Share on Facebook

Main News Page

ਮੱਕੜ ਦੀ ਕਾਰ 'ਚ ਪੰਜ ਸਾਲਾਂ ਦੌਰਾਨ ਗੱਡੀ ‘ਚ ਪਿਆ 1.64 ਕਰੋੜ ਦਾ ਤੇਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਕਾਰ 1.64 ਕਰੋੜ ਰੁਪਏ ਦਾ ਤੇਲ ਛੱਕ ਗਈ ਹੈ। ਏਨੀ ਵੱਡੀ ਰਕਮ ਦੇ ਤੇਲ ਨਾਲ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ 585 ਗੇੜੇ ਲੱਗ ਸਕਦੇ ਸਨ।

ਮੱਕੜ ਕੋਲ ਇਸ ਵੇਲੇ ਕੈਮਰੀ ਗੱਡੀ ਹੈ। ਪੰਜ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਡੀ ਦਾ ਖ਼ਰਚਾ ਹਰ ਵਰ੍ਹੇ ਵਧ ਰਿਹਾ ਹੈ। ਅਪਰੈਲ 2006 ਤੋਂ 31 ਮਾਰਚ, 2011 (ਪੰਜ ਸਾਲਾਂ) ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦਾ ਤੇਲ ਖਰਚ 1,64,94,510 ਰੁਪਏ ਰਿਹਾ ਹੈ। ਮਾਲੀ ਵਰ੍ਹੇ 2010-11 ‘ਚ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦੇ ਤੇਲ ਖਰਚ ਨੇ ਪਿਛਲੇ ਰਿਕਾਰਡ ਹੀ ਤੋੜ ਦਿੱਤੇ। ਇਸ ਇੱਕ ਵਰ੍ਹੇ ਦੌਰਾਨ 47.53 ਲੱਖ ਰੁਪਏ ਤੇਲ ਖਰਚਾ ਆਇਆ ਹੈ। ਇੱਕੋ ਵਰ੍ਹੇ ‘ਚ ਰੋਜ਼ਾਨਾ ਤੇਲ ਖਰਚ 13023 ਰੁਪਏ ਰਿਹਾ ਹੈ। ਕਾਰ ਦੀ ਤੇਲ ਖ਼ਪਤ ਔਸਤਨ 9 ਕਿਲੋਮੀਟਰ ਪ੍ਰਤੀ ਲਿਟਰ ਵੀ ਮੰਨ ਲਈਏ ਤਾਂ ਵੀ ਲੰਘੇ ਵਰ੍ਹੇ ‘ਚ ਜਥੇਦਾਰ ਮੱਕੜ ਨੇ ਰੋਜ਼ਾਨਾ ਆਪਣੀ ਕਾਰ ਰਾਹੀਂ 1953 ਕਿਲੋਮੀਟਰ ਦਾ ਸਫ਼ਰ ਕੀਤਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 60115 ਰਾਹੀਂ ਜੋ ਸੂਚਨਾ ਦਿੱਤੀ ਗਈ ਹੈ,ਉਸ ਤੋਂ ਇਹ ਭੇਤ ਖੁੱਲ੍ਹਾ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਰਿਕਾਰਡ ਅਨੁਸਾਰ ਪ੍ਰਧਾਨ ਦੀ ਕਾਰ ਦਾ ਤੇਲ ਖਰਚ

- ਸਾਲ 2006-07 ‘ਚ 26, 26,124 ਰੁਪਏ ਰਿਹਾ ਹੈ,
-
ਜਦੋਂ ਕਿ ਸਾਲ 2007-08 ‘ਚ ਇਹ ਖਰਚ 30, 99, 868 ਰੁਪਏ ਹੋ ਗਿਆ
- ਸਾਲ 2008-09 ‘ਚ ਤੇਲ ਖਰਚ 27, 54, 278 ਰੁਪਏ ਰਿਹਾ ਹੈ
- ਇਸੇ ਤਰ੍ਹਾਂ ਸਾਲ 2009-10 ਵਿੱਚ ਇਹ ਤੇਲ ਖਰਚ ਵਧ ਕੇ 32, 60, 514 ਰੁਪਏ ਹੋ ਗਿਆ
- ਸਾਲ 2010-11 ‘ਚ ਪ੍ਰਧਾਨ ਦੀ ਕਾਰ ਦਾ ਤੇਲ ਖਰਚ 47, 53, 726 ਰੁਪਏ ਰਿਹਾ ਹੈ

ਇਨ੍ਹਾਂ ਪੰਜ ਵਰ੍ਹਿਆਂ ਦੀ ਔਸਤ ਕੱਢੀਏ ਤਾਂ ਪ੍ਰਧਾਨ ਦੀ ਕਾਰ ਦਾ ਪ੍ਰਤੀ ਦਿਨ ਦਾ ਤੇਲ ਖਰਚ 9038 ਰੁਪਏ ਰਿਹਾ ਹੈ। ਪੰਜ ਵਰ੍ਹਿਆਂ ਦੌਰਾਨ ਪ੍ਰਧਾਨ ਦੀ ਕਾਰ ਉਪਰ ਦੱਸੀ ਔਸਤ ਦੇ ਹਿਸਾਬ ਨਾਲ 29, 69, 011 ਕਿਲੋਮੀਟਰ ਦੌੜੀ ਹੈ। ਇਸ ਹਿਸਾਬ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਆਉਣ ਜਾਣ ਦੇ 5938 ਗੇੜੇ ਬਣਦੇ ਹਨ। ਸਾਲ 2010-11 ਵਿੱਚ ਤਾਂ ਤੇਲ ਖਰਚਾ ਹੀ ਹੈਰਾਨੀ ਵਾਲਾ ਰਿਹਾ ਹੈ। ਇਸ ਮਾਲੀ ਸਾਲ ਦੌਰਾਨ ਰੋਜ਼ਾਨਾ ਕਾਰ ਕਰੀਬ 1953 ਕਿਲੋਮੀਟਰ ਚੱਲੀ ਹੈ। ਇਸ ਤੋਂ ਲੱਗਦਾ ਹੈ ਕਿ ਜਥੇਦਾਰ ਦਿਨ ਰਾਤ ਸਫ਼ਰ ‘ਤੇ ਹੀ ਰਹੇ ਹਨ। ਅਗਰ ਪ੍ਰਧਾਨ ਜੀ ਕੋਲ ਡੀਜ਼ਲ ਵਾਲੀ ਗੱਡੀ ਹੈ, ਫੇਰ ਤਾਂ ਨਿੱਤ ਦਾ ਕਿਲੋਮੀਟਰਾਂ ‘ਚ ਸਫ਼ਰ ਅਤੇ ਗੇੜਿਆਂ ਦੀ ਗਿਣਤੀ ਹੋਰ ਵੀ ਵਧ ਜਾਣੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨਾਲ ਵਾਰ-ਵਾਰ ਮੋਬਾਈਲ ਫੋਨ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Source: Punjabi Tribune


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top