Share on Facebook

Main News Page

ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਾ ਨਹੀਂ, ਪੰਜਾਬ ਸਰਕਾਰ ਅਤੇ ਪੰਥ ਦਾ ਹੈ: ਪਰਮਜੀਤ ਸਿੰਘ ਸਰਨਾ

* ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਨ੍ਹਾਂ ਲਈ ਸੈਮੀਫਾਈਨਲ ਹਨ ਜਿਨ੍ਹਾਂ ਲਈ ਧਰਮ ਨਾਲੋਂ ਰਾਜਨੀਤੀ ਉਪਰ ਹੈ, ਸਾਡੇ ਲਈ ਤਾਂ ਧਰਮ ਹੀ ਹੈ ਰਾਜਨੀਤੀ ਨਹੀਂ ਇ ਲਈ ਸਾਡੇ ਲਈ ਇਹ ਫਾਈਨਲ ਹੀ ਹੈ
* ਬਾਦਲ ਦਲ ਲਈ ਜਥੇਦਾਰਾਂ ਦੀ ਕੋਈ ਅਹਿਮੀਅਤ ਨਹੀਂ
* 85-90 ਸੀਟਾਂ ’ਤੇ ਸਾਡੀ ਪੁਜੀਸ਼ਨ ਬਹੁਤ ਵਧੀਆ ਬਾਕੀ ਥਾਂ ਫਸਵੀਂ ਟੱਕਰ

ਬਠਿੰਡਾ, 10 ਸਤੰਬਰ (ਕਿਰਪਾਲ ਸਿੰਘ): 18 ਸਤੰਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਾ ਨਹੀਂ ਬਲਕਿ ਪੰਜਾਬ ਸਰਕਾਰ ਅਤੇ ਪੰਥ ਦਾ ਹੈ। ਇਹ ਸ਼ਬਦ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਪੰਥਕ ਮੋਰਚੇ ਦੇ ਸਾਂਝੇ ਉਮੀਦਵਾਰ ਹਰਪਾਲ ਸਿੰਘ ਮਿੱਠੂ ਦੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਕਹੇ। ਉਨ੍ਹਾਂ ਕਿਹਾ ਜਿਸ ਸਰਕਾਰ ਦੇ ਦੋ ਮੰਤਰੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਹੋਣ, ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਪਿੰਡ ਪਿੰਡ ਵਿੱਚ ਚੋਣ ਪ੍ਰਚਾਰ ਦੌਰਾਨ ਨੁੱਕੜ ਮੀਟਿੰਗਾਂ ਕਰਦੇ ਹੋਏ ਪਸੀਨੋ ਪਸੀਨੀ ਹੋਏ ਹੋਣ ਤਾਂ ਉਥੇ ਕੀ ਛੱਕ ਰਹਿ ਜਾਂਦਾ ਹੈ ਕਿ ਮੁਕਾਬਲਾ ਕਿਨ੍ਹਾਂ ਵਿਚਕਾਰ ਹੈ।

ਸ: ਸਰਨਾ ਨੇ ਕਿਹਾ ਇਹ ਪਹਿਲੀਵਾਰ ਹੈ ਕਿ ਸ: ਬਾਦਲ ਇਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇੰਨੇ ਭੈ ਭੀਤ ਹੋਏ ਹੋਣ, ਕਿ ਪੂਰੀ ਦੀ ਪੂਰੀ ਸਰਕਾਰ ਤੇ ਸਰਕਾਰੀ ਮਸ਼ੀਨਰੀ ਹਰ ਹੀਲੇ ਚੋਣਾਂ ਜਿੱਤਣ ਲਈ ਝੋਕ ਦਿੱਤੀ ਹੈ। ਧਰਮ ਵਿਚ ਜਿਸ ਰਾਜਨੀਤਕ ਦਖ਼ਲ ਦਾ ਅਕਾਲੀ ਦਲ ਵਿਰੋਧ ਕਰਦਾ ਹੈ ਉਹੀ ਰਾਨੀਤਕ ਦਖ਼ਲ ਸ: ਬਦਲ ਖ਼ੁਦ ਕਰ ਰਹੇ ਹਨ। ਪੰਥਕ ਮੋਰਚੇ ਨੂੰ ਬਾਦਲ ਵਲੋਂ ਕਾਂਗਰਸ ਦੇ ਏਜੰਟ ਦੱਸੇ ਜਾਣ’ਤੇ ਪ੍ਰਤੀਕਰਮ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੋਵੇਂ ਬਾਦਲ ਪਿਓ ਪੁੱਤਰ ਟੀਵੀ ਕੈਮਰਿਆਂ ਅਤੇ ਪੁਰੇ ਮੀਡੀਏ ਦੇ ਸਾਹਮਣੇ ਜੇ ਉਨ੍ਹਾਂ ਨਾਲ ਇਸ ਮੁੱਦੇ ’ਤੇ ਬਹਿਸ ਕਰਨ ਨੂੰ ਤਿਆਰ ਹੋ ਜਾਣ ਤਾਂ ਉਨ੍ਹਾਂ ਨੂੰ ਦੱਸ ਦਿਆਂਗਾ ਕਿ ਕਾਂਗਰਸ ਦਟ ਏਜੰਟ ਕੌਣ ਹਨ ਤੇ ਪੰਥਕ ਕੌਣ?

