Share on Facebook

Main News Page

ਪੰਥਕ ਖਬਰ ਤਰਾਸ਼ੀ

ਖਬਰ: ਭੁੱਲਰ ਬਾਰੇ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਦੀ ਹਾਲੀਂ ਲੋੜ ਨਹੀਂ: ਬਾਦਲ

ਟਿੱਪਣੀ:- ਤਾਮਿਲਨਾਡੂ ਵਿਧਾਨ ਸਭਾ ਵਲੋਂ ਆਪਣੇ ਲੋਕਾਂ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ ਗਿਆ ਹੈ। ਅਫਜ਼ਲ ਗੁਰੂ ਦੇ ਕੇਸ ਬਾਰੇ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਮਤਾ ਰੱਖਣ ਦੀ ਤਿਆਰੀ ਲਗਭਗ ਹੋ ਚੁੱਕੀ ਹੈ। ਪੰਥਕ ਧਿਰਾਂ ਤਾਂ ਪਹਿਲਾਂ ਤੋਂ ਹੀ ਅਕਾਲੀ ਸਰਕਾਰ ਨੂੰ ਪ੍ਰੋ. ਭੁੱਲਰ ਦੀ ਸਜ਼ਾ ਮਾਫੀ ਦੇ ਹੱਕ ਵਿਚ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਗੱਲ ਕਹਿ ਰਹੀਆਂ ਹਨ। ਇਸ ਮੁੱਦੇ ’ਤੇ ਤਾਂ ਵਿਰੋਧੀ ਧਿਰ (ਕਾਂਗਰਸ) ਵੀ ਸਹਿਮਤ ਹੈ। ਪਰ ਫੇਰ ਵੀ ਬਾਦਲ ਸਰਕਾਰ ਨੇ ਇਸ ਜਾਇਜ਼ ਮੰਗ ਵੱਲ ਧਿਆਨ ਨਹੀਂ ਦਿੱਤਾ। ਹੁਣ ਜਦੋਂ ਤਾਮਿਲਨਾਡੂ ਸਰਕਾਰ ਨੇ ਮਤਾ ਪਾਸ ਕਰ ਦਿੱਤਾ ਤਾਂ ਵੀ ਬਾਦਲ ਜੀ ਕਹਿ ਰਹੇ ਹਨ ਕਿ ਪੰਜਾਬ ਵਿਚ ਐਸੀ ਕੋਈ ਲੋੜ ਨਹੀਂ। ਸ਼ਾਇਦ ਉਹ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ ਚੌਣਾਂ ਜਿਤਣ ਲਈ ਸਾਡੇ ਕੋਲ ਹੋਰ ਵੀ ਕੁਝ ਮੁੱਦੇ ਹਨ। ਵੈਸੇ ਵੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਅਤਿ ਕਮਜ਼ੋਰ ਵਿਰੋਧੀਆਂ ਕਾਰਨ ਜਿੱਤ ਤਾਂ ਪੱਕੀ ਹੈ ਹੀ। ਸੋ ਪ੍ਰੋ. ਭੁੱਲਰ ਵਾਲਾ ਮੁੱਦਾ ਵਿਧਾਨ ਸਭਾ ਚੌਣਾਂ ਲਈ ਸੰਭਾਲ ਕੇ ਰੱਖ ਲੈਂਦੇ ਹਾਂ। ਉਸ ਵੇਲੇ ਤਾਕਤਵਰ ਵਿਰੋਧੀ (ਕਾਂਗਰਸ) ਖਿਲਾਫ ਇਹ ਕੰਮ ਦੇਵੇਗਾ।

