Share on Facebook

Main News Page

ਗੁਰਮਤਿ ਕਾਨਫਰੰਸ ਸਰੀ, ਕੈਨੇਡਾ ਦਾ ਵਿਸਥਾਰ 'ਤੇ ਲੋਖਾ-ਜੋਖਾ

ਸਿੰਘ ਸਭਾ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਦੇ ਉੱਦਮ ਨਾਲ ਗੁਰਮਤਿ ਕਾਨਫਰੰਸ ਸਰੀ , ਕੈਨੇਡਾ ਵਿੱਚ ਹੋਈ। ਸਤੰਬਰ 10 ਅਤੇ 11, 2011 ਨੂੰ ਹੋਈ ਇਸ ਕਾਨਫਰੰਸ ਵਿੱਚ ਬਹੁ-ਗਿਣਤੀ ਵਿੱਚ ਸਿੱਖ ਸਰੋਤਿਆਂ ਦਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਪੁਜਾਰੀਵਾਦ, ਸਾਧ ਟੋਲਿਆਂ ਦੀ ਕਰਮਕਾਂਡੀ ਸਿੱਖਿਆ ਤੋਂ ਛੁਟਕਾਰਾ ਪਾਕੇ ਆਪ ਗੁਰਬਾਣੀ ਪੜਨ ਤੇ ਵਿਚਾਰਨ ਵੱਲ ਵੱਧ ਰਹੇ ਹਨ। ਸਥਾਨਿਕ ਰੇਡੀਓ ਸਟੇਸ਼ਨਾਂ ਤੇ ਵੀ ਕਾਨਫਰੰਸ ਦੇ ਬੁਲਾਰੇ ਸਰੋਤਿਆਂ ਦੇ ਰੂਬਰੂ ਹੋਏ ਤੇ ਵਧੀਆ ਹੁੰਗਾਰਾ ਮਿਲਿਆ।

ਡਾ: ਹਰਜਿੰਦਰ ਸਿੰਘ ‘ਦਿਲਗੀਰ’ ਨੇ ਸਿੱਖ ਇਤਿਹਾਸ ਵਿੱਚ ਪ੍ਰਚਲਿਤ ਹੋਈਆਂ ਝੂਠੀਆਂ , ਨਕਲੀ ਤੇ ਸਿਧਾਂਤ ਵਿਰੋਧੀ ਸਾਖੀਆਂ ਦੀ ਅਸਲੀਅਤ ਬਾਰੇ ਚਾਨਣਾ ਪਾਇਆ, ਇਤਿਹਾਸਿਕ ਤੌਰ ਤੇ ਕਿਵੇਂ ਸਿੱਖ ਸਿਧਾਂਤ ਨੁੰ ਵਿਗਾੜ ਕੇ ਪੇਸ਼ ਕੀਤਾ ਹੈ ਉਸਦੀ ਜਾਣਕਾਰੀ ਨੂੰ ਡਾ: ਦਿਲਗੀਰ ਨੇ ਬੜੀ ਬਾਖੂਬੀ ਵਰਨਣ ਕੀਤੀ। ਸਿੱਖਾਂ ਵਿੱਚ ਕਿਵੇਂ ਕਈ ਨਕਲੀ ਡੇਰੇ ਤੇ ਸੰਪਰਦਾਵਾਂ , ਟਕਸਾਲਾਂ, ਗੁਰੂ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਤੇ ਹੋਰ ਗੁਰਸਿੱਖਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਹਨ। ਅਕਾਲ ਤਖਤ ਦੇ ਸੇਵਾਦਾਰ ਜਥੇ ਦਾ ਜਥੇਦਾਰ ਕਿਵੇਂ ਸਿੱਖਾਂ ਦਾ ਥਾਨੇਦਾਰ ਬਣਿਆ ਦੀ ਮੁਢਲੀ ਜਾਣਕਾਰੀ ਵੀ ਸਾਂਝੀ ਕੀਤੀ । ਸਿੱਖ ਰਾਜ, ਨਿਰਮਲੇ, ਉਦਾਸੀ, ਹੋਰ ਡੇਰੇ, ਇਤਿਹਾਸਕ ਗ੍ਰੰਥ ਅਤੇ ਬਚਿੱਤਰ ਨਾਟਕ ਬਾਰੇ ਪੇਤਲੀ ਜਾਣਕਾਰੀ ਡਾ: ਦਿਲਗੀਰ ਜੀ ਨੇ ਦਿੱਤੀ ਜੋ ਕਿ ਬੜੀ ਹੀ ਲਾਭਦਾਇਕ ਤੇ ਕ੍ਰਾਂਤੀਕਾਰੀ ਵੀ ਹੈ।

