਿ ਸਾਡੀ ਮਰਜ਼ੀ ਅਸੀਂ ਜੋ ਮਰਜ਼ੀ ਕਰੀਏ।

ਗੁਰਦਵਾਰੇ ਦੇ ਗ੍ਰੰਥੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਸਦੀ ਕੋਈ ਨਹੀਂ ਸੁਣਦਾ। ਇਸ ਹਲਕੇ ਤੋਂ 7 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕਰ ਚੁੱਕੇ ਅਤੇ ਹੁਣ ਫਿਰ ਬਾਦਲ ਦਲ ਵੱਲੋਂ ਚੋਣ ਲੜ ਰਹੇ ਉਮੀਦਵਾਰ ਸੁਖਦੇਵ ਸਿੰਘ ਬਾਠ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਇਸ ਤਰਾਂ ਦੀ ਕੋਈ ਸ਼ਿਕਾਇਤ ਮੇਰੇ ਧਿਆਨ ’ਚ ਨਹੀਂ ਆਈ ਪਰ ਮੈਂ ਹੁਣੇ ਆਪਣੇ ਆਦਮੀ ਭੇਜ ਕੇ ਗੁਰਦਵਾਰੇ ਦੀ ਮਰਿਆਦਾ ਨੂੰ ਬਰਕਰਾਰ ਰੱਖਾਂਗਾ। ਪਿੰਡ ਦੀ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਤੇ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਕੋਲ ਇਹ ਮਾਮਲਾ ਇਕ ਤੋਂ ਵੱਧ ਵਾਰ ਉਠਾ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਪੰਥਦਰਦੀ ਬੇਵੱਸੀ ਤੇ ਲਾਚਾਰਗੀ ’ਚ ਕੁਝ ਵੀ ਬੋਲਣ ਤੋਂ ਅਸਮਰੱਥ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top