Share on Facebook

Main News Page

ਕਬਜ਼ੇ ਦੀ ਜਮੀਨ ’ਤੇ ਬਣਿਆ ਡੇਰਾ ਢਾਹੁਣ ਵਾਲਿਆਂ ਦੇ ਅੱਗੇ ਲੇਟਣ ਵਾਲੇ, ਅਕਾਲ ਤਖ਼ਤ ’ਤੇ ਹੋਏ ਹਮਲੇ ਸਮੇਂ ਕਿੱਥੇ ਸਨ?: ਭਾਈ ਜਗਤਾਰ ਸਿੰਘ

* ਵੋਟਾਂ ਮੰਗਣ ਲਈ ਇੱਕ ਦਿਨ ’ਚ 10-10 ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰਨ ਵਾਲੇ ਜੇ ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਹਿੱਤ ਤੁਰਦੇ ਤਾਂ ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਪਤਿਤ ਪੁਣੇ ਤੇ ਨਸ਼ਿਆਂ ਦਾ ਪਸਾਰਾ ਨਾ ਹੁੰਦਾ

ਬਠਿੰਡਾ, 8 ਸਤੰਬਰ (ਕਿਰਪਾਲ ਸਿੰਘ): ਕਬਜ਼ੇ ਦੀ ਜਮੀਨ ’ਤੇ ਬਣਿਆ ਡੇਰਾ ਢਾਹੁਣ ਵਾਲਿਆਂ ਦੇ ਅੱਗੇ ਲੇਟਣ ਵਾਲੇ, 1984 ਵਿੱਚ ਅਕਾਲ ਤਖ਼ਤ ’ਤੇ ਹੋਏ ਹਮਲੇ ਸਮੇਂ ਕਿੱਥੇ ਸਨ? ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਥਾਵਾਚਕ ਭਾਈ ਜਗਤਾਰ ਸਿੰਘ ਨੇ ਉਥੇ ਕਥਾ ਕਰਦਿਆਂ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਫਾਸਟ ਵੇ ਗੁਰਬਾਣੀ ਚੈੱਨਲ ’ਤੇ ਹੋ ਰਿਹਾ ਸੀ। ਗੁਰਬਾਣੀ ਦੇ ਢੁਕਵੇਂ ਪ੍ਰਮਾਣ ਦੇ ਕੇ ਪਾਖੰਡੀ ਕਿਸਮ ਦੇ ਸਾਧਾਂ ਦਾ ਪਾਜ ਉਧੇੜਦੇ ਹੋਏ ਉਨ੍ਹਾਂ ਕਿਹਾ ਕਿ ਧਾਰਮਕ ਚੋਲ਼ੇ ਪਾ ਕੇ ਜਿਥੇ ਇਹ ਲੋਕ ਅਨਭੋਲ ਕਿਸਮ ਦੇ ਸ਼ਰਧਾਲੂਆਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ, ਉਥੇ ਜਮੀਨਾਂ ’ਤੇ ਨਜ਼ਾਇਜ਼ ਕਬਜ਼ੇ ਕਰਕੇ ਆਪਣੇ ਡੇਰੇ ਵੀ ਉਸਾਰਦੇ ਹਨ।