ਪ੍ਰਿੰ: ਗੁਰਬਚਨ ਸਿੰਘ ‘ਥਾਈਲੈਂਡ’ (ਗੁਰਮਤਿ ਗਿਆਨ ਮਿਸ਼ਨਰੀ ਕਾਲਿਜ) ਨੇ ਮੁਕਤੀ ਬਾਰੇ ਅਤੇ ਸਿੱਖੀ ਦੇ ਪ੍ਰਚਾਰ ਨੂੰ ਸਮੱਸਿਆਵਾਂ ਬਾਰੇ ਬੜਾ ਭਾਵਪੂਰਤ ਲੈਕਚਰ ਦਿੱਤਾ, ਵਾਹਿ ਗੁਰੂ ਦਾ ਤੋਤਾ ਰਟਨ ਹੋਣ ਦੀ ਕੁਰੀਤੀ ਸਿੱਖ ਪੰਥ ਵਿੱਚ ਘਰ ਕਰ ਚੁੱਕੀ ਹੈ, ਉਨਾਂ ਦੱਸਿਆ ਕਿ ਅਸਲ ਵਿੱਚ ਗੁਰਬਾਣੀ ਪੜਕੇ , ਵਿਚਾਰਕੇ ਤੇ ਆਪਣਾ ਜੀਵਨ ਤੇ ਰੋਜ਼ਾਨਾ ਦੇ ਨੇਮ ਗੁਰਬਾਣੀ ਅਨੁਸਾਰ ਕਰਨੇ, ਗੁਣ ਧਾਰਨ ਕਰਨੇ ਤੇ ਔਗੁਣ ਛੱਡਣੇ ਹੀ ਅਸਲ ਸਿਮਰਨ ਹੈ। ਗੁਰਮਤਿ ਵਿੱਚ ਜੀਵਨ ਮੁਕਤ ਹੋਣ ਦਾ ਸਿਧਾਂਤ ਦਰਸਾਇਆ ਗਿਆ ਹੈ। ਅੱਜਕੱਲ ਦੇ ਅਖੌਤੀ ਬ੍ਰਹਮਗਿਆਨੀਆਂ ਵਲੋਂ ਬ੍ਰਾਹਮਣ ਦੀ ਤਰਜ਼ ਤੇ ਸਿੱਖਾਂ ਨੂੰ ਮਾਲਾ ਫੇਰਕੇ ਤੇ ਇੱਕ ਸ਼ਬਦ ਨੂੰ ਵਾਰ-ਵਾਰ ਰਟਕੇ ਸਵਰਗ ਦੇ ਸੁਫਨੇ ਵਿਖਾਏ ਜਾਂਦੇ ਹਨ ਜੋ ਕਿ ਗੁਰਬਾਣੀ ਦੀ ਬੇਅਦਬੀ ਅਤੇ ਸਿੱਖ ਸਿਧਾਂਤ ਦਾ ਮਖੌਲ ਉਡਾਉਣਾ ਹੈ। ਪ੍ਰਿੰ: ‘ਥਾਈਲੈਂਡ’ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਅਤੇ ਸਿੰਘ ਸਭਾ ਕੈਨੇਡਾ ਵਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਾਚਰ ਕੇਂਦਰ ਦੁਆਰਾ ਆਪਣੇ ਪਿੰਡ ਤੇ ਬੱਚੇ ਸੰਭਾਲਣ ਦਾ ਹੋਕਾ ਵੀ ਦਿੱਤਾ।