ਦੂਸਰਾ ਸਵਾਲ ਪੁੱਛਿਆ ਗਿਆ ਕਿ ਸ: ਬਾਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਸੈਮੀਫਾਈਨਲ ਦੱਸ ਰਹੇ ਹਨ। ਤੁਸੀਂ ਇਨ੍ਹਾਂ ਚੋਣਾਂ ਨੂੰ ਕਿਵੇਂ ਲੈ ਰਹੇ ਹੋ? ਜਵਾਬ ਵਿੱਚ ਉਨ੍ਹਾਂ ਕਿਹਾ ਸੈਮੀਫਾਈਨਲ ਉਨ੍ਹਾਂ ਲਈ ਹੈ, ਜਿਨ੍ਹਾਂ ਲਈ ਧਰਮ ਨਾਲੋਂ ਰਾਜਨੀਤੀ ਉਪਰ ਹੈ। ਸਾਡੇ ਲਈ ਤਾਂ ਧਰਮ ਹੀ ਹੈ, ਰਾਜਨੀਤੀ ਨਹੀਂ, ਇਸ ਲਈ ਸਾਡੇ ਲਈ ਇਹ ਫਾਈਨਲ ਹੀ ਹੈ।

ਤੀਸਰਾ ਸਵਾਲ ਪੁੱਛਿਆ ਗਿਆ ਕਿ ਜਥੇਦਾਰਾਂ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਅੰਮ੍ਰਿਤ ਛੱਕ ਲੈਣ ਤੇ ਆਪਣੇ ਪ੍ਰਵਾਰ ਨੂੰ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਅਤੇ ਸਾਬਤ ਸੂਰਤ ਬਣਾ ਲੈਣ। ਬਾਦਲ ਦਲ ਦੇ ਵੱਡੀ ਗਿਣਤੀ ਵਿੱਚ ਉਮੀਦਵਾਰ ਗੈਰ ਅੰਮ੍ਰਿਤਧਾਰੀ ਹਨ ਤੇ ਬੱਚੇ ਕਲੀਨ ਸ਼ੇਵਨ ਹਨ। ਇਸ ਦੇ ਜਵਾਬ ਵਿੱਚ ਸ: ਸਰਨਾ ਨੇ ਕਿਹਾ ਬਾਦਲ ਦਲ ਲਈ ਜਥੇਦਾਰਾਂ ਦੀ ਕੋਈ ਅਹਿਮੀਅਤ ਨਹੀਂ ਹੈ। ਜੇ ਇਹੀ ਹੁਕਮ ਬਾਦਲ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਸਭ ਨੇ ਹੁਕਮ ਦੀ ਤਮੀਲ ਕਰ ਦੇਣੀ ਸੀ। ਪਰ ਸ: ਬਾਦਲ ਲਈ ਗੁਰੂ ਦੀ ਮੋਹਰ ਕੇਸ ਕੋਈ ਅਹਿਮੀਅਤ ਨਹੀਂ ਰੱਖਦੇ, ਉਸ ਲਈ ਤਾਂ ਵੱਡੀ ਅਹਿਮੀਅਤ ਹਰ ਹਾਲਤ ਚੋਣਾਂ ਜਿੱਤਣ ਦੀ ਹੀ ਹੈ, ਇਸੇ ਲਈ ਉਸ ਨੇ ਤਾਂ ਯੂਥ ਅਕਾਲੀ ਦਲ ਤੇ ਐੱਸ ਓ ਆਈ ਦੀਆਂ ਅਹੁਦੇਦਾਰੀਆਂ ਹੀ ਪਤਿਤ ਸਿੱਖਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਉਮੀਦਵਾਰ ਟਿਕਟਾਂ ਪ੍ਰਾਪਤ ਕਰਨ ਪਿੱਛੋਂ ਅੰਮ੍ਰਿਤ ਛਕਣ ਦੀ ਰਸਮ ਪੂਰਤੀ ਕਰ ਰਹੇ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ 