Share on Facebook

Main News Page

ਦੋ ਖਾਲਿਸਤਾਨ ਪੱਖੀ ਆਗੂ ਆਮਣੇ ਸਾਮਣੇ ; ਬੱਸੀ ਪਠਾਣਾਂ ਸੀਟ ਤੇ ਲੱਗੀਆਂ ਹਨ ਦੇਸ਼ ਵਿਦੇਸ਼ ਦੇ ਲੋਕਾਂ ਦੀਆਂ ਨਜਰਾਂ

ਫ਼ਤਹਿਗੜ ਸਾਹਿਬ, 10 ਸਤੰਬਰ (ਗੁਰਪ੍ਰੀਤ ਮਹਿਕ) : ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਦੀਆਂ ਨਜਰਾਂ ਜਿਲ੍ਹਾ ਫ਼ਤਹਿਗੜ ਸਾਹਿਬ ਦੀ ਬੱਸੀ ਪਠਾਣਾਂ ਜਨਰਲ ਸੀਟ ਤੇ ਲੱਗੀਆਂ ਹੋਈਆਂ ਹਨ, ਕਿਉਂਕਿ ਇਸ ਸੀਟ ਤੇ ਦੋ ਖਾਲਿਸਤਾਨ ਪੱਖੀ ਆਗੂ ਸ: ਸਿਮਰਨਜੀਤ ਸਿੰਘ ਮਾਨ ਅਤੇ ਭਾਈ ਹਰਪਾਲ ਸਿੰਘ ਚੀਮਾ ਆਮਣੇ ਸਾਮਣੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋ ਇਸ ਸੀਟ ਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋ ਬਾਅਦ ਇਸ ਸੀਟ ਤੇ ਤਿਕੋਣਾ ਮੁਕਾਬਲਾ ਹੋ ਗਿਆ ਹੈ।

ਭਾਵੇਂ ਕਿ ਬੱਸੀ ਪਠਾਣਾਂ ਇਕ ਦੋਹਰੀ ਸੀਟ ਹੈ ਅਤੇ ਦੂਜੀ ਸੀਟ ਤੇ ਅਨੂਸੂਚਿਤ ਜਾਤੀ ਲਈ ਰਾਖਵੀ ਹੋਣ ਕਾਰਨ ਸੰਬੰਧਤ ਉਮੀਦਵਾਰ ਖੜੇ ਹਨ, ਪ੍ਰੰਤੂ ਲੋਕਾਂ ਦੀਆਂ ਨਜਰਾਂ ਜਨਰਲ ਸੀਟ ਤੇ ਟਿੱਕੀਆਂ ਹਨ।

ਸ: ਮਾਨ ਦਾ ਜੱਦੀ ਪਿੰਡ ਸ: ਕਿਲ੍ਹਾ ਹਰਨਾਮ ਸਿੰਘ, ਤਲਾਣੀਆਂ ; ਭਾਈ ਹਰਪਾਲ ਚੀਮਾ ਦਾ ਪਿੰਡ ਲੁਹਾਰੀ ਅਤੇ ਰਣਧੀਰ ਚੀਮਾ ਦਾ ਪਿੰਡ ਕਰੀਮਪੁਰਾ ਬੱਸੀ ਪਠਾਣਾਂ ਹਲਕੇ ਵਿੱਚ ਹੀ ਸਥਿਤ ਹਨ। ਸ: ਮਾਨ ਇੱਕ ਸਾਬਕਾ ਆਈ ਸੀ ਐਸ ਅਫਸਰ ਹਨ, ਜੋਕਿ ਦੋ ਵਾਰ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹਿ ਚੁੱਕੇ ਹਨ, ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦੱਲ ਅਮ੍ਰਿਤਸਰ ਦੇ ਪ੍ਰਧਾਨ ਹਨ। ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਨਹੀਂ ਹੋਇਆ ਇਸ ਲਈ ਸ: ਮਾਨ ਬੱਸੀ ਪਠਾਣਾਂ ਸੀਟ ਤੋ ਆਪਣੇ ਬਲਬੂਤੇ ਚੋਣ ਲੜ ਰਹੇ ਹਨ, ਜਦੋ ਭਾਈ ਹਰਪਾਲ ਚੀਮਾ ਜੋਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਨੇਤਾ ਹਨ, ਪੰਥਕ ਮੌਰਚੇ ਦੇ ਉਮੀਦਵਾਰ ਹਨ। ਸਾਬਕਾ ਮੰਤਰੀ ਅਤੇ ਟਕਸਾਲੀ ਆਗੂ ਰਣਧੀਰ ਚੀਮਾ ਦਾ ਪੁੱਤਰ ਜਗਦੀਪ ਚੀਮਾ ਸ਼੍ਰੋਮਣੀ ਅਕਾਲੀ ਦੱਲ ਬਾਦਲ ਦਾ ਜਿਲ੍ਹਾ ਪ੍ਰਧਾਨ ਹੈ। ਸ਼੍ਰੋਮਣੀ ਅਕਾਲੀ ਦੱਲ ਨੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿਲ੍ਹਾ ਆਬਜਰਵਰ ਨਿਯੁਕਤ ਕੀਤਾ ਹੈ।

