Share on Facebook

Main News Page

ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਅਤੇ ਕਨੇਡੀਅਨ ਸਿੱਖ ਸਟੱਡੀਜ਼ ਐਡ ਟੀਚਿੰਗ ਸੋਸਾਇਟੀ ਵਲੋਂ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ: ਡਾਕਟਰ ਹਰਜਿੰਦਰ ਸਿੰਘ ਦਿਲਗੀਰ ਤੇ ਡਾ ਹਰਸ਼ਿੰਦਰ ਕੌਰ ਵੀ ਪੁੱਜੇ

ਵੈਨਕੂਵਰ (ਕਨੇਡਾ) – ਬੀਤੇ ਦਿਨ ਕਨੇਡੀਅਨ ਸਿੱਖ ਸਟੱਡੀਜ਼ ਐਡ ਟੀਚਿੰਗ ਸੋਸਾਇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵਲੋਂ ਮੁਲਕ ਦੇ ਇਤਹਾਸਕ ਸ਼ਹਿਰ ਵੈਨਕੂਵਰ ਦੇ ਵਿਸ਼ਾਲ ਪਰਲ ਬੈਂਕੁਏਟ ਹਾਲ ਵਿਚ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ ਕਰਵਾਏ ਗਏ। ਦੋ ਦਿਨ ਚੱਲੀ ਇਸ ਕਾਨਫ਼ਰੰਸ ਵਿਚ ਮੁਲਕ ਦੇ ਸੈਂਕੜੇ ਪਤਵੰਤੇ ਸਿੱਖ ਹਾਜ਼ਰ ਹੋਏ। ਇਹ ਵੀ ਕਮਾਲ ਸੀ ਕਿ ਇਨ੍ਹਾਂ ਵਿਚ ਤਕਰੀਬਨ ਸਾਰੀ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਸਮਾਜ ਦੀ ਕਰੀਮ ਹੀ ਸੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਮਹਾਨ ਅਲੰਬਰਦਾਰ ਡਾ ਹਰਸ਼ਿੰਦਰ ਕੌਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ, ਸ. ਪਾਲ ਸਿੰਘ ਪੁਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਹਰਪ੍ਰੀਤ ਕੌਰ ਮਿਸ਼ਨਰੀ, ਬੀਬੀ ਇੰਦਰਪਾਲ ਕੌਰ ਟਰਾਂਟੋ, ਪ੍ਰੋ ਜੋਗਿੰਦਰ ਸਿੰਘ, ਗੁਰੁ ਗ੍ਰੰਥ ਸਾਹਿਬ ਪ੍ਰਾਜੈਕਟ ਵਾਲੇ ਸ ਸਤਪਾਲ ਸਿੰਘ ਪੁਰੇਵਾਲ ਅਮਰੀਕਾ, ਸ. ਹਰਚਰਨ ਸਿੰਘ (ਸਿੱਖ ਵਿਰਸਾ, ਕੈਲਗਰੀ), ਸ ਗੁਰਚਰਨ ਸਿੰਘ ਜਿਊਣਵਾਲਾ, ਸ. ਪਰਮਿੰਦਰ ਸਿੰਘ ਪਰਮਾਰ, ਸ. ਕੁਲਦੀਪ ਸਿੰਘ ‘ਸ਼ੇਰ ਪੰਜਾਬ’ ਰੇਡੀਓ, ਮਸ਼ਹੂਰ ਕਵੀ ਤੇ ਲੇਖਕ ਸ ਸੁਖਦੀਪ ਸਿੰਘ ਬਰਨਾਲਾ, ਬਹੁਤ ਸਾਰੇ ਟੀਚਰ, ਲੇਖਕ ਅਤੇ ਸਮਾਜ ਸੇਵੀ ਆਗੂ, ਕਨੇਡਾ ਦੇ ਦਰਜਨ ਦੇ ਕਰੀਬ ਗੁਰਦੁਆਰਿਆਂ ਦੇ ਪ੍ਰਬੰਧਕ, ਕਨੇਡਾ ਦੇ ਦਰਜਨ ਤੋਂ ਵਧ ਜਰਨਲਿਸਟ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਪੁੱਜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ‘ਸੰਤਾਂ ਦੇ ਕੌਤਕ’ ਗਰੁਪ ਵਾਲੇ ਸ ਅਜਾਇਬ ਸਿੰਘ ਤੇ ਸ. ਦਲਜੀਤ ਸਿੰਘ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਇਕ ਦਰਜਨ ਤੋਂ ਵਧ ਸੀਨੀਅਰ ਆਗੂਆਂ ਸਣੇ ਉਚੇਚੇ ਤੌਰ ਤੇ ਪੁੱਜੇ ਸਨ। ਕਨੇਡਾ ਦੇ ਇਤਿਹਾਸ ਵਿਚ ਅਜੇ ਤਕ ਏਨੀ ਗਿਣਤੀ ਵਿਚ ਮੁਲਕ ਦੀ ਕਰੀਮ ਕਿਸੇ ਸੈਮੀਨਾਰ ਵਿਚ ਨਹੀਂ ਸੀ ਪੁੱਜੀ।