ਖਬਰ:- ਪੰਥਕ ਤਾਲਮੇਲ ਕਮੇਟੀ ਉਮੀਦਵਾਰਾਂ ਤੋਂ ਪ੍ਰਣ ਪੱਤਰ ਭਰਵਾਏਗੀ: ਗਿਆਨੀ ਕੇਵਲ ਸਿੰਘ

ਟਿੱਪਣੀ:- ਤਾਲਮੇਲ ਕਮੇਟੀ ਦੇ ਸੱਜਣੋ! ਕਿਸ ਲਈ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੇ ਲੱਗੇ ਹੋ। ਰਾਜਨੀਤਕਾਂ ਦਾ ਵੀ ਕੋਈ ਦੀਨ ਇਮਾਨ ਹੁੰਦਾ ਹੈ ? ਇਹ ਤਾਂ ਪ੍ਰਣ, ਵਾਅਦੇ, ਸਹੁੰਆਂ ਆਦਿ ਲੈਣ ਦੇ ਪੁਰਾਣੇ ਆਦੀ ਹਨ ਅਤੇ ਜਿੱਤਣ ਮਗਰੋਂ ਉਨ੍ਹਾਂ ਨੂੰ ਮਿੱਟੀ ਘੱਟੇ ਵਿਚ ਰੋਲ ਦੇਣਾ ਵੀ ਇਨ੍ਹਾਂ ਦੀ ਫਿਤਰਤ ਹੈ। ਜਿਹੜਾ ਬੰਦਾ ਮਨੋਂ ਸੱਚਾ ਨਹੀਂ ਹੁੰਦਾ, ਉਸ ਲਈ ਪ੍ਰਣ ਭਰਣਾ ਕੋਈ ਮਾਇਨੇ ਨਹੀਂ ਰੱਖਦਾ। ਸੰਵਿਧਾਨ ਦੀ ਸਹੁੰ ਚੁੱਕਣ ਦੇ ਬਾਵਜੂਦ ਵੀ ਰਾਜਨੀਤਕਾਂ ਵਲੋਂ ਆਪਣੀ ਇਮਾਨਦਾਰੀ ਦਾ ਜਨਾਜ਼ਾ ਕੱਢਣ ਦੀਆਂ ਖਬਰਾਂ ਰੋਜ਼ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਤੂਸੀ ਕਿਹੜੀ ਦੁਨੀਆਂ ਵਿਚ ਜੀ ਰਹੇ ਹੋ?

ਖਬਰ:- ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਵਿਚ ਨੇੜਤਾ ਹੋਣ ਕਾਰਨ ਸਿੱਖ ਤਾਕਤ ਨੂੰ ਤਕੜਾ ਹੁੰਗਾਰਾ ਮਿਲਿਆ: ਧੁੰਮਾ

ਟਿੱਪਣੀ:- ਧੁੰਮਾ ਜੀ! ਤੁਹਾਡੇ ਬਿਆਨ ਦਾ ਅੱਧਾ ਹਿੱਸਾ ਤਾਂ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਕਮੇਟੀ ਅਤੇ ਸੰਤ ਸਮਾਜ ਵਿਚ ਨੇੜਤਾ ਹੋਣ ਕਾਰਨ ਤਾਕਤ ਨੂੰ ਤਕੜਾ ਹੁੰਗਾਰਾ ਮਿਲਿਆ ਹੈ ਪਰ ਬਿਆਨ ਦੇ ਦੂਜੇ ਹਿੱਸੇ ਦੀ ਸੱਚਾਈ ਬਿਲਕੁਲ ਉਲਟੀ ਹੈ। ਤਕੜਾ ਹੁੰਗਾਰਾ ‘ਸਿੱਖ ਤਾਕਤ’ ਨੂੰ ਨਹੀਂ, ਬਲਕਿ ਪੰਥ ਨੂੰ ਬ੍ਰਾਹਮਣੀ ਮੱਤ ਦੀ ਇਸ ਸ਼ਾਖ ਬਣਾਉਣ ਲਈ ਸਾਜਿਸ਼ਾਂ ਰੱਚ ਰਹੀਆਂ ਪੰਥ ਵਿਰੋਧੀ ਤਾਕਤਾਂ ਨੂੰ ਮਿਲਿਆ ਹੈ। ਪਹਿਲਾਂ ਉਨ੍ਹਾਂ ਤਾਕਤਾਂ ਦਾ ਏਜੰਟ (ਅਖੌਤੀ ਸੰਤ ਸਮਾਜ) ਬਾਹਰ ਰਹਿ ਕੇ ਸਿੱਧੇ ਅਸਿੱਧੇ ਸਿੱਖੀ ਦੇ ਨਿਆਰੇਪਨ ਨੂੰ ਢਾਹ ਲਾਉਣ ਦੇ ਕੰਮ ਕਰਵਾਉਂਦਾ ਸੀ, ਹੁਣ ਇਹ ਕਮੇਟੀ ਦਾ ਹਿੱਸਾ ਬਣ ਕੇ ਖੁੱਲਮ ਖੁੱਲਾ ਇਹ ਕੰਮ ਆਪ ਕਰਵਾਏਗਾ। ਨਾਨਕਸ਼ਾਹੀ ਕੈਲੰਡਰ ਦੇ ਕਤਲ ਤੋਂ ਬਾਅਦ ਸਿੱਖ ਰਹਿਤ ਮਰਿਯਾਦਾ ਦੇ ਬ੍ਰਾਹਮਣੀਕਰਣ ਦੇ ਯਤਨ ਹੋਣਗੇ। ਤੁਹਾਨੂੰ ਚਾਲੀਹੇ ਕੱਟਣ ਲਈ ਹੁਣ ਹਰਿਦੁਆਰ ਜਾਣ ਦੀ ਲੋੜ ਨਹੀਂ, ਦਰਬਾਰ ਸਾਹਿਬ ਹੀ ਇਸ ਦਾ ਕੇਂਦਰ ਬਣ ਜਾਵੇਗਾ।