ਸ: ਮਾਨ ਖੁਲ੍ਹੇ ਤੌਰ ਤੇ ਬੱਸੀ ਪਠਾਣਾਂ ਸੀਟ ਅਤੇ ਪੰਜਾਬ ਦੀਆਂ ਹੋਰਨਾਂ ਸੀਟ ਤੇ ਖਾਲਿਸਤਾਨ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਰਹੇ ਹਨ ਪ੍ਰੰਤੂ ਭਾਈ ਹਰਪਾਲ ਸਿੰਘ ਭਾਵੇਂ ਕਿ ਖਾਲਿਸਤਾਨ ਪੱਖੀ ਹਨ, ਅਤੇ ਇਸ ਮੁੱਦੇ ਤੇ ਕਾਫੀ ਲੰਮੇ ਸਮੇਂ ਤੇ ਸੰਘਰਸ਼ ਕਰ ਰਹੇ ਹਨ ਅਤੇ ਜੇਲ੍ਹਾਂ ਵੀ ਕੱਟੀਆਂ, ਪ੍ਰੰਤੂ ਸ਼੍ਰੋਮਣੀ ਕਮੇਟੀ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਲੜ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਦੇ ਮੱਦੇ ਤੇ ਚੋਣ ਲੜ ਰਹੇ ਹਨ ਅਤੇ ਆਪਣੇ ਚੋਣ ਪ੍ਰ੍ਰਚਾਰ ਵਿੱਚ ਵੀ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧ ਦਾ ਜਿਕਰ ਕਰਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਕਿਵੇਂ ਸੁਧਾਰ ਲੈ ਕੇ ਆਉਣਗੇ।

ਮੌਜੂਦਾ ਸਮੇਂ ਵਿੱਚ ਬੱੋਸੀ ਪਠਾਣਾ ਹਲਕੇ ਵਿੱਚ 42,000 ਦੇ ਕਰੀਬ ਵੋਟਰ ਹਨ ਅਤੇ 160 ਦੇ ਲਗਭਗ ਪਿੰਡਾਂ ਅਤੇ ਦੋ ਸ਼ਹਿਰਾਂ ਦੇ ਵੋਟਰਾਂ ਬੱਸੀ ਪਠਾਣਾਂ ਅਤੇ ਖਮਾਣੋ ਦੇ ਲੋਕ ਆਪਣਾ ਉਮੀਦਵਾਰ ਚੁਣਗੇ। ਬੱਸੀ ਪਠਾਣਾਂ ਜਨਰਲ ਅਤੇ ਰਾਖਵੀ ਤੇ 6 ਦੇ ਕਰੀਬ ਉਮੀਦਵਾਰ ਚੋਣ ਲੜ ਰਹੇ ਹਨ। ਸ: ਮਾਨ ਨੇ ਬੱਸੀ ਪਠਾਣਾਂ ਤੋ ਇਲਾਵਾ ਚੰਨਣਵਾਲ ਹਲਕੇ ਤੋ ਸ਼੍ਰੋਮਣੀ ਕਮੇਟੀ ਚੋਣ ਲੜ ਰਹੇ ਹਨ।

ਸ: ਮਾਨ ਆਪਣੇ ਚੋਣ ਪ੍ਰਚਾਰ ਵਿੱਚ ਪੰਥਕ ਮੋਰਚੇ ਦੇ ਉਮੀਦਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦੱਲ ਉਮੀਦਵਾਰ ਰਣਧੀਰ ਚੀਮਾ ਅਤੇ ਇਨ੍ਹਾਂ ਦੀ ਪਾਰਟੀਆਂ ਦੀ ਨੁਕਤਾਚੀਨੀ ਕਰਦੇ ਹਨ। ਸ: ਮਾਨ ਬੱਸੀ ਪਠਾਣਾ ਹਲਕੇ ਵਿੱਚ ਆਪਣੀ ਚੋਣ ਮੁਹਿੰਮ ਖੁਦ ਜਾਂ ਫੇਰ ਉਨ੍ਹਾਂ ਦੀ ਪਾਰਟੀ ਦੇ ਦੂਜੇ ਵਰਕਰ ਚਲਾ ਰਹੇ ਹਨ। ਉਨ੍ਹਾਂ ਦਾ ਪੁੱਤਰ ਈਮਾਨ ਸਿੰਘ ਮਾਨ, ਜੋਕਿ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਚੋਣ ਹਾਰ ਗਿਆ ਸੀ, ਇਸ ਵਾਰ ਖੁਦ ਭਾਦਸੋ ਤੋ ਸ਼੍ਰੋਮਣੀ ਕਮੇਟੀ ਚੋਣ ਲੜ ਰਿਹਾ ਹੈ।