ਸਮਾਗਮ ਦੇ ਪਹਿਲੇ ਦਿਨ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਗੁਰੁ ਗ੍ਰੰਥ ਸਾਹਿਬ ਦੇ ਰੂਹਾਨੀ ਅਤੇ ਸਮਾਜਿਕ ਪੈਗ਼ਾਮ ਦਾ ਬਿਆਨ ਕਰਦਿਆਂ ਇਸ ਮਹਾਨ ਫ਼ਲਸਫ਼ੇ ‘ਤੇ ਸਾਜ਼ਸ਼ੀ ਹਮਲਿਆਂ ਬਾਰੇ ਭਰਪੂਰ ਚਾਣਨਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੁ ਨਾਨਕ ਸਾਹਿਬ ਦੇ ਵੇਲੇ ਹੀ ਸ੍ਰੀ ਚੰਦ ਤੇ ਲਖਮੀ ਦਾਸ ਅਤੇ ਉਨ੍ਹਾਂ ਤੋਂ ਮਗਰੋਂ ਅਖੌਤੀ ਸਾਹਿਬਜ਼ਾਦਿਆਂ (ਤਰੇਹਨ, ਭੱਲੇ ਤੇ ਸੋਢੀਆਂ) ਨੇ ਇਕ ਪਾਸੇ, ਅਤੇ ਬ੍ਰਾਹਮਣਾਂ ਅਤੇ ਮੌਲਾਣਿਆਂ ਨੇ ਦੂਜੇ ਪਾਸੇ, ਲਾਸਾਨੀ ਸਿੱਖ ਫ਼ਲਸਫ਼ੇ ਨੂੰ ਖ਼ਤਮ ਕਰਨ ਵਾਸਤੇ ਲਗਾਤਾਰ ਸਾਜ਼ਿਸ਼ਾਂ ਜਾਰੀ ਰੱਖੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਫ਼ਲਸਫ਼ੇ ਤੇ ਧਾਰਮਿਕ, ਸਮਾਜਿਕ, ਸਿਆਸੀ ਤੇ ਮਾਲੀ ਪੱਖ ਤੋਂ ਹਮਲੇ ਹੋਏ ਅਤੇ ਇਨ੍ਹਾਂ ਹਮਲਿਆਂ ਵਿਚ ਸਿੱਖ ਦੁਸ਼ਮਣ ਮਿਲ ਜੁਲ ਕੇ ਵੀ ਸਾਜ਼ਸ਼ਾਂ ਵਿਚ ਭਾਈਵਾਲ ਹੁੰਦੇ ਰਹੇ। ਡਾਕਟਰ ਦਿਲਗੀਰ ਦੇ ਪੇਪਰ ਦੌਰਾਨ ਜਜ਼ਬਾਤੀ ਹੋਏ ਸਿੰਘਾਂ ਨੇ ਵਾਰ ਵਾਰ ਜੈਕਾਰੇ ਛੱਡ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਇਸ ਪੇਪਰ ‘ਤੇ ਟਿੱਪਣੀ ਦੇਂਦਿਆਂ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਅਲੰਬਰਦਾਰ ਡਾ ਹਰਸ਼ਿੰਦਰ ਕੌਰ ਨੇ ਕਿਹਾ ਕਿ ‘ਮੈਂ ਹੁਣ ਤਕ ਡਾ ਗੰਡਾ ਸਿੰਘ ਅਤੇ ਆਪਣੇ ਪਿਤਾ (ਪ੍ਰੋ ਪ੍ਰੀਤਮ ਸਿੰਘ) ਤੋਂ ਪ੍ਰਭਾਵਤ ਹੋਈ ਸੀ ਤੇ ਜਾਂ ਫਿਰ ਅੱਜ ਡਾ ਦਿਲਗੀਰ ਦੇ ਲੈਕਚਰ ਨੇ ਮੈਨੂੰ ਕੀਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਸਾਹ ਵੀ ਰੋਕ ਕੇ ਸੁਣ ਰਹੀ ਸੀ ਤਾਂ ਜੋ ਕੋਈ ਲਫ਼ਜ਼ ਮੇਰੇ ਤੋਂ ਸੁਣਨੋਂ ਨਾ ਰਹਿ ਜਾਵੇ’। ਇਸੇ ਦਿਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੁਧਿਆਣਾ ਦੇ ਪ੍ਰਿੰਸੀਪਲ ਪ੍ਰੋ ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ ਅਮਰੀਕਾ, ਸ ਗੁਰਚਰਨ ਸਿੰਘ ਜਿਊਣਵਾਲਾ, ਪ੍ਰੋ ਜਗਿੰਦਰ ਸਿੰਘ ਨੇ ਵੀ ਸੈਮੀਨਾਰ ਨੂੰ ਮੁਖ਼ਾਤਿਬ ਕੀਤਾ।