ਭਾਈ ਜਗਤਾਰ ਸਿੰਘ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਕ ਸੰਤ ਨੇ ਕੇਂਦਰੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਆਪਣਾ ਡੇਰਾ ਉਸਾਰਿਆ ਹੋਇਆ ਸੀ। ਜਦੋਂ ਸਰਕਾਰ ਦੇ ਧਿਆਨ ’ਚ ਆਇਆ ਤਾਂ ਸਾਰੇ ਕਬਜ਼ਾਧਾਰੀਆਂ ਨੂੰ ਸਰਕਾਰ ਵਲੋਂ ਨੋਟਿਸ ਜਾਰੀ ਕੀਤੇ ਗਏ ਕਿ ਨਿਸਚਤ ਸਮੇਂ ਵਿੱਚ ਨਜ਼ਾਇਜ਼ ਕਬਜ਼ੇ ਖਤਮ ਕੀਤੇ ਜਾਣ, ਨਹੀਂ ਤਾਂ ਪੁਲਿਸ ਦੀ ਸਹਾਇਤਾ ਨਾਲ ਨਜ਼ਾਇਜ਼ ਉਸਾਰੀਆਂ ਨੂੰ ਢਾਹ ਕੇ ਕਬਜ਼ਾ ਛੁਡਾ ਲਿਆ ਜਾਵੇਗਾ। ਬਾਕੀ ਸਾਰਿਆਂ ਨੇ ਤਾਂ ਕਬਜ਼ੇ ਛੱਡ ਦਿੱਤੇ, ਪਰ ਉਸ ਸੰਤ ਨੇ ਨਾ ਛੱਡਿਆ। ਜਦ ਪੁਲਿਸ ਫੋਰਸ ਨਾਲ ਪ੍ਰਸ਼ਾਸ਼ਨ ਨਜ਼ਾਇਜ਼ ਉਸਾਰੀ ਢਾਹੁੰਣ ਆਇਆ ਤਾਂ ਉਸ ਸਾਧ ਨੇ ਕੁਝ ਹਿੰਦੂ, ਮੁਸਲਮਾਨ ਤੇ ਸਿੱਖ ਸ਼੍ਰਧਾਲੂਆਂ ਨੂੰ ਇਕੱਠੇ ਕਰਨ ਤੋਂ ਇਲਾਵਾ ਸੰਤ ਸਮਾਜ ਨੂੰ ਵੀ ਬੁਲਾ ਲਿਆ। ਉਹ ਸਾਧ ਕਹਿਣ ਲੱਗੇ ਜੇ ਡੇਰਾ ਢਾਹੁੰਣ ਲਈ ਪੁਲਿਸ ਦੀ ਸਹਾਇਤਾ ਨਾਲ ਪ੍ਰਸ਼ਾਸ਼ਨ ਦੇ ਬੁਲਡੋਜ਼ਰ ਅੱਗੇ ਵਧੇ, ਤਾਂ ਉਹ ਬੁਲਡੋਜ਼ਰਾਂ ਦੇ ਅੱਗੇ ਲੇਟ ਜਾਣਗੇ ਤੇ ਉਨ੍ਹਾਂ ਦੀ ਛਾਤੀ ਉਪਰੋਂ ਲੰਘ ਕੇ ਹੀ ਅੱਗੇ ਜਾ ਸਕਣਗੇ।

ਭਾਈ ਜਗਤਾਰ ਸਿੰਘ ਨੇ ਕਿਹਾ ਕਿ ਹੈਰਾਨੀ ਹੈ ਕਿ ਨਜ਼ਾਇਜ਼ ਕਬਜ਼ੇ ਦੀ ਜਮੀਨ ’ਤੇ ਬਣਿਆ ਡੇਰਾ ਢਾਹੁੰਣ ਲਈ ਆਏ ਬੁਲਡੋਜ਼ਰਾਂ ਦੇ ਅੱਗੇ ਛਾਤੀਆਂ ਡਾਹ ਕੇ ਪੈਣ ਵਾਲੇ ਇਹ ਬੂਬਨੇ ਉਸ ਸਮੇਂ ਕਿੱਥੇ ਸਨ, ਜਦੋਂ 1984 ’ਚ ਭਾਰਤੀ ਫੌਜ ਨੇ ਟੈਂਕਾਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ’ਤੇ ਹਮਲਾ ਕੀਤਾ ਸੀ। ਉਸ ਸਮੇਂ ਇਨ੍ਹਾਂ ਵਿਚੋਂ ਕੋਈ ਸਾਧ ਟੈਂਕਾਂ ਅੱਗੇ ਕਿਉਂ ਨਹੀਂ ਪਿਆ? ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਸੰਤਾਂ ਦਾ ਪਾਜ ਉਧੇੜਦੇ ਹੋਏ ਹੀ ਗੁਰਬਾਣੀ ਦਾ ਫ਼ੁਰਮਾਨ ਹੈ: ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ੍‍ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥’ (ਪੰਨਾ 476)

