Share on Facebook

Main News Page

ਮਸਲਾ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਦੇਣ ਦਾ
ਜਿਹੜਾ ਗੁਰੂ ਪ੍ਰਮਾਤਮਾ ਵਲੋਂ ਬਖ਼ਸ਼ੇ ਸਰੂਪ ਨੂੰ ਕਾਇਮ ਨਹੀਂ ਰੱਖ ਸਕਿਆ, ਉਹ ਗੁਰੂ ਪ੍ਰਮਾਤਮਾ ਨਾਲ ਸਾਂਝ ਖ਼ਾਕ ਕਰਨਗੇ?: ਗਿਆਨੀ ਸ਼ਿਵਤੇਗ ਸਿੰਘ

* ਜਿਹੜਾ ਕਰਤੇ ਦੀ ਕ੍ਰਿਤ ਨਾਲ ਨਫ਼ਰਤ ਕਰਦਾ ਹੋਵੇ, ਉਸ ਦਾ ਕਰਤੇ ਨਾਲ ਕਦੀ ਪਿਆਰ ਨਹੀਂ ਹੋ ਸਕਦਾ
* ਪੰਜ ਸਿੰਘ ਸਾਹਿਬਾਨ ਵਲੋਂ ਸਹਿਜਧਾਰੀਆਂ ਦੀਆਂ ਵੋਟਾਂ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨੂੰ ਤਲਬ ਕਰਨ ਦੀ ਦਿੱਤੀ ਚਿਤਾਵਨੀ ਸ਼ਲਾਘਾਯੋਗ ਪਰ ਕੀ ਉਹ 85 % ਗਲਤ ਵੋਟਾਂ ਬਣਾਉਣ ਵਾਲਿਆਂ ਨੂੰ ਵੀ ਅਜੇਹੀ ਚਿਤਾਵਨੀ ਦੇਣਗੇ

ਬਠਿੰਡਾ, 9 ਸਤੰਬਰ (ਕਿਰਪਾਲ ਸਿੰਘ): ਚੰਗਾ ਹੋਇਆ, ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟ ਦਾ ਹੱਕ ਦੇਣ ਸਬੰਧੀ ਚੱਲ ਰਹੇ ਕੇਸ ਦੇ ਸਬੰਧ ਵਿੱਚ, ਕੇਂਦਰ ਸਰਕਾਰ ਦੇ ਵਕੀਲ ਵਲੋਂ ਪੰਜਾਬ ’ਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਤੇ ਹਲਫ਼ੀਆ ਬਿਆਨ ਪਿੱਛੋਂ, ਪੰਥ ਵਿੱਚ ਇਸ ਵਿਸ਼ੇ ’ਤੇ ਬਹਿਸ ਚੱਲ ਪਈ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਚੈੱਨਲ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਸਿੰਘ ਸਾਹਿਬਾਨ ਵਲੋਂ ਲਿਆ ਗਿਆ ਇਹ ਸਖ਼ਤ ਸਟੈਂਡ ਸ਼ਲਾਘਾਯੋਗ ਹੈ ਕਿਉਂਕਿ ਕੌਣ ਸਿੱਖ ਹੈ ਤੇ ਕੌਣ ਨਹੀਂ ਇਸ ਦਾ ਫੈਸਲਾ ਕਿਸੇ ਸਰਕਾਰ ਜਾਂ ਅਦਾਲਤ ਨੇ ਨਹੀਂ, ਬਲਕਿ ਗੁਰੂ ਨੇ ਕਰਨਾ ਹੈ, ਜਿਸ ਦੀ ਪ੍ਰੀਭਾਸ਼ਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ਼ ਹੈ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਜੇ ਗੁਰੂ ਇੱਕ ਹੈ ਤਾਂ ਸਿੱਖ ਦੀ ਵੀ ਇੱਕੋ ਕਿਸਮ ਹੋ ਸਕਦੀ ਹੈ ਵੱਖ ਵੱਖ ਕਿਸਮਾਂ ਨਹੀਂ ਜਿਵੇਂ ਕਿ ਇਹ ਅੰਮ੍ਰਿਤਧਾਰੀ ਸਿੱਖ ਹੈ, ਇਹ ਕੇਸਾਧਰੀ ਸਿੱਖ ਹੈ, ਇਹ ਸਹਿਜਧਾਰੀ ਸਿੱਖ ਹੈ ਜਾਂ ਇਹ ਫਲਾਣੀ ਜਾਤ ਨਾਲ ਸਬੰਧਤ ਸਿੱਖ ਹੈ। ਗੁਰੂ ਦਾ ਫੈਸਲਾ ਹੈ: ‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥1॥’ (ਪੰਨਾ 601) ਉਨ੍ਹਾਂ ਕਿਹਾ ਮਨੁਖ ਦੇ ਕੇਸ ਦਾਹੜੀ ਗੁਰੂ ਪ੍ਰਮਾਤਮਾ ਦੇ ਭਾਣੇ ਵਿੱਚ ਆਉਂਦੇ ਹਨ, ਕੋਈ ਵੀ ਮਨੁਖ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਦੇ ਕਿਸੇ ਹਿੱਸੇ ’ਤੇ ਵਾਲ (ਕੇਸ) ਨਾ ਉਘਾ ਸਕਦਾ ਹੈ ਤੇ ਨਾ ਹੀ ਕਿਸੇ ਹਿੱਸੇ ’ਤੇ ਉਘਣੋਂ ਰੋਕ ਸਕਦਾ ਹੈ। ਜਿਹੜਾ ਗੁਰੂ ਪ੍ਰਮਾਤਮਾ ਵਲੋਂ ਬਖ਼ਸ਼ੇ ਸਰੂਪ ਨੂੰ ਕਾਇਮ ਨਹੀਂ ਰੱਖ ਸਕਿਆ ਉਹ ਗੁਰੂ ਪ੍ਰਮਾਤਮਾਂ ਨਾਲ ਸਾਂਝ ਵੀ ਨਹੀਂ ਰੱਖ ਸਕਦਾ। ਜਿਹੜਾ ਕਰਤੇ ਦੀ ਕ੍ਰਿਤ ਨਾਲ ਨਫ਼ਰਤ ਕਰਦਾ ਹੋਵੇ, ਉਸ ਦਾ ਕਰਤੇ ਨਾਲ ਕਦੀ ਵੀ ਪਿਆਰ ਨਹੀਂ ਹੋ ਸਕਦਾ, ਤਾਂ ਉਸ ਨੂੰ ਸਿੱਖ ਕਿਵੇਂ ਕਿਹਾ ਜਾ ਸਕਦਾ ਹੈ?

