Share on Facebook

Main News Page

ਬਾਦਲ ਕੋਲ ਕੋਈ ਪੰਥਕ ਮੁੱਦਾ ਨਹੀਂ; ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਵੋਟਾਂ ਲੈਣਾ ਜਾਣਦਾ ਹੈ: ਹਰਪਾਲ ਸਿੰਘ ਮਿੱਠੂ

ਬਠਿੰਡਾ, 15 ਸਤੰਬਰ (ਕਿਰਪਾਲ ਸਿੰਘ): ਪ੍ਰਕਾਸ਼ ਸਿੰਘ ਬਾਦਲ ਕੋਲ ਕੋਈ ਪੰਥਕ ਮੁੱਦਾ ਨਹੀਂ; ਸਿਰਫ ਉਹ ਜ਼ਜ਼ਬਾਤੀ ਮੁੱਦੇ, ਜਿਨ੍ਹਾਂ ਦੇ ਹੱਲ ਲਈ ਉਹ ਕਦੀ ਵੀ ਸੁਹਿਰਦ ਨਹੀਂ ਹੁੰਦਾ, ਉਠਾ ਕੇ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਵੋਟਾਂ ਲੈਣਾ ਜਾਣਦਾ ਹੈ, ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਇਸ ਲਈ ਉਹ ਸ: ਬਾਦਲ ਦੇ ਬਹਿਕਾਵੇ ਵਿੱਚ ਆ ਕੇ ਉਸ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਧੋਖਾ ਨਹੀਂ ਖਾਣਗੇ। ਇਹ ਸ਼ਬਦ ਬਠਿੰਡਾ ਚੋਣ ਹਲਕੇ ਤੋਂ ਪੰਥਕ ਮੋਰਚੇ ਦੀ ਟਿਕਟ, ’ਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਸਾਂਝੇ ਉਮੀਦਵਾਰ ਹਰਪਾਲ ਸਿੰਘ ਮਿੱਠੂ ਨੇ ਹਲਕੇ ਅਧੀਨ ਆਉਂਦੇ ਪਿੰਡ ਜੋਗਾਨੰਦ ਅਤੇ ਚੱਕ ਰਾਮ ਸਿੰਘ ਵਾਲਾ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਹੇ।

ਉਨ੍ਹਾਂ ਬਾਦਲ ਦੇ ਝੂਠੇ ਲਾਰਿਆਂ ਦੀ ਪੋਲ ਖੋਲ੍ਹਦੇ ਹੋਏ ਕਿਹਾ 1997 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਬਾਦਲ ਦਲ ਦੇ ਚੋਣ ਮੈਨੀਫੈਸਟੋ ਵਿੱਚ ਮੁੱਖ ਵਾਅਦਾ ਕੀਤਾ ਸੀ ਕਿ ਉਨ੍ਹ ਦੀ ਸਰਕਾਰ ਆਉਣ ’ਤੇ, ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਮੁਕੱਦਮੇ ਦਰਜ਼ ਕਰਕੇ ਉਨ੍ਹਾਂ ਨੂੰ ਢੁਕਵੀਆਂ ਸਜਾਵਾਂ ਦਿੱਤੀਆਂ ਜਾਣਗੀਆਂ। ਪਰ ਬਾਦਲ ਸਰਕਾਰ ਆਉਣ ’ਤੇ ਝੂਠੇ ਮੁਕਾਬਲੇ ਬਣਾਉਣ ਦੇ ਕਿਸੇ ਦੋਸ਼ੀ ਪੁਲਸੀਏ ਵਿਰੁੱਧ ਮੁੱਕਦਮਾਂ ਤਾਂ ਕੀ ਚਲਾਉਣਾ ਸੀ ਬਲਕਿ ਉਨ੍ਹਾਂ ਨੂੰ ਤਰੱਕੀਆਂ ਦੇ ਕੇ ਸਨਮਾਨਤ ਕੀਤਾ ਗਿਆ ਤੇ ਸਰਕਾਰੀ ਤਸ਼ੱਸ਼ਦ ਦੇ ਸ਼ਿਕਾਰ ਹੋਏ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਖ਼ਤਰਨਾਕ ਅਤਿਵਾਦੀ ਦੱਸ ਕੇ ਉਸ ਦੀ ਫਾਂਸੀ ਦੀ ਸਜਾ ਦੀ ਇੱਕ ਤਰ੍ਹਾਂ ਪ੍ਰੋੜਤਾ ਕੀਤੀ ਪਰ ਹੁਣ ਚੋਣਾਂ ਵਿੱਚ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਉਸ ਦੀ ਸਜਾ ਮੁਆਫ਼ੀ ਲਈ ਬਿਆਨ ਦਾਗ਼ ਕੇ ਮਗਰਮੱਛ ਵਾਲੇ ਹੰਝੂ ਕੇਰ ਰਿਹਾ ਹੈ। ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਉਸ ਸਮੇਂ ਦੇ ਐੱਸਐੱਸਪੀ ਇਜ਼ਹਾਰ ਆਲਮ ਨੂੰ ਮਲੇਰਕੋਟਲਾ ਹਲਕਾ ਦਾ ਇੰਚਾਰਜ਼ ਬਣਾ ਕੇ ਉਸ ਨੂੰ ਵਿਧਾਨ ਸਭਾ ਦੀ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