ਦੂਜੇ ਦਿਨ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਮਹਾਨ ਅਲੰਬਰਦਾਰ ਡਾ ਹਰਸ਼ਿੰਦਰ ਕੌਰ ਨੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਪੰਜਾਬ ਦੇ ਖ਼ਿਲਾਫ਼ ਵੱਡੇ ਪੱਧਰ ਤੇ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੋਈ ਵੱਡੀ ਗੱਲ ਨਹੀਂ ਕਿ ਇਹ ਸਾਰਾ ਛੜਯੰਤਰ ਪੰਜਾਬ ਦੇਸ ਨੂੰ ਤਬਾਹ ਕਰ ਦੇਵੇ। ਉਨ੍ਹਾਂ ਦੱਸਿਆਂ ਕਿ ਕਿਵੇਂ ਪੰਜਾਬ ਵਿਚ 65% ਤੋਂ ਵਧ ਨੌਜਵਾਨ ਨਸ਼ੱਈ ਹੋ ਚੁਕੇ ਹਨ ਤੇ ਕਿਵੇਂ ਵੱਡੀ ਗਿਣਤੀ ਵਿਚ ਅਣਜੰਮੀਆਂ ਬੱਚੀਆਂ ਦੀ ਹੱਤਿਆ ਕੀਤੀ ਜਾ ਚੁਕੀ ਹੈ; ਉਨ੍ਹਾਂ ਦੱਸਿਆਂ ਕਿ ਮੁੰਡਾ ਜੰਮਣ ਵਾਸਤੇ ਵਰਤੀਆਂ ਜਾ ਰਹੀਆਂ ਦੁਆਈਆਂ ਨਾਲ ਵੱਡੀ ਗਿਣਤੀ ਵਿਚ ਔਰਤਾਂ ਬਾਂਝ ਹੋ ਰਹੀਆਂ ਹਨ ਜਾਂ ਹੀਜੜੇ ਜਾਂ ਅਪਾਹਜ ਬੱਚੇ ਜੰਮ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਵਿਚ ਏਡਜ਼ ਬੀਮਾਰੀ ਨੇ ਵੀ ਮਾਰੂ ਹਮਲਾ ਬੋਲਿਆ ਹੋਇਆ ਹੈ ਅਤੇ ਆਉਣ ਵਾਲੇ 16 ਸਾਲਾਂ ਵਿਚ ਹਜ਼ਾਰਾਂ ਲੋਕਾਂ ਦੇ ਇਸ ਬੀਮਾਰੀ ਨਾਲ ਮਰਨ ਦੇ ਆਸਾਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਔਰਤ ਦੇ ਖ਼ਿਲਾਫ਼ ਇਕ ਵੱਡਾ ਅਣਐਲਾਣਿਆ ਹਮਲਾ ਹੈ ਜਿਸ ਦਾ ਨਤੀਜਾ ਤਬਾਹੀ ਤੋਂ ਸਿਵਾ ਕੁਝ ਵੀ ਨਹੀਂ। ਡਾ ਹਰਸ਼ਿੰਦਰ ਕੌਰ ਦੇ ਲੈਕਚਰ ਨੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ ਤੇ ਸਾਰਾ ਮਾਹੌਲ ਗੰਭੀਰਤਾ ਦੇ ਆਲਮ ਵਿਚ ਡੁੱਬ ਗਿਆ। ਉਨ੍ਹਾਂ ਦਾ ਲੈਕਚਰ ਖ਼ਤਮ ਹੋਣ ਮਗਰੋਂ ਪਰਸੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ।

