Share on Facebook

Main News Page

ਯੂਰਪ ਦੇ ਸਿੱਖ ਆਗੂਆਂ ਵੱਲੋਂ ਰਹਿਤ ਰਹਿਣੀ ਵਾਲੇ ਪੰਥ ਦਰਦੀ ਗੁਰ ਸਿੱਖ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਚੁਣਨ ਦੀ ਅਪੀਲ

ਬ੍ਰਮਿੰਘਮ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਸੰਗਤਾਂ ਰਹਿਤ ਰਹਿਣ ਵਾਲੇ, ਪੰਥ ਦਾ ਦਰਦ ਰੱਖਣ ਵਾਲੇ, ਅੰਮ੍ਰਿਤਧਾਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਵੋਟ ਪਾ ਕੇ ਕਾਮਯਾਬ ਕਰਨ ਤਾਂ ਕਿ ਅੱਜ ਪੰਥ ਉੱਤੇ ਅੰਦਰੋਂ ਤੇ ਬਾਹਰੋਂ ਹੋ ਰਹੇ ਘਾਤਕ ਹਮਲਿਆਂ ਤੋਂ ਸਿੱਖ ਕੌਮ ਨੂੰ ਬਚਾਇਆ ਜਾ ਸਕੇ।

ਇਹ ਬਿਆਨ ਜਾਰੀ ਕਰਦਿਆਂ ਯੂ ਕੇ ਦੇ ਸਿੱਖ ਆਗੂਆਂ ਭਾਈ ਜੋਗਾ ਸਿੰਘ, ਜਥੇਦਾਰ ਗੁਰਮੇਜ ਸਿੰਘ ਗਿੱਲ, ਜਥੇਦਾਰ ਅਵਤਾਰ ਸਿੰਘ ਸੰਘੇੜਾ, ਜਥੇਦਾਰ ਬਲਬੀਰ ਸਿੰਘ, ਭਾਈ ਸੇਵਾ ਸਿੰਘ ਲੱਲੀ, ਜਥੇਦਾਰ ਰਘਵੀਰ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਭਾਈ ਰਘਵੀਰ ਸਿੰਘ ਡਰਬੀ, ਸ: ਕੁਲਵੰਤ ਸਿੰਘ ਢੇਸੀ, ਸ: ਤਰਸੇਮ ਸਿੰਘ ਦਿਓਲ, ਜਥੇਦਾਰ ਰੇਸ਼ਮ ਸਿੰਘ ਜਰਮਨੀ, ਜਥੇਦਾਰ ਹਰਦਵਿੰਦਰ ਸਿੰਘ ਜਰਮਨੀ ਨੇ ਕਿਹਾ ਕਿ ਬੇਸ਼ੱਕ ਅਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵਿਸ਼ਵਾਸ ਨਹੀਂ ਰੱਖਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਗੁਰਸਿੱਖਾਂ ਦੀ ਇਲੈਕਸ਼ਨ ਨਹੀਂ, ਬਲਕਿ ਯੋਗਿਤਾ ਦੇ ਆਧਾਰ ‘ਤੇ ਸਿਲੈਕਸ਼ਨ ਹੋਣੀ ਚਾਹੀਦੀ ਹੈ। ਇਸ ਲਈ ਇਹਨਾਂ ਚੋਣਾਂ ਵਿਚ ਅਸੀਂ ਸਿੱਧੇ ਤੌਰ ‘ਤੇ ਚੋਣ ਵਿਚ ਭਾਗ ਨਹੀਂ ਲੈ ਰਹੇ। ਪਰ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਪ੍ਰਣਾਲੀ ਨੂੰ ਇਕ ਦਮ ਬਦਲਿਆ ਵੀ ਨਹੀਂ ਜਾ ਸਕਦਾ ਇਸ ਵਾਸਤੇ ਅਸੀਂ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਭਾਗ ਲੈਣ ਵਾਲੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਜਿਹੜੇ ਗੁਰਮਤਿ ਦੇ ਧਾਰਨੀ, ਰਹਿਤ ਰਹਿਣੀ ਵਿਚ ਪਰਪੱਕ, ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਤੇ ਜਿਹੜੇ ਪਿਛਲੇ ਵੀਹ ਪੰਝੀ ਸਾਲਾਂ ਤੋਂ ਪੰਥ ਦੀ ਸੇਵਾ ਤੇ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਹਨ, ਪਰ ਜਿਹੜੇ ਹੁਣੇ ਕਮੇਟੀ ਮੈਂਬਰ ਬਣਨ ਲਈ ਅੰਮ੍ਰਿਤ ਛਕ ਰਹੇ ਹਨ, ਉਨ੍ਹਾਂ ਬਾਰੇ ਸੋਚ ਕੇ ਕਦਮ ਪੁੱਟਿਆ ਜਾਵੇ।