ਸ: ਗੁਰਚਰਨ ਸਿੰਘ ‘ਜਿਉਣਵਾਲਾ’ ਨੇ ਸਿੱਖ ਪੰਥ ਵਿੱਚ ਮਹਾਨ ਸਖਸੀਅਤਾਂ ਵਜੋਂ ਆਪੇ ਸਥਾਪਿਤ ਹੋਏ ਜਾਂ ਕਰ ਦਿੱਤੇ ਗਏ ਸੱਜਣਾਂ ਦੀ ਸਿੱਖੀ ਵਿਰੋਧੀ ਸੇਵਾ ਬਾਰੇ ਖੁੱਲੇ ਸ਼ਬਦਾਂ ਵਿੱਚ ਵਿਚਾਰ ਦਿੱਤੇ , ਅਤੇ ਇੱਕੋ ਸ਼ਬਦ ਦੇ ਅਖੌਤੀ ਸਿਮਰਨ ਨੂੰ ਸਰੋਤਿਆਂ ਸਾਹਮਣੇ ਰੱਖਿਆ ਗਿਆ। ਪੰਜ ਤਰਾਂ ਦੇ ਅਤਰ ਸਿੰਘ, ਭਾਈ ਵੀਰ ਸਿੰਘ ਵਲੋਂ ਹੇਮਕੁੰਟ ਪੈਦਾ ਕਰਨਾ, ਭਾਈ ਰਣਧੀਰ ਸਿੰਘ ਵਲੋਂ ਸਿੱਖ ਸਿਧਾਂਤ ਵਿਰੁੱਧ ਕਿਤਾਬਾਂ ਲਿਖਣਾ ਤੇ ਵੱਖਰੀ ਸਿੱਖੀ ਚਲਾਉਣੀ, ਵਾਹਿ ਗੁਰੂ ਸ਼ਬਦ ਤੇ ਸਿੱਖਾਂ ਨੁੰ ਗੁਮਰਾਹ ਕਰਨਾ, ਦਮਦਮੀ (ਅਖੌਤੀ) ਟਕਸਾਲ ਵਲੋਂ ਸਿੱਖਾਂ ਨੁੰ ਲਵ-ਕੁਛ ਦੀ ਔਲਾਦ ਲਿਖਣਾ ਤੇ ਸਿੱਖੀ ਦਾ ਬ੍ਰਾਹਮਣੀਕਰਨ ਕਿਵੇਂ ਕੀਤਾ ਬਾਰੇ ਜਾਣਕਾਰੀ ਦਿੱਤੀ ਗਈ।

ਜੀਵਨ ਜਾਚ ਦਾ ਖਜ਼ਾਨਾ ਦੇ ਵੀਰ ਭੁਪਿੰਦਰ ਸਿੰਘ ਨੇ ਵਿਗਿਆਨਕ ਢੰਗ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਗੁਰਬਾਣੀ ਦੀ ਵਰਤੋਂ ਬਾਰੇ ਭਰਪੂਰ ਵਿਚਾਰ ਦਿੱਤੇ ਅਤੇ ਸਰੋਤੇ ਸ਼ਾਂਤ ਚਿੱਤ ਹੋਕੇ ਸੁਣਦੇ ਰਹੇ।