2007 ਦੀਆਂ ਚੋਣਾਂ ਸਮੇਂ ਚੋਣ ਵਾਅਦਾ ਕੀਤਾ ਗਿਆ, ਕਿ ਪੰਜਾਬ ਦੇ ਪਾਣੀਆਂ ਦਾ ਦੀ ਲੁੱਟ ਕਰਨ ਲਈ ਕੇਂਦਰ ਸਰਕਾਰ ਰਾਹੀਂ ਤੋਂ ਕੀਤੇ ਗਏ ਸਾਰੇ ਸਮਝੌਤਿਆਂ ਨੂੰ, ਕੈਪਟਨ ਅਮਰਿੰਦਰ ਸਿੰਘ ਵਲੋਂ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕਰਵਾਏ ਮਤੇ ਦੀ ਧਾਰਾ 5 ਪਹਿਲੇ ਹੀ ਸ਼ੈਸ਼ਨ ਵਿੱਚ ਰੱਦ ਕਰ ਦਿੱਤੀ ਜਾਵੇਗੀ। ਪਰ ਸਾਢੇ ਚਾਰ ਸਾਲ ਲੰਘ ਜਾਣ ਦੇ ਬਾਵਯੂਦ ਪਾਣੀਆਂ ਦੇ ਕਿਸੇ ਮਤੇ ਦੀ ਗੱਲ ਤੱਕ ਨਹੀਂ ਕੀਤੀ ਅਤੇ ਨਾ ਹੀ ਅੱਗੇ ਤੋਂ ਕੀਤੇ ਜਾਣ ਦੀ ਕੋਈ ਸੰਭਾਵਨਾ ਹੈ। ਇਸ ਤਰ੍ਹਾਂ ਪੰਥ, ਪੰਜਾਬ ਅਤੇ ਕਿਸਾਨਾਂ ਦਾ ਰਾਖਾ ਅਖਵਾਉਣ ਵਾਲਾ ਸ: ਬਾਦਲ ਉਹ ਕੰਮ ਵੀ ਨਹੀਂ ਕਰ ਸਕਿਆ ਜਿਹੜਾ ਕਾਂਗਰਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਕਰ ਗਿਆ, ਤਾਂ ਹੁਣ ਇਸ ਨੂੰ ਆਪਣੇ ਵੀਚਾਰਧਾਰਕ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਕਾਂਗਰਸ ਦੇ ਪਿੱਠੂ ਕਹਿਣ ਦਾ ਕੋਈ ਇਖ਼ਲਾਖ਼ੀ ਹੱਕ ਨਹੀਂ ਹੈ।

ਸ: ਹਰਪਾਲ ਸਿੰਘ ਮਿੱਠੂ ਨੇ ਕਿਹਾ ਕਿ ਹੁਣ ਲੋਕ ਸ: ਬਾਦਲ ਦੇ ਝੂਠੇ ਦਾਅਵੇ ਸੁਣ ਕੇ ਵਾਰ ਵਾਰ ਧੋਖਾ ਨਹੀਂ ਖਾਣਗੇ ਅਤੇ ਉਸ ਦੇ ਕਿਸੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਸ: ਮਿੱਠੂ ਦੇ ਇਹ ਵੀਚਾਰ ਸੁਣ ਕੇ ਪਿੰਡ ਜੋਗਾ ਨੰਦ ਤੋਂ ਭਗਵਾਨ ਸਿੰਘ, ਪ੍ਰੀਤਮ ਸਿੰਘ ਢਿੱਲੋਂ, ਬਿੱਕਰ ਸਿੰਘ ਖਾਲਸਾ ਅਤੇ ਚੱਕ ਰਾਮ ਸਿੰਘ ਵਾਲਾ ਤੋਂ ਹਰਭਜਨ ਸਿੰਘ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਸਵੀਰ ਕੌਰ ਨੇ ਪੰਥਕ ਮੋਰਚੇ ਦੇ ਸਾਂਝੇ ਉਮੀਦਵਾਰ ਹਰਪਾਲ ਸਿੰਘ ਮਿੱਠੂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦਾ ਵਿਸ਼ਵਾਸ਼ ਦਿਵਾਇਆ ਅਤੇ ਸਿਰੋਪੇ ਦੀ ਬਖ਼ਸ਼ਿਸ਼ ਕਰਕੇ ਸਨਮਾਨਤ ਕੀਤਾ। ਰਣਜੀਤ ਸਿੰਘ ਥਰਮਲ ਨੇ ਸਟੇਜ਼ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top