170 ਵਿੱਚੋਂ 150 ਸੀਟਾਂ ’ਤੇ ਚੋਣ ਲੜ ਰਹੇ ਹਾਂ ਜਿਨਾਂ ਵਿੱਚੋਂ 85-90 ਸੀਟਾਂ ’ਤੇ ਅਸੀਂ ਅੱਗੇ ਹਾਂ ਤੇ ਬਾਕੀ ਥਾਂ ਫਸਵੀਂ ਟੱਕਰ ਚੱਲ ਰਹੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮ ਦੇਸ਼ ਵਿਦੇਸ਼ ਦੇ ਸਿੱਖਾਂ ਲਈ ਮੰਨਣੇ ਲਾਜ਼ਮੀ ਹਨ, ਉਸ ਕਮੇਟੀ ਦੀ ਚੋਣ ਵਿੱਚ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਸ਼ਮੂਲੀਅਤ ਕਿਉਂ ਨਹੀਂ ਹੈ? ਤਾਂ ਇਸ ਦੇ ਜਵਾਬ ਵਿੱਚ ਸ: ਸਰਨਾ ਨੇ ਕਿਹਾ ਜੇ ਪ੍ਰਬੰਧ ਸਾਡੇ ਹੱਥਾਂ ਵਿੱਚ ਆਇਆ ਤਾਂ ਅਸੀਂ ਸਿਰਫ ਭਾਰਤ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਨੁਮਾਇੰਦਗੀ ਦੇਵਾਂਗੇ, ਚਾਹੇ ਉਹ ਚੋਣ ਰਾਹੀਂ ਹੋਵੇ ਜਾਂ ਨਾਮਜ਼ਦਗੀ ਰਾਹੀਂ। ਉਨ੍ਹਾਂ ਕਿਹਾ ਬਾਦਲ ਦਲ ਆਲ ਇੰਡੀਆ ਐਕਟ ਦੀ ਸਿਰਫ ਗੱਲ ਕਰਦਾ ਹੈ ਬਣਾਉਣਾ ਨਹੀਂ ਚਾਹੁੰਦਾ। ਜੇ ਅਸੀਂ ਪਾਵਰ ਵਿੱਚ ਆਏ ਤਾਂ ਆਲ ਇੰਡੀਆ ਐਕਟ ਬਣਾਵਾਂਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ 5 ਸਾਲਾਂ ਵਿੱਚ ਆਪਣੀ ਕਾਰ ਵਿੱਚ 1 ਕਰੋੜ 65 ਲੱਖ ਰੁਪਏ ਦਾ ਪੈਟਰੋਲ ਖਪਤ ਕੀਤੇ ਜਾਣ ’ਤੇ ਪ੍ਰਤੀਕਰਮ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਤਾਂ ਬਾਦਲ ਦੇ ਭ੍ਰਿਸ਼ਟਾਚਾਰ ਦੇ ਸਮੁੰਦਰ ਵਿੱਚ ਇੱਕ ਤੁਬਕੇ ਦੇ ਬਰਾਬਰ ਹੈ। ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਹਿੱਸਾ ਲੈਂਦਾ ਹੈ ਤੇ ਉਸ ਨੂੰ ਭ੍ਰਿਸ਼ਟਾਚਾਰ ਕਰਨ ਦੀ ਖੁਲ੍ਹ ਦਿੱਤੀ ਹੋਈ ਹੈ। ਸਭ ਤੋਂ ਭ੍ਰਿਸ਼ਟ ਬੰਦਾ ਉਸ ਨੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਉਪਕੁਲਪਤੀ ਲਾਇਆ ਹੋਇਆ ਹੈ।