ਪ੍ਰੋ: ਜੋਗਿੰਦਰ ਸਿੰਘ (ਵਰਨਨ) ਲੁਧਿਆਣਾ ਵਲੋਂ ਰਿਧੀਆਂ ਸਿਧੀਆਂ ਬਾਰੇ ਸਿੱਖ ਸਿਧਾਂਤ ਕੀ ਹੈ, ਤੇ ਗੁਰਬਾਣੀ ਇਸਨੂੰ ਕਿਵੇਂ ਰੱਦ ਕਰਦੀ ਹੈ ਦੇ ਵਿਸ਼ੇ ਬਾਰੇ ਆਪਣੇ ਤਜਰਬੇਕਾਰ ਵਿਚਾਰ ਦਿੱਤੇ। ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਉੱਚਾ-ਸੁੱਚਾ ਵਿਖਾਉਣ ਲਈ ਅੰਤਰਜਾਮਤਾ ਤੇ ਕਰਾਮਾਤਾਂ ਹੋਣ ਦਾ ਝੂਠਾ ਸਹਾਰਾ ਲੈਂਦੇ ਹਨ। ਉਨਾਂ ਦੱਸਿਆ ਕਿ ਜਿਵੇਂ ਜੋਗੀ ਲੋਕ ਰਿਧੀਆਂ –ਸਿਧੀਆਂ ਦੇ ਢਕਵੰਜ ਕਰਕੇ ਮਨੁੱਖਤਾ ਨੂੰ ਲੁੱਟਦੇ ਸਨ ਉਸੇ ਤਰਾਂ ਸਿੱਖ ਪੰਥ ਵਿੱਚ ਸਰਗਰਮ ਸਾਧ-ਸੰਤ ਵੀ ਪਾਵਨ ਗੁਰਬਾਣੀ ਨੂੰ ਜੰਤਰ-ਮੰਤਰਾਂ ਵਾਂਗ ਵਰਤਕੇ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ ਤੇ ਗੁਰੂਬਾਣੀ ਦੀ ਘੋਰ ਨਿਰਾਦਰੀ ਕਰ ਰਹੇ ਹਨ।

ਗਿ: ਜਸਵੀਰ ਸਿੰਘ ਵੈਨਕੂਵਰ ਨੇ ਦੱਸਿਆ ਕਿ ਗੁਰਬਾਣੀ ਵਿੱਚ ਪੁਜਾਰੀ ਦੇ ਬਣਾਏ ਆਵਾਗਵਨ ਤੇ ਨਰਕ ਸਵਰਗ ਨੂੰ ਗੁਰੂ ਸਾਹਿਬ ਵਲੋਂ ਨਕਾਰ ਦਿੱਤਾ ਗਿਆ ਹੈ। ਅੱਜ ਸਿੱਖ ਪੰਥ ਵਿੱਚ ਧਰਮ ਦੇ ਨਾਂ ਤੇ ਨਰਕ – ਸਵਰਗ ਦਾ ਡਰ ਦੇਕੇ ਕੁਰੀਤੀਆਂ ਪੈਦਾ ਹੋ ਗਈਆਂ ਹਨ। ਅਸਲ ਵਿੱਚ ਮਨੁੱਖ ਆਪਣੇ ਨਿੱਤ ਦੇ ਪਾਪ ਕਰਮਾਂ ਕਰਕੇ ਹੀ ਨਿੱਤ ਦੇ ਜੀਵਨ ਦੌਰਾਨ ਹੀ ਆਵਾਗਵਨ ਵਿੱਚ ਵਿਚਰ ਰਿਹਾ ਹੈ। ਗਿ: ਜਸਵੀਰ ਸਿੰਘ ਜੀ ਖੁਦ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਵੀ ਕਰਦੇ ਹਨ ਤੇ ਉਹਨਾਂ ਦੇ ਵਿਚਾਰਾਂ ਵਿੱਚ ਸੱਚੇ ਸਿੱਖ ਦੀ ਉੱਚੀ –ਸੁੱਚੀ ਦਿੱਖ ਹੈ।

ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਜੀ ‘ਪੁਰੇਵਾਲ’ ਨੇ ‘ਨਾਨਕਸ਼ਾਹੀ ਕੈਲੰਡਰ’ ਬਾਰੇ ਕੀਮਤੀ ਵਿਚਾਰ ਦੱਸੇ । ਅਖੌਤੀ ਜਥੇਦਾਰਾਂ ਤੇ ਸਾਧ ਟੋਲੇ ਵਲੋਂ ਸਿੱਖ ਦੀ ਇਸ ਵੱਖਰੀ ਪਛਾਣ ਦਾ ਕਤਲ ਕਿਵੇਂ ਕੀਤਾ ਗਿਆ ਹੈ ਆਪ ਸਭ ਜਾਣਦੇ ਹੋ। ਬੀਬੀ ਇੰਦਰਪਾਲ ਕੌਰ ਜੀ ਨੇ ਗੁਰਬਾਣੀ ਜੀਵਨ ਬਾਰੇ ਵਿਚਾਰ ਦਿੱਤੇ।

