Share on Facebook

Main News Page

ਵਿਕੀਲੀਕਸ ਦਾ ਖੁਲਾਸਾ: ਬਾਦਲ ਦਾ ਪੁੱਤਰ ਮੋਹ ਹੀ ਪੰਜਾਬ ਦੇ ਗੰਭੀਰ ਸੰਕਟ ਦਾ ਮੁੱਖ ਕਾਰਨ ਬਣਿਆ

ਬਠਿੰਡਾ, 9 ਸਤੰਬਰ (ਕਿਰਪਾਲ ਸਿੰਘ): ਪੰਜਾਬੀ ਨਿਊਜ ਆਨਲਾਈਨ ’ਤੇ ਏਜੰਸੀ ਦੇ ਹਵਾਲੇ ਨਾਲ ਛਪੀ ਖ਼ਬਰ ਅਨੁਸਾਰ ਪੰਜਾਬ ਇਸ ਵੇਲੇ ਇਕ ਬਹੁਤ ਵੱਡੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ, ਤੇ ਇਸ ਸਭ ਕੁਝ ਦਾ ਕਾਰਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ-ਮੋਹ ਹੀ ਦੱਸਿਆ ਜਾ ਰਿਹਾ ਹੈ।

ਅਮਰੀਕੀ ਦੂਤਘਰ ਦਾ ਇਕ ਪੱਤਰ ਜੋ ਅਪਣੀ ਮੰਜ਼ਲ ’ਤੇ ਪੁੱਜਣ ਤੋਂ ਪਹਿਲਾਂ ਹੀ ‘ਵਿਕੀਲੀਕਸ’ ਦੀ ਮਿਰਰ ਵੈਬਸਾਈਟ ’ਤੇ ਵੇਖਿਆ ਜਾ ਸਕਦਾ ਹੈ, ਵਿਚ ਇਹ ਗੱਲ ਕਹੀ ਗਈ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਅਧਿਕਾਰ ਅਪਣੇ ਪੁੱਤਰ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਵਾਲੇ ਕਰ ਦਿੱਤੇ ਹਨ ਜੋ ਸੰਕਟ ਦਾ ਮੁੱਖ ਕਾਰਨ ਬਣੇ। ਭਾਰਤ ਵਿਚ ਤਤਕਾਲੀ ਅਮਰੀਕੀ ਰਾਜਦੂਤ ਡੇਵਿਡ ਮਲਫ਼ੋਰਡ ਵਲੋਂ ਅਕਤੂਬਰ 2008 ’ਚ ਅਮਰੀਕੀ ਰਾਸ਼ਟਰਪਤੀ ਨੂੰ ਭੇਜਿਆ ਗਿਆ ਇਹ ਪੱਤਰ ਜਿਸ ਰਾਹੀਂ ਦੇਸ਼ ਦੀ ਸਾਰੀ ਖ਼ਬਰ ਭੇਜੀ ਜਾˆਦੀ ਹੈ, ਉਸ ਵੇਲੇ ਲੀਕ ਹੋਇਆ ਹੈ ਜਦ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ’ਚ ਕੁੱਝ ਮਹੀਨੇ ਹੀ ਬਾਕੀ ਬਚੇ ਹਨ। ਇਸ ਪੱਤਰ ਵਿਚ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਪੰਜਾਬ ਦੀ ਸੱਤਾ ਦੇ ਜਹਾਜ਼ ਦਾ ਪਾਇਲਟ ਕੌਣ ਹੈ? ‘‘ਸੀਨੀਅਰ ਜਾˆ ਜੂਨੀਅਰ ਬਾਦਲ?’’ -ਜਵਾਬ ਹਾਜ਼ਰ ਹੈ-ਇਹ ਜਹਾਜ਼ ਪਾਇਲਟ ਰਹਿਤ ਹੈ।

ਰੀਪੋਰਟ ਵਿਚ ਕੁੱਝ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਇਹ ਸਰਕਾਰ ਇਸ ਵੇਲੇ ਗੰਭੀਰ ਸੰਕਟ ਵਿਚੋਂ ਗੁਜ਼ਰ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਉਪ-ਮੁੱਖ ਮੰਤਰੀ ਵੀ ਹਨ, ਹਰ ਵੇਲੇ ਮੁੱਖ ਮੰਤਰੀ ਦੇ ਤੌਰ ’ਤੇ ਵਿਚਰਦੇ ਹਨ ਅਤੇ ਭਾਜਪਾ ਦੇ ਚੋਟੀ ਦੇ ਆਗੂਆਂ ਨੂੰ ਵੀ ਭਰੋਸੇ ਵਿਚ ਲਏ ਬਿਨਾਂ ਹੀ ਸਾਰੇ ਉਦਘਾਟਨੀ ਸਮਾਗਮਾਂ ਵਿਚ ਆਪ ਹੀ ਮੁੱਖ ਮਹਿਮਾਨ ਹੁੰਦੇ ਹਨ ਅਤੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਖ਼ੁਦ ਹੀ ਅਪਣੇ ਸਿਰ ਬੰਨ੍ਹਦੇ ਰਹਿੰਦੇ ਹਨ। ਮਲਫ਼ੋਰਡ ਦੀ ਇਸ ਰੀਪੋਰਟ ਵਿਚ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਤੇ ਜਿਸ ਦੀ ਜ਼ਮੀਨ ਬਹੁਤ ਹੀ ਜ਼ਰਖੇਜ਼ ਹੈ, ਇਸ ਵੇਲੇ ਵੱਡੇ ਆਰਥਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਇਥੇ ਸਿਹਤ ਅਤੇ ਸਿਖਿਆ ਸਹੂਲਤਾਂ ਨਾਂ-ਮਾਤਰ ਹੀ ਹਨ ਅਤੇ ਇਸ ਦੀ ਤੁਲਨਾ ਕਿਸੇ ਬਹੁਤ ਹੀ ਪਛੜੇ ਰਾਜ ਨਾਲ ਕੀਤੀ ਜਾ ਸਕਦੀ ਹੈ। ਰਾਜ ਵਿਚ ਇਸ ਵੇਲੇ ਬੇਰੁਜ਼ਗਾਰੀ ਤੇ ਨਸ਼ਾਖੋਰੀ ਵੀ ਪੂਰੇ ਸਿਖ਼ਰਾˆ ’ਤੇ ਹੈ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਆਸਾਂ-ਉਮੰਗਾਂ ’ਤੇ ਖਰੇ ਨਹੀਂ ਉਤਰ ਸਕੇ।