ਖਬਰ:- ਮੱਕੜ ਦੀ ਗੱਡੀ ਇਕ ਸਾਲ ਵਿਚ ਇਕ ਕਰੋੜ 68 ਲੱਖ ਦਾ ਤੇਲ ਪੀ ਗਈ: ਪੰਥਕ ਮੋਰਚਾ

ਟਿੱਪਣੀ:- ਜਦੋਂ ਦੀ ਇਹ ਖਬਰ ਮੀਡੀਆ ਵਿਚ ਆਈ ਹੈ, ਮੱਕੜ ਜੀ ਦੀ ਗੱਡੀ ਬਹੁਤ ਪਰੇਸ਼ਾਨ ਹੈ, ਉਸਦਾ ਕਹਿਣਾ ਹੈ ਕਿ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ। ਇਤਨਾ ਤੇਲ ਤਾਂ ਸਾਲ ਵਿਚ ‘ਜੇ ਸੀ ਬੀ’ ਵੀ ਨਹੀਂ ਪਿਂਦੀ, ਜਿਤਨਾ ਇਨ੍ਹਾਂ ਨੇ ਮੇਰੇ (ਕਾਰ) ਬਾਰੇ ਦਰਸਾ ਦਿੱਤਾ ਹੈ। ‘ਕੈਮਰੀ’ ਕੰਪਨੀ ਵਾਲੇ ਵੀ ਪਰੇਸ਼ਾਨ ਹਨ ਕਿ ਅਸੀਂ ਤਾਂ ਮਸ਼ਹੂਰੀਆਂ ਕਰ-ਕਰ ਕੇ ਆਪਣੀ ਗੱਡੀ ਦੀ ਐਵਰਜ਼ ਵੱਧ ਦੱਸ ਰਹੇ ਹਾਂ, ਉਥੇ ਮੱਕੜ ਜੀ ਦੇ ਆਂਕੜਿਆਂ ਨੇ ਤਾਂ ਸਾਡੀ ਗੱਡੀ ਦੀ ਐਵਰਜ ਦੀ ਐਸੀ-ਤੈਸੀ ਕਰ ਦਿੱਤੀ। ਗੱਡੀ ਵਿਚਾਰੀ ਸੋਚ ਰਹੀ ਹੈ ਕਿ ਮੇਰੇ ਤੇਲ ਦੇ ਨਾਂ ’ਤੇ ਪਤਾ ਨਹੀਂ ਕਿਤਨਿਆਂ ਨੇ ਹੱਥ ਸਾਫ ਕਰਕੇ ਆਪਣੀਆਂ ਜੇਬਾਂ ਭਰੀਆਂ ਹਨ।