ਅਖੌਤੀ ਸੰਤਾਂ ਦੇ ਕੌਤਕ ਗਰੁੱਪ ਵਲੋਂ ਵੀਰ ਸ: ਅਜੈਬ ਸਿੰਘ ‘ਸਿਆਟਲ’ ਨੇ ਕਿਹਾ ਕਿ ਆਓ ਅਖੌਤੀ ਬ੍ਰਹਮ-ਗਿਆਨੀਆਂ ਤੋਂ ਛੁਟਕਾਰਾ ਪਾਈਏ। ਸਿੱਖਾਂ ਦੇ ਗਲ ਪਏ ਇਹਨਾਂ ਸੰਤਾਂ , ਡੇਰੇਦਾਰਾਂ ਦੀ ਅਸਲੀਅਤ ਸਮਝੀਏ ਤੇ ਸਿੱਖ ਪੰਥ ਤੇ ਛਾਈ ਇਸ ਕੌੜੀ ਵੱਲ ਨੂੰ ਜੜ੍ਹਾਂ ਤੋਂ ਪੁੱਟਕੇ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕੱਢ ਦਈਏ। ਇਹ ਸਾਧ ਸਾਡੀ ਮਾਇਆ ਦੇ ਨਾਲ-ਨਾਲ ਸਾਡੀਆਂ ਇੱਜ਼ਤਾਂ ਵੀ ਲੁੱਟ ਰਹੇ ਹਨ । ‘ਸਿਕਲੀਗਰ ਸਿੱਖਾਂ’ ਬਾਰੇ ਦਸਤਾਵੇਜ਼ੀ ਫਿਲਮ ਵੀ ਕਾਨਫਰੰਸ ਦੌਰਾਨ ਸਰੋਤਿਆਂ ਨੂੰ ਵਿਖਾਈ ਗਈ।

ਡਾ: ਹਰਸ਼ਿੰਦਰ ਕੌਰ ਨੇ ਔਰਤਾਂ ਦੇ ਹੱਕ ਬਾਰੇ ਤੇ ਔਰਤਾਂ ਨਾਲ ਹੁੰਦੀ ਬੇ-ਇਨਸਾਫੀ ਬਾਰੇ ਪੁਖਤਾ ਵਿਚਾਰ ਦਿੱਤੇ। ਸੰਸਾਰ ਭਰ ਵਿੱਚ ਔਰਤਾਂ ਜ਼ੁਲਮ ਦਾ ਸ਼ਿਕਾਰ ਹਨ ਤੇ ਸਾਰੇ ਧਰਮਾਂ ਨੁੰ ਮੰਨਣ ਵਾਲੇ ਔਰਤਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨਾਂ ਨੇ ਕਈ ਦਰਦਨਾਕ ਘਟਨਾਵਾਂ ਵੀ ਸਾਂਝੀਆਂ ਕੀਤੀਆਂ ਜੋ ਸਰੋਤਿਆਂ ਨੂੰ ਜਜ਼ਬਾਤੀ ਕਰ ਗਈਆਂ।