ਉਕਤ ਆਗੂਆਂ ਨੇ ਜ਼ਿਕਰ ਕੀਤਾ ਕਿ ਜਿਹੜੀ ਪਾਰਟੀ ਅਸੰਬਲੀ ਵਿਚ ਇਜ਼ਹਾਰ ਆਲਮ ਵਰਗੇ ਬਦਨਾਮ ਪੁਲਿਸ ਅਫਸਰ ਨੂੰ ਆਪਣਾ ਉਮੀਦਵਾਰ ਬਣਾ ਰਹੀ ਹੈ, ਉਨ੍ਹਾਂ ਪਾਸੋਂ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਕੀ ਉਮੀਦ ਰੱਖੀ ਜਾ ਸਕਦੀ ਹੈ । ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਂਦੀਆਂ ਚੋਣਾਂ ਵਿਚ ਮਲੇਰਕੋਟਲਾ ਹਲਕੇ ਤੋਂ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ । ਇਸ ਪੁਲਿਸ ਅਫ਼ਸਰ ਨੇ ਆਪਣੀ ਹੀ ਇਕ ਆਲਮ ਸੈਨਾ ਬਣਾਈ ਹੋਈ ਸੀ, ਜਿਸ ਨੇ ਅਨੇਕਾਂ ਹੀ ਨਹੀਂ ਬਲਕਿ ਕਈ ਸੈਂਕੜੇ ਸਿੱਖਾਂ ਦਾ ਕਤਲੇਆਮ ਕੀਤਾ, ਇਹ ਸੈਨਾ ਲੋਕਾਂ ਦੇ ਘਰਾਂ ਵਿਚ ਖਾੜਕੂਆਂ ਦੇ ਭੇਸ ਵਿਚ ਜਾਂਦੀ ਸੀ, ਪਰਿਵਾਰ ਦੀ ਲੁੱਟ ਖਸੁੱਟ ਕਰਦੇ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਅਤੇ ਫਿਰ ਦਿਨ ਵੇਲੇ ਪੁਲਿਸ ਵਰਦੀ ਵਿਚ ਜਾ ਕੇ ਘਰ ਵਾਲਿਆਂ ਨੂੰ ਖਾੜਕੂਆਂ ਦੀ ਮਦਦ ਕਰਨ ਦੇ ਦੋਸ਼ ਵਿਚ ਬੰਨ੍ਹ ਲੈਂਦੇ, ਲੱਧਾ ਕੋਠੀ ਅਤੇ ਬੀਕੋ ਸੈਂਟਰ ਵਰਗੇ ਇੰਟੈਰੋਗੇਸ਼ਨ ਸੈਂਟਰਾਂ ਵਿਚ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ ਅਤੇ ਤਸ਼ੱਦਦ ਕਰਕੇ ਖ਼ਤਮ ਕਰ ਦਿੱਤਾ ਜਾਂਦਾ ਸੀ ਜਾਂ ਜੇਹਲ ਭੇਜ ਦਿੱਤਾ ਜਾਂਦਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top