ਖਬਰ:- ਬਾਦਲ ਭੁੱਲਰ ਦੀ ਸਜ਼ਾ ਮਾਫੀ ਬਾਰੇ ਵਿਧਾਨ ਸਭਾ ਵਿਚ ਮਤਾ ਲਿਆਉਣ ਲਈ ਤਿਆਰ

ਟਿੱਪਣੀ:- ਕੁਝ ਕੁ ਦਿਨ ਪਹਿਲਾਂ ਹੀ ਬਾਦਲ ਜੀ ਨੇ ਇਹ ਬਿਆਨ ਦਿੱਤਾ ਸੀ ਕਿ ਇਸ ਸੰਬੰਧੀ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਫਿਲਹਾਲ ਕੋਈ ਜ਼ਰੂਰਤ ਨਹੀਂ ਹੈ। ਪਰ ਹਵਾ ਦਾ ਰੁੱਖ ਉਲਟਾ ਵੇਖ ਕੇ ਇਕ ਨਿਪੁੰਨ ਰਾਜਨੇਤਾ ਵਾਂਗੂ ਚੰਦ ਦਿਨਾਂ ਵਿਚ ਹੀ ਪਲਟੀ ਮਾਰ ਲਈ ਹੈ। ਖੈਰ! ‘ਦੇਰ ਆਏ ਦਰੁਸਤ ਆਏ’, (ਅਗਰ ਸਚਮੁੱਚ ਆਏ, ਸਿਰਫ ਬਿਆਨਾਂ ਲਈ ਨਹੀਂ)। ਇਸੇ ਪ੍ਰੈਸ ਕਾਨਫਰਾਂਸ ਵਿਚ ਕਿਸੇ ਪੱਤਰਕਾਰ ਵਲੋਂ ਅਕਾਲੀ ਦਲ ਦੀ ਭਾਈਵਾਲ ਭਾਜਪਾ ਵਲੋਂ ਭੁੱਲਰ ਦੀ ਸਜ਼ਾ-ਮਾਫੀ ਦੀ ਵਿਰੋਧਤਾ ਕਰਨ ਬਾਰੇ ਪੁੱਛਿਆ ਤਾਂ ਬਾਦਲ ਜੀ ਦਾ ਜਵਾਬ ਸੀ ਕਿ ਭਾਜਪਾ ਅਲੱਗ ਪਾਰਟੀ ਹੈ, ਉਸ ਦਾ ਆਪਣਾ ਸਟੈਂਡ ਹੈ। ਵੈਸੇ ਤਾਂ ਬਾਦਲ ਜੀ ਕਈਂ ਵਾਰ ਕਹਿ ਚੁੱਕੇ ਹਨ ਕਿ ਅਕਾਲੀ-ਭਾਜਪਾ ਦੀ ਸਾਂਝ ‘ਪਤਨੀ-ਪਤੀ’ ਵਾਲੀ ਹੈ। ਲਗਦਾ ਹੈ ਇਸ ਮਾਮਲੇ ਵਿਚ ਪਤੀ-ਪਤਨੀ ਵਿਚ ਤਕਰਾਰ ਹੈ। ਇਹ ਵੀ ਹੋ ਸਕਦਾ ਹੈ ਕਿ ਪੰਥ ਵਿਰੋਧ ਦੇ ਮਸਲਿਆਂ ’ਤੇ ਇਹ ਸਾਂਝ ਗੂੜੀ (ਪਤਨੀ-ਪਤੀ ਵਰਗੀ) ਹੁੰਦੀ ਹੈ, ਪਰ ਪੰਥ ਦੇ ਹੱਕ ਵਾਲੇ ਮਸਲੇ ’ਤੇ ਇਹ ਸਾਂਝ ਢਿੱਲੀ ਪੈ ਜਾਂਦੀ ਹੈ।

ਖਬਰ:- ਸ਼੍ਰੋਮਣੀ ਕਮੇਟੀ ਦੇ ਖਾਤਿਆਂ ਅਨੁਸਾਰ ‘ਦਰਬਾਰ ਸਾਹਿਬ’ ਘਾਟੇ ਵਿਚ ਜਾ ਰਿਹਾ ਹੈ

ਟਿੱਪਣੀ:- ਦਰਬਾਰ ਸਾਹਿਬ ਸਮੇਤ ਹੋਰ ਗੁਰਦਵਾਰਿਆਂ ਦੇ ਵਿੱਤੀ ਘਾਟੇ ਵਿਚ ਜਾਣ ਦਾ ਸਾਰਿਆਂ ਨੂੰ ਵੱਡਾ ਅਫਸੋਸ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ‘ਸਿਧਾਂਤਕ ਘਾਟਾ’ ਇਨ੍ਹਾਂ ‘ਗੁਰਦਵਾਰਿਆਂ’ ਵਿਚ ਪੈ ਰਿਹਾ ਹੈ, ਉਸ ਦਾ ਫਿਕਰ ਵਿਰਲਿਆਂ ਨੂੰ ਹੀ ਹੈ। ‘ਗੁਰਦੁਆਰੇ’ ਹੁਣ ‘ਗੁਰੂ ਦੇ ਦਵਾਰੇ’ ਨਾ ਰਹਿ ਕੇ ‘ਵਪਾਰ ਦੇ ਅਦਾਰੇ’ ਬਣ ਗਏ ਹਨ, ਜਿਸ ਵਿਚ ਹਰ ਹਾਲਤ ਵਿਚ ਵਿੱਤੀ ਫਾਇਦਾ (ਗੋਲਕ ਵੱਧਣੀ ਚਾਹੀਦੀ ਹੈ) ਹੋਣਾ ਚਾਹੀਦਾ ਹੈ। ਜੇ ‘ਗੁਰਮਤਿ ਇਨਕਲਾਬ’ ਨੂੰ ਵਾਪਿਸ ਚੜਦੀ ਕਲਾ ਵਿਚ ਲਿਜਾਉਣਾ ਹੈ ਤਾਂ ਇਨ੍ਹਾਂ ਨੂੰ ‘ਬਿਜ਼ਨੈਸ ਸੈਂਟਰ’ ਤੋਂ ਵਾਪਿਸ ‘ਗੁਰੂ ਦਵਾਰਿਆਂ’ ਦੀ ਰਾਹ ’ਤੇ ਮੋੜਣਾ ਪੈਣਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top