ਅੰਤਿਕਾ:- ਸਿੱਖ ਸਰੋਤੇ ਕਾਫੀ ਗਿਣਤੀ ਵਿੱਚ ਪਹੁੰਚੇ ਅਤੇ ਇਸ ਕਾਨਫਰੰਸ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਪ੍ਰਬੰਧਕਾਂ ਵਲੋਂ ਪ੍ਰਸ਼ਨ- ਉੱਤਰ ਕਰਨ ਦਾ ਵੀ ਨਿਵੇਕਲਾ ਉੱਦਮ ਸੀ ਜੋ ਬਹੁਤ ਹੀ ਵਧੀਆ ਰਿਹਾ। ਜਿੱਥੇ ਸਿੱਖਾਂ ਵਿੱਚ ਵਧ ਰਹੀ ਵਿਦਿਅਕ ਸੋਚ ਵੇਖਕੇ ਖੁਸ਼ੀ ਹੁੰਦੀ ਹੈ ਉੱਥੇ ਸੈਮੀਨਾਰ ਦੌਰਾਨ ਵਿਵਹਾਰ ਤੇ ਅਸੂਲਾਂ ਨਾਲ ਨਾ ਚੱਲਣਾ ਸਾਡੇ ਸਮਾਜ ਦੀ ਕੁਰੀਤੀ ਹੈ, ਕਾਨਫਰੰਸ ਦਾ ਅਸੂਲ ਸੀ ਕਿ ਅਗਰ ਕਿਸੇ ਬੁਲਾਰੇ ਪ੍ਰਤੀ ਕੋਈ ਪ੍ਰਸ਼ਨ ਹੈ ਤਾਂ ਉਸਨੂੰ ਲਿਖਕੇ ਸੇਵਾਦਾਰਾਂ ਨੂੰ ਦਿੱਤਾ ਜਾਵੇ। ਕਾਫੀ ਸਰੋਤੇ ਸਮਝਦਾਰੀ ਨਾਲ ਸੁਣਦੇ ਤੇ ਅਸੂਲ ਮੁਤਾਬਿਕ ਪ੍ਰਸ਼ਨ ਕਰਦੇ ਰਹੇ ਪਰ ਕੁੱਝ ਵੀਰ ਹਾਲੇ ਵੀ ਅਸੱਭਿਅਕ ਤੌਰ ਤਰੀਕੇ ਨਾਲ ਹੀ ਚੱਲਦੇ ਹਨ। ਕਈ ਇੱਕਾ- ਦੁੱਕਾ ਵੀਰਾਂ ਨੇ ਬੁਲਾਰੇ ਦੇ ਭਾਸ਼ਣ ਦੌਰਾਨ ਹੀ ਸਵਾਲ ਪੁੱਛਣ ਦੀ ਕੋਸ਼ਿਸ ਵੀ ਕੀਤੀ ਤੇ ਜੈਕਾਰੇ ਛੱਡਕੇ ਮਾਹੌਲ ਹਾਸੋਹੀਣਾ ਬਣਾਇਆ। ਵਿਕਸਤ ਦੇਸ਼ਾਂ ਵਿੱਚ ਆਕੇ ਵੀ ਸਾਡੀ ਸੋਚ ਸ਼ਾਇਦ ਅਵਿਕਸਿਤ ਹੈ।

ਖੈਰ ਕੁਲ ਮਿਲਾਕੇ ਇਹ ਉੱਦਮ ਬਹੁਤ ਸਫਲ ਰਿਹਾ ਤੇ ਤੱਤ-ਗੁਰਮਤਿ ਦੇ ਵਿਰੋਧੀਆਂ ਨੂੰ ਚੁਨੌਤੀ ਦੇ ਗਿਆ। ਸਿੰਘ ਸਭਾ ਕੈਨੇਡਾ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਵਾਲੇ ਸਾਰੇ ਦੇ ਸਾਰੇ ਵੀਰ ਵਧਾਈ ਦੇ ਪਾਤਰ ਹਨ ਜਿਨਾਂ ਨੇ ਇਹ ਨਿਵੇਕਲਾ ਉਪਰਾਲਾ ਕਰਕੇ ਸਰੋਤਿਆਂ ਲਈ ਬਹੁ-ਮੁੱਲੀ ਜਾਣਕਾਰੀ ਮਹੁੱਈਆ ਕਰਵਾਈ ਹੈ। ਇਹ ਗੁਰਮਤਿ ਕਾਨਫਰੰਸ ਤੱਤ-ਗੁਰਮਤਿ ਦੇ ਪ੍ਰਚਾਰ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ।

ਮਨਦੀਪ ਸਿੰਘ ‘ਵਰਨਨ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top