Share on Facebook

Main News Page

ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ, ਨਕਲੀ ਵੋਟਰ ਆਪਣੀ ਵੋਟ ਦੀ ਕਰਨਗੇ ਵਰਤੋਂ!!

18 ਸਤੰਬਰ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਸਿਰਜਣਗੀਆਂ ਨਵਾਂ ਇਤਿਹਾਸ...

ਕੋਟਕਪੂਰਾ, 16 ਸਤੰਬਰ (ਗੁਰਿੰਦਰ ਸਿੰਘ) :- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ 2011 ਨੂੰ ਹੋਣ ਵਾਲੀਆਂ ਆਮ ਚੋਣਾਂ ਆਪਣੇ ਨਾਲ ਇਕ ਵਿਲੱਖਣ ਇਤਿਹਾਸ ਜੋੜਨਗੀਆਂ। ਕਿਉਂਕਿ ਇਸ ਵਾਰ ਪੰਥ ਦਾ ਦਰਦ ਰੱਖਣ ਵਾਲੇ ਤੇ ਸਾਬਤ-ਸੂਰਤ ਪਰਿਵਾਰਾਂ ਨਾਲ ਸਬੰਧਤ ਉਮੀਦਵਾਰਾਂ ਦੇ ਮੁਕਾਬਲੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਅੰਗੂਠਾ ਦਿਖਾਉਣ ਵਾਲੇ ਉਮੀਦਵਾਰ ਜਿਆਦਾ ਗਿਣਤੀ ’ਚ ਜਿੱਤਣ ਦੀ ਸੰਭਾਵਨਾ ਹੈ। ਇਨਾਂ ਚੋਣਾਂ ’ਚ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਗੈਰ-ਸਿੱਖ, ਪਤਿੱਤ, ਨਸ਼ੱਈ ਅਤੇ ਇਕ ਵੀ ਸ਼ਰਤ ’ਤੇ ਪੂਰੇ ਨਾ ਉਤਰਣ ਵਾਲੇ ਨਕਲੀ ਵੋਟਰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਜ਼ਿਕਰਯੋਗ ਹੈ ਕਿ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ (ੳ) ਕੇਸਾਧਾਰੀ ਸਿੱਖ ਹਾਂ, (ਅ) ਆਪਣੀ ਦਾੜ•ੀ ਜਾਂ ਕੇਸ ਨਹੀਂ ਕੱਟਦਾ ਤੇ ਨਾ ਹੀ ਸ਼ੇਵ ਕਰਦਾ ਹਾਂ, (ੲ) ਕਿਸੇ ਵੀ ਰੂਪ ’ਚ ਧੁਮਰਪਾਨ ਨਹੀਂ ਕਰਦਾ, (ਸ’) ਸ਼ਰਾਬ ਨਹੀਂ ਪੀਂਦਾ, (ਹ) ਪਤਿੱਤ ਨਹੀਂ ਹਾਂ ਆਦਿ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਤੋਂ ਇਲਾਵਾ ਗਲਤ ਤਸਦੀਕ ਕਰਨ ਵਾਲੇ ਪਟਵਾਰੀ, ਨਗਰ ਕੌਂਸਲਰ ਜਾਂ ਅਜਿਹੇ ਹੋਰ ਅਧਿਕਾਰੀ ਨੂੰ ਵੀ ਸਖਤ ਹਦਾਇਤ ਸੀ ਕਿ ਜੇ ਉਨਾਂ ਨੇ ਕਿਸੇ ਵੀ ਵੋਟਰ ਦੇ ਗਲਤ ਫਾਰਮ ਨੂੰ ਤਸਦੀਕ ਕੀਤਾ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਹੋਣੀ ਲਾਜ਼ਮੀ ਹੈ ਪਰ ਕੁਮਾਰ ਜਾਂ ਲਾਲ ਨੂੰ ਸਿੰਘ ਲਿਖ ਕੇ, ਰਾਣੀ ਜਾਂ ਕੁਮਾਰੀ ਨੂੰ ਕੌਰ ਲਿਖ ਕੇ ਜਾਰੀ ਹੋਈਆਂ ਵੋਟਰ ਸੂਚੀਆਂ ਦੀਆਂ ਅਨੇਕਾਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ। ਪੰਥ ਦਰਦੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਮਿਲੀਭੁਗਤ ਹੋਣ ਕਰਕੇ ਗਲਤ ਤਸਦੀਕ ਕਰਨ ਵਾਲੇ ਅਜਿਹੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ। ਇਕ ਅੰਦਾਜ਼ੇ ਮੁਤਾਬਕ ਜੇਕਰ ਹਲਕਾ ਕੋਟਕਪੂਰਾ ਦੀਆਂ ਕੁੱਲ 36 ਹਜ਼ਾਰ ਵੋਟਾਂ ਦੀ ਪੋਲਿੰਗ ਮੌਕੇ ਸਿਰਫ ਜਾਇਜ਼ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਨਕਲੀ ਵੋਟਰਾਂ ਨੂੰ ਇਜਾਜ਼ਤ ਨਾ ਮਿਲੀ ਤਾਂ ਹੋ ਸਕਦੈ, ਇਸ ਹਲਕੇ ਤੋਂ ਵੋਟ ਪ੍ਰਤੀਸ਼ਤ 25 ਫੀਸਦੀ ਤੋਂ ਵੀ ਨਾ ਵਧੇ।