ਇਸ ਸਮਾਗਮ ਦੀ ਇਕ ਹੋਰ ਵਿਲੱਖਣ ਗੱਲ ਇਹ ਸੀ ਕਿ ਦੋਵੇਂ ਦਿਨ ਹਾਜ਼ਰੀਨ ਸਵੇਰੇ 10 ਵਜੋ ਤੋਂ ਸ਼ਾਮ 6 ਵਜੇ ਤਕ ਖ਼ਾਮੋਸ਼ ਹੋ ਕੇ ਵਿਦਵਾਨਾਂ ਨੂੰ ਸੁਣਦੇ ਰਹੇ; ਖ਼ਾਮੋਸ਼ੀ ਏਨੀ ਸੀ ਕਿ ਉੱਚੀ ਸਾਹ ਲੈਣ ਦੀ ਆਵਾਜ਼ ਤਕ ਨਹੀਂ ਸੀ ਆਉਂਦੀ। ਸਮਾਗਮ ਦੇ ਸਟੇਜ ਸਕੱਤਰ ਦੀ ਸੇਵਾ ਸ ਹਰਬੰਸ ਸਿੰਘ ਕੰਦੋਲਾ ਨੇ ਬਖ਼ੂਬੀ ਨਿਭਾਈ ਅਤੇ ਡਾ ਪੂਰਨ ਸਿੰਘ ਗਿੱਲ, ਸ ਸਤਨਾਮ ਸਿੰਘ ਜੌਹਲ, ਸ ਪਿਆਰਾ ਸਿੰਘ ਬੀਸਲਾ, ਸ ਜਸਬੀਰ ਸਿੰਘ ਗੰਡਮ ਅਤੇ ਉਨ੍ਹਾਂ ਦੇ ਦਰਜਨਾਂ ਸਾਥੀਆਂ ਦੀ ਟੀਮ ਨੇ ਸਮਾਗਮ ਵਾਸਤੇ ਦਿਨ ਰਾਤ ਕੰਮ ਕੀਤਾ।

ਇਸੇ ਦਿਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਅਤੇ ‘ਅਖੌਤੀ ਸੰਤਾਂ ਦੇ ਕੌਤਕ’ ਪ੍ਰਾਜੈਕਟ ਦੇ ਸ ਅਜਾਇਬ ਸਿੰਘ ਸੀਆਟਲ ਨੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਚ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਤ ਕੀਤਾ। ਇਸ ਮੌਕੇ ਤੇ ਪੰਥਕ ਕਮੇਟੀ ਦੇ ਜਥੇਦਾਰ ਸਤਿੰਦਰਪਾਲ ਸਿੰਘ, ਗੁਰਦੁਆਰੇ ਦੇ ਪ੍ਰਧਾਨ ਸ ਗਿਆਨ ਸਿੰਘ ਤੇ ਸਕੱਤਰ ਮਨਜੀਤ ਸਿੰਘ ਧਾਮੀ ਉਚੇਚੇ ਤੌਰ ਤੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top