ਉਨ੍ਹਾਂ ਕਿਹਾ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮੁਆਫੀ, ਅਨੰਦ ਮੈਰਿਜ ਐਕਟ ਅਤੇ ਸਹਿਜਧਾਰੀ ਵੋਟਾਂ ਦੇ ਜਿਸ ਮਸਲੇ ਨੂੰ ਸ: ਬਾਦਲ ਹੁਣ ਉਛਾਲ ਰਿਹਾ ਹੈ ਉਨ੍ਹਾਂ ਪ੍ਰਤੀ ਕਦੀ ਵੀ ਗੰਭੀਰ ਨਹੀਂ ਰਿਹਾ। ਅੱਜ ਤੱਕ ਉਸ ਨੇ ਨਾ ਕਦੀ ਵਿਧਾਨ ਸਭਾ ਤੇ ਨਾ ਹੀ ਸ਼੍ਰੋਮਣੀ ਕਮੇਟੀ ਵਿੱਚ ਇਸ ਮਕਸਦ ਲਈ ਮਤੇ ਪਾਸ ਕਰਕੇ ਕੇਂਦਰ ਸਰਕਾਰ ’ਤੇ ਜੋਰ ਪਾਇਆ ਹੈ। ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਪੈਰਵੀ ਕਰਨ ਲਈ ਆਪਣੇ ਵਕੀਲ ਵੀ ਨਿਯੁਕਤ ਨਹੀਂ ਕੀਤੇ। ਸਿੱਖ ਦੀ ਪ੍ਰੀਭਾਸ਼ਾ ਦੇ ਕੇਸ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੇ ਹਲਫੀਆ ਬਿਆਨ ਵੀ ਉਨ੍ਹਾਂ ਦੇ ਹੱਕ ਵਿੱਚ ਦੇ ਦਿੱਤਾ ਸੀ ਤੇ ਦਿੱਲੀ ਕਮੇਟੀ ਵਲੋਂ ਉਸ ਕੇਸ ਦੀ ਪੈਰਵੀ ਅਤੇ ਦਬਾਅ ਕਾਰਨ ਹੀ ਉਸ ਨੂੰ ਉਹ ਬਿਆਨ ਵਾਪਸ ਲੈਣਾ ਪਿਆ ਸੀ।

ਸ: ਸਰਨਾ ਇਸ ਤੋਂ ਪਹਿਲਾਂ ਮੌੜ ਹਲਕੇ ਵਿੱਚ ਪੰਥਕ ਮੋਰਚੇ ਦੇ ਉਮੀਦਵਾਰ ਸ: ਦਰਸ਼ਨ ਸਿੰਘ ਜਗਾਰਾਮਤੀਰਥ ਅਤੇ ਬਠਿੰਡਾ ਹਲਕੇ ਦੇ ਪਿੰਡ ਕੋਟ ਸ਼ਮੀਰ ਵਿੱਚ ਉਮੀਦਵਾਰ ਹਰਪਾਲ ਸਿੰਘ ਮਿੱਠੂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਆਏ ਸਨ। ਅਤੇ ਬਠਿੰਡਾ ਵਿਖੇ ਪ੍ਰੈੱਸ ਨੂੰ ਸੰਬੋਧਨ ਕਰਨ ਉਪ੍ਰੰਤ ਭਗਤਾ ਹਲਕੇ ਦੇ ਨਥਾਨਾ ਕਸਬੇ ਵਿੱਚ ਉਮੀਦਵਾਰ ਭਾਈ ਹਰਿੰਦਰ ਸਿੰਘ ਦਰਵੇਸ਼ ਵਲੋਂ ਅਯੋਜਤ ਕੀਤੀ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਦਿੱਲੀ ਦਲ ਪੰਜਾਬ ਦੇ ਪ੍ਰਧਾਨ ਸ: ਜਸਵਿੰਦਰ ਸਿੰਘ ਬਲੀਏਵਾਲ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਸ: ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦਲ ਦੇ ਹੋਰ ਆਗੂ ਵੀ ਆਏ ਸਨ ਤੇ ਉਨ੍ਹਾਂ ਨੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸ: ਸਰਨਾ ਸਮੇਤ ਸਾਰੇ ਹੀ ਬੁਲਾਰਿਆਂ ਨੇ ਬਾਦਲ ਦੀ ਕਮਾਨ ਹੇਠ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਧਰਮ ਦੇ ਕੀਤੇ ਜਾ ਰਹੇ ਨੁਕਸਾਨ ਦਾ ਭਰਪੂਰ ਜ਼ਿਕਰ ਕੀਤਾ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਇਸ ਵਲੋਂ ਛਪਾਈ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਵਿੱਚ ਗੁਰੂ ਸਾਹਿਬਾਨ ਦੀ ਕੀਤੀ ਘੋਰ ਬੇਅਦਬੀ ਅਤੇ ਸੁਨਹਿਰੀ ਅੱਖਰਾਂ ਵਿੱਚ ਛਪਵਾਈ ਗੁਰੂ ਗੰ੍ਰਥ ਸਾਹਿਬ ਜੀ ਦੀ ਬੀੜ ਵਿੱਚ ਕੀਤੀਆਂ ਬੱਜਰ ਗਲਤੀਆਂ ਦਾ ਜ਼ਿਕਰ ਕੀਤਾ ਗਿਆ। ਇਸ ਦੀ ਵੇਰਵੇ ਸਹਿਤ ਜਾਣਕਾਰੀ ਦੇਣ ਲਈ ਉਨ੍ਹਾਂ ਕੁਝ ਕਿਤਾਬਚੇ ਅਤੇ ਸੀਡੀਜ਼ ਵੀ ਚੋਣਵੇਂ ਸਿੱਖਾਂ ਵਿੱਚ ਵੰਡੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top