ਬਾਦਲ ਵਿਰੋਧੀ ਉਮੀਦਵਾਰਾਂ ਦਾ ਦੋਸ਼ ਹੈ ਕਿ ਭਾਵੇਂ ਬਾਦਲ ਦਲ ਦੇ ਉਮੀਦਵਾਰਾਂ ਨੇ ਪਹਿਲਾਂ ਹੀ ਲੱਖਾਂ ਅਜਿਹੇ ਵੋਟਰਾਂ ਦੇ ਫਾਰਮ ਭਰ ਦਿੱਤੇ ਸਨ, ਜੋ ਸ਼ਰਤਾਂ ’ਤੇ ਪੂਰੇ ਨਹੀਂ ਉਤਰਦੇ ਪਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਵੇਂ ਵੋਟਰ ਬਣਾਉਣ ਦੀ ਦਿੱਤੀ ਛੋਟ ਨੇ ਤਾਂ ਕਮਾਲ ਹੀ ਕਰ ਦਿੱਤੀ। ਕਿਉਂਕਿ ਇਕ ਪਾਸੇ ਬਾਦਲ ਦਲ ਦੇ ਆਗੂ ਬੰਡਲਾਂ ਦੇ ਬੰਡਲ ਲੈ ਕੇ ਨਜਾਇਜ਼ ਵੋਟਾਂ ਬਣਾਉਂਦੇ ਰਹੇ ਅਤੇ ਦੂਜੇ ਪਾਸੇ ਬਾਦਲ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਅੰਮ੍ਰਿਤਧਾਰੀ ਜਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਨਵੀਂ ਵੋਟ ਬਣਾਉਣ ਦੀ ਇਜਾਜ਼ਤ ਨਾ ਮਿਲੀ। ਇਨਾਂ ਚੋਣਾਂ ’ਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਆਸਥਾ ਨਾ ਰੱਖਣ ਤੇ ਦੇਹਧਾਰੀਆਂ ਨੂੰ ਮੰਨਣ ਵਾਲੇ ਲੋਕ ਵੀ ਆਪਣੀ ਵੋਟ ਦੀ ਵਰਤੋਂ ਕਰਨਗੇ। ਇਸ ਵਾਰ ਸੱਤਾਧਾਰੀ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਲਈ ਇਕ ਨਵੀਂ ਮੁਸ਼ਕਲ ਦੇਖਣ ਨੂੰ ਮਿਲੀ। ਕਿਉਂਕਿ ਉਕਤ ਉਮੀਦਵਾਰ ਆਪਣੀ ਪਤਿੱਤ ਔਲਾਦ ਨੂੰ ਚੋਣ ਮੁਹਿੰਮ ’ਚ ਨਾਲ ਤੋਰਨ ਤੋਂ ਸੰਕੋਚ ਕਰਦੇ ਰਹੇ। ਇਸ ਤੋਂ ਇਲਾਵਾ ਉਨਾਂ ਦੇ ਜਿਆਦਾਤਰ ਸਮਰਥਕ ਘੋਨ-ਮੋਨ, ਪਤਿੱਤ ਜਾਂ ਨਸ਼ੱਈ ਕਿਸਮ ਦੇ ਹੀ ਸਨ, ਜਦੋਂਕਿ ਦੂਜੇ ਪਾਸੇ ਵਿਰੋਧੀ ਉਮੀਦਵਾਰਾਂ ਦੇ ਸਮਰਥਕ ਸਾਬਤ-ਸੂਰਤ, ਨਸ਼ਾ ਰਹਿਤ ਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਪੂਰਾ ਆਸਥਾ ਰੱਖਣ ਵਾਲੇ ਹੀ ਨਜ਼ਰ ਆਏ। ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਵੋਟਰਾਂ ਦੀਆਂ ਕੌੜੀਆਂ-ਕੁਸੈਲੀਆਂ ਸੁਨਣ ਦੇ ਬਾਵਜੂਦ ਵੀ ਉਨਾਂ ਨੂੰ ਪੈਨਸ਼ਨ, ਸ਼ਗਨ ਸਕੀਮ, ਨੌਕਰੀ, ਗਰਾਂਟਾ ਆਦਿ ਦੇ ਲਾਲਚ ਦੇ ਕੇ ਵਰਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਵੋਟਰਾਂ ਦੀ ਜਾਗਰੂਕਤਾ ਕਰਕੇ ਚੋਣ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਇਕ ਰਾਜਨੀਤਿਕ ਮਾਹਿਰ ਤੇ ਪੰਥਦਰਦੀ ਨੇ ਤਾਂ ਇਥੋਂ ਤੱਕ ਵੀ ਆਖ ਦਿੱਤਾ ਕਿ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਆਸਥਾ ਰੱਖਣ ਵਾਲੀਆਂ ਸਿੱਖ ਸੰਗਤਾਂ ਲਈ ਪਵਿੱਤਰ ਗੁਰਦਵਾਰੇ ਅਜ਼ਾਦ ਕਰਾਉਣ ਦਾ ਸੁਨਹਿਰੀ ਮੌਕਾ ਹੈ। ਇਸ ਲਈ ਉਹ ਆਪਣੀ ਜ਼ਮੀਰ ਨੂੰ ਝੰਜੋੜ ਕੇ ਹੀ ਆਪਣੀ ਵੋਟ ਦੀ ਵਰਤੋਂ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top