ਗੁਰਬਾਣੀ ਦਾ ਫ਼ੁਰਮਾਨ ਹੈ: ‘ਜਿਨਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥2॥’ (ਪੰਨਾ 520) ਭਾਵ ਸਾਡਾ ਮਿੱਤਰ, ਰਿਸ਼ਤੇਦਾਰ ਅਤੇ ਗੁਰਭਾਈ ਭਾਵ ਸਿੱਖ ਉਹੀ ਹੈ ਜਿਹੜਾ ਆਪ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ ਅਤੇ ਗੁਰੂ ਪ੍ਰਮਾਤਮਾ ਦੀ ਕ੍ਰਿਤ ਕੇਸ ਦਾਹੜੀ ਨੂੰ ਪਿਆਰ ਕਰਦਾ ਹੈ। ਪਰ ਜਿਹੜਾ ਵੋਟਾਂ ਜਾਂ ਹੋਰ ਕਿਸੇ ਸੁਆਰਥ ਕਾਰਣ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਯਤਨ ਕਰਦਾ ਹੈ ਉਸ ਸਬੰਧੀ ਗੁਰਬਾਣੀ ਦਾ ਫ਼ੁਰਮਾਨ ਹੈ: ‘ਸਚੀ ਬੈਸਕ ਤਿਨਾ ਸੰਗਿ ਜਿਨ ਸੰਗਿ ਜਪੀਐ ਨਾਉ॥ ਤਿਨ੍‍ ਸੰਗਿ, ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥2॥’ (ਪੰਨਾ 520)

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਜਿਹੜੇ ਵਿਦਵਾਨਾਂ ਅਤੇ ਰਾਜਨੀਤਕਾਂ ਨੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਦੇ ਮਸਲੇ ’ਤੇ ਸਖ਼ਤ ਸਟੈਂਡ ਲਿਆ ਹੈ, ਉਨ੍ਹਾਂ ਨੂੰ ਮੁਬਾਰਕ ਅਤੇ ਵਧਾਈ ਦੇ ਪਾਤਰ ਹਨ। ਪੰਜ ਸਿੰਘ ਸਾਹਿਬਾਨ ਵਲੋਂ ਸਹਿਜਧਾਰੀਆਂ ਦੀਆਂ ਵੋਟਾਂ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨੂੰ ਤਲਬ ਕਰਨ ਦੀ ਚਿਤਾਵਨੀ ਸ਼ਲਾਘਾਯੋਗ ਹੈ ਪਰ ਕੀ ਉਹ 85 % ਗਲਤ ਵੋਟਾਂ ਬਣਾਉਣ, ਭੁਗਤਣ ਅਤੇ ਭੁਗਤਾਉਣ ਵਾਲਿਆਂ ਨੂੰ ਵੀ ਅਜੇਹੀ ਚਿਤਾਵਨੀ ਦੇਣਗੇ?