ਭਾਈ ਜਗਤਾਰ ਸਿੰਘ ਨੇ ਕਿਹਾ ਇਨ੍ਹਾਂ ਸਾਧਾਂ ਵਿੱਚੋਂ ਕਈ ਇਹ ਆਖ ਸਕਦੇ ਹਨ ਕਿ ਉਨ੍ਹਾਂ ਤਾਂ ਵਿਆਹ ਹੀ ਨਹੀਂ ਕਰਵਾਇਆ ਇਸ ਲਈ ਉਨ੍ਹਾਂ ਦਾ ਤਾਂ ਕੋਈ ਪ੍ਰਵਾਰ ਹੀ ਨਹੀਂ ਤਾਂ ਉਨ੍ਹਾਂ ਦਾ ਡੁੱਬਣਾ ਕੀ ਹੈ? ਉਨ੍ਹਾਂ ਕਿਹਾ ਕਿ ਇੱਥੇ ਕੁਟੰਬ ਤੋਂ ਭਾਵ ਨਿਰਾ ਪਤਨੀ ਅਤੇ ਬੱਚੇ ਹੀ ਨਹੀਂ ਬਲਕਿ ਉਨ੍ਹਾਂ ਦੇ ਸਾਰੇ ਚੇਲੇ ਬਾਲਕੇ ਤੇ ਸ਼੍ਰਧਾਲੂਆਂ ਨੂੰ ਹੀ ਕੁਟੰਬ ਕਿਹਾ ਗਿਆ ਹੈ। ਭਾਈ ਜਗਤਾਰ ਸਿੰਘ ਨੇ ਕਿਹਾ ਇਹ ਵੀ ਉਨ੍ਹਾਂ ਦਾ ਅਭਿਮਾਨ ਹੀ ਹੈ ਕਿ ਜੇ ਕੋਈ ੳਨ੍ਹਾਂ ਦੇ ਪੈਰੀਂ ਹੱਥ ਨਾ ਲਾਵੇ, ਉਨ੍ਹਾਂ ਨੂੰ ਸੰਤ ਨਾ ਆਖੇ, ਉਨ੍ਹਾਂ ਦੀ ਅਸਲੀਅਤ ਬਾਰੇ ਦੱਸੇ ਤਾਂ ਉਹ ਗੁੱਸੇ ਵਿੱਚ ਭਰ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਕਿਸੇ ਨੂੰ ਆਸਾ ਦੀ ਵਾਰ ਪੜ੍ਹਨ ਨੂੰ ਨਹੀਂ ਕਹਿੰਦੇ, ਕੇਵਲ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨੂੰ ਹੀ ਇਸ ਲਈ ਕਹਿੰਦੇ ਹਨ ਕਿਉਂਕਿ ਇਸ ਵਿੱਚ ਲਿਖਿਆ ਹੈ: ‘ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥’ (ਪੰਨਾ 279)। ਇਸ ਲਈ ਭੋਲੇ ਲੋਕਾਂ ਨੂੰ ਡਰਾਵਾ ਦਿੰਦੇ ਹਨ ਕਿ ਜੇ ਸੰਤਾਂ ਦੀ ਨਿੰਦਾ ਕੀਤੀ ਤਾਂ ਉਨ੍ਹਾਂ ਦਾ ਕਦੀ ਵੀ ਉਧਾਰ ਨਹੀਂ ਹੋਵੇਗਾ ਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿਣਗੇ। ਭਾਈ ਜਗਤਾਰ ਸਿੰਘ ਨੇ ਕਿਹਾ ਬੇਸ਼ੱਕ ਗੁਰਬਾਣੀ ਵਿੱਚ ਸੰਤ ਤੇ ਸਾਧ ਦੇ ਇੱਕੋ ਹੀ ਅਰਥ ਹਨ ਤੇ ਇਸੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ ‘ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥1॥’ (ਪੰਨਾ 271)। ਸਾਧੜਾ ਦੇ ਵੀ ਓਹੀ ਅਰਥ ਹਨ, ਜਿਵੇਂ ਕਿ ਗੁਰਬਾਣੀ ਵਿੱਚ ਸਿੱਖ ਨੂੰ ਪਿਆਰ ਨਾਲ ਸਿਖੜਾ ਲਿਖਿਆ ਹੋਇਆ ਹੈ: ‘ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥’ (ਪੰਨਾ 763) ਇਸੇ ਤਰ੍ਹਾਂ ਸਾਧ ਨੂੰ ਪਿਆਰ ਨਾਲ ਸਾਧੜਾ ਵੀ ਕਿਹਾ ਜਾ ਸਕਦਾ ਹੈ, ਪਰ ਇਨ੍ਹਾਂ ਨੂੰ ਤਾਂ ਜੇ ਬ੍ਰਹਮਗਿਆਨੀ, ਸੰਤ ਜੀ ਮਹਾਰਜ ਨਾ ਆਖੋ ਤਾਂ ਇਹ ਸੜ ਕੇ ਕੋਲਾ ਜਾਂਦੇ ਹਨ, ਸਾਧੜਾ ਕਹਿਣ ਨਾਲ ਤਾਂ ਗੋਲੀ ਮਾਰਨ ਤੱਕ ਜਾ ਸਕਦੇ ਹਨ। ਜੇ ਇਨ੍ਹਾਂ ਦੀ ਹੂਟਰ ਵਾਲੀ ਗੱਡੀ ਨੂੰ ਕੋਈ 10 ਮਿੰਟ ਰਾਹ ਨਾ ਦੇਵੇ ਤਾਂ ਵੀ ਗੋਲੀ ਮਾਰ ਸਕਦੇ ਹਨ ਤਾਂ ਇਨ੍ਹਾਂ ਸੰਤਾਂ ਨੂੰ ਪ੍ਰਮਾਤਮਾਂ ਦੇ ਸੰਤ ਕਿਵੇਂ ਕਿਹਾ ਜਾ ਸਕਦਾ ਹੈ?