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਕੋਲ ਦੂਜੇ ਪਾਰਟੀਆਂ ਦੇ ਉਮੀਦਵਾਰ ਮੁਕਾਬਲੇ ਜਿਆਦਾ ਸਾਧਨ ਹਨ, ਪ੍ਰੰਤੂ ਅਕਾਲੀ ਨੇਤਾਵਾਂ ਦੀ ਆਪਸੀ ਗੁੱਟਬਾਜੀ ਦਾ ਪਾਰਟੀ ਨੂੰ ਇੱਥੇ ਨੁਕਸਾਨ ਹੋ ਸਕਦਾ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਬੱਸੀ ਪਠਾਣਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਕੀਤੀ ਪ੍ਰੰਤੂ ਪਾਰਟੀ ਦੇ ਸੀਨੀਅਰ ਨੇਤਾ ਰਾਜੇਸ਼ਪਾਲ ਸਿੰਘ ਲਾਲੀ ਰੈਲੀ ਵਿੱਚੋ ਗੈਰ ਹਾਜਰ ਰਹੇ। ਬਾਅਦ ਵਿੱਚ ਸ: ਬਾਦਲ ਸ: ਲਾਲੀ ਦੀ ਰਿਹਾਇਸ਼ ਤੇ ਵੀ ਗਏ। ਸ: ਲਾਲੀ ਲੰਮੇ ਸਮੇਂ ਤੋ ਪਾਰਟੀ ਨਾਲ ਨਾਰਾਜ ਚੱਲੇ ਆ ਰਹੇ ਹਨ।

ਭਾਈ ਹਰਪਾਲ ਚੀਮਾ ਦੇ ਸਮਰੱਥਕ ਪਿੰਡਾਂ ਵਿੱਚ ਆਪਣੇ ਦੌਰਿਆਂ ਵਿੱਚ ਲੋਕਾਂ ਨੂੰ ਦੱਸ ਰਹੇ ਕਿ ਭਾਈ ਚੀਮਾ 10 ਸਾਲ ਅਮਰੀਕਾ ਅਤੇ ਪੰਜ ਸਾਲ ਭਾਰਤ ਵਿੱਚ ਜੇਲ੍ਹ ਵਿੱਚ ਰਹੇ। ਉਨ੍ਹਾਂ ਦੀ ਪਾਰਟੀ ਦਾ ਸੀਨੀਅਰ ਨੇਤਾ ਭਾਈ ਦਲਜੀਤ ਸਿੰਘ ਬਿੱਟੂ ਜੇਲ੍ਹ ਵਿੱਚ ਬੰਦ ਹਨ। ਭਾਈ ਹਰਪਾਲ ਚੀਮਾ ਅਤੇ ਭਾਈ ਦਲਜੀਤ ਬਿੱਟੂ ਪਹਿਲਾਂ ਸ: ਮਾਨ ਨਾਲ ਹੀ ਸਨ, ਪ੍ਰੰਤੂ ਬਾਅਦ ਵਿੱਚ ਉਨ੍ਹਾਂ ਵਿੱਚ ਵਿਚਾਰਕ ਮਤਭੇਦ ਹੋ ਗਿਆ ਅਤੇ ਉਨ੍ਹਾਂ ਮਾਨ ਨਾਲੋ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ। ਇਲਾਕੇ ਦੇ ਲੋਕ ਇੰਝ ਮਹਿਸੂਸ ਕਰਦੇ ਹਨ ਕਿ ਸ: ਮਾਨ ਅਤੇ ਭਾਈ ਹਰਪਾਲ ਚੀਮਾ ਦੇ ਚੋਣ ਮੈਦਾਨ ਵਿੱਚ ਉਤਰਨ ਕਾਰਨ ਖਾਲਿਸਤਾਨ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਭਾਵੇਂ ਕਿ ਕਾਂਗਰਸ ਸਿੱਧੇ ਤੌਰ ਤੇ ਇਨ੍ਹਾਂ ਚੋਣਾਂ ਵਿੱਚ ਭਾਗ ਨਹੀਂ ਲੈ ਰਹੀ ਹੈ, ਇਸ ਲਈ ਕਾਂਗਰਸ ਪੱਖੀ ਸੋਚ ਰੱਖਣ ਵਾਲੇ ਵੋਟਰ ਸ: ਮਾਨ ਅਤੇ ਭਾਈ ਹਰਪਾਲ ਚੀਮਾ ਨੂੰ ਵੋਟ ਪਾ ਸਕਦੇ ਹਨ। ਹਰਪਾਲ ਚੀਮਾ ਦੀ ਮਦਦ ਦਿੱਲੀ ਗੁਰਦੁਆਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਅਕਾਲੀ ਦੱਲ 1920, ਅਕਾਲੀ ਦੱਲ ਲੌਂਗੋਵਾਲ, ਦੱਲ ਖਾਲਸਾ ਆਦਿ ਪਾਰਟੀਆਂ ਕਰ ਰਹੀਆਂ ਹਨ।

