Share on Facebook

Main News Page

ਸਲਮਾਨ ਖੁਰਸ਼ੀਦ ਦਾ ਦਾਅਵਾ- ਆਨੰਦ ਮੈਰਿਜ ਐਕਟ ਵਿਚ ਸੋਧ ਲਈ ਸੰਸਦ ਵਿਚ ਬਿੱਲ ਪੇਸ਼ ਕੀਤਾ ਜਾਵੇਗਾ

Tuesday, 06 September 2011 20:03

ਨਵੀਂ ਦਿੱਲੀ, (6 ਸਤੰਬਰ,ਪੀ.ਐਸ.ਐਨ) ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਸਿੱਖ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਸਦ ਦੇ ਅਗਲੇ ਸੈਸ਼ਨ ਵਿੱਚ 1909 ਦੇ ਆਨੰਦ ਮੈਰਿਜ ਐਕਟ ਵਿੱਚ ਸੋਧ ਲਈ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਸੋਧ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।

ਸਿੱਖ ਸੰਸਦ ਮੈਂਬਰਾਂ ਨੇ ਅੱਜ ਪਾਰਟੀਬਾਜ਼ੀ ਤੋਂ ਉਪਰ ਉੱਠ ਸਿੱਖਾਂ ਦੇ ਇਸ ਸਾਂਝੇ ਮਸਲੇ ਨੂੰ ਹੱਲ ਕਰਨ ਲਈ ਸਹਿਮਤੀ ਜਤਾਈ ਅਤੇ ਵਫਦ ਦੇ ਰੂਪ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ। ਵਫਦ ਵਿੱਚ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ., ਪ੍ਰਤਾਪ ਸਿੰਘ ਬਾਜਵਾ, ਐਮ.ਐਸ. ਗਿੱਲ, ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ, ਭਾਰਤੀ ਜਨਤਾ ਪਾਰਟੀ ਦੇ ਐਸ.ਐਸ. ਆਹਲੂਵਾਲੀਆ ਅਤੇ ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਸ਼ਾਮਲ ਸਨ। ਵਫਦ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਸਿੱਖ ਨੂੰ ਵਿਲੱਖਣ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਆਨੰਦ ਮੈਰਿਜ ਐਕਟ ਵਿੱਚ ਸੋਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਖਾਨੇ ਵਿੱਚ ਸਿੱਖ ਅਤੇ ਵਿਆਹ ਵਾਲੇ ਖਾਨੇ ਵਿੱਚ ਹਿੰਦੂ ਧਰਮ ਲਿਖਿਆ ਹੁੰਦਾ ਹੈ। ਇਹ ਸਮੱਸਿਆ ਕਿਸੇ ਹੋਰ ਦੀ ਨਹੀਂ ਹੈ ਕੇਵਲ ਸਿੱਖ ਧਰਮ ਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਵਿਦੇਸ਼ਾਂ ਵਿਚਲੇ ਸਿੱਖ ਜੁੜ ਚੁੱਕੇ ਹਨ, ਇਸ ਲਈ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ। ਵਫਦ ਨੇ ਕਿਹਾ ਕਿ 1909 ਦਾ ਆਨੰਦ ਮੈਰਿਜ ਐਕਟ ਸਭ ਤੋਂ ਪੁਰਾਣਾ ਹੈ ਪਰ ਇਸ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਨਹੀਂ ਹੋ ਸਕਦੀ। ਇਸ ਲਈ ਐਕਟ ਵਿੱਚ ਸੋਧ ਕਰਵਾ ਕੇ ਵਿਆਹ ਰਜਿਸਟਰ ਕਰਨ ਦੀ ਸਮੱਸਿਆ ਹੱਲ ਕੀਤੀ ਜਾਵੇ।

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਦੱਸਿਆ ਕਿ ਵਫਦ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਸੰਸਦ ਦੀ ਸਥਾਈ ਕਮੇਟੀ ਇਸ ਸੋਧ ਨੂੰ ਪਾਸ ਕਰ ਚੁੱਕੀ ਹੈ ਤੇ ਇਸ ਲਈ ਸੰਸਦ ਨੂੰ ਸੋਧ ਪਾਸ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਵਫਦ ਨੇ ਐਕਟ ਨਾਲ ਸਬੰਧਤ ਸਾਰਾ ਰਿਕਾਰਡ ਵੀ ਗ੍ਰਹਿ ਮੰਤਰੀ ਹਵਾਲੇ ਕੀਤਾ। ਗ੍ਰਹਿ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਸਰਕਾਰ ਸੈਂਟਰਲ ਰਜਿਸਟਰ ਆਫ ਮੈਰਿਜਜ਼ ਬਣਾਉਣ ਜਾ ਰਹੀ ਹੈ, ਜਿਸ ਵਿੱਚ ਸਾਰੇ ਭਾਈਚਾਰਿਆਂ ਦੇ ਵਿਆਹ ਦਰਜ ਹੋਣਗੇ। ਇਸ 'ਤੇ ਵਫਦ ਨੇ ਕਿਹਾ ਕਿ ਇਸ ਨੂੰ ਬਣਨ ਵਿੱਚ ਕਾਫੀ ਦੇਰ ਲੱਗ ਸਕਦੀ ਹੈ ਕਿਉਂਕਿ ਇਸ ਲਈ ਸਾਰੇ ਧਰਮਾ ਦੇ ਮੁਖੀਆਂ ਨਾਲ ਸਹਿਮਤੀ ਬਣਾਉਣੀ ਪਵੇਗੀ ਅਤੇ ਸਹਿਮਤੀ ਨਾ ਬਣਨ 'ਤੇ ਮਾਮਲਾ ਲਟਕ ਵੀ ਸਕਦਾ ਹੈ। ਇਸ ਲਈ ਆਨੰਦ ਮੈਰਿਜ ਐਕਟ ਵਿੱਚ ਸੋਧ ਦੇ ਮਾਮਲੇ ਨੂੰ ਸੈਂਟਰਲ ਰਜਿਸਟਰ ਮੈਰਿਜਜ਼ ਨਾਲ ਨਾ ਜੋੜਿਆ ਜਾਵੇ।

ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਵਫਦ ਦੀ ਮੰਗ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸੰਸਦ ਦਾ ਮੌਨਸੂਨ ਸੈਸ਼ਨ ਦੋ ਦਿਨਾਂ ਬਾਅਦ ਸਮਾਪਤ ਹੋਣ ਜਾ ਰਿਹਾ ਹੈ ਅਤੇ ਦੂਜਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਦੇਸ਼ ਗਏ ਹਨ ਤੇ ਕੋਈ ਬਿੱਲ ਪ੍ਰਧਾਨ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਪੇਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਦੇਸ਼ ਵਾਪਸੀ ਤੋਂ ਬਾਅਦ ਉਹ ਇਸ ਮਸਲੇ ਬਾਰੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਅਤੇ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਵਿੱਚ ਬਿਲ ਪੇਸ਼ ਕਰਕੇ ਸਿੱਖਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top