ਉਨ੍ਹਾਂ www.singhsabhausa.com ਅਤੇ www.khalsanews.org ’ਤੇ ਲੇਖਕ ਕਿਰਪਾਲ ਸਿੰਘ ਬਠਿੰਡਾ ਵਲੋਂ ਲਿਖੇ ਲੇਖ ਦਾ ਹਵਾਲਾ ਦਿੰਦਿਆਂ ਦੱਸਿਆ ਕਿ 50% ਤੋਂ ਵੱਧ ਵੋਟਰ, ਵੋਟਰਾਂ ਲਈ ਲਗਾਈਆਂ ਗਈਆਂ ਸ਼ਰਤਾਂ ਵਿੱਚੋਂ ਇੱਕ ਵੀ ਸ਼ਰਤ ਪੂਰੀ ਨਹੀਂ ਕਰਦੇ। 70% ਤੋਂ ਵੱਧ ਵੋਟਰ ਵਾਲ ਕਟਦੇ ਹਨ। ਅਨੇਕਾਂ ਵੋਟਰ ਐਸੇ ਹਨ ਜਿਹੜੇ ਸ਼ਰਾਬ, ਬੀੜੀ, ਸਿਗਰਟ ਚਿਲਮਾਂ ਪੀਣ ਵਾਲੇ ਤੇ ਜ਼ਰਦਾ, ਅਫ਼ੀਮ, ਭੁੱਕੀ ਛਕਣ ਵਾਲੇ ਹਨ। ਇਸ ਤਰ੍ਹਾਂ 85% ਤੋਂ ਵੱਧ ਵੋਟਰ ਕਿਸੇ ਨਾ ਕਿਸੇ ਇੱਕ ਸ਼ਰਤ ਦੇ ਅਧਾਰ ’ਤੇ ਅਯੋਗ ਵੋਟਰ ਹਨ ਤੇ ਸਿਰਫ 15% ਤੋਂ ਕੁਝ ਘੱਟ ਵੋਟਰ ਹੀ ਵੋਟ ਦੇ ਅਸਲੀ ਹੱਕਦਾਰ ਹਨ। ਇਸ ਲਈ ਜੇ ਅਸੀਂ ਸਹਿਜਧਾਰੀਆਂ ਦੇ ਨਾਮ ’ਤੇ ਵੋਟ ਦਾ ਕਾਨੂੰਨੀ ਹੱਕ ਮੰਗਣ ਵਾਲਿਆਂ ਦਾ ਵਿਰੋਧ ਕਰ ਰਹੇ ਹਾਂ ਤਾਂ ਗੈਰ ਕਾਨੂੰਨੀ ਢੰਗ ਨਾਲ ਬਣੇ ਇਨ੍ਹਾਂ 85% ਅਯੋਗ ਵੋਟਰਾਂ ਦਾ ਵਿਰੋਧ ਕਰਨਾ ਵੀ ਬਣਦਾ ਹੈ। ਉਨ੍ਹਾਂ ਕਿਹਾ ਜਿਸ ਸ਼ਿਦਤ ਨਾਲ ਅੱਜ ਵਿਦਵਾਨਾਂ, ਰਾਜਨੀਤਕਾਂ ਅਤੇ ਸਿੰਘ ਸਾਹਿਬਾਨ ਨੇ ਸਹਿਜਧਾਰੀ ਵੋਟਰਾਂ ਦਾ ਵਿਰੋਧ ਕੀਤਾ ਹੈ ਇਨ੍ਹਾਂ ਨੂੰ ਚਾਹੀਦਾ ਹੈ ਕਿ ਉਸੇ ਸ਼ਿਦਤ ਨਾਲ ਇਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਬਣੀਆਂ ਅਯੋਗ ਵੋਟਾਂ ਨੂੰ ਪੋਲ ਹੋਣ ਤੋਂ ਵੀ ਰੋਕਣਾ ਚਾਹੀਦਾ ਹੈ।

* ਗੁਰਦੁਆਰਾ ਬੰਗਲਾ ਸਾਹਿਬ ਤੋਂ ਕਥਾ ਇਸ ਲਿੰਕ 'ਤੇ ਦੇਖੀ ਜਾ ਸਕਦੀ ਹੈ: http://www.gurbani.co/katha_bs.php


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top