ਸ: ਰਣਧੀਰ ਸਿੰਘ ਚੀਮਾ ਜੋਕਿ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਨਜਦੀਕੀ ਰਿਸ਼ਤੇਦਾਰ ਹਨ, ਸ਼੍ਰੋਮਣੀ ਅਕਾਲੀ ਦੱਲ ਵਿੱਚ ਲੰਮੇ ਸਮੇਂ ਤੋ ਕੰਮ ਕਰ ਰਹੇ ਹਨ। ਖੁਦ ਮੁੱਖ ਮੰਤਰੀ ਸ: ਬਾਦਲ ਨੇ ਹਾਲ ਹੀ ਵਿੱਚ ਬੱਸੀ ਪਠਾਣਾਂ ਰੈਲੀ ਦੌਰਾਨ ਕਿਹਾ ਕਿ ਸ: ਚੀਮਾ ਸਿਆਸਤ ਵਿੱਚ ਉਨ੍ਹਾਂ ਨਾਲੋ ਵੱਧ ਸੀਨੀਅਰ ਹਨ ਅਤੇ ਉਨ੍ਹਾਂ ਬੱਸੀ ਪਠਾਣਾਂ ਹਲਕੇ ਤੋ ਸ਼੍ਰੋਮਣੀ ਕਮੇਟੀ ਚੋਣਾਂ ਲਈ ਖੁਦ ਟਿਕਟ ਨਹੀਂ ਮੰਗੀ ਸਗੋ ਪਾਰਟੀ ਦੇ ਉਨ੍ਹਾਂ ਨੂੰ ਇੱਥੋ ਲੜਣ ਲਈ ਬੇਨਤੀ ਕੀਤੀ ਸੀ। ਸ: ਰਣਧੀਰ ਚੀਮਾ ਅਤੇ ਉਨ੍ਹਾਂ ਦੇ ਸਮਰੱਥਕ ਯੌਜਨਾਬੰਦ ਢੰਗ ਨਾਲ ਤੇਜੀ ਨਾਲ ਪ੍ਰਚਾਰ ਕਰ ਰਹੇ ਹਨ, ਜਿਸ ਦਾ ਉਨ੍ਹਾਂ ਨੂੰ ਲਾਭ ਮਿਲੇਗਾ। ਸ: ਰਣਧੀਰ ਚੀਮਾ ਵੋਟਰਾਂ ਨੂੰ ਉਨ੍ਹਾਂ ਵੱਲੋ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਬਾਰੇ ਦੱਸ ਰਹੇ ਹਨ।

ਆਪਣੇ ਆਪਣੇ ਚੋਣ ਪ੍ਰਚਾਰ ਦੌਰਾਨ ਵਿਰੋਧੀ ਪਾਰਟੀ ਦੇ ਉਮੀਦਵਾਰ ਪੰਥਕ ਮੋਰਚੇ ਅਤੇ ਉਸ ਦੇ ਉਮੀਦਵਾਰ ਨੂੰ ਕਾਂਗਰਸ ਦਾ ਏਜੰਟ ਦੱਸ ਰਹੇ ਹਨ। ਸਾਰੇ ਪਾਰਟੀਆਂ ਦੇ ਉਮੀਦਵਾਰ ਇਹ ਹੀ ਦਾਅਵਾ ਕਰ ਰਹੇ ਹਨ ਕਿ ਉਹ ਚੋਣ ਜਿੱਤਣਗੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top