ਵਿਕੀਲੀਕਸ ਵਲੋਂ ਜਾਰੀ ਕੀਤੀ ਗਈ ਇਸ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਦਾ ਨਿੱਜੀ ਉਦਯੋਗ ਗੁਆਂਢੀ ਰਾਜਾਂ ਵੱਲ ਹਿਜ਼ਰਤ ਕਰ ਰਿਹਾ ਹੈ ਜਦਕਿ ਸੰਸਾਰ ਭਰ ’ਚ ਮੰਦੀ ਦੇ ਰੁਝਾਨ ਕਾਰਨ ਕਿਸੇ ਦੀ ਵੀ ਪੰਜਾਬ ’ਚ ਪੂੰਜੀ ਨਿਵੇਸ਼ ਕਰਨ ਵਿਚ ਦਿਲਚਸਪੀ ਨਹੀਂ ਰਹੀ। ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨੇ ਇਹ ਰੀਪੋਰਟ ਤਿਆਰ ਕਰਨ ਤੋਂ ਪਹਿਲਾਂ ਚੰਡੀਗੜ੍ਹ, ਅੰਮ੍ਰਤਿਸਰ ਅਤੇ ਜਲੰਧਰ ਵਿਚ ਕਈ ਕਾਰੋਬਾਰੀ ਹਸਤੀਆਂ, ਮਨੁੱਖੀ ਅਧਿਕਾਰ ਕਾਰਕੁਨਾਂ, ਵੱਡੇ ਸਰਕਾਰੀ ਅਧਿਕਾਰੀਆਂ ਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਪੰਜਾਬ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਗਈ। ਪੱਤਰ ਵਿਚ ਪੰਜਾਬ ਦੇ ਉਸ ਵੇਲੇ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ’ਚ ਸਨਅਤੀ ਵਿਕਾਸ ਕਾਫੀ ਪਛੜ ਗਿਆ ਹੈ ਕਿਉਂਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ’ਚ ਕਾਫ਼ੀ ਟੈਕਸ ਰਿਆਇਤਾਂ ਹਨ ਜੋ ਪੰਜਾਬ ਵਿਚ ਇਸ ਵੇਲੇ ਹਾਸਲ ਨਹੀਂ। ਅਮਰੀਕੀ ਦੂਤਘਰ ਦੇ ਅਧਿਕਾਰੀਆਂ ਵਲੋਂ ਉਸ ਵੇਲੇ ਦੇ ਰਾਜ ਦੇ ਪੁਲਿਸ ਮੁਖੀ ਸ੍ਰੀ ਐਨ.ਪੀ.ਐਸ. ਔਲਖ ਨਾਲ ਵੀ ਮੁਲਾਕਾਤ ਕੀਤੀ ਗਈ ਜਿਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦਾ ਸੰਕਟ ਪਿਛਲੇ ਦਸ ਸਾਲਾਂ ਵਿਚ ਗੰਭੀਰ ਹੋਇਆ ਹੈ। ਡੀ.ਜੀ.ਪੀ. ਔਲਖ ਨੇ ਵਫ਼ਦ ਨੂੰ ਦੱਸਿਆ ਕਿ 9 ਅਕਤੂਬਰ ਨੂੰ ਅੰਮ੍ਰਤਿਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ 3.7 ਕਿਲੋ ਹੈਰੋਇਨ ਫੜੀ ਗਈ ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 10 ਲੱਖ ਅਮਰੀਕੀ ਡਾਲਰ ਬਣਦੀ ਹੈ। ਰੀਪੋਰਟ ਵਿਚ ਇਹ ਨਤੀਜਾ ਕੱਢਿਆ ਗਿਆ ਹੈ ਕਿ ਬਾਦਲ ਨੂੰ ਰਾਜ ਦੇ ਵੋਟਰਾਂ ਦੀਆਂ ਆਸਾਂ ’ਤੇ ਖ਼ਰਾ ਉਤਰਨ ਲਈ ਬਹੁਤ ਸਖ਼ਤ ਮਿਹਨਤ ਕਰਨੀ ਪਵੇਗੀ ਨਹੀਂ ਤਾਂ ਲੋਕ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨਾਲੋਂ ਅਗਲੀਆਂ ਚੋਣਾਂ ’ਚ ਕਾਂਗਰਸ ਨੂੰ ਹੀ ਤਰਜ਼ੀਹ ਦੇਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top