ਭਾਈ ਜਗਤਾਰ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਇਹ ਹੈ ਕਿ ਇਸ ਕਿਸਮ ਦੇ ਜਿਨ੍ਹਾਂ ਸੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਉਣ ਲਈ ਪੰਥ ਨੂੰ ਬੇਅੰਤ ਸ਼ਹੀਦੀਆਂ ਦੇਣੀਆਂ ਪਈਆਂ, ਅੱਜ ਉਨ੍ਹਾਂ ਨੂੰ ਹੀ ਮੁੜ ਗੁਰਦੁਆਰੇ ਸਂੌਪਣ ਲਈ ਸਿਆਸੀ ਗਠਜੋੜ ਕਰ ਲਿਆ ਗਿਆ ਹੈ, ਤੇ ਜਿਨ੍ਹਾਂ ਸੰਤਾਂ ਨੇ ਅੱਜ ਤੱਕ ਪੰਥਕ ਮਰਿਆਦਾ ਨਹੀਂ ਮੰਨੀ ਉਹ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਹਨ। ਜਿਹੜੇ ਸੰਤ, ਸੰਗਤਾਂ ਨੂੰ ਦੀਵਾਨ ਦਾ 8 ਤੋਂ 10 ਵਜੇ ਤੱਕ ਦਾ ਟਾਈਮ ਦੇ ਕੇ 9.30 ਵਜੇ ਪਹੁੰਚਦੇ ਸਨ ਉਹ ਹੁਣ 10-10 ਪਿੰਡਾਂ ਵਿੱਚ ਨੁਕੜਾਂ ਮੀਟੰਗਾਂ ਕਰਨ ਲਈ ਦਿੱਤੇ ਟਾਈਮ ਤੋਂ ਵੀ ਪਹਿਲਾਂ ਹੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉੱਥੇ ਇਕੱਠੇ ਹੋਏ ਲੋਕ ਉਡੀਕ ਕੇ ਚਲੇ ਹੀ ਨਾ ਜਾਣ। ਉਨ੍ਹਾਂ ਕਿਹਾ ਵੋਟਾਂ ਮੰਗਣ ਲਈ ਇੱਕ ਦਿਨ ’ਚ 10-10 ਪਿੰਡਾਂ ’ਚ ਨੁਕੜ ਮੀਟਿੰਗਾਂ ਕਰਨ ਵਾਲੇ ਜੇ ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਹਿੱਤ ਸਾਰਾ ਸਾਲ ਹੀ ਤੁਰਦੇ ਤਾਂ ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਪਤਿਤ ਪੁਣੇ ਤੇ ਨਸ਼ਿਆਂ ਦਾ ਪਾਸਾਰਾ ਨਾ